ਸਿਹਤ ਖ਼ਰਾਬ ਹੋਣ ਕਾਰਨ ਅਦਾਲਤ ’ਚ ਪੇਸ਼ ਨਾ ਹੋਏ ਗੱਜਣਮਾਜਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਨਵੰਬਰ
ਇੱਥੋਂ ਦੀ ਪਟਿਆਲਾ ਜੇਲ੍ਹ ’ਚ ਤਬੀਅਤ ਵਿਗੜਨ ਕਾਰਨ ਬੁੱਧਵਾਰ ਤੋਂ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਅਮਰਗੜ੍ਹ ਦੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਅੱਜ ਦੂਜੇ ਦਿਨ ਵੀ ਹਸਪਤਾਲੋਂ ਛੁੱਟੀ ਨਾ ਮਿਲ ਸਕੀ। ਇਸ ਕਾਰਨ ਉਨ੍ਹਾਂ ਨੂੰ ਅੱਜ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਅਦਾਲਤ ਨੇ ਤਬੀਅਤ ਸੁਧਰਨ ’ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤੀ ਆਦੇਸ਼ਾਂ ’ਤੇ ਡਾਕਟਰਾਂ ਦੇ ਪੰਜ ਮੈਂਬਰੀ ਬੋਰਡ ਵੱਲੋਂ ਭਾਵੇਂ ਮੈਡੀਕਲ ਜਾਂਚ ਵੀ ਕੀਤੀ ਜਾ ਚੁੱਕੀ ਹੈ ਪਰ ਤਕਨੀਕੀ ਕਾਰਨਾਂ ਕਰਕੇ ਰਿਪੋਰਟ ਅਜੇ ਅਦਾਲਤ ਨੂੰ ਸੌਂਪੀ ਨਹੀਂ ਜਾ ਸਕੀ।
ਜ਼ਿਕਰਯੋਗ ਹੈ ਕਿ ਬੈਂਕ ਨਾਲ 40 ਕਰੋੜ ਰੁਪਏ ਦੇ ਦੇਣ ਲੈਣ ਦੇ ਪੁਰਾਣੇ ਮਾਮਲੇ ਨੂੰ ਲੈ ਕੇ ਜਾਂਚ ਕਰਦੀ ਆ ਰਹੀ ਕੇਂਦਰ ਸਰਕਾਰ ਦੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਉਨ੍ਹਾਂ ਨੂੰ 6 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਧਰ, ਕੱਲ੍ਹ ਉਨ੍ਹਾਂ ਦੀ ਮੁਹਾਲੀ ਸਥਿਤ ਈਡੀ ਅਦਾਲਤ ਵਿੱਚ ਪੇਸ਼ੀ ਸੀ ਪਰ ਹਸਪਤਾਲ ਵਿੱਚ ਹੋਣ ਕਰਕੇ ਉਨ੍ਹਾਂ ਦੀ ਪੇਸ਼ੀ ਅੱਜ ’ਤੇ ਪਾਈ ਗਈ ਸੀ, ਪਰ ਤਬੀਅਤ ’ਚ ਸੁਧਾਰ ਨਾ ਹੋਣ ਕਰਕੇ ਉਹ ਅੱਜ ਵੀ ਪੇਸ਼ ਨਾ ਹੋ ਸਕੇ। ਗ੍ਰਿਫ਼ਤਾਰੀ ਨੂੰ ਗਿਆਰਾਂ ਦਿਨ ਬੀਤ ਜਾਣ ’ਤੇ ਵੀ ਈਡੀ ਉਨ੍ਹਾਂ ਕੋਲੋਂ ਕੋਈ ਪੁੱਛ-ਪੜਤਾਲ ਨਹੀਂ ਕਰ ਸਕੀ। ਗ੍ਰਿਫਤਾਰੀ ਵਾਲ਼ੇ ਦਿਨ ਹੀ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਪਹਿਲਾਂ ਜਲੰਧਰ ਮਗਰੋਂ ਅੰਮ੍ਰਿਤਸਰ ਫ਼ੇਰ ਪੀਜੀਆਈ ਦਾਖ਼ਲ ਕਰਵਾਇਆ ਗਿਆ। 14 ਨਵੰਬਰ ਦੇਰ ਸ਼ਾਮ ਪਟਿਆਲਾ ਜੇਲ੍ਹ ਭੇਜੇ ਗਏ ਗੱਜਣਮਾਜਰਾ ਨੂੰ ਤਬੀਅਤ ਖਰਾਬ ਹੋਣ ਕਾਰਨ 15 ਨਵੰਬਰ ਨੂੰ ਰਾਜਿੰਦਰਾ ਹਸਪਤਾਲ ਭੇਜ ਦਿਤਾ ਸੀ। ਉਧਰ ਈਡੀ ਦਾ ਤਰਕ ਹੈ ਕਿ ਉਹ ਰਿਮਾਂਡ ਤੋਂ ਬਚਣ ਲਈ ਹੀ ਠੀਕ ਨਾ ਹੋਣ ਦੇ ਬਹਾਨੇ ਲਾ ਰਹੇ ਹਨ। ਵਿਧਾਇਕ ਦੇ ਵਕੀਲ ਸ਼ਿਖਾਰ ਸਰੀਨ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਸ਼ੂਗਰ, ਬੀਪੀ ਤੇ ਦਿਲ ਦੇ ਰੋਗ ਤੋਂ ਪੀੜਤ ਹਨ ਗੱਜਣਮਾਜਰਾ
ਅਦਾਲਤੀ ਆਦੇਸ਼ਾਂ ’ਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਵੱਲੋਂ ਵਿਧਾਇਕ ਗੱਜਣਮਾਜਰਾ ਦੀ ਕੀਤੀ ਜਾਂਚ ਦੌਰਾਨ ਉਹ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਸਣੇ ਦਿਲ ਦੇ ਰੋਗ ਤੋਂ ਪੀੜਤ ਪਾਏ ਗਏ ਹਨ। ਭਾਵੇਂ ਅਧਿਕਾਰਤ ਤੌਰ ’ਤੇ ਇਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਤੱਥ ਈਸੀਜੀ ਤੇ ਹੋਰ ਤਰੀਕਿਆਂ ਦੇ ਤਹਿਤ ਕੀਤੀ ਗਈ ਮੈਡੀਕਲ ਜਾਂਚ ਦੌਰਾਨ ਸਾਹਮਣੇ ਆਏ ਹਨ।