ਦੱਖਣੀ ਅਫ਼ਰੀਕਾ ’ਚ ਤਿੰਨ ਸਾਲਾਂ ਮਗਰੋਂ ਹੋਈ ‘ਗਾਂਧੀ ਵਾਕ’
ਜੋਹੈਨਸਬਰਗ, 18 ਸਤੰਬਰ
ਦੱਖਣੀ ਅਫਰੀਕਾ ਦੇ ਜੋਹੈਨਸਬਰਗ ਸ਼ਹਿਰ ਦੇ ਲੇਨਾਸਿਆ ਉਪਨਗਰ ਵਿਚ ਐਤਵਾਰ ਨੂੰ 35ਵੀਂ ਵਾਰ ਸਾਲਾਨਾ ‘ਗਾਂਧੀ ਵਾਕ’ ਕਰਵਾਈ ਗਈ। ਛੇ ਕਿਲੋਮੀਟਰ ਲੰਮੀ ਇਸ ਪੈਦਲ ਯਾਤਰਾ ਵਿਚ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਾਲ 2020 ਵਿਚ ਤਜਵੀਜ਼ਤ ‘ਗਾਂਧੀ ਵਾਕ’ ਤੋਂ ਲਗਭਗ ਇਕ ਮਹੀਨਾ ਪਹਿਲਾਂ ਕੋਵਿਡ ਮਹਾਮਾਰੀ ਫੈਲਣ ਦੇ ਮੱਦੇਨਜ਼ਰ ਗਾਂਧੀ ਵਾਕ ਕਮੇਟੀ ਨੇ ਇਸ ਯਾਤਰਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ। ਵੇਰਵਿਆਂ ਮੁਤਾਬਕ, 2020 ਵਿਚ ‘ਗਾਂਧੀ ਵਾਕ’ ਦੋ ਵਰਗਾਂ ਵਿਚ ਕਰਾਉਣ ਦੀ ਯੋਜਨਾ ਸੀ, ਜਿਸ ਵਿਚ ਦੌੜਾਕਾਂ ਲਈ 15 ਕਿਲੋਮੀਟਰ, ਜਦਕਿ ਆਮ ਲੋਕਾਂ ਤੇ ਸੀਨੀਅਰ ਨਾਗਰਿਕਾਂ ਲਈ ਪੰਜ ਕਿਲੋਮੀਟਰ ਲੰਮੀ ਪੈਦਲ ਯਾਤਰਾ ਸ਼ਾਮਲ ਸੀ। ਖਬਰਾਂ ਮੁਤਾਬਕ 2020 ਵਿਚ ਤਜਵੀਜ਼ਤ ‘ਗਾਂਧੀ ਵਾਕ’ ਨਾਲ ਜੁੜੀਆਂ ਤਿਆਰੀਆਂ ’ਤੇ ਵੱਡੀ ਰਾਸ਼ੀ ਖ਼ਰਚ ਹੋਈ ਸੀ ਤੇ ਲਗਭਗ ਚਾਰ ਹਜ਼ਾਰ ਲੋਕਾਂ ਨੇ ਇਸ ਵਿਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਕਰਵਾਈ ਸੀ। ਦੇਸ਼ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਨੇ ਇਸ ਪੈਦਲ ਯਾਤਰਾ ਲਈ ਨਿਰਧਾਰਿਤ ਤਰੀਕ ਤੋਂ ਕਈ ਦਿਨ ਪਹਿਲਾਂ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ। ਰਾਸ਼ਟਰਪਤੀ ਪਿਛਲੀ ਵਾਰ ਇਸ ਸਾਲਾਨਾ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਸਨ ਤੇ ਉਨ੍ਹਾਂ ਸਮਾਜਿਕ ਏਕਤਾ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਗਾਂਧੀ ਵਾਕ ਕਮੇਟੀ ਦੀ ਪ੍ਰਸ਼ੰਸਾ ਕੀਤੀ ਸੀ। ਐਤਵਾਰ ਨੂੰ ਵਾਕ ਵਿਚ ਮਹਾਤਮਾ ਗਾਂਧੀ ਦੇ ਹਮਸ਼ਕਲ ਹਰੀਵਰਦਨ ਪੀਤਾਂਬਰ ਇਕ ਵਾਰ ਮੁੜ ਸ਼ਾਮਲ ਹੋਏ। -ਪੀਟੀਆਈ