For the best experience, open
https://m.punjabitribuneonline.com
on your mobile browser.
Advertisement

ਗਾਮੇ ਦਾ ਇਲਾਹੀ ਜਲਾਲ

02:36 PM Jun 04, 2023 IST
ਗਾਮੇ ਦਾ ਇਲਾਹੀ ਜਲਾਲ
Advertisement

ਪ੍ਰਿੰ. ਸਰਵਣ ਸਿੰਘ

Advertisement

ਗਾਮੇ ਦੀ ਤੋਰ ਲਟਕੰਦੜੀ ਨਾਲ ਖੇਲ੍ਹਦੇ

Advertisement

ਪਾਪ ਤੇ ਪੁੰਨ ਬਟਕਾਂ ਦੇ ਵਾਂਗੂੰ-

ਗਾਮੇ ਦੇ ਨਾਲ ਤੁਰਦੇ ਫ਼ਕੀਰ ਪੰਜਾਬ ਦੇ,

ਧਰਤ ਸੂਫ਼ੀਆਂ ਦੇ ਪਿਆਲੇ ਦੇ ਵਾਂਗ ਉਛਲਦੀ,

ਝੱਗੋ ਝੱਗ ਅਰਸ਼ ਦੀਆਂ ਅੱਖਾਂ,

ਬਸ! ਗਾਮਾ ਮੁਸਕਰਾ ਦੇਵੇ

ਚੜ੍ਹੇ ਦਰਿਆਵਾਂ ਨੂੰ ਤੱਕ ਕੇ।

– ਹਰਿੰਦਰ ਸਿੰਘ ਮਹਿਬੂਬ

ਪਹਿਲਵਾਨ ਮਿਹਰਦੀਨ ਇਹ ਬੰਦ ਵਾਰ ਵਾਰ ਸੁਣਾਉਂਦਾ ਸੀ:

ਕਿੱਕਰ, ਕੱਲੂ, ਗ਼ੁਲਾਮ, ਇਮਾਮ, ਗਾਮਾ, ਛੱਡ ਗਏ ਜਹਾਨ ਨਿਸ਼ਾਨੀਆਂ ਨੇ

ਜ਼ਰਾ ਗੌਰ ਕਰਨਾ ਸਿਆਣੇ ਆਖਦੇ ਨੇ, ਬਹੁਤ ਔਖੀਆਂ ਇਹ ਭਲਵਾਨੀਆਂ ਨੇ

ਪਹਿਲਵਾਨ ਗ਼ੁਲਾਮ ਹੁਸੈਨ ਉਰਫ਼ ਗਾਮੇ ਦਾ ਜਨਮ 22 ਮਈ 1878 ਨੂੰ ਹੋਇਆ ਸੀ ਤੇ ਦੇਹਾਂਤ 23 ਮਈ 1960 ਨੂੰ ਹੋਇਆ। ਇਨ੍ਹੀਂ ਦਿਨੀਂ ਉਹਦਾ 145ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਤੇ 63ਵੀਂ ਬਰਸੀ। ਉਹ ਰੋਜ਼ਾਨਾ ਤਿੰਨ ਹਜ਼ਾਰ ਡੰਡ ਕੱਢਦਾ ਸੀ ਤੇ ਪੰਜ ਹਜ਼ਾਰ ਬੈਠਕਾਂ। ਗਲ ‘ਚ 95 ਕਿਲੋ ਦਾ ਪੱਥਰ ਪਾ ਕੇ ਦੌੜਦਾ ਤੇ ਅਖਾੜੇ ‘ਚ ਚਾਲੀ ਪੱਠਿਆਂ ਨੂੰ ਜ਼ੋਰ ਕਰਾਉਂਦਾ। ਉਹਦੀ ਰੋਜ਼ਾਨਾ ਖੁਰਾਕ ਵਿਚ ਤਿੰਨ ਸੇਰ ਬਦਾਮ, ਅੱਧ ਸੇਰ ਘਿਉ ਤੇ ਪੰਜ ਮੁਰਗੇ ਸ਼ਾਮਲ ਸਨ। ਨਾਲ ਤਾਜ਼ੇ ਫਲਾਂ ਦਾ ਜੂਸ, ਬੱਕਰੇ ਦੀ ਯਖਣੀ ਤੇ ਛੇ ਸੱਤ ਲਿਟਰ ਦੁੱਧ ਪੀਂਦਾ। ਉਹਦਾ ਕੱਦ 5 ਫੁੱਟ 7 ਇੰਚ ਸੀ, ਪਰ ਜੁੱਸੇ ਦਾ ਭਾਰ 112 ਕਿਲੋਗਰਾਮ ਸੀ। ਮੁੱਛਾਂ ਲੰਮੀਆਂ ਤੇ ਗਲ ‘ਚ ਤਵੀਤ ਪਾਉਂਦਾ ਸੀ। ਉਸ ਨੇ ਰਿਆਸਤ ਬੜੌਦਾ ਵਿਚ 12 ਕੁਇੰਟਲ ਦਾ ਪੱਥਰ ਚੁੱਕ ਵਿਖਾਇਆ ਸੀ ਜੋ ਅਜੇ ਵੀ ਬੜੌਦਾ ਦੇ ਅਜਾਇਬਘਰ ‘ਚ ਵੇਖਿਆ ਜਾ ਸਕਦਾ ਹੈ। ਉਸ ਉਪਰ ਉਕਰਿਆ ਹੋਇਆ ਹੈ ਕਿ 1200 ਕਿਲੋਗਰਾਮ ਭਾਰਾ ਇਹ ਪੱਥਰ ਗਾਮਾ ਪਹਿਲਵਾਨ 23 ਦਸੰਬਰ 1902 ਨੂੰ ਛਾਤੀ ਤੱਕ ਉਠਾ ਕੇ ਕੁਝ ਕਦਮ ਤੁਰਿਆ ਵੀ ਸੀ। ਉਸ ਨੇ ਪੰਜ ਹਜ਼ਾਰ ਕੁਸ਼ਤੀਆਂ ਲੜੀਆਂ ਜਿਨ੍ਹਾਂ ‘ਚ ਇਕ ਵਾਰ ਵੀ ਨਹੀਂ ਢੱਠਾ। ਆਖ਼ਰ 82ਵੇਂ ਸਾਲ ਉਸ ਨੂੰ ਮੌਤ ਹੀ ਢਾਹ ਸਕੀ।

ਉਹ ਬ੍ਰਿਟਿਸ਼ ਇੰਡੀਆ, ਰਾਜਿਆਂ ਦੀਆਂ ਰਿਆਸਤਾਂ, ਅਜੋਕੇ ਭਾਰਤ ਤੇ ਪਾਕਿਸਤਾਨ ਦਾ ਸਾਂਝਾ ਪਹਿਲਵਾਨ ਸੀ। ਉਸ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ ਸੀ ਤੇ ਦੇਹਾਂਤ ਲਾਹੌਰ ਵਿਚ। 1947 ਵਿਚ ਪੰਜਾਬ ਦੀ ਮਾਰੂ ਵੰਡ ਵੇਲੇ ਉਸ ਨੂੰ ਪਟਿਆਲੇ ਤੋਂ ਲਾਹੌਰ ਜਾਣਾ ਪਿਆ ਸੀ। ਪਟਿਆਲੇ ਤੋਂ ਲਾਹੌਰ ਜਾਂਦਿਆਂ ਉਹਦੀ ਤੇ ਉਹਦੇ ਪਰਿਵਾਰ ਦੇ ਜੀਆਂ ਦੀ ਕਿਸੇ ਲੁਟੇਰੇ ਜਾਂ ਜਨੂੰਨੀ ਨੇ ਲੁੱਟ ਮਾਰ ਨਹੀਂ ਸੀ ਕੀਤੀ। ਲਾਹੌਰ ਪੁੱਜ ਕੇ ਉਸ ਨੇ ਵੀ ਮੋਹਨੀ ਰੋਡ ਦੇ ਅਨੇਕਾਂ ਹਿੰਦੂਆਂ ਸਿੱਖਾਂ ਨੂੰ ਮੁਸਲਮਾਨ ਲੁਟੇਰਿਆਂ ਤੇ ਜਨੂੰਨੀਆਂ ਹੱਥੋਂ ਬਚਾਇਆ ਤੇ ਪੱਲਿਓਂ ਰਾਸ਼ਨ ਦੇ ਕੇ ਬਾਰਡਰ ਲੰਘਾਇਆ ਸੀ। ਉਹ ਰੁਸਤਮੇ ਜ਼ਮਾਂ ਭਲਵਾਨ ਹੋਣ ਦੇ ਨਾਲ ਨੇਕ ਇਨਸਾਨ ਤੇ ਸੱਚਾ ਮੁਸਲਮਾਨ ਸੀ। ਰੱਬ ਦਾ ਉਹ ਭਲਾ ਬੰਦਾ ਸਭਨਾਂ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਨੂੰ ਇਕੋ ਰੱਬ ਦੇ ਬੰਦੇ ਸਮਝਦਾ ਸੀ।

ਗਾਮੇ ਦੇ ਵੱਡ ਵਡੇਰਿਆਂ ਦਾ ਪਿਛੋਕੜ ਕਸ਼ਮੀਰ ਦਾ ਸੀ। ਉਹ ਜੁੱਦਾ ਦਰਿਆ ਕਿਨਾਰੇ ਵਸਦੇ ਸਨ ਤੇ ਦਰੀਆਂ ਗਲੀਚਿਆਂ ਦਾ ਕਾਰੋਬਾਰ ਕਰਦੇ ਸਨ। 1825 ਦੇ ਗੇੜ ਜਦੋਂ ਪੰਜਾਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਗਾਮੇ ਦਾ ਦਾਦਾ ਅੰਮ੍ਰਿਤਸਰ ਆ ਗਿਆ ਤੇ ਇੱਥੇ ਪੱਕੀ ਰਿਹਾਇਸ਼ ਕਰ ਲਈ। 1850 ਦੇ ਗੇੜ ‘ਚ ਉਹਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਅਜ਼ੀਜ਼ ਬਖ਼ਸ਼ ਰੱਖਿਆ ਗਿਆ। ਅੰਮ੍ਰਿਤਸਰ ਅਖਾੜਿਆਂ ਦਾ ਘਰ ਸੀ ਜਿੱਥੇ ਉਹ ਕੁਸ਼ਤੀਆਂ ਵੱਲ ਖਿੱਚਿਆ ਗਿਆ ਤੇ ਨਾਮੀ ਪਹਿਲਵਾਨ ਬਣ ਗਿਆ। ਉਹਦਾ ਵਿਆਹ ਲੂਣ ਪਹਿਲਵਾਨ ਦੀ ਲੜਕੀ ਨਾਲ ਹੋਇਆ ਜਿਸ ਦੇ ਪੇਟੋਂ ਗੁਲਾਮ ਹੁਸੈਨ ਗਾਮੇ ਨੇ ਜਨਮ ਲਿਆ।

ਗਾਮੇ ਤੇ ਜ਼ਬਿਸਕੋ ਦਰਮਿਆਨ ਦੁਬਾਰਾ ਹੋਣ ਵਾਲਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਮੁਕਾਬਲਾ ਪਟਿਆਲਾ ਵਿਚ 29 ਜਨਵਰੀ, 1928 ਨੂੰ ਇਸ ਮੌਕੇ ਲਈ ਖ਼ਾਸ ਤੌਰ ‘ਤੇ ਉਸਾਰੇ ਗਏ ਰਿੰਗ ਵਿਚ ਸ਼ੁਰੂ ਹੋਇਆ।

ਗਾਮੇ ਦੇ ਜਨਮ ਸਮੇਂ ਰਿਆਸਤ ਦੱਤੀਆ ਦਾ ਰਾਜਾ ਭਵਾਨੀ ਸਿੰਘ ਪਹਿਲਵਾਨਾਂ ਦੀ ਪਾਲਣਾ ਤੇ ਸਰਪ੍ਰਸਤੀ ਕਰਦਾ ਸੀ। ਉਸ ਨੇ ਅੰਬਰਸਰੀਏ ਪਹਿਲਵਾਨ ਅਜ਼ੀਜ਼ ਬਖ਼ਸ ਨੂੰ ਆਪਣਾ ਦਰਬਾਰੀ ਪਹਿਲਵਾਨ ਬਣਾ ਕੇ ਆਪਣੇ ਕੋਲ ਰੱਖ ਲਿਆ। ਫਿਰ ਅਜ਼ੀਜ਼ ਬਖ਼ਸ਼ ਆਪਣੇ ਪਰਿਵਾਰ ਨੂੰ ਅੰਮ੍ਰਿਤਸਰੋਂ ਦੱਤੀਏ ਲੈ ਗਿਆ। ਉਸ ਸਮੇਂ ਗਾਮੇ ਦੀ ਉਮਰ ਚਾਰ ਸਾਲ ਸੀ। ਗਾਮਾ ਭਲਵਾਨਾਂ ਨੂੰ ਜ਼ੋਰ ਕਰਦਿਆਂ ਵੇਖ ਉਨ੍ਹਾਂ ਦੀ ਰੀਸੇ ਲੰਗੋਟ ਪਾ ਲੈਂਦਾ ਤੇ ਅਖਾੜੇ ਦੁਆਲੇ ਗੇੜੀਆਂ ਦੇਣ ਲੱਗਦਾ। ਉਹ ਅਜੇ ਪੰਜਾਂ ਸਾਲਾਂ ਦਾ ਹੋਇਆ ਸੀ ਕਿ ਅਜ਼ੀਜ਼ ਬਖ਼ਸ਼ ਦੀ ਅਚਾਨਕ ਮੌਤ ਹੋ ਗਈ। ਅੱਬਾ ਦੀ ਮੌਤ ਤੋਂ ਦੋ ਮਹੀਨੇ ਬਾਅਦ ਗਾਮੇ ਦੇ ਨਿੱਕੇ ਭਰਾ ਦਾ ਜਨਮ ਹੋਇਆ ਜਿਸ ਦਾ ਨਾਂ ਇਮਾਮ ਬਖ਼ਸ਼ ਰੱਖਿਆ ਗਿਆ। ਗਾਮੇ ਨੇ ਤਾਂ ਆਪਣੇ ਅੱਬਾ ਦਾ ਪਿਆਰ ਦੁਲਾਰ ਕੁਝ ਸਮਾਂ ਮਾਣ ਲਿਆ ਸੀ ਪਰ ਇਮਾਮ ਬਖ਼ਸ਼ ਨੂੰ ਉਹ ਵੀ ਨਸੀਬ ਨਾ ਹੋਇਆ। ਉਂਜ ਗਾਮੇ ਵਾਂਗ ਇਮਾਮ ਬਖ਼ਸ਼ ਵੀ ਰੁਸਤਮ ਪਹਿਲਵਾਨ ਬਣਿਆ। ਪੀੜ੍ਹੀਆਂ ਦਾ ਖੇਲ੍ਹ ਹੈ ਕਿ 1971 ਵਿਚ ਇਮਾਮ ਬਖ਼ਸ਼ ਦੀ ਦੋਹਤੀ ਕੁਲਸੁਮ ਬੱਟ, ਨਵਾਜ਼ ਸ਼ਰੀਫ਼ ਦੀ ਬੇਗਮ ਬਣੀ ਜੋ ਤਿੰਨ ਵਾਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ ਅਤੇ ਪੜਦੋਹਤੀ ਦਾ ਨਿਕਾਹ ਅਰਬ ਦੇ ਪ੍ਰਿੰਸ ਨਾਲ ਹੋਇਆ। ਗਾਮੇ ਦੀਆਂ ਦੋ ਸ਼ਾਦੀਆਂ ‘ਚੋਂ ਪੰਜ ਪੁੱਤਰ ਹੋਏ ਤੇ ਚਾਰ ਧੀਆਂ। ਪੰਜੇ ਪੁੱਤਰ ਬਚਪਨ ਵਿਚ ਹੀ ਰੱਬ ਨੂੰ ਪਿਆਰੇ ਹੋ ਗਏ, ਧੀਆਂ ਬਚੀਆਂ ਰਹੀਆਂ।

ਬਾਲਕ ਗਾਮਾ ਜਦੋਂ ਆਪਣੀ ਮਾਂ ਨੂੰ ਪੁੱਛਦਾ, ਸਾਡਾ ਅੱਬਾ ਕਦੋਂ ਘਰ ਆਵੇਗਾ ਤਾਂ ਮਾਂ ਕੁੱਛੜ ਚੁੱਕੇ ਇਮਾਮ ਨੂੰ ਸੰਭਾਲਦੀ ਵੱਡੇ ਪੁੱਤਰ ਨੂੰ ਝੂਠੀ-ਮੂਠੀ ਦੀ ਤਸੱਲੀ ਦਿੰਦੀ, ਉਹ ਅੰਬਰਸਰ ਗਏ ਨੇ, ਬੱਸ ਆਉਂਦੇ ਹੀ ਹੋਣਗੇ। ਏਨਾ ਕਹਿੰਦਿਆਂ ਮਾਂ ਦੇ ਹੰਝੂ ਉਮੜ ਆਉਂਦੇ। ਅਜ਼ੀਜ਼ ਬਖ਼ਸ਼ ਦੀ ਮੌਤ ਪਿੱਛੋਂ ਗਾਮੇ ਦੀ ਦੇਖਭਾਲ ਉਹਦੇ ਨਾਨੇ ਲੂਣ ਭਲਵਾਨ ਨੇ ਕੀਤੀ, ਪਰ ਲੂਣ ਭਲਵਾਨ ਵੀ ਸਾਲ ਕੁ ਬਾਅਦ ਰੱਬ ਨੂੰ ਪਿਆਰਾ ਹੋ ਗਿਆ। ਫਿਰ ਗਾਮੇ ਦੇ ਮਾਮੇ ਈਦੇ ਭਲਵਾਨ ਨੇ ਭਾਣਜੇ ਨੂੰ ਸੰਭਾਲਿਆ। ਈਦਾ ਬੇਸ਼ੱਕ ਮੌਜੀ ਭਲਵਾਨ ਸੀ, ਪਰ ਉਸ ਨੇ ਗਾਮੇ ਨੂੰ ਪੂਰੇ ਜ਼ਾਬਤੇ ਵਿਚ ਰੱਖਿਆ। ਉਸ ਨੂੰ ਚੰਗੀ ਖੁਰਾਕ ਖੁਆਈ ਤੇ ਕਸਰਤ ਕਰਵਾਈ। ਜਦੋਂ ਗਾਮਾ ਦਸਾਂ ਕੁ ਸਾਲਾਂ ਦਾ ਹੋਇਆ ਤਾਂ ਉਸ ਨੇ ਆਪਣੇ ਛੋਟੇ ਮਾਮੇ ਬੂਟੇ ਪਹਿਲਵਾਨ ਨਾਲ ਰਾਜੇ ਜੋਧਪੁਰ ਦੇ ਕਸਰਤੀ ਦੰਗਲ ਵਿਚ ਜਾਣ ਦੀ ਇਜਾਜ਼ਤ ਮੰਗੀ। ਉੱਥੇ ਮੁਕਾਬਲੇ ਦੀ ਪਹਿਲੀ ਸ਼ਰਤ ਸੀ ਕਿ ਜਿਹੜਾ ਜੁਆਨ ਜ਼ਿਆਦਾ ਬੈਠਕਾਂ ਲਾਵੇਗਾ ਉਹੀ ਪਹਿਲਵਾਨ ਮੰਨਿਆ ਜਾਵੇਗਾ। ਬੈਠਕਾਂ ਲਾਉਂਦੇ ਚਾਰ ਸੌ ਜੁਆਨਾਂ ‘ਚੋਂ ਪਿੱਛੇ ਪੰਜਾਹ ਜੁਆਨ ਰਹਿ ਗਏ ਜਿਨ੍ਹਾਂ ‘ਚ ਗਾਮਾ ਵੀ ਸੀ। ਫਿਰ ਚੌਦਾਂ ਰਹਿ ਗਏ। ਗਾਮਾ ਹਾਲੇ ਵੀ ਡਟਿਆ ਹੋਇਆ ਸੀ। ਰਾਜੇ ਜਸਵੰਤ ਸਿੰਘ ਨੇ ਉਸ ਨੂੰ ਛਾਤੀ ਨਾਲ ਲਾਇਆ ਤੇ ਭਲਵਾਨੀ ਦੀ ਉਚੇਚੀ ਸਿਖਲਾਈ ਦੇਣ ਲਈ ਚੁਣ ਲਿਆ। 15 ਸਾਲਾਂ ਦੀ ਉਮਰ ਤਕ ਉਹ ਤਕੜਾ ਪਹਿਲਵਾਨ ਬਣ ਗਿਆ। ਤਦ ਗਾਮੇ ਦੇ ਮਨ ਵਿਚ ਚਾਹਤ ਪੈਦਾ ਹੋਈ ਕਿ ਹੁਣ ਤਕੜੇ ਪਹਿਲਵਾਨਾਂ ਨਾਲ ਕੁਸ਼ਤੀਆਂ ਲੜੀਆਂ ਜਾਣ।

ਦੱਤੀਆ ਤੋਂ ਉਹ ਰਿਆਸਤ ਰੀਵਾ ‘ਚ ਚਲਾ ਗਿਆ ਜਿੱਥੋਂ ਦਾ ਰਾਜਾ ਪਰਤਾਪ ਸਿੰਘ ਸੀ। ਉੱਥੇ ਉਹ ਚਾਰ ਸਾਲ ਰਿਹਾ ਤੇ ਕੁਸ਼ਤੀਆਂ ਲੜਦਾ ਦੇਸ਼ ਦਾ ਸਰਬੋਤਮ ਪਹਿਲਵਾਨ ਬਣ ਗਿਆ। ਪਹਿਲਵਾਨ ਹੀ ਨਹੀਂ ਸਗੋਂ ਆਦਮੀ ਤੋਂ ਇਨਸਾਨ ਵੀ ਬਣ ਗਿਆ। ਗਾਮਾ 19 ਸਾਲ ਦਾ ਹੋਇਆ ਤਾਂ ਉਸ ਦਾ ਪਹਿਲਾ ਵੱਡਾ ਮੁਕਾਬਲਾ ਗੁੱਜਰਾਂਵਾਲੀਏ ਰਹੀਮ ਬਖ਼ਸ਼ ਸੁਲਤਾਨੀਵਾਲੇ ਨਾਲ ਹੋਇਆ ਜਿਸ ਦੀ ਉਮਰ 28 ਸਾਲ ਦੀ ਸੀ। ਲੋਕ ਸਮਝਦੇ ਸਨ ਕਿ ਗਾਮਾ ਐਡੇ ਵੱਡੇ ਪਹਿਲਵਾਨ ਦੇ ਮੁਕਾਬਲੇ ਮਸਾਂ ਦੋ ਚਾਰ ਮਿੰਟ ਹੀ ਟਿਕੇਗਾ, ਪਰ ਉਹ ਇਕ ਘੰਟਾ ਕੁਸ਼ਤੀ ਲੜ ਕੇ ਵੀ ਬਰਾਬਰ ਰਿਹਾ ਤੇ ਕੁਸ਼ਤੀ ਅਗਾਂਹ ਪਾ ਦਿੱਤੀ ਗਈ।

ਫਿਰ ਗਾਮੇ ਨੇ ਹਿੰਦ ਮਹਾਂਦੀਪ ਦੇ ਸਾਰੇ ਪਹਿਲਵਾਨਾਂ ਨੂੰ ਵੰਗਾਰਿਆ ਕਿ ਕੋਈ ਵੀ ਪਹਿਲਵਾਨ ਮੇਰੇ ਨਾਲ ਘੁਲ਼ ਲਵੇ। ਉਸ ਨੇ ਚੋਟੀ ਦੇ ਪਹਿਲਵਾਨ ਗ਼ੁਲਾਮ ਮਹੀਓਦੀਨ ਨੂੰ ਕੁਝ ਸਕਿੰਟਾਂ ਵਿਚ ਹੀ ਢਾਹ ਕੇ ਦੁਨੀਆ ਦੰਗ ਕਰ ਦਿੱਤੀ। ਮਹਾਰਾਜਾ ਦੱਤੀਆ ਨੇ ਉਸ ਨੂੰ ਬਾਈ ਸੇਰ ਭਾਰੀ ਚਾਂਦੀ ਦੀ ਗੁਰਜ ਨਾਲ ਨਿਵਾਜਿਆ ਤੇ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ। ਫਿਰ ਉਸ ਨੇ ਰਿਆਸਤ ਬੜੌਦਾ ਦੇ ਦਰਬਾਰੀ ਪਹਿਲਵਾਨਾਂ ਦੀ ਕੰਡ ਲਾਈ। 21 ਸਾਲ ਦੀ ਉਮਰ ਵਿਚ ਦੌਦ ਪਹਿਲਵਾਨ ਨੂੰ ਚਿੱਤ ਕੀਤਾ। ਰਿਆਸਤ ਟੇਕਮਗੜ੍ਹ ਤੇ ਗਵਾਲੀਅਰ ਦੇ ਪਹਿਲਵਾਨਾਂ ਨੂੰ ਵੀ ਪਛਾੜ ਦਿੱਤਾ। ਰਿਆਸਤ ਭੂਪਾਲ ਦੇ ਦਿਓਕੱਦ ਪਹਿਲਵਾਨ ਪਰਤਾਪੇ ਦੀ ਵੀ ਕੰਡ ਲਾ ਦਿੱਤੀ। ਰਾਮੂ ਬਾਲੀ ਵਾਲਾ ਤੇ ਉਹਦਾ ਪੁੱਤਰ ਫਿਰੋਜ਼ਦੀਨ ਗੁੰਗਾ ਸਾਰੇ ਉਹਤੋਂ ਕੰਨੀ ਕਰਤਾਉਣ ਲੱਗੇ।

ਹਿੰਦ ਮਹਾਂਦੀਪ ‘ਚ ਸੱਤ ਫੁੱਟਾ ਭਲਵਾਨ ਰਹੀਮ ਬਖ਼ਸ਼ ਹੀ ਸੀ ਜਿਹੜਾ ਉਹਤੋਂ ਅਜੇ ਢੱਠਾ ਨਹੀਂ ਸੀ। ਜਦੋਂ ਰਹੀਮ ਬਖ਼ਸ਼ ਨਾਲ ਉਹਦਾ ਦੂਜਾ ਭੇੜ ਹੋਇਆ ਤਾਂ ਗਾਮੇ ਨੇ 14 ਦਾਅ ਵਰਤੇ ਤੇ ਰਹੀਮ ਬਖ਼ਸ਼ ਨੇ 16 ਦਾਅ। ਪਰ ਦੋ ਘੰਟੇ ਖਹਿਣ ਪਿੱਛੋਂ ਵੀ ਕਿਸੇ ਦੀ ਜਿੱਤ ਹਾਰ ਨਾ ਹੋਈ। ਉਨ੍ਹਾਂ ਵਿਚਕਾਰ ਤੀਜਾ ਮੁਕਾਬਲਾ ਲਾਹੌਰ ਵਿਖੇ ਹੋਇਆ। ਉਹ ਮੁਕਾਬਲਾ 2 ਘੰਟੇ 20 ਮਿੰਟ ਜਾਰੀ ਰਿਹਾ। ਭਾਵੇਂ ਗਾਮੇ ਦਾ ਹੱਥ ਉਪਰ ਰਿਹਾ ਪਰ ਜਿੱਤ ਹਾਰ ਨਾ ਹੋ ਸਕੀ। ਅਗਲੇ ਸਾਲ ਉਨ੍ਹਾਂ ਦੇ ਚੌਥੇ ਮੁਕਾਬਲੇ ਦੀ ਉਡੀਕ ਹੋਣ ਲੱਗੀ ਜੋ ਰਹੀਮ ਬਖ਼ਸ਼ ਦੇ ਬਿਮਾਰ ਹੋਣ ਕਰਕੇ ਹੋ ਨਾ ਸਕਿਆ। ਗਾਮੇ ਨੂੰ ਹਿੰਦ ਮਹਾਂਦੀਪ ਦਾ ਸਭ ਤੋਂ ਤਕੜਾ ਪਹਿਲਵਾਨ ਮੰਨ ਲਿਆ ਗਿਆ।

1910 ਵਿਚ ਲੰਡਨ ਵਿਖੇ ਜ੍ਹੌਨ ਬੁੱਲ ਆਲਮੀ ਕੁਸ਼ਤੀ ਮੁਕਾਬਲੇ ਹੋਣੇ ਸਨ। ਬੰਗਾਲ ਦੇ ਕਰੋੜਪਤੀ ਸੇਠ ਸ਼ਰਤ ਕੁਮਾਰ ਮਿੱਤਰਾ ਨੇ ਗਾਮੇ, ਉਹਦੇ ਛੋਟੇ ਭਰਾ ਇਮਾਮ ਬਖ਼ਸ਼, ਅਹਿਮਦ ਬਖ਼ਸ਼ ਅੰਮ੍ਰਿਤਸਰੀ ਤੇ ਗਾਮੂੰ ਪਹਿਲਵਾਨ ਜਲੰਧਰੀ ਨੂੰ ਸਪਾਂਸਰ ਕੀਤਾ। ਸਾਰੀ ਟੋਲੀ ਲਾਹੌਰ ਤੋਂ ਬੰਬਈ ਤਕ ਰੇਲ ਗੱਡੀ ‘ਤੇ ਗਈ ਤੇ ਉੱਥੇ ਦੋ ਦਿਨ ਠਹਿਰ ਕੇ ਸਮੁੰਦਰੀ ਜਹਾਜ਼ ‘ਤੇ ਵੀਨਸ ਵੱਲ ਰਵਾਨਾ ਹੋਈ। ਅੱਠ ਦਿਨ ਉਹ ਇਟਲੀ ਦੇ ਹੋਟਲ ਵਿਚ ਰੁਕੇ ਤੇ ਫਿਰ ਫਰਾਂਸ ਨੂੰ ਰਵਾਨਾ ਹੋਏ। ਉੱਥੇ ਉਹ ਵੀਹ ਦਿਨ ਰਹਿ ਕੇ ਲੰਡਨ ਪਹੁੰਚੇ। ਉਨ੍ਹਾਂ ਦਾ ਮੈਨੇਜਰ ਆਸਟਰੇਲੀਆ ਤੋਂ ਮਿਸਟਰ ਬੈਂਜ਼ਮਿਨ ਸੀ। ਉੱਥੇ ਅਮਰੀਕਾ, ਯੂਰਪ ਤੇ ਜਪਾਨ ਦੇ ਸਾਰੇ ਰੁਸਤਮ ਪਹਿਲਵਾਨ ਢੁੱਕੇ ਹੋਏ ਸਨ।

ਗਾਮਾ ਮੁੱਢਲੀਆਂ ਕੁਸ਼ਤੀਆਂ ਜਿੱਤਦਾ ਫਾਈਨਲ ਵਿਚ ਪੁੱਜ ਗਿਆ। ਦੂਜੇ ਪਾਸਿਓਂ ਪੋਲੈਂਡ ਦਾ ਜੰਮਪਲ ਸਟੈਨਲੇ ਜ਼ਬਿਸਕੋ ਜੋ ਯੂਰਪ ਦਾ ਚੈਂਪੀਅਨ ਬਣਨ ਪਿੱਛੋਂ ਅਮਰੀਕਨ ਸ਼ਹਿਰੀ ਬਣ ਗਿਆ ਸੀ, ਫਾਈਨਲ ‘ਚ ਪੁੱਜਾ। 10 ਸਤੰਬਰ 1910 ਨੂੰ ਵਾੲ੍ਹੀਟ ਸਿਟੀ ਸਟੇਡੀਅਮ ਲੰਡਨ, ਜਿੱਥੇ ਦੋ ਸਾਲ ਪਹਿਲਾਂ ਓਲੰਪਿਕ ਖੇਡ ਹੋਈਆਂ ਸਨ, ਤੀਹ ਹਜ਼ਾਰ ਦਰਸ਼ਕਾਂ ਦਾ ‘ਕੱਠ ਹੋਇਆ। ਅਖ਼ਬਾਰਾਂ ਨੇ ਗਾਮੇ ਤੇ ਜ਼ਬਿਸਕੋ ਦੀ ਕੁਸ਼ਤੀ ਨੂੰ ‘ਬੈਟਲ ਆਫ਼ ਸੈਂਚਰੀ’ ਦਾ ਨਾਂ ਦਿੱਤਾ। ਉਦੋਂ ਗਾਮੇ ਦੀ ਉਮਰ 32 ਸਾਲ ਸੀ ਤੇ ਜ਼ਬਿਸਕੋ ਦੀ 30 ਸਾਲ। ਗਾਮੇ ਦਾ ਕੱਦ 5 ਫੁੱਟ 7 ਇੰਚ, ਜ਼ਬਿਸਕੋ ਦਾ 5 ਫੁੱਟ 9 ਇੰਚ। ਗਾਮੇ ਦਾ ਭਾਰ 202 ਪੌਂਡ, ਜ਼ਬਿਸਕੋ ਦਾ 248 ਪੌਂਡ। ਗਾਮੇ ਦੀ ਛਾਤੀ 47 ਇੰਚ, ਜ਼ਬਿਸਕੋ ਦੀ 55 ਇੰਚ। ਗਾਮੇ ਦਾ ਨਿੱਕਨੇਮ ‘ਲਾਇਨ ਆਫ਼ ਪੰਜਾਬ’ ਤੇ ਜ਼ਬਿਸਕੋ ਦਾ ‘ਬੀਅਰ’ ਭਾਵ ਰਿੱਛ! ਸ਼ਾਮੀ 4.00 ਵਜੇ ਦੀ ਥਾਂ 4.04 ‘ਤੇ ਕੁਸ਼ਤੀ ਸ਼ੁਰੂ ਹੋਈ। ਦੋਵੇਂ ਭਲਵਾਨਾਂ ਨੇ ਹਰ ਤਰ੍ਹਾਂ ਦੇ ਦਾਅ ਵਰਤੇ। ਕਦੇ ਗਾਮੇ ਦਾ ਦਾਅ ਚੱਲ ਜਾਂਦਾ, ਕਦੇ ਜ਼ਬਿਸਕੋ ਦਾ। ਅੱਧਾ ਘੰਟਾ, ਘੰਟਾ, ਡੇਢ ਘੰਟਾ, ਇਕ ਘੰਟਾ ਚਾਲੀ ਮਿੰਟ, ਦੋਵੇਂ ਬਰਾਬਰ ਜੂਝਦੇ ਰਹੇ। ਫਿਰ ਜ਼ਬਿਸਕੋ ਮੈਟ ਫੜ ਕੇ ਮੂਧੇ ਮੂੰਹ ਪੈ ਗਿਆ। ਭਾਰਾ ਹੋਣ ਕਰਕੇ ਗਾਮੇ ਨੂੰ ਉਲਟਾਉਣਾ ਔਖਾ ਹੋ ਗਿਆ। ਇੰਜ 2 ਘੰਟੇ 34 ਮਿੰਟ ਬੀਤ ਗਏ। ਜਦ ਹਨ੍ਹੇਰਾ ਉਤਰਨ ਲੱਗਾ ਤਾਂ ਰੈਫਰੀ ਨੇ ਕੁਸ਼ਤੀ ਅਗਲੇ ਸ਼ਨਿੱਚਰਵਾਰ ‘ਤੇ ਪਾ ਦਿੱਤੀ ਪਰ ਸਮਾਂ 4 ਵਜੇ ਦੀ ਥਾਂ 3 ਵਜੇ ਦਾ ਕਰ ਦਿੱਤਾ।

“ਮੈਚ ਸ਼ੁਰੂ ਹੁੰਦਿਆਂ ਹੀ ਗਾਮੇ ਨੇ ਜ਼ਬਿਸਕੋ ਨੂੰ ਧੋਬੀ ਪਟਕੇ ਰਾਹੀਂ ਸੁੱਟ ਲਿਆ ਤੇ ਜ਼ਬਿਸਕੋ ਥਾਏਂ ਬੇਹੋਸ਼ ਹੋ ਗਿਆ ਅਤੇ ਉੱਠ ਨਾ ਸਕਿਆ। ਇਸ ‘ਤੇ ਮੈਚ ਨੂੰ ਸੱਤ ਦਿਨਾਂ ਲਈ ਟਾਲ ਦਿੱਤਾ ਗਿਆ। ਜ਼ਬਿਸਕੋ ਸੱਤ ਦਿਨਾਂ ਬਾਅਦ ਵੀ ਪਿੜ ਵਿਚ ਨਾ ਨਿੱਤਰਿਆ, ਕਿਉਂਕਿ ਉਹ ਸ਼ਾਇਦ ਸਮਝ ਚੁੱਕਾ ਸੀ ਕਿ ਗਾਮੇ ਨੂੰ ਹਰਾਉਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਇਸ ‘ਤੇ ਰੈਫ਼ਰੀ ਨੇ ਗਾਮੇ ਨੂੰ ਜੇਤੂ ਐਲਾਨ ਦਿੱਤਾ।

ਜ਼ਬਿਸਕੋ ਤੇ ਗਾਮੇ ਨੇ 10 ਸਤੰਬਰ 1910 ਨੂੰ ਵ੍ਹਾਈਟ ਸਿਟੀ ਸਟੇਡੀਅਮ, ਲੰਡਨ ਵਿਚ ਹੋਏ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਹੱਥ ਮਿਲਾਏ।

ਜ਼ਬਿਸਕੋ ਦਾ ਏਨਾ ਜ਼ੋਰ ਲੱਗ ਚੁੱਕਾ ਸੀ ਕਿ ਉਹਦਾ ਮਨ ਅਗਲੇ ਸ਼ਨਿੱਚਰਵਾਰ ਘੁਲਣ ਲਈ ਤਿਆਰ ਨਹੀਂ ਸੀ ਹੋ ਰਿਹਾ। ਸ਼ਨਿੱਚਰਵਾਰ ਤੋਂ ਪਹਿਲਾਂ ਹੀ ਉਹ ਮਾਂ ਦੀ ਬਿਮਾਰੀ ਦਾ ਬਹਾਨਾ ਬਣ ਕੇ ਲੰਡਨ ਛੱਡ ਗਿਆ। ਸ਼ਨਿੱਚਰਵਾਰ ਨੂੰ ਉਸੇ ਸਟੇਡੀਅਮ ਵਿਚ ਫਿਰ ਉਨਾ ਹੀ ‘ਕੱਠ ਹੋਇਆ। ਗਾਮਾ ਲੰਗੋਟ ਲਾ ਕੇ ਹਾਜ਼ਰ ਸੀ ਪਰ ਜ਼ਬਿਸਕੋ ਗ਼ਾਇਬ ਸੀ। ਤਿੰਨ ਅਨਾਊਂਸਮੈਂਟਾਂ ਤੋਂ ਬਾਅਦ ਰੈਫਰੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ। ਮਿਸਟਰ ਬੌਟਮਲੇਅ ਐੱਮ.ਪੀ. ਨੇ ਗ੍ਰੇਟ ਗਾਮੇ ਨੂੰ ਵਰਲਡ ਚੈਂਪੀਅਨ ਐਲਾਨਦਿਆਂ ‘ਜ੍ਹੌਨ ਬੁੱਲ ਚੈਂਪੀਅਨਸ਼ਿਪ ਬੈਲਟ’ ਅਤੇ 250 ਪੌਂਡ ਦੀ ਇਨਾਮੀ ਰਾਸ਼ੀ ਸੌਂਪ ਦਿੱਤੀ। ਉਸ ਬੈਲਟ ਉੱਤੇ ਅੱਜ ਵੀ ਗਾਮੇ ਦਾ ਨਾਂ ਉਕਰਿਆ ਵੇਖਿਆ ਜਾ ਸਕਦਾ ਹੈ।

ਲੰਡਨ ਦੇ ਟੂਰ ਦੌਰਾਨ ਗਾਮੇ ਨੇ ਕਈ ਨਾਮਵਰ ਭਲਵਾਨਾਂ ਜਿਵੇਂ ਬੈਂਜਾਮਿਨ ਰੋਲਰ, ਮਾਰਿਸ ਡੇਰਿਜ, ਜ੍ਹੌਨ ਲੈਮ, ਜੇਸੀ ਪੀਟਰਸਨ ਆਦਿ ਨੂੰ ਵੀ ਹਰਾਇਆ। ਉਨ੍ਹਾਂ ਵਿਚ ਜਪਾਨ ਦੇ ਜੂਡੋ ਪਹਿਲਵਾਨ ਤਰਨ ਮਿਆਕੀ, ਰੂਸ ਦੇ ਜਾਰਜ ਹੈਕਨਸ਼ਮਿੱਟ ਤੇ ਅਮਰੀਕਾ ਦੇ ਫੰਗ ਗਾਸ਼ ਵੀ ਸ਼ਾਮਲ ਸਨ। ਵਾਪਸ ਮੁੜ ਕੇ ਉਸ ਨੇ ਰਹੀਮ ਬਖ਼ਸ਼ ਨੂੰ ਹਰਾਉਣ ਤੋਂ ਬਾਅਦ 1916 ਵਿਚ ਮਸ਼ਹੂਰ ਪਹਿਲਵਾਨ ਵਿੱਦੋ ਪੰਡਤ ਨੂੰ ਹਰਾਇਆ। 1922 ‘ਚ ਪ੍ਰਿੰਸ ਆਫ਼ ਵੇਲਜ਼ ਨੇ ਇੰਡੀਆ ਫੇਰੀ ਦੌਰਾਨ ਗਾਮੇ ਨੂੰ ਚਾਂਦੀ ਦਾ ਕੀਮਤੀ ਗੁਰਜ ਭੇਟ ਕੀਤਾ। 1928 ਵਿਚ ਪਟਿਆਲੇ ਦੇ ਮਹਾਰਾਜੇ ਨੇ ਗਾਮੇ ਨਾਲ ਕੁਸ਼ਤੀ ਕਰਨ ਲਈ ਅਮਰੀਕਾ ਤੋਂ ਜ਼ਬਿਸਕੋ ਨੂੰ ਤਾਰ ਦਿੱਤੀ। ਨਾਲ ਚੋਖੇ ਪੈਸੇ ਭੇਜੇ। ਗਾਮੇ ਨਾਲ ਦੋ ਹੱਥ ਕਰਨ ਲਈ ਜ਼ਬਿਸਕੋ ਜਹਾਜ਼ੇ ਚੜ੍ਹ ਆਇਆ। ਉਹ ਆਪਣੀ ਲੰਡਨ ਦੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਕੁਸ਼ਤੀ ਮੈਟ ਦੀ ਥਾਂ ਮਿੱਟੀ ਦੇ ਅਖਾੜੇ ਵਿਚ ਹੋਈ ਜੋ 49 ਸਕਿੰਟਾਂ ‘ਚ ਗਾਮੇ ਜਿੱਤ ਲਈ। ਹਜ਼ਾਰਾਂ ‘ਚ ਜੁੜੀ ਖ਼ਲਕਤ ਨੂੰ ਕੁਸ਼ਤੀ ਤਾਂ ਨਾ ਦਿਸੀ, ਪਰ ਗਾਮੇ ਦੀ ਜਿੱਤ ਜ਼ਰੂਰ ਦਿਸੀ। ਮਹਾਰਾਜੇ ਨੇ ਇਨਾਮਾਂ ਦੀ ਧੱਕੀ ਕੱਢ ਦਿੱਤੀ। ਫਰਵਰੀ 1929 ਵਿਚ ਗਾਮੇ ਨੇ ਇਕ ਹੋਰ ਨਾਮੀ ਭਲਵਾਨ ਜੇਸੀ ਪੀਟਰਸਨ ਨੂੰ ਡੇਢ ਮਿੰਟ ਵਿਚ ਹਰਾਇਆ। 1940 ਦੇ ਦਹਾਕੇ ਦੌਰਾਨ ਨਿਜ਼ਾਮ ਹੈਦਰਾਬਾਦ ਨੇ ਗਾਮੇ ਨੂੰ ਸੱਦਾ ਦਿੱਤਾ। ਉੱਥੇ ਸ਼ੇਰ-ਏ-ਹੈਦਰਾਬਾਦ ਬਲਰਾਮ ਹੀਰਾਮਨ ਯਾਦਵ ਨਾਲ ਘੋਲ ਚੱਲਿਆ ਜੋ ਲੰਬੀ ਕੁਸ਼ਤੀ ਪਿੱਛੋਂ ਬਿਨਾਂ ਜਿੱਤ ਹਾਰ ਸਮਾਪਤ ਹੋਇਆ। ਉਦੋਂ ਗਾਮਾ ਬੁਢਾਪੇ ਵੱਲ ਵਧ ਰਿਹਾ ਸੀ ਜਦੋਂਕਿ ਹੀਰਾਮਨ ਪੂਰਾ ਜਵਾਨ ਸੀ। ਉਸ ਤੋਂ ਬਾਅਦ ਨਾ ਗਾਮੇ ਨੇ ਕਿਸੇ ਨੂੰ ਵੰਗਾਰਿਆ ਤੇ ਨਾ ਕਿਸੇ ਪਹਿਲਵਾਨ ਨੇ ਉਸ ਨੂੰ ਚੁਣੌਤੀ ਦਿੱਤੀ। ਆਖ਼ਰ ਉਹ ਅਜਿੱਤ ਪਹਿਲਵਾਨ ਵਜੋਂ ਕੁਸ਼ਤੀਆਂ ਤੋਂ ਰਿਟਾਇਰ ਹੋਇਆ।

ਪਟਿਆਲੇ ਤੋਂ ਲਾਹੌਰ ਜਾਣ ਪਿੱਛੋਂ ਉਸ ਨੇ ਕੁਝ ਸਮਾਂ ਕਰਾਚੀ ‘ਚ ਟਰਾਂਸਪੋਰਟ ਦਾ ਕਾਰੋਬਾਰ ਕੀਤਾ, ਪਰ ਕਰਾਚੀ ਦੀ ਆਬੋ ਹਵਾ ਉਸ ਨੂੰ ਰਾਸ ਨਾ ਆਈ। ਉਹ ਦਮੇ ਦਾ ਮਰੀਜ਼ ਬਣ ਗਿਆ। ਲਾਹੌਰ ਦੇ ਮੋਹਨੀ ਰੋਡ ਵਾਲੇ ਘਰ ‘ਚ ਉਸ ਨੂੰ ਚਾਰ ਵਾਰ ਦਿਲ ਦੇ ਦੌਰੇ ਪਏ। ਇਲਾਜ ਕਰਾਉਂਦਿਆਂ ਉਹਦੀਆਂ ਗੁਰਜਾਂ ਵੀ ਵਿਕ ਗਈਆਂ ਤੇ ਤਗ਼ਮੇ ਵੀ ਜਾਂਦੇ ਰਹੇ। ਉਹ ਹੱਡੀਆਂ ਦੀ ਮੁੱਠ ਰਹਿ ਗਿਆ ਜਿਸ ਤੋਂ ਮੱਖੀਆਂ ਵੀ ਨਹੀਂ ਸਨ ਉੱਡਦੀਆਂ। ਆਖ਼ਰ 23 ਮਈ 1960 ਨੂੰ ਉਹ ਮੰਦੇ ਹਾਲੀਂ ਮਰਿਆ। ਉਹਦੀ ਮੌਤ ਦਾ ਬਿਰਤਾਂਤ ਮੈਂ ਐੱਮ.ਆਰ. ਕਾਲਜ ਫਾਜ਼ਿਲਕਾ ਦੀ ਲਾਇਬ੍ਰੇਰੀ ਦੇ ਰੀਡਿੰਗ ਰੂਮ ‘ਚ ਆਏ ਇਲੱਸਟ੍ਰੇਟਿਡ ਵੀਕਲੀ ਆਫ ਇੰਡੀਆ ਦੇ ਮੈਗਜ਼ੀਨ ‘ਚੋਂ ਪੜ੍ਹਿਆ। ਪੜ੍ਹਦਿਆਂ ਮੇਰੀਆਂ ਅੱਖਾਂ ‘ਚ ਹੰਝੂ ਆ ਗਏ ਜਦੋਂਕਿ ਮੇਰਾ ਗਾਮੇ ਨਾਲ ਕੋਈ ਰਿਸ਼ਤਾ ਨਹੀਂ ਸੀ। ਰੁਸਤਮੇ ਜ਼ਮਾਂ ਗਾਮੇ ਦੀ ਖ਼ੁਆਹਿਸ਼ ਸੀ ਕਿ ਉਸ ਨੂੰ ਪੀਰ ਮੱਕੀ ਦੀ ਦਰਗਾਹ ‘ਚ ਦਫ਼ਨਾਇਆ ਜਾਵੇ ਪਰ ਦਰਗਾਹ ਦੇ ਮਤਵੱਲੀ ਨੇ ਕਬਰ ਨਾ ਪੁੱਟਣ ਦਿੱਤੀ। ਮਾਯੂਸੀ ਵਿਚ ਉਹਦੀ ਪਿੰਜਰ ਹੋਈ ਦੇਹ ਨੂੰ ਹਮੀਦੇ ਪਹਿਲਵਾਨ ਦੀ ਕਬਰ ਲਾਗੇ ਦਫ਼ਨਾ ਕੇ ਅਖਾੜੇ ਦੀ ਮਿੱਟੀ ਨਾਲ ਪੂਰ ਦਿੱਤਾ ਗਿਆ। ਪਤਾ ਨਹੀਂ ਉਹਦੀ ਕਬਰ ‘ਤੇ ਕੋਈ ਦੀਵਾ ਜਗਾਉਂਦਾ ਹੈ ਜਾਂ ਨਹੀਂ?

ਈ-ਮੇਲ: principalsarwansingh@gmail.com

ਗਾਮੇ ਦੇ ਹੱਥ ਮਿਹਰ ਵਿਚ ਫੈਲਦੇ

ਜ਼ਿਮੀ-ਅਸਮਾਨ ਨੂੰ ਚੈਨ ਮਿਲਦੀ-

ਗਾਮੇ ਦੀ ਨਜ਼ਰ ਉੱਡੇ

ਕਾਫ਼ਰ ਦੀ ਖੁਦੀ ਦੇ ਵਾਗੂੰ-

ਗਾਮਾ ਮੁਸਕਰਾਂਦਾ

ਆਪਣੇ ਬਾਲ ਦੇ ਵਾਂਗੂੰ-

ਗਾਮਾ ਖੇਡਦਾ ਆਵੇ ਨਾਦਾਨ ਦੇ ਵਾਂਗੂੰ,

‘ਐਲੀ ਐਲੀ’ ਦਾ ਗ਼ਜ਼ਬ ਢਾਉਂਦਾ

ਅਸਮਾਨ ਦੇ ਵਾਂਗੂੰ।

‘ਅਨਲਹੱਕ’ ਮਨਸੂਰ ਦਾ

ਗਾ ਰਿਹਾ ਗਾਮੇ ਦੀ ਅੱਖ ਵਿਚ-

ਜ਼ਰਾ ਵੀ ਇਸਦੀ ਸਾਰ ਨ ਐਪਰ

ਪੰਜਾਬ ਦੇ ਇਸ ਸੋਹਣੇ ਦਰਵੇਸ਼ ਨੂੰ-

ਓਸਦਾ ਖ਼ੂਨ ਤਾਂ ਗਾਂਵਦਾ ਗਾਂਵਦਾ

‘ਅਨਲਹੱਕ’ ਲਿਖ ਆਵੇ ਸੂਲੀਆਂ ਉੱਤੇ।

‘ਗਾਮੇ’ ਦੀ ਕਿਲਕਾਰੀ

ਹਰਿੰਦਰ ਸਿੰਘ ਮਹਿਬੂਬ

ਧੁੱਪ ਡਿੱਗਦੀ ਵਿਚ ਅਖਾੜਿਆਂ,

ਗਾਮਾ ਆ ਗਿਆ ਨਾਲ ਪਿਆਰਿਆਂ-

ਕਿਹੜੇ ਯਾਰ ਦੀ ਤੋਰ ਲਟਕੰਦੜੀ?

ਦੂਰੋਂ ਦੇਖਿਆ ਤਖ਼ਤ ਹਜ਼ਾਰਿਆਂ।

ਸੂਰਜ ਥਲੋ ਥਲ ਹੋਇਆ ਹੌਂਕ ਕੇ

ਤੀਰ ਖ਼ੂਨ ਕਰ ਲਏ ਨਜ਼ਾਰਿਆਂ।

ਮਾਰੀ ਚਾਂਗ ਫ਼ਕੀਰਾਂ ਦੇ ਹਾਲ ਵਿਚ

ਸਿਰ ਚੁੱਕਿਆ ਯਾਰ ਦੇ ਮਾਰਿਆਂ।

ਯੁੱਗ ਬੀਤ ਗਏ ਨੇ ਗਾਮਾ ਸੋਚਦਾ

ਚੌਦਾਂ ਤਬਕਾਂ ਦੇ ਸੀਨੇ ਨੂੰ ਪਾੜਿਆਂ।

ਕਿਹੜੀ ਧਰਤ ਦਾ ਸੀਨਾ ਗਰਜਦਾ?

ਹੇਠਾਂ ਦੇਖਿਆ ਆਕੀ ਮੀਨਾਰਿਆਂ।

ਕਿਹੜਾ ਗਜ਼ਬ ਜੋ ਬਾਜ਼ ਨਾ ਆਂਵਦਾ

ਨਜ਼ਰ ਚੁੱਕ ਲਈ ਜ਼ਰਾ ਹੰਕਾਰਿਆਂ।

‘ਬੇਮੁਹਾਰ ਨੇ ਚਿਹਨ ਅਸਮਾਨ ਦੇ’

ਹੱਸ ਆਖਿਆ ਬਲੀ ਕਿਨਾਰਿਆਂ।

ਧੁੱਪ ਡਿੱਗਦੀ ਵਿਚ ਅਖਾੜਿਆਂ

ਗਾਮਾ ਆ ਗਿਆ ਨਾਲ ਪਿਆਰਿਆਂ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement