ਗਾਂਧੀਗਿਰੀ
ਰਣਜੀਤ ਲਹਿਰਾ
ਸਾਲ 1994 ਦੀਆਂ ਗਰਮੀਆਂ ਦੀ ਰੁੱਤ ਦੇ ‘ਭਾਦੋਂ ਦੇ ਜੱਟਾਂ ਦੇ ਸਾਧ ਹੋਣ’ ਵਾਲੇ ਦਿਨ ਚੱਲ ਰਹੇ ਸਨ। ਬਰੇਟਾ ਬਿਜਲੀ ਗਰਿੱਡ ਨਾਲ ਜੁੜੇ 25-30 ਪਿੰਡਾਂ ਦੇ ਲੋਕਾਂ ਦਾ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਤਰਾਹ ਕੱਢਿਆ ਹੋਇਆ ਸੀ। ਇੱਕ ਤਾਂ ਉਪਰੋਂ ਨਿਰਧਾਰਿਤ ਕੱਟ ਲੱਗਦੇ ਰਹਿੰਦੇ, ਦੂਜਾ ਜਦੋਂ ਕੱਟ ਨਾ ਵੀ ਹੁੰਦੇ, ਲੋਡ ਵਧਣ ਨਾਲ ਗਰਿੱਡ ਬਹਿ ਜਾਂਦਾ। ਪੰਜ ਦਸ ਮਿੰਟਾਂ ਬਾਅਦ ਮੁਲਾਜ਼ਮ ਕੱਟ ਲਾ ਕੇ ਉਹਨੂੰ ਠੰਢਾ ਕਰਨ ਲਈ ਬਾਲਟੀਆਂ ਨਾਲ ਉਸ ’ਤੇ ਪਾਣੀ ਪਾਉਂਦੇ, ਫਿਰ ਚਲਾਉਂਦੇ, ਫਿਰ ਕੱਟ ਲਾਉਂਦੇ, ਫਿਰ ਠੰਢਾ ਕਰਦੇ। ਦਿਨ-ਰਾਤ ਪਿੰਡਾਂ ’ਚ ‘ਬਿਜਲੀ ਆ ਗਈ ਓਏ, ਬਿਜਲੀ ਚਲੀ ਗਈ ਓਏ’ ਹੁੰਦੀ ਰਹਿੰਦੀ। ਲੋਕ ਪੁੱਜ ਕੇ ਦੁਖੀ ਸਨ ਪਰ ਲੋਕਾਂ ਦੀ ਬੁੜ-ਬੁੜ ਨੂੂੰ ਬੋਲਾਂ ਵਿੱਚ ਬਦਲਣ ਲਈ ਜਦੋਂ ਤੱਕ ਕੋਈ ਜਥੇਬੰਦੀ ਜਾਂ ਜਨਤਕ ਆਗੂ ਪਹਿਲ ਨਾ ਕਰੇ, ਓਨਾ ਚਿਰ ਲੋਕਾਂ ਦੀ ਬੁੜ-ਬੁੜ ਨਾ ਤਾਂ ਕਿਸੇ ਦੀ ਟੰਗ ਭੰਨ ਸਕਦੀ ਹੈ ਤੇ ਨਾ ਹੀ ਮਸਲਾ ਹੱਲ ਕਰਵਾ ਸਕਦੀ ਹੈ; ਬਸ ਬੁੜ-ਬੁੜ ਹੀ ਬਣੀ ਰਹਿੰਦੀ ਹੈ।
ਉਨ੍ਹੀਂ ਦਿਨੀਂ ਮੈਂ ਇਨਕਲਾਬੀ ਕੇਂਦਰ ਦੇ ਆਗੂ ਵਜੋਂ ਬਰੇਟਾ-ਬੁਢਲਾਡਾ ਇਲਾਕੇ ਦਾ ਆਰਗੇਨਾਈਜ਼ਰ ਸੀ। ਇਨਕਲਾਬੀ ਕੇਂਦਰ ਦੇ ਕੁਝ ਪੱਕੇ ਕਾਰਕੁਨਾਂ ਸਮੇਤ ਸਾਡੇ ਕੋਲ ਖੱਬੇ ਪੱਖੀ ਸਮਰਥਕਾਂ ਦਾ ਵੱਡਾ ਘੇਰਾ ਉਸ ਵਕਤ ਬਰੇਟਾ ਇਲਾਕੇ ਵਿੱਚ ਸੀ। ਚੰਗੀ ਗੱਲ ਇਹ ਕਿ 1993 ਦੀਆਂ ਪੰਚਾਇਤੀ ਚੋਣਾਂ ਵਿੱਚ ਸਾਡੇ ਆਪਣੇ ਘੇਰੇ ਦੇ ਕਿਸ਼ਨਗੜ੍ਹ, ਰੰਘੜਿਆਲ, ਮੰਡੇਰ, ਕੁਲਰੀਆਂ, ਰਿਉਂਦ ਕਲਾਂ, ਦਿਆਲਪੁਰਾ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਤੋਂ ਇਲਾਵਾ ਬਹਾਦਰਪੁਰ, ਖੁਡਾਲ ਕਲਾਂ ਤੇ ਕੁਝ ਹੋਰ ਪਿੰਡਾਂ ਦੇ ਨਵੇਂ ਬਣੇ ਸਰਪੰਚ ਵੀ ਲੋਕ ਮਸਲਿਆਂ ’ਤੇ ਸਾਡੇ ਨਾਲ ਕਦਮ ਮਿਲਾ ਕੇ ਚੱਲਦੇ ਸਨ। ਅਸੀਂ ਲੋਕਾਂ ਦੀ ਬੁੜ-ਬੁੜ ਨੂੂੰ ਗਰਜਵੇਂ ਬੋਲਾਂ ਦਾ ਰੂਪ ਦੇਣ ਦਾ ਫੈ਼ਸਲਾ ਕੀਤਾ। ਬਰੇਟਾ ਗਰਿੱਡ ਨਾਲ ਜੁੜੇ ਪਿੰਡਾਂ ਵਿੱਚ ਸਾਰੀ-ਸਾਰੀ ਰਾਤ ਬਿਜਲੀ ਨਾ ਆਉਣ ਦੇ ਕਾਰਨਾਂ ਦੀ ਘੋਖ ਕੀਤੀ। ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਬਿਜਲੀ ਦੇ ਬੇਮਿਆਦੀ ਕੱਟਾਂ ਦਾ ਕਾਰਨ ਬਰੇਟਾ ਮੰਡੀ ਦੇ ਬਿਜਲੀ ਗਰਿੱਡ ਦੇ ਮੁੱਖ ਟਰਾਂਫਾਰਮਰ ਦਾ ਛੋਟਾ ਹੋਣਾ ਹੈ ਤਾਂ ਅਸੀਂ ਵੱਡਾ ਟਰਾਂਸਫਾਮਰ ਰੱਖਣ ਦੀ ਮੰਗ ਨੂੂੰ ਲੈ ਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ। ਇਸ ਮੁੱਖ ਮੰਗ ਸਮੇਤ ਬਿਜਲੀ ਨਾਲ ਜੁੜੀਆਂ ਹੋਰ ਮੰਗਾਂ ਨੂੂੰ ਲੈ ਕੇ ਜਨਤਕ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਵੱਡੀ ਐਕਸ਼ਨ ਕਮੇਟੀ ਬਣਾਈ ਜਿਸ ਦਾ ਕਨਵੀਨਰ ਪਿੰਡ ਰੰਘੜਿਆਲ ਦੇ ਸਾਬਕਾ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਗੁਰਚਰਨ ਸਿੰਘ ਰੰਘੜਿਆਲ ਨੂੂੰ ਬਣਾਇਆ। ਐੱਸਡੀਓ ਬਰੇਟਾ ਨੂੂੰ ਮੰਗ ਪੱਤਰ ਦੇਣ ਅਤੇ ਪਿੰਡਾਂ ਵਿੱਚ ਲਾਮਬੰਦੀ ਕਰਨ ਤੋਂ ਬਾਅਦ ਸੰਘਰਸ਼ ਵਿੱਢ ਦਿੱਤਾ ਗਿਆ। ਕੁਝ ਸੱਜਣਾਂ ਨੂੰ ਸਾਡੀ ਗਰਿੱਡ ਦੀ ਪਾਵਰ ਵਧਾਉਣ ਵਾਲੀ ਮੰਗ ‘ਤੋਪ ਦਾ ਲਾਇਸੈਂਸ ਮੰਗਣ’ ਵਰਗੀ ਹਵਾਈ ਗੱਲ ਲੱਗੀ ਕਿ ਇਹ ਤਾਂ ਪੂਰੀ ਹੋ ਹੀ ਨਹੀਂ ਸਕਦੀ। ਬਿਨਾਂ ਸ਼ੱਕ, ਮੰਗ ਵੱਡੀ ਸੀ ਪਰ ਸਾਡੇ ਹੌਸਲੇ ਓਦੂੰ ਵੀ ਵੱਡੇ ਸਨ। ਸਾਡੇ ਕੰਨਾਂ ਵਿੱਚ ਅੱਗ ਲਾਉਂਦੀ ਗਰਮੀ ਤੇ ਮੱਛਰਾਂ ਦੀਆਂ ਦੰਦੀਆਂ ਨਾਲ ਵਿਲਕਦੇ ਜਵਾਕਾਂ ਦੀਆਂ ਚੀਕਾਂ ਗੂੰਜਦੀਆਂ ਸਨ, ਉਨ੍ਹਾਂ ਦੇ ਪਿੰਡਿਆਂ ਤੇ ਮੱਛਰਾਂ ਦੇ ਕੱਟਣ ਨਾਲ ਹੋਏ ਪਿਲਕਰੇ ਅੱਖਾਂ ਮੂਹਰੇ ਘੁੰਮਦੇ ਸਨ। ਰੈਲੀਆਂ-ਮੁਜ਼ਾਹਰਿਆਂ ਦੇ ਇੱਕ ਦੋ ਵੱਡੇ ਐਕਸ਼ਨਾਂ ਤੋਂ ਬਾਅਦ ਜਦੋਂ ਐਕਸੀਅਨ ਮਾਨਸਾ ਦੇ ਅਣਮਿੱਥੇ ਘਿਰਾਓ ਦਾ ਸੱਦਾ ਗਿਆ ਤਾਂ ਬਿਜਲੀ ਬੋਰਡ ਦੀ ਅਫਸਰਸ਼ਾਹੀ ਤੇ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਸਰਕਣ ਲੱਗੀ।
ਇੱਕ ਦਿਨ ਬਿਜਲੀ ਬੋਰਡ ਦੇ ਐਓਸਡੀਓ ਦਾ ਸੁਨੇਹਾ ਮਿਲਿਆ ਕਿ ਐਕਸੀਅਨ ਤੇ ਐੱਸਈ ਸਾਹਿਬ ਐਕਸ਼ਨ ਕਮੇਟੀ ਨਾਲ ਗੱਲ ਕਰਨ ਆ ਰਹੇ ਹਨ, ਸਾਰੇ ਕਮੇਟੀ ਮੈਂਬਰ ਮਿੱਥੇ ਸਮੇਂ ’ਤੇ ਪਹੁੰਚਣ। ਕਮੇਟੀ ਦੇ ਸਾਰੇ ਮੈਂਬਰਾਂ ਨੇ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਅਜਿਹਾ ਫੈਸਲਾ ਕਰ ਲਿਆ ਜਿਸ ਨੇ ਅਫਸਰਾਂ ਦੇ ਪੈਰ ਹਿਲਾ ਦੇਣੇ ਸਨ; ਉਂਝ ਫੈਸਲਾ ਗਾਂਧੀਗਿਰੀ ਦਿਖਾਉਣ ਵਾਲਾ ਸੀ। ਬਿਜਲੀ ਬੋਰਡ ਦੇ ਦਫ਼ਤਰ ਵਿੱਚ ਗਰਿੱਡ ਦੇ ਸਾਹਮਣੇ ਵੱਡੇ ਗੋਲ ਚੱਕਰ ਵਿੱਚ ਬੈਠਣ ਲਈ ਕੁਰਸੀਆਂ, ਬੈਂਚ ਆਦਿ ਲੱਗੇ ਹੋਏ ਸਨ। ਬਿਜਲੀ ਬੋਰਡ ਡਿਵੀਜ਼ਨ, ਮਾਨਸਾ ਦਾ ਐਕਸੀਅਨ, ਐੱਸਡੀਓ, ਜੇਈ ਆਦਿ ਕੁਰਸੀਆਂ ’ਤੇ ਸਜੇ ਬੈਠੇ ਸਨ। ਕਮੇਟੀ ਗਈ ਅਤੇ ਆਪਣੇ ਮਿਥੇ ਅਨੁਸਾਰ ਜਾ ਕੇ ਭੁੰਜੇ ਰੇਤਲੀ ਜ਼ਮੀਨ ਦੇ ਤਪਦੇ ਰੇਤੇ ’ਤੇ ਬੈਠਣ ਲੱਗ ਪਈ ਹਾਲਾਂਕਿ ਦੁਪਹਿਰ ਦਾ ਵਕਤ ਹੋਣ ਕਰ ਕੇ ਰੇਤਾ ਮੱਚਣ ਅਤੇ ਉੱਪਰ ਕਿੱਕਰ ਦਾ ਦਰੱਖਤ ਹੋਣ ਕਰ ਕੇ ਸੂਲਾਂ ਚੁੱਭਣ ਦਾ ਖ਼ਤਰਾ ਵੀ ਸੀ ਪਰ ਸਾਰੀ ਕਮੇਟੀ ਵਿਚੋਂ ਕਿਸੇ ਨੇ ਵੀ ਭੁੰਜੇ ਬਹਿੰਦਿਆਂ ਕੋਈ ਜੇ-ਯੱਕ ਨਹੀਂ ਕੀਤੀ।
ਇਉਂ ਹੋ ਜਾਣਾ ਹੈ, ਇਹਦਾ ਤਾਂ ਅਫਸਰਾਂ ਨੂੂੰ ਚਿੱਤ ਚੇਤਾ ਵੀ ਨਹੀਂ ਸੀ। ਉਹ ਭੱਜ-ਭੱਜ ਕੁਰਸੀਆਂ ਤੋਂ ਖੜ੍ਹੇ ਹੋ ਕੇ ਸਾਨੂੰ ਕੁਰਸੀਆਂ ’ਤੇ ਬੈਠਣ ਲਈ ਕਹਿਣ ਲੱਗੇ। ਕਮੇਟੀ ਕਨਵੀਨਰ ਗੁਰਚਰਨ ਸਿੰਘ ਨੇ ਪੂਰੀ ਨਰਮਾਈ ਨਾਲ ਕਿਹਾ, “ਐਕਸੀਅਨ ਸਾਹਿਬ, ਅਸੀਂ ਅਜੇ ਕੁਰਸੀਆਂ ’ਤੇ ਬੈਠਣ ਜੋਗੇ ਨਹੀਂ ਹੋਏ; ਜਦੋਂ ਹੋ ਗਏ, ਬਹਿ ਜਿਆ ਕਰਾਂਗੇ। ਸਾਡੇ ਜਵਾਕਾਂ ਨੂੂੰ ਰਾਤ ਨੂੂੰ ਮੱਛਰ ਤੋੜ-ਤੋੜ ਖਾਂਦੈ, ਸਾਰੀ-ਸਾਰੀ ਰਾਤ ਉਹ ਵਿਲਕਦੇ ਰਹਿੰਦੇ, ਬਿਜਲੀ ਥੋਡੀ ਆਉਂਦੀ ਨੀ, ਅਸੀਂ ਕੁਰਸੀਆਂ ’ਤੇ ਕਿਹੜਾ ਮੂੰਹ ਲੈਕੇ ਬੈਠੀਏ। ਤੁਸੀਂ ਬੈਠੋ, ਜਿਹੜੀ ਗੱਲ ਕਰਨੀ ਹੈ, ਸ਼ੁਰੂ ਕਰੋ।”
ਸਾਰੇ ਕਮੇਟੀ ਮੈਂਬਰ ਭੁੰਜੇ ਅਤੇ ਨਿੰਮੋਝੂਣੇ ਹੋਏ ਅਫਸਰ ਕੁਰਸੀਆਂ ’ਤੇ ਬੈਠ ਗਏ। ਗੱਲ ਸ਼ੁਰੂ ਹੋਈ, ਗਰਿੱਡ ਵਿੱਚ ਵੱਡਾ ਟਰਾਂਸਫਾਰਮਰ ਰੱਖਣ ਬਾਰੇ ਐਕਸੀਅਨ ਲੱਲੇ-ਭੱਬੇ ਕਰਨ ਲੱਗਿਆ। ਗੱਲ ਅੜ ਗਈ। ਕੁਲਰੀਆਂ ਵਾਲਾ ਸਰਪੰਚ ਤੇਜਾ ਸਿੰਘ (ਜਿਸ ਦੀ ਇੱਕ ਲੱਤ ਛੋਟੀ ਸੀ) ਅਫਸਰਾਂ ਨੂੰ ‘ਚਾਰੇ ਪੈਰ ਚੁੱਕ ਕੇ’ ਪੈ ਗਿਆ। ਉਹ ਆਪਣੀ ਬਾਂਗਰੂ ਬੋਲੀ ਵਿੱਚ ਬੋਲਿਆ, “ਐ ਐਕਸੀਅਨ ਸਾਹਬ ਤੌਂਹ (ਮਤਲਬ ਤੂੰ, ਤੁਸੀਂ ਨਹੀਂ) ਬਾਤ ਸੁਨ ਲੇ ਕੰਨ ਖੋਲ੍ਹ ਕੇ, ਤੈਨੂੰ ਚਾਰ ਦਿਨ ਦੀਏ। ਜਾਹ ਤੋ ਲਾ ਦੇ ਟਰਾਂਸਫਰ, ਨਹੀਂ ਤੋ ਹਮੇਂ ਟਰਾਲੀਆਂ ਭਰ ਕੈ, ਲੰਗਰ-ਪਾਣੀ ਲੈ ਕੈ, ਖਾਲੀ ਪੀਪੇ ਅਰ ਢੋਲ ਲੈ ਕੈ ਮਾਨਸਾ ਥਾਰੀ ਕੋਠੀ ਮੂਹਰੇ ਬੈਠਾਂਗੇ। ਸਾਰੀ ਰਾਤ ਨਾ ਹਮੇ ਸੌਂਈਏ, ਨਾ ਧਮੇਂ ਸੌਣ ਦੇਈਏ। ਬਸ ਇਵ ਤੌਂਹ ਜਾਹ ਤੁਰਜਾ।” ਤੇਜਾ ਸਿੰਘ ਨੇ ਸਾਡੀ ਗਾਂਧੀਗਿਰੀ ਦਾ ਭੋਗ ਪਾ ਦਿੱਤਾ। ਸਾਰੇ ਉੱਠ ਖੜੋਏ। ਮਾਨਸਾ ਵਿਖੇ ਐਕਸੀਅਨ ਦਫ਼ਤਰ ਮੂਹਰੇ ਅਣਮਿਥੇ ਸਮੇਂ ਦੇ ਧਰਨੇ ਦਾ ਪ੍ਰੋਗਰਾਮ ਅਸੀਂ ਤੈਅ ਕੀਤਾ ਹੋਇਆ ਸੀ, ਤੇਜਾ ਸਿੰਘ ਨੇ ਤਾਂ ਬਸ ਸੁਣਾਉਣੀ ਆਪਣੇ ਅੰਦਾਜ਼ ’ਚ ਕੀਤੀ ਸੀ। ਇਸ ਪੱਖੋਂ ਸਾਡੀ ਕਮੇਟੀ ਸੋਲਾਂ ਕਲਾਂ ਸੰਪੂਰਨ ਸੀ, ਉਹਦੇ ਵਿੱਚ ਤੱਤੇ ਤੋਂ ਤੱਤੇ ਤੇ ਠੰਢੇ ਤੋਂ ਠੰਢੇ ਮਤੇ ਦੇ ਸਭ ਤਰ੍ਹਾਂ ਦੇ ਸਾਥੀ ਸ਼ਾਮਿਲ ਸਨ।
ਮੀਟਿੰਗ ਤੋ ਦੋ ਕੁ ਦਿਨ ਬਾਅਦ ਵੱਡੇ-ਵੱਡੇ ਟਰਾਲੇ ਗਰਿੱਡ ਦੇ ਵੱਡੇ ਟਰਾਂਸਫਾਰਮਰ ਦਾ ਲਕਾ-ਤੁਕਾ ਲੱਦੀ ਬਰੇਟਾ ਮੰਡੀ ਦੇ ਗਰਿੱਡ ਮੂਹਰੇ ਆਏ ਖੜ੍ਹੇ। ਮੰਡੀ ਦੇ ਲੋਕ ਅਚੰਭੇ ਨਾਲ ਦੇਖ-ਦੇਖ ਜਾਣ। ਜਿਹੜੇ ਕਹਿੰਦੇ ਸੀ, ਇਹ ਤਾਂ ਹੋ ਹੀ ਨਹੀਂ ਸਕਦਾ, ਉਹ ਵੀ ਉਤੇ-ਥੱਲੇ ਦੇਖਣ, ਬਈ ਇਹ ਕੀ ਹੋ ਗਿਆ!...
ਜਦੋਂ ਲੋਕ ਆਪਣੀ ਆਈ ’ਤੇ ਆ ਜਾਣ, ਉਦੋਂ ਸਾਰਾ ਕੁਝ ਹੋ ਜਾਂਦੈ।
ਸੰਪਰਕ: 94175-88616