ਨਸ਼ਾ ਪੀੜਤਾਂ ਲਈ ਆਸ ਦੀ ਕਿਰਨ ਬਣਿਆ ਗੱਬਰ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 13 ਅਗਸਤ
ਹਰਪਾਲ ਸਿੰਘ ਉਰਫ ਗੱਬਰ 34 ਦਿਨਾਂ ’ਚ ਪਿੰਡ ਫਤੂਹੀਵਾਲਾ ’ਚ ਨਸ਼ੇ ਦੀ ਓਵਰਡੋਜ਼ ਨਾਲ ਮਰੇ ਦੋ ਨੌਜਵਾਨਾਂ ਦੇ ਤੀਜੇ ਨਸ਼ਾ ਪੀੜਤ ਸਕੇ ਭਰਾ ਅਤੇ ਚਚੇਰੇ ਭਰਾ ਲਈ ਰੱਬ ਦਾ ਬੰਦਾ ਬਣ ਕੇ ਬਹੁੜਿਆ ਹੈ। ਉਹ ਪਹਿਲਾਂ ਕਿਸੇ ਵੇਲੇ ਆਪ ਨਸ਼ਾ ਕਰਦਾ ਸੀ ਪਰ ਹੁਣ ਉਸ ਨੇ ਦੋਵੇਂ ਨਸ਼ਾ ਪੀੜਤਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਮੁੜ ਵਸੇਬਾ ਕੇਂਦਰ ਵਿੱਚ ਇਲਾਜ ਕਰਨ ਦਾ ਦਾਅਵਾ ਕੀਤਾ ਹੈ। ਓਵਰਡੋਜ਼ ਨਾਲ ਸਕੇ ਭਰਾਵਾਂ ਦੀ ਮੌਤ ਦੀ ਖ਼ਬਰ ਪੜ੍ਹ ਕੇ ਗੱਬਰ ਨੂੰ ਉਸ ਦੀ ਜ਼ਿੰਦਗੀ ਦਾ ਕਾਲਾ ਦੌਰ ਚੇਤੇ ਆ ਗਿਆ ਅਤੇ ਉਸ ਨੇ ਤੁਰੰਤ ਲੰਬੀ ਥਾਣੇ ਦੇ ਮੁਖੀ ਮਨਿੰਦਰ ਸਿੰਘ ਨੂੰ ਫੋਨ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦੀ ਆਪਣੀ ਇੱੱਛਾ ਜ਼ਾਹਰ ਕਰ ਦਿੱਤੀ ਤੇ ਉਹ ਅੱਜ ਨਸ਼ਾ ਪੀੜਤ ਨਾਬਾਲਗ ਧਰਮਵੀਰ ਨੂੰ ਨਸ਼ਾ ਮੁਕਤੀ ਦੇ ਰਾਹ ਤੋਰਨ ਲਈ ਫਤੂਹੀਵਾਲਾ ਪੁੱਜਿਆ। ਗੱਬਰ ਲੰਬੀ ਹਲਕੇ ਦੇ ਪਿੰਡ ਅਰਨੀਵਾਲਾ-ਫੁੱਲੂਖੇੜਾ ਦਾ ਬਾਸ਼ਿੰਦਾ ਹੈ ਜੋ ਹੁਣ ਚੰਡੀਗੜ੍ਹ ਰਹਿੰਦਾ ਹੈ। ਉਹ ਪੂਰੇ 16 ਸਾਲਾਂ ਤੱਕ ਨਸ਼ਿਆਂ ’ਚ ਖੁੱਭਿਆ ਰਿਹਾ। ਉਸ ਨੇ ਦੱਸਿਆ ਕਿ ਉਸ ਨੇ ਕਾਲਜ ਸਮੇਂ ਸਮੈਕ ਤੋਂ ਨਸ਼ਾ ਸ਼ੁਰੂ ਕੀਤਾ ਜੋ ਟੀਕਿਆਂ ਅਤੇ ਚਿੱਟੇ ਤੱਕ ਲੈ ਗਿਆ। ਹਰਪਾਲ ਨੇ ਦੱਸਿਆ ਕਿ ਇੱਕ ਦਿਨ ਉਸ ਦੇ ਕਬੱਡੀ ਖਿਡਾਰੀ ਭਰਾ ਨਿਰਮਲ ਨਿੰਮਾ ਨੇ ਉਸ ਨੂੰ ਜਬਰੀ ਪਟਿਆਲਾ ਦੇ ਨਸ਼ਾ ਮੁਕਤੀ ਕੇਂਦਰ ’ਚ ਦਾਖ਼ਲ ਕਰਵਾਇਆ। ਉਥੇ ਬਿਤਾਏ ਛੇ ਮਹੀਨਿਆਂ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਫ਼ਿਰ ਗੱਬਰ ਨਸ਼ਾ ਮੁਕਤ ਹੋ ਕੇ ਉਸੇ ਨਸ਼ਾ ਮੁਕਤੀ ਕੇਂਦਰ ਦੇ ਕੰਮਕਾਜ ਦਾ ਹਿੱਸਾ ਬਣ ਗਿਆ। ਉਹ ਸੰਗਰੀਆ ’ਚ ਜਾਗ੍ਰਿਤੀ ਮੁੜ ਵਸੇਬਾ ਕੇਂਦਰ ਚਲਾ ਰਿਹਾ ਹੈ ਜਿੱਥੋਂ ਇਲਾਜ ਕਰਕੇ ਕਰੀਬ 450 ਨੌਜਵਾਨ ਨਸ਼ਾਮੁਕਤ ਜੀਵਨ ਬਤੀਤ ਕਰ ਰਹੇ ਹਨ। ਉਸ ਨੇ ਕਿਹਾ ਕਿ ਹਾਲੇ ਤੱਕ ਨੌਜਵਾਨ ਦੀ ਨਸ਼ਿਆਂ ਤੋਂ ਵਾਪਸੀ ਦੀ ਦਰ 25 ਫ਼ੀਸਦੀ ਹੈ। ਜੇਕਰ ਮਾਪੇ ਨਸ਼ਾ ਮੁਕਤੀ ਉਪਰੰਤ ਸਹੀ ਮਾਅਨੇ ’ਚ ਨਸ਼ੇ ਦੀ ਚੇਨ ਤੋੜਨ ਲਈ ਨੌਜਵਾਨਾਂ ਨੂੰ ਮੋਬਾਈਲ ਤੇ ਕਾਰ ਆਦਿ ਤੋਂ ਦੂਰ ਰੱਖਣ ਤਾਂ ਜਿੱਤ ਦੂਰ ਨਹੀਂ। ਗੱਬਰ ਨੇ ਦੱਸਿਆ ਕਿ ਉਸ ਨੂੰ ਉਮੀਦ ਹੈ ਕਿ ਉਹ ਦੋ ਮਹੀਨੇ ਵਿੱਚ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਨਸ਼ਿਆਂ ਦੀ ਗਾਰ ਵਿੱਚੋਂ ਕੱਢ ਦੇਵੇਗਾ। ‘ਗੱਬਰ’ ਅੱਜ ਸਰਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਪੰਚ ਟੋਨੀ ਢਿੱਲੋਂ ਅਤੇ ਮਾਤਾ ਚਰਨਜੀਤ ਕੌਰ ਦੀ ਮੌਜੂਦਗੀ ’ਚ ਧਰਮਵੀਰ ਨੂੰ ਆਪਣੇ ਨਾਲ ਨਸ਼ਾ ਮੁਕਤੀ ਕੇਂਦਰ ਲੈ ਗਿਆ ਜਦਕਿ ਉਸ ਦੇ ਚਚੇਰੇ ਭਰਾ ਨੂੰ ਡੱਬਵਾਲੀ ਤੋਂ ਭਲਕ ਨੂੰ ਛੁੱਟੀ ਦਿਵਾ ਕੇ ਸੰਗਰੀਆ ਲਿਜਾਇਆ ਜਾਵੇਗਾ।