ਖੇਡਾਂ ਵਤਨ ਪੰਜਾਬ ਦੀਆਂ: 40 ਕਿਲੋਮੀਟਰ ਸਾਈਕਲਿੰਗ ਵਿੱਚ ਮਨਦੀਪ ਜੇਤੂ
ਸਤਵਿੰਦਰ ਬਸਰਾ
ਲੁਧਿਆਣਾ, 27 ਨਵੰਬਰ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਰਾਹੀਂ ਖੇਡਾਂ ਵਤਨ ਪੰਜਾਬ ਦੀਆਂ -2024 ਸੀਜ਼ਨ-3 ਤਹਿਤ ਅੱਜ ਤੋਂ ਸੂਬਾ ਪੱਧਰੀ ਸਾਈਕਲਿੰਗ ਮੁਕਾਬਲੇ ਸ਼ੁਰੂ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚੋਂ 21-30 ਉਮਰ ਵਰਗ ਦੇ 40 ਕਿਲੋਮੀਟਰ ਮਾਸ ਸਟਾਰਟ ਮੁਕਾਬਲੇ ’ਚ ਅੰਮ੍ਰਿਤਸਰ ਦਾ ਮਨਦੀਪ ਸਿੰਘ ਜੇਤੂ ਰਿਹਾ। ਰੋਡ ਰੇਸ ਅੰਡਰ-14, 17, 21, 21-30 ਤੇ 31-40 ਤੇ ਟਰੈਕ ਸਾਈਕਲਿੰਗ ਅੰਡਰ-14, 17, 21, 21-30 ਤੇ 30 ਤੋਂ ਉਪਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਕੀਤੀ।
ਟੂਰਨਾਂਮੈਂਟ ਦਾ ਰਸਮੀ ਉਦਘਾਟਨ ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਘ ਨੇ ਕੀਤਾ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਾਈਕਲਿੰਗ ਟੂਰਨਾਂਮੈਂਟ ਦੇ ਰੋਡ ਰੇਸ ਈਵੈਂਟ ਦੇ ਮੁਕਾਬਲੇ ਸਾਈਕਲ ਵੈਲੀ ਰੂਟ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਤੋਂ ਪਿੰਡ ਸਹਿਬਾਣਾ (4 ਕਿਲੋਮੀਟਰ) ਤੱਕ ਕਰਵਾਏ ਗਏ। ਨਤੀਜਿਆਂ ਅਨੁਸਾਰ ਮੈਨ 21-30 ਗਰੁੱਪ ਦੇ ਰੋਡ ਰੇਸ ’ਚ 40 ਕਿਲੋਮੀਟਰ ਵਿੱਚ ਅੰਮ੍ਰਿਤਸਰ ਦੇ ਮਨਦੀਪ ਸਿੰਘ ਨੇ ਪਹਿਲਾ, ਪਰਦੀਪ ਸਿੰਘ ਨੇ ਦੂਜਾ ਅਤੇ ਲੁਧਿਆਣਾ ਦੇ ਮੁਹੰਮਦ ਨਸੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 31-40 ਗਰੁੱਪ ਦੇ 30 ਕਿਲੋਮੀਟਰ ਵਿੱਚ ਗੁਰਦਾਸਪੁਰ ਦੇ ਗੁਰਬਾਜ ਸਿੰਘ ਨੇ ਪਹਿਲਾ, ਅੰਮ੍ਰਿਤਸਰ ਦੇ ਸਤਬੀਰ ਸਿੰਘ ਨੇ ਦੂਜਾ ਸਥਾਨ ਤੇ ਪਟਿਆਲਾ ਦੇ ਸਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੂਮੈਨ 21-30 ਉਮਰ ਗਰੁੱਪ ਦੇ ਰੋਡ ਰੇਸ ਦੇ 30 ਕਿਲੋਮੀਟਰ ਵਿੱਚ ਤਰਨ ਤਾਰਨ ਦੀ ਰਾਜਵੀਰ ਕੌਰ ਨੇ ਪਹਿਲਾ, ਲੁਧਿਆਣਾ ਦੀ ਵਿਧੀ ਤੇਜਪਾਲ ਨੇ ਦੂਜਾ ਅਤੇ ਬਠਿੰਡਾ ਦੀ ਮਹਿਕਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 31-40 ਉਮਰ 20 ਕਿਲੋਮੀਟਰ ’ਚ ਪਟਿਆਲਾ ਦੀ ਪੁਸ਼ਪਿੰਦਰ ਕੌਰ ਨੇ ਪਹਿਲਾ, ਬਠਿੰਡਾ ਦੀ ਸੁਖਪਾਲ ਕੌਰ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਰਜਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।