ਗਾਂਧੀ ਜੈਅੰਤੀ ਉਤਸ਼ਾਹ ਨਾਲ ਮਨਾਈ
ਸੁਭਾਸ਼ ਚੰਦਰ
ਸਮਾਣਾ, 2 ਅਕਤੂਬਰ
ਇੱਥੇ ਲਾਇਨਜ਼ ਕਲੱਬ ਸਮਾਣਾ ਗੋਲਡ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਗਾਂਧੀ ਜੈਅੰਤੀ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ 7ਵੀਂ ਸਾਈਕਲ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜੇਪੀ ਗਰਗ, ਮੋਹਿਤ ਕੁਮਾਰ, ਅਮਿਤ ਸਿੰਗਲਾ, ਮਦਨ ਮਿੱਤਲ, ਪਵਨਪ੍ਰੀਤ ਤੇ ਕਾਰਜ ਸਾਧਕ ਅਫਸਰ ਬਰਜਿੰਦਰ ਸਿੰਘ ਨੇ ਕਿਹਾ ਕਿ ਪਲਾਸਟਿਕ ਮੁਕਤ ਭਾਰਤ ਬਣਾਉਣ ਲਈ ਸਰਕਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਚੰਗੀ ਸਿਹਤ ਲਈ ਸਾਈਕਲ ਚਲਾਉਣਾ ਬਹੁਤ ਜ਼ਰੂਰੀ ਹੈ। ਰੈਲੀ ਵਿੱਚ ਸ਼ਾਮਲ ਲੋਕਾਂ ਨੇ ਹੱਥ ਵਿੱਚ ਤਖਤੀਆਂ ਫੜ ਕੇ ‘ਸਫਾਈ ਹੈ ਮਹਾਂ ਅਭਿਆਨ, ਸਫਾਈ ਵਿੱਚ ਦਿਓ ਯੋਗਦਾਨ, ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਦਾ ਸੁਨੇਹਾ ਦਿੱਤਾ।
ਜਾਣਕਾਰੀ ਅਨੁਸਾਰ ਇਹ ਰੈਲੀ ਸਥਾਨਕ ਯੁਨੀਕ ਪਾਰਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਯੂਨੀਕ ਪਾਰਕ ਵਿੱਚ ਸਮਾਪਤ ਹੋਈ। ਬੱਚਿਆਂ ਨੂੰ ਕਲੱਬ ਵੱਲੋਂ ਸਰਟੀਫਿਕੇਟ ਤੇ ਰਿਫਰਸ਼ਮੈਂਟ ਦਿੱਤੀ ਗਈ। ਰੈਲੀ ਵਿੱਚ ਅਨੂਪ ਗੋਇਲ, ਗੌਰਵ ਅਗਰਵਾਲ, ਨਵਦੀਪ ਸਿੰਘ ਢਿੱਲੋਂ ਤੇ ਮਹਿੰਦਰ ਸਿੰਘ ਧੀਮਾਨ ਆਦਿ ਹਾਜ਼ਰ ਸਨ।
ਧੂਰੀ (ਪਵਨ ਕੁਮਾਰ ਵਰਮਾ): ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਯੂਨੀਵਰਸਿਟੀ ਕਾਲਜ ਬੇਨੜਾ ਵਿੱਚ ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ।
ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਜੈਨ ਅਤੇ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਸਫ਼ਾਈ ਮੁਹਿੰਮ ਦਾ ਮੁੱਖ ਉਦੇਸ਼ ਕਾਲਜ ਕੈਂਪਸ ਨੂੰ ਸਾਫ-ਸੁਥਰਾ ਰੱਖਣਾ ਅਤੇ ਵਿਦਿਆਰਥੀਆਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਸਫ਼ਾਈ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਤਹਿਤ ਕੀਤੇ ਕਾਰਜਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਕਾਂਗਰਸ ਕਮੇਟੀ ਨੇ ਗਾਂਧੀ ਜੈਅੰਤੀ ਮਨਾਈ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਮਾਲ ਰੋਡ ਸਥਿਤ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ,ਬਲਾਕ ਪ੍ਰਧਾਨ ਰਜੇਸ਼ ਮੰਡੋਰਾ, ਹਰਵਿੰਦਰ ਸ਼ੁਕਲਾ ਅਤੇ ਰਜੇਸ਼ ਸ਼ਰਮਾ ਰਾਜੂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਦੇਸ਼ ਦੀ ਰਖਵਾਲੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।