ਗੰਡੋਆ ਖਾਦ: ਪਰਵਾਸੀ ਪੰਜਾਬੀ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਦਾ ਉਪਰਾਲਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਨਵੰਬਰ
ਇਥੋਂ ਦੇ ਮੂਲ ਨਿਵਾਸੀ ਤੇ ਕੈਨੇਡੀਅਨ ਨਾਗਰਿਕ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਕੈਨੇਡਾ ’ਚ 52 ਸਾਲ ਬਿਤਾਉਣ ਮਗਰੋਂ ਪਿੰਡ ਲੰਢੇਕੇ ਵਿਚ ਸੌ ਫ਼ੀਸਦੀ ਅਸਲੀ ਕੈਨੇਡੀਅਨ ਵਰਮੀਵਾਸ਼ ਗੰਡੋਆ ਖਾਦ ਵੱਡੇ ਪੈਮਾਨੇ ਉੱਤੇ ਤਿਆਰ ਕਰਕੇ ਕੁਦਰਤੀ ਖੇਤੀ ਅਤੇ ਲੋਕਾਂ ਲਈ ਚੰਗੀ ਸਿਹਤਮੰਦ ਪਿਰਤ ਪਾਈ ਹੈ। ਪਰਵਾਸੀ ਪੰਜਾਬੀ ਸੁਖਦਰਸ਼ਨ ਸ਼ਰਮਾ (72) ਨੇ ਕਿਹਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਗੈਰ-ਸਿਫਾਰਸ਼ੀ ਤੇ ਬੇਲੋੜੀ ਵਰਤੋਂ ਨੇ ਜਿਥੇ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਅਸਰ ਪਾਇਆ ਹੈ ਉਥੇ ਘਾਤਕ ਬਿਮਾਰੀਆਂ ਨੂੰ ਸੱਦਾ ਵੀ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਧਰਤੀ ਉੱਪਰ ਮਨੁੱਖ ਦਾ ਜਿਊਣਾ ਦੁਸ਼ਵਾਰ ਹੋ ਰਿਹਾ ਹੈ। ਮਸ਼ੀਨਰੀ ਦੇ ਪ੍ਰਦੂਸ਼ਣ ਨਾਲੋਂ ਰਸਾਇਣਕ ਖਾਦਾਂ ਦਾ ਪ੍ਰਦੂਸ਼ਣ ਵੱਧ ਘਾਤਕ ਹੈ। ਪੰਜਾਬ ’ਚ ਖੇਤੀ ਨੂੰ ਨਵੇਂ ਰਾਹ ਉੱਤੇ ਲਿਆਉਣ ਦੀ ਲੋੜ ਹੈ। ਉਨ੍ਹਾਂ ਇਥੇ ਸੂਬੇ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਲਈ ਸੌ ਫ਼ੀਸਦੀ ਅਸਲੀ ਕੈਨੇਡੀਅਨ ਵਰਮੀਵਾਸ਼ ਗੰਡੋਆ ਖਾਦ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਹਿਰ ਮੁਕਤ ਖੇਤੀ ਹੀ ਅਰੋਗ ਜੀਵਨ ਦਾ ਆਧਾਰ ਹੈ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਗੰਡੋਆ ਖਾਦ ਵਰਮੀਕੰਪੋਸਟ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਹੈ ਜੋ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਰਸਾਇਣਕ ਖਾਦਾਂ ਤੋਂ ਜ਼ਿਆਦਾ ਲਾਹੇਵੰਦ ਹੈ। ਵਰਮੀਕੰਪੋਸਟ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ, ਮਿੱਟੀ ਦੇ ਢਾਂਚੇ ਵਿੱਚ ਸੁਧਾਰ ਕਰਨ ਅਤੇ ਪੌਦਿਆਂ ਦੇ ਵਾਧੇ ਲਈ ਕੀਮਤੀ ਹੈ। ਉਨ੍ਹਾਂ ਕਿਹਾ ਕਿ ਗੰਡੋਆ ਖਾਦ ਨਾਲ ਪੈਸੇ ਦੀ ਬੱਚਤ ਤਾਂ ਹੋਵੇਗੀ ਹੀ, ਨਾਲ ਹੀ ਕੁਦਰਤੀ ਖਾਦ ਨਾਲ ਆਪਣੀ ਉਤਪਾਦਨ ਸਮਰਥਾ ਵੀ ਵਧਾ ਸਕਦੇ ਹਨ। ਇਸ ਨਾਲ ਵਾਇਰਸ ਅਤੇ ਬੈਕਟੀਰੀਆ ਵੱਧਦੇ ਹਨ, ਜਿਸ ਨਾਲ ਪਾਣੀ ਰੱਖਣ ਦੀ ਸਮਰੱਥਾ ਵਧਦੀ ਹੈ।