ਖੇਡਾਂ ਵਤਨ ਪੰਜਾਬ ਦੀਆਂ: ਵੱਖ ਵੱਖ ਥਾਈਂ ਸ਼ੁਰੂ ਹੋਏ ਬਲਾਕ ਪੱਧਰੀ ਖੇਡ ਮੁਕਾਬਲੇ
ਪੱਤਰ ਪ੍ਰੇਰਕ
ਲਾਲੜੂ, 2 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਅਡੀਸ਼ਨ ਤਹਿਤ ਅੱਜ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਦੇ ਖੇਡ ਮੈਦਾਨ ’ਚ ਆਰੰਭ ਹੋਏ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਰਕਾਰ ਸੂਬੇ ’ਚ ਖੇਡ ਸੱਭਿਆਚਾਰ, ਖੇਡ ਪਨੀਰੀ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਹੈ। ਇਸ ਵਾਰ ਖੇਡਾਂ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਅੱਜ ਹੋਏ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ’ਚ ਅੰਡਰ-14 ’ਚ ਲਾਲੜੂ ਤੇ ਬੱਲੋਪੁਰ ਅਤੇ ਤਸਿੰਬਲੀ ਬੀ ਅਤੇ ਏ ’ਚ ਭਲਕੇ ਸੈਮੀ ਫ਼ਾਈਨਲ ਖੇਡਿਆ ਜਾਵੇਗਾ। ਖੋ-ਖੋ ਮੁਕਾਬਲਿਆਂ ’ਚ ਅੰਡਰ-17 ’ਚ ਹੋਲੀ ਏਂਜਲ ਟੀਮ ਨੂੰ ਖੇਲਣ ਦੀ ਟੀਮ ਨੇ ਹਰਾਇਆ ਜਦੋਂਕਿ ਅੰਡਰ -14 ’ਚ ਜ਼ੀਰਕਪੁਰ ਨੇ ਹੋਲੀ ਏਂਜਲ ਨੂੰ ਹਰਾਇਆ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਉਪ ਮੰਡਲ ਮੈਜਿਸਟ੍ਰੇਟ ਰਾਜਪਾਲ ਸਿੰਘ ਸੇਖੋਂ ਵੱਲੋਂ ਇਥੋਂ ਦੀ ਮਾਰਸ਼ਲ ਆਰਟ ਅਕੈਡਮੀ ਵਿੱਚ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣਪਛਾਣ ਕੀਤੀ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਖਰੜ (ਪੱਤਰ ਪ੍ਰੇਰਕ): ਖੇਡ ਵਿਭਾਗ ਵੱਲੋਂ ਬਲਾਕ ਪੱਧਰ ’ਤੇ ਕਰਵਾਏ ਜਾ ਰਹੇ ਖੇਡ ਮੇਲਿਆਂ ਤਹਿਤ ਸਬ-ਡਿਵੀਜ਼ਨ ਖਰੜ ਵਿੱਚ ਖੇਡ ਮੇਲਿਆਂ ਦੀ ਸ਼ੁਰੂਆਤ ਹੋਈ। ਉਦਘਾਟਨ ਸਮਾਰੋਹ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਹਾਜ਼ਰ ਹੋਏ। ਅੱਜ ਇਸ ਖੇਡ ਮੇਲੇ ਵਿੱਚ ਲਗਪਗ 600 ਤੋਂ 700 ਬੱਚਿਆਂ ਨੇ ਭਾਗ ਲਿਆ।
ਰੂਪਨਗਰ (ਪੱਤਰ ਪ੍ਰੇਰਕ): ਡੀਸੀ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਨਹਿਰੂ ਸਟੇਡੀਅਮ ਰੂਪਨਗਰ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਈ। ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਵੱਖ-ਵੱਖ ਵਰਗਾਂ ਤਹਿਤ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਐੱਸਡੀਐੱਮ ਰੂਪਨਗਰ ਨਵਦੀਪ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ ਤੇ ਹੋਰ ਹਾਜ਼ਰ ਸਨ।
ਦੁਪਹਿਰ ਦਾ ਖਾਣਾ ਉਡੀਕਦੇ ਰਹੇ ਖਿਡਾਰੀ
ਲਾਲੜੂ: ਲਾਲੜੂ ਵਿੱਚ ਹੋ ਰਹੀਆਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਕਰੀਬ ਢਾਈ ਵਜੇ ਤੱਕ ਦੁਪਹਿਰ ਦਾ ਖਾਣਾ ਨਹੀਂ ਮਿਲਿਆ। ਇਸ ਸਬੰਧੀ ਜਦੋਂ ਐੱਸਡੀਐੱਮ ਡੇਰਾਬਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਖੇਡ ਸਟੇਡੀਅਮ ਵਿੱਚ ਸਫ਼ਾਈ ਦਾ ਜ਼ਿੰਮਾ ਨਗਰ ਕੌਂਸਲ ਦਾ ਤੇ ਦੁਪਹਿਰ ਦੇ ਖਾਣੇ ਤੇ ਰਿਫਰੈਸ਼ਮੈਂਟ ਦਾ ਜ਼ਿੰਮਾ ਖੇਡ ਵਿਭਾਗ ਦਾ ਹੈ। ਐੱਸਡੀਐੱਮ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਕਰੀਬ ਪੌਣੇ ਤਿੰਨ ਵਜੇ ਤੋਂ ਬਾਅਦ ਖਿਡਾਰੀਆਂ ਨੂੰ ਖਾਣਾ ਦਿੱਤਾ ਗਿਆ। ਸਟੇਡੀਅਮ ਵਿੱਚ ਟਰੈਕ ਦੀ ਸਫਾਈ ਅਤੇ ਹੋਰ ਪ੍ਰਬੰਧਾਂ ਦੀ ਭਾਰੀ ਘਾਟ ਨਜ਼ਰ ਆਈ।