ਕੈਨੇਡਾ ’ਚ ਫੌਤ ਹੋਏ ਗਗਨਦੀਪ ਦਾ ਪਿੰਡ ਨੌਲੀ ’ਚ ਅੰਤਿਮ ਸੰਸਕਾਰ
ਪੱਤਰ ਪ੍ਰੇਰਕ
ਜਲੰਧਰ, 27 ਸਤੰਬਰ
ਕੈਨੇਡਾ ਵਿੱਚ ਜਾਣ ਤੋਂ ਚਾਰ ਦਨਿ ਮਗਰੋਂ ਫੌਤ ਹੋਏ ਪਿੰਡ ਨੌਲੀ ਦੇ ਗਗਨਦੀਪ ਗਿੱਲ ਦੀ ਮ੍ਰਿਤਕ ਦੇਹ ਅੱਜ 17 ਦਨਿ ਬਾਅਦ ਪਿੰਡ ਪਹੁੰਚ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਤੇ ਹੋਰ ਸਕੇ-ਸੰਬੰਧੀਆਂ ਦੀ ਹਾਜ਼ਰੀ ਵਿੱਚ ਗਗਨਦੀਪ ਦਾ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਮੋਹਣ ਲਾਲ ਨੇ ਦਿਖਾਈ। ਗਗਨਦੀਪ ਉਰਫ ਗੱਗੂ ਦੀ ਮੌਤ ਦਾ ਰਹੱਸ ਬਰਕਰਾਰ ਹੈ। ਗਗਨਦੀਪ ਦੀ ਮਾਤਾ ਸੀਮਾ ਤੇ ਭੈਣ ਹੀਨਾ ਗਿੱਲ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੀੜਤ ਪਰਿਵਾਰ ਪਿਛਲੇ 17 ਦਿਨਾਂ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਕੈਨੇਡਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਅਜੇ ਵੀ ਵਿਚਾਰ ਅਧੀਨ ਦੱਸੀ ਜਾ ਰਹੀ ਹੈ। ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇਸ ਸਬੰਧੀ ਰਿਪੋਰਟ ਆਉਣ ਵਿੱਚ ਕੁਝ ਹਫ਼ਤੇ ਲੱਗ ਸਕਦੇ ਹਨ। ਗਗਨਦੀਪ ਗਿੱਲ ਉਰਫ ਗੱਗੂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਹਰੀ ਭੂਮਿਕਾ ਨਿਭਾਈ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਰਾਬਤਾ ਕਾਇਮ ਰੱਖਦਿਆ ਹੀ ਗਗਨਦੀਪ ਦੀ ਘਰ ਵਾਪਸੀ ਸੰਭਵ ਹੋ ਸਕੀ।
ਗਗਨਦੀਪ ਦੀ ਪਤਨੀ ਸ਼ੰਮੀ ਨੇ ਵੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਫੰਡ ਜੁਟਾਉਣ ਵਾਸਤੇ ਮੁਹਿੰਮ ਚਲਾਈ ਜਿਸ ਵਿੱਚ ਪਰਵਾਸੀ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਮੱਦਦ ਕੀਤੀ ਸੀ।