ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀ20: ਨਵੀਂ ਦਿੱਲੀ ਐਲਾਨਨਾਮਾ ਸਰਬਸੰਮਤੀ ਨਾਲ ਪ੍ਰਵਾਨ

07:26 AM Sep 10, 2023 IST
ਜੀ-20 ਸਿਖਰ ਸੰਮੇਲਨ ਦੌਰਾਨ (ਖੱਬੇ ਤੋਂ ਸੱਜੇ) ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਾਫੋਸਾ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਾਂਝੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 9 ਸਤੰਬਰ
ਜੀ-20 ਸਿਖਰ ਸੰਮੇਲਨ ’ਚ ਭਾਰਤ ਨੂੰ ਅੱਜ ਇੱਕ ਵੱਡੀ ਕੂਟਨੀਤਕ ਕਾਮਯਾਬੀ ਹਾਸਲ ਹੋਈ ਜਦੋਂ ਰੂਸ-ਯੂਕਰੇਨ ਜੰਗ ’ਤੇ ਵਖਰੇਵਿਆਂ ਦੇ ਬਾਵਜੂਦ ਇਸ ਪ੍ਰਭਾਵਸ਼ਾਲੀ ਸਮੂਹ ਦੇ ਮੈਂਬਰ ਮੁਲਕਾਂ ਨੇ ਐਲਾਨਨਾਮੇ (ਨਵੀਂ ਦਿੱਲੀ ਲੀਡਰਜ਼ ਸਮਿਟ ਡੈਕਲੇਰੇਸ਼ਨ) ਨੂੰ ਸਰਬ ਸਹਿਮਤੀ ਨਾਲ ਪ੍ਰਵਾਨ ਕਰ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਵੀ ਕੀਤਾ ਕਿ ਅਫਰੀਕਨ ਯੂਨੀਅਨ ਨੂੰ ਜੀ-20 ਦਾ ਸਥਾਈ ਮੈਂਬਰ ਬਣਾ ਲਿਆ ਗਿਆ ਹੈ। ਇਹ ਕਹਿੰਦਿਆਂ ਕਿ ‘ਅੱਜ ਦਾ ਯੁੱਗ ਜੰਗ ਦਾ ਨਹੀਂ ਹੋਣਾ ਚਾਹੀਦਾ’ ਭਾਰਤ ਦੀ ਅਗਵਾਈ ਹੇਠ ਨਵੀਂ ਦਿੱਲੀ ਜੀ-20 ਸਿਖਰ ਸੰਮੇਲਨ ਦੇ ਆਗੂਆਂ ਨੇ ਸਾਰੇ ਰਾਜਾਂ ਨੂੰ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਸਮੇਤ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਅਤੇ ਯੂਕਰੇਨ ’ਚ ਸਥਾਈ ਸ਼ਾਂਤੀ ਦੀ ਵਕਾਲਤ ਕੀਤੀ। ਇਸ 37 ਸਫ਼ਿਆਂ ਦੇ ਐਲਾਨਨਾਮੇ ’ਤੇ ਸਹਿਮਤੀ ਬਣਨ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਇਸ ਐਲਾਨਨਾਮੇ ’ਚ ਯੂਕਰੇਨ ਜੰਗ ਤੋਂ ਇਲਾਵਾ ਅਤਿਵਾਦ ਤੇ ਮਨੀ ਲਾਂਡਰਿੰਗ ਖ਼ਿਲਾਫ਼ ਜੰਗ, ਆਰਥਿਕਤਾ ਤੇ ਵਾਤਾਵਰਣ, ਆਲਮੀ ਵਿਕਾਸ, ਬਹੁਪਰਤੀ ਵਿਕਾਸ ਬੈਂਕਾਂ, ਸਰਹੱਦ ਪਾਰੋਂ ਹੋਣ ਵਾਲੀਆਂ ਅਦਾਇਗੀਆਂ, ਸਿੱਖਿਆ, ਖੇਤੀਬਾੜੀ, ਧਰਮ ਅਤੇ ਭ੍ਰਿਸ਼ਟਾਚਾਰ ਸਬੰਧੀ ਮਤੇ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਨੂੰ ਜੀ-20 ਸਮੂਹ ਦੇ ਸਾਰੇ ਮੈਂਬਰ ਮੁਲਕਾਂ ਨੇ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਮੈਂਬਰ ਮੁਲਕਾਂ ਵਿਚਾਲੇ ਸਹਿਮਤੀ ਨਾਲ ਜੀ-20 ਨੇ ਐਲਾਨਨਾਮਾ (ਨਵੀਂ ਦਿੱਲੀ ਲੀਡਰਜ਼ ਸਮਿਟ ਡੈਕਲੇਰੇਸ਼ਨ) ਨੂੰ ਅਪਣਾ ਲਿਆ ਗਿਆ ਹੈ। ਯੂਕਰੇਨ ਸੰਘਰਸ਼ ’ਤੇ ਵਧਦੇ ਤਣਾਅ ਅਤੇ ਵੱਖ ਵੱਖ ਵਿਚਾਰਾਂ ਵਿਚਾਲੇ ਭਾਰਤ ਦੀ ਜੀ-20 ਪ੍ਰਧਾਨਗੀ ਹੇਠ ਇਹ ਅਹਿਮ ਕਾਮਯਾਬੀ ਹੈ। ਐਲਾਨਨਾਮੇ ’ਤੇ ਸਰਬ-ਸਹਿਮਤੀ ਅਤੇ ਉਸ ਮਗਰੋਂ ਇਸ ਨੂੰ ਅਪਣਾਉਣ ਦਾ ਐਲਾਨ ਭਾਰਤ ਵੱਲੋਂ ਯੂਕਰੇਨ ਜੰਗ ਦਾ ਜ਼ਿਕਰ ਕਰਨ ਲਈ ਜੀ-20 ਮੁਲਕਾਂ ਨੂੰ ਇੱਕ ਨਵਾਂ ਪਾਠ ਵੰਡਣ ਤੋਂ ਕੁਝ ਘੰਟੇ ਬਾਅਦ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਸਿਖਰ ਸੰਮੇਲਨ ਦੇ ਆਗੂਆਂ ਨੂੰ ਕਿਹਾ, ‘ਹੁਣੇ ਹੁਣੇ ਚੰਗੀ ਖ਼ਬਰ ਮਿਲੀ ਹੈ ਕਿ ਸਾਡੀ ਟੀਮ ਦੀ ਸਖਤ ਮਿਹਨਤ ਤੇ ਤੁਹਾਡੇ ਸਹਿਯੋਗ ਨਾਲ ਨਵੀਂ ਦਿੱਲੀ ਜੀ-20 ਲੀਡਰਜ਼ ਸਮਿਟ ਡੈਕਲੇਰੇਸ਼ਨ ’ਤੇ ਆਮ ਸਹਿਮਤੀ ਬਣ ਗਈ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਐਲਾਨ ਕਰਦਾ ਹਾਂ ਕਿ ਇਸ ਐਲਾਨਨਾਮੇ ਨੂੰ ਪ੍ਰਵਾਨ ਕਰ ਲਿਆ ਗਿਆ ਹੈ।’ ਮੋਦੀ ਨੇ ਕਿਹਾ, ‘ਇਸ ਮੌਕੇ ਮੈਂ ਆਪਣੇ ਮੰਤਰੀਆਂ, ਸ਼ੇਰਪਾ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਆਪਣੀ ਸਖਤ ਮਿਹਨਤ ਨਾਲ ਇਸ ਨੂੰ ਸੰਭਵ ਬਣਾਇਆ।’
ਇਸ ਤੋਂ ਪਹਿਲਾਂ ਜੀ-20 ਦੇਸ਼ਾਂ ਦੇ ‘ਨਵੀਂ ਦਿੱਲੀ ਡੈਕਲੇਰੇਸ਼ਨ ਆਫ ਜੀ-20’ ਵਿੱਚ ਅੱਜ ਕਿਹਾ ਗਿਆ ਕਿ ਅੱਜ ਦਾ ਯੁੱਗ ਯੁੱਧ ਦਾ ਯੁੱਗ ਨਹੀਂ ਹੈ ਅਤੇ ਇਸ ਦੇ ਮੱਦੇਨਜ਼ਰ ਐਲਾਨਨਾਮੇ ’ਚ ਸਾਰੇ ਦੇਸ਼ਾਂ ਨੂੰ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਸਮੇਤ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਦੇ ਨਾਲ-ਨਾਲ ਕੂਟਨੀਤੀ ਅਤੇ ਸੰਵਾਦ ਵੀ ਜ਼ਰੂਰੀ ਹੈ। ਇਸ ਦੌਰਾਨ ਯੂਕਰੇਨ ਵਿੱਚ ਜੰਗ ਸਬੰਧੀ ਬਾਲੀ ’ਚ ਹੋਈ ਚਰਚਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਸ ਕੀਤੇ ਗਏ ਮਤਿਆਂ ਨੂੰ ਦੁਹਰਾਇਆ ਗਿਆ। ਇਸ ਵਿੱਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਸਾਰੇ ਦੇਸ਼ਾਂ ਨੂੰ ਕਿਸੇ ਵੀ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਜਾਂ ਰਾਜਨੀਤਿਕ ਸੁਤੰਤਰਤਾ ਖ਼ਿਲਾਫ਼ ਚਿਤਾਵਨੀ ਜਾਂ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ’ਚ ਕਿਹਾ ਗਿਆ, ‘‘ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਸਵੀਕਾਰ ਕਰਨ ਯੋਗ ਨਹੀਂ ਹੈ।’’

Advertisement

ਜੀ-20 ਸੰਮੇਲਨ ’ਚ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਜੀ20 ਨੇ ਅੱਜ ਭਾਰਤ ਦੀ ਪ੍ਰਧਾਨਗੀ ਵਿੱਚ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੀਆਂ ਕੌਮੀ ਜਲਵਾਯੂ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 2030 ਤੋਂ ਪਹਿਲਾਂ 5.9 ਖਰਬ ਅਮਰੀਕੀ ਡਾਲਰਾਂ ਦੀ ਲੋੜ ਪਵੇਗੀ, ਤਾਂ ਜੋ ਆਲਮੀ ਤਪਸ਼ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਿਆ ਜਾ ਸਕੇ, ਖ਼ਾਸ ਕਰ ਕੇ 1.5 ਡਿਗਰੀ ਸੈਲਸੀਅਸ ਤੱਕ। ਸਮੂਹ ਨੇ ਕਿਹਾ ਕਿ 2050 ਤੱਕ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਸਿਫਰ ਕਰਨ ਦਾ ਟੀਚਾ ਹਾਸਲ ਕਰਨ ਲਈ ਵਿਕਾਸਸ਼ੀਲ ਦੇਸ਼ਾਂ ਨੂੰ 2030 ਤੱਕ ਸਾਫ ਊਰਜਾ ਤਕਨਾਲੋਜੀ ਲਈ ਸਾਲਾਨਾ ਤਕਰੀਬਨ 4 ਖਰਬ ਅਮਰੀਕੀ ਡਾਲਰਾਂ ਦੀ ਜ਼ਰੂਰਤ ਹੋਵੇਗੀ। ਜੀ20 ਨੇ ਵਿਕਸਤ ਦੇਸ਼ਾਂ ਨੂੰ 2019 ਦੇ ਮੁਕਾਬਲੇ 2025 ਤੱਕ ਉਨ੍ਹਾਂ ਦੇ ਸਮੂਹਿਕ ਅਨੁਕੂਲਨ ਵਿੱਤ ਪ੍ਰਬੰਧ ਸਬੰਧੀ ਵਚਨਬੱਧਤਾ ਪੂਰੀ ਕਰਨ ਦੀ ਅਪੀਲ ਵੀ ਕੀਤੀ।
ਜੀ20 ਸਮੂਹ ਵੱਲੋਂ ਅੱਜ ਵਿਅਕਤੀਆਂ, ਧਾਰਮਿਕ ਚਿੰਨ੍ਹਾਂ ਤੇ ਪਵਿੱਤਰ ਗ੍ਰੰਥਾਂ ਖ਼ਿਲਾਫ਼ ਧਾਰਮਿਕ ਨਫ਼ਰਤ ਵਾਲੀਆਂ ਕਾਰਵਾਈਆਂ ਦੀ ਸਖਤ ਨਿਖੇਧੀ ਕੀਤੀ ਗਈ। ਉਨ੍ਹਾਂ ਧਾਰਮਿਕ ਆਜ਼ਾਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤਮਈ ਇਕੱਠ ਕਰਨ ਦਾ ਅਧਿਕਾਰ ਦੇਣ ’ਤੇ ਜ਼ੋਰ ਦਿੱਤਾ। ਜੀ20 ਨੇ ਆਪਣੇ ਸਾਂਝੇ ਐਲਾਨਨਾਮੇ ਵਿੱਚ ਕਿਹਾ ਗਿਆ ਹੈ, ‘‘ਇਸ ਸਬੰਧ ਵਿੱਚ ਅਸੀਂ ਵਿਅਕਤੀਆਂ ਅਤੇ ਧਾਰਮਿਕ ਚਿੰਨ੍ਹਾਂ ਤੇ ਪਵਿੱਤਰ ਗ੍ਰੰਥਾਂ ਸਣੇ ਘਰੇਲੂ ਕਾਨੂੰਨੀ ਢਾਂਚੇ ਦੇ ਪੱਖਪਾਤ ਤੋਂ ਬਿਨਾਂ ਇਕ ਪ੍ਰਤੀਕਾਤਮਕ ਸੁਭਾਅ ਖ਼ਿਲਾਫ਼ ਧਾਰਮਿਕ ਨਫ਼ਰਤ ਦੀਆਂ ਸਾਰੀਆਂ ਗਤੀਵਿਧੀਆਂ ਦੀ ਸਖਤ ਨਿਖੇਧੀ ਕਰਦੇ ਹਾਂ।’’ ਜੀ20 ਆਗੂਆਂ ਨੇ ਅੱਜ ਕਿਹਾ ਕਿ ਵਸਤਾਂ ਦੇ ਵਧਦੇ ਭਾਅ ਮਹਿੰਗਾਈ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੀ20 ਦੇਸ਼ ਖੇਤੀ, ਅਨਾਜ ਤੇ ਖਾਦਾਂ ਦੇ ਖੁੱਲ੍ਹੇ, ਨਿਰਪੱਖ ਤੇ ਅਨੁਮਾਨਯੋਗ ਤੇ ਨੇਮਾਂ ’ਤੇ ਆਧਾਰਤ ਵਪਾਰ ਦੀ ਸਹੂਲਤ ਮੁਹੱਈਆ ਕਰਵਾਉਣ ਅਤੇ ਵਿਸ਼ਵ ਵਪਾਰ ਸੰਸਥਾ ਦੇ ਨੇਮਾਂ ਮੁਤਾਬਕ ਦਰਾਮਦ ’ਤੇ ਪਾਬੰਦੀ ਨਾ ਲਾਉਣ ਲਈ ਵਚਨਬੱਧ ਹਨ। ਇੱਥੇ ਅੱਜ ਨਵੀਂ ਦਿੱਲੀ ਦੇ ਐਲਾਨਨਾਮੇ ਨੂੰ ਅਪਣਾਉਂਦੇ ਹੋਏ ਮੈਂਬਰ ਦੇਸ਼ ਅਨਾਜ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਵਿਕਾਸਸ਼ੀਲ ਦੇਸ਼ਾਂ ਦੀਆਂ ਕੋਸ਼ਿਸ਼ਾਂ ਤੇ ਸਮਰੱਥਾਵਾਂ ਨੂੰ ਸਮਰਥਨ ਦੇਣ ਲਈ ਵੀ ਵਚਨਬੱਧ ਹਨ। ਜੀ20 ਦੇਸ਼ ਕਿਫਾਇਤ, ਸੁਰੱਖਿਅਤ, ਪੌਸ਼ਟਿਕ ਤੇ ਸਿਹਤਮੰਦ ਖੁਰਾਕ ਤੱਕ ਪਹੁੰਚ ਯਕੀਨੀ ਬਣਾਉਣ ਅਤੇ ਢੁਕਵੇਂ ਭੋਜਨ ਦੇ ਅਧਿਕਾਰ ਦੀ ਪ੍ਰਗਤੀਸ਼ੀਲ ਪ੍ਰਾਪਤੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਵਾਸਤੇ ਵੀ ਵਚਨਬੱਧ ਹਨ। -ਪੀਟੀਆਈ

ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਰਾਤਰੀ ਭੋਜ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਅਤੇ ਉਨ੍ਹਾਂ ਦੀ ਪਤਨੀ ਯੂਕੋ ਕਿਸ਼ਿਦਾ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋਆਂ: ਏਐੱਨਆਈ/ਪੀਟੀਆਈ

ਮੋਦੀ ‘ਭਾਰਤ’ ਦੇ ਨੁਮਾਇੰਦੇ ਵਜੋਂ ਨਜ਼ਰ ਆਏ

ਨਵੀਂ ਦਿੱਲੀ ’ਚ ਹੋ ਰਹੇ ਜੀ-20 ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਛਾਣ ‘ਭਾਰਤ’ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਵਜੋਂ ਪੇਸ਼ ਕੀਤੀ ਗਈ। ਮੋਦੀ ਨੇ ਜਦੋਂ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ ਤਾਂ ਉਸ ਸਮੇਂ ਉਨ੍ਹਾਂ ਸਾਹਮਣੇ ਰੱਖੀ ਨਾਮ ਵਾਲੀ ਪੱਟੀ ’ਤੇ ‘ਭਾਰਤ’ ਲਿਖਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਮੁਲਕ ਦੇ ਨਾਮ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਿਆਸਤ ਭਖੀ ਹੋਈ ਹੈ। -ਪੀਟੀਆਈ

Advertisement

ਬਾਇਡਨ ਵੱਲੋਂ ਵਿਸ਼ਵ ਬੈਂਕ ਦੀ ਸਮਰੱਥਾ ਵਧਾਉਣ ’ਤੇ ਜ਼ੋਰ

ਵਸ਼ਿੰਗਟਨ/ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਹੇਠਲੇ ਤੇ ਮੱਧ ਵਰਗ ਆਮਦਨ ਵਾਲੇ ਦੇਸ਼ਾਂ ਨੂੰ ਵਿੱਤੀ ਸਮਰਥਨ ਦੇਣ ਲਈ ਵਿਸ਼ਵ ਬੈਂਕ ਦੀ ਸਮਰਥਾ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਹੈ ਅਤੇ ਇਸ ਸਬੰਧ ’ਚ ਜੀ-20 ਦੇਸ਼ਾਂ ਨੂੰ ਇਕਮਤ ਹੋਣ ਲਈ ਕਿਹਾ ਹੈ। ਵ੍ਹਾਈਟ ਹਾਊਸ ਵੱਲੋਂ ਅੱਜ ਜਾਰੀ ਬਿਆਨ ਅਨੁਸਾਰ ਬਾਇਡਨ ਨੇ ਸਮੂਹਿਕ ਰੂਪ ਵਿੱਚ ਵੱਧ ਗੁੰਜਾਇਸ਼ ਅਤੇ ਰਿਆਇਤੀ ਵਿੱਤ ਜੁਟਾਉਣ ਲਈ ਜੀ-20 ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੀ20 ਮੀਟਿੰਗ ’ਚ ਸ਼ਾਮਲ ਹੋਣ ਲਈ ਜੋਅ ਬਾਇਡਨ ਨਵੀਂ ਦਿੱਲੀ ਵਿੱਚ ਹਨ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ, ‘‘ਅਸੀ ਆਪਣੇ ਸਾਂਝੇ ਯੋਗਦਾਨ ਰਾਹੀਂ ਆਈਬੀਆਰਡੀ (ਇੰਟਰਨੈਸ਼ਨਲ ਬੈਂਕ ਫਾਰ ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ) ਨੂੰ ਵਿਸ਼ਵ ਬੈਂਕ ਦੀ ਸਾਲਾਨਾ ਗੈਰ-ਰਿਆਇਤੀ ਕਰਜ਼ਾ ਰਾਸ਼ੀ ਦੇ ਤਿੰਨ ਗੁਣਾ ਬਰਾਬਰ ਇਕਮੁਸ਼ਤ ਸਮਰਥਨ ਦੇਣ ਅਤੇ ਆਈਡੀਏ ਦੀ ਕਰਜ਼ਾ ਸਮਰਥਾ ਨੂੰ ਦੁੱਗਣਾ ਕਰਨ ਦਾ ਟੀਚਾ ਰੱਖ ਰਹੇ ਹਾਂ।’’ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਪਹਿਲਕਦਮੀ ਵਿਸ਼ਵ ਬੈਂਕ ਨੂੰ ਮਜ਼ਬੂਤ ਸੰਸਥਾ ਬਣਾਏਗੀ ਤਾਂ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਨਾਲ ਨਿਪਟਣ ਅਤੇ ਗਰੀਬ ਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਧਨ ਮੁਹੱਈਆ ਕਰਵਾਏ ਜਾ ਸਕਣ। -ਪੀਟੀਆਈ

ਚੀਨ ਨੇ ਜੀ-20 ਮੈਂਬਰਾਂ ਨੂੰ ਏਕੇ ਤੇ ਸਹਿਯੋਗ ਦਾ ਦਿੱਤਾ ਸੱਦਾ

ਪੇਈਚਿੰਗ/ਨਵੀਂ ਦਿੱਲੀ: ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਜੀ-20 ਮੁਲਕਾਂ ਵਿਚਕਾਰ ਇਕਜੁੱਟਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਰਥਿਕ ਵਿਸ਼ਵੀਕਰਨ ਲਈ ਹਮਾਇਤ, ਸਹਿਯੋਗ ਅਤੇ ਰਲ ਕੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਜੀ-20 ਸਿਖਰ ਸੰਮੇਲਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਥਾਂ ’ਤੇ ਹਿੱਸਾ ਲੈ ਰਹੇ ਲੀ ਨੇ ਸੰਮੇਲਨ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰਭਾਵਸ਼ਾਲੀ ਗਰੁੱਪ ਨੂੰ ਵੰਡੀਆਂ ਦੀ ਥਾਂ ਇਕਜੁੱਟਤਾ, ਟਕਰਾਅ ਦੀ ਬਜਾਏ ਸਹਿਯੋਗ ਅਤੇ ਵੱਖਰੇਵੇਂ ਦੀ ਥਾਂ ਰਲ ਕੇ ਅੱਗੇ ਵਧਣ ਦੀ ਲੋੜ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਲੀ ਨੇ ਜੀ-20 ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਉਦਯੋਗਿਕ ਅਤੇ ਸਪਲਾਈ ਚੇਨਾਂ ਦੀ ਸਥਿਰਤਾ ਨੂੰ ਰਲ ਕੇ ਬਹਾਲ ਕਰਨ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਜੀ-20 ਮੈਂਬਰਾਂ ਨੂੰ ਏਕਤਾ ਤੇ ਸਹਿਯੋਗ ਦੀ ਮੂਲ ਖਾਹਿਸ਼ ਉੱਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਸ਼ਾਂਤੀ ਤੇ ਵਿਕਾਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਹਰਿਆਲੀ ਨੂੰ ਉਤਸ਼ਾਹਿਤ ਕਰਨ ਵੱਲ ਵੀ ਧਿਆਨ ਦੀ ਲੋੜ ਜਤਾਈ। ਉਨ੍ਹਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਪਹਿਲਕਦਮੀਆਂ ਆਲਮੀ ਵਿਕਾਸ, ਆਲਮੀ ਸੁਰੱਖਿਆ ਅਤੇ ਆਲਮੀ ਸੱਭਿਅਤਾ ਮੁਹਿੰਮਾਂ ਦਾ ਜ਼ਿਕਰ ਕਰਦਿਆਂ ਮੁਲਕਾਂ ਵਿਚਕਾਰ ਨੇੜਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਲੀ ਨੇ ਸਾਰੇ ਮੁਲਕਾਂ ਨੂੰ ਮੱਤਭੇਦ ਭੁਲਾ ਕੇ ਇਕ-ਦੂਜੇ ਦਾ ਸਤਿਕਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੱਡੇ ਸੰਕਟਾਂ ਅਤੇ ਸਾਂਝੀਆਂ ਚੁਣੌਤੀਆਂ ਦਾ ਕੋਈ ਵੀ ਇਕੱਲਿਆਂ ਸਾਹਮਣਾ ਨਹੀਂ ਕਰ ਸਕਦਾ ਹੈ। ਪ੍ਰਧਾਨ ਮੰਤਰੀ ਲੀ ਨੇ ਕਿਹਾ ਕਿ ਚੀਨ ਦਾ ਵਿਕਾਸ ਆਲਮੀ ਆਰਥਿਕਤਾ ’ਚ ਸੁਧਾਰ ਅਤੇ ਸਥਾਈ ਵਿਕਾਸ ’ਚ ਵਧੇਰੇ ਨਵੀਂ ਜਾਨ ਪਾਏਗਾ। ਉਨ੍ਹਾਂ ਕਿਹਾ ਕਿ ਚੀਨ ਸਾਂਝੀ ਧਰਤੀ ਅਤੇ ਮਨੁੱਖਤਾ ਦੇ ਭਵਿੱਖ ਲਈ ਸਾਰੀਆਂ ਧਿਰਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। -ਪੀਟੀਆਈ

ਯੂਕਰੇਨ ਸਾਂਝੇ ਐਲਾਨਨਾਮੇ ਤੋਂ ਨਾਖੁਸ਼

ਕੀਵ: ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਦੇਸ਼ ਨਾਲ ਸਬੰਧਤ ਜੀ-20 ਦੇ ਐਲਾਨਨਾਮੇ ਬਾਰੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਹੈ ਕਿ ਇਸ ’ਚ ਕੁਝ ਵੀ ਮਾਣ ਕਰਨ ਯੋਗ ਨਹੀਂ ਹੈ ਕਿਉਂਕਿ ਐਲਾਨਨਾਮੇ ’ਚ ਰੂਸ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਓਲੇਗ ਨਿਕੋਲੈਂਕੋ ਨੇ ਸਾਂਝੇ ਐਲਾਨਨਾਮੇ ਦਾ ਸਕਰੀਨਸ਼ਾਟ ਵੀ ਪੋਸਟ ਕੀਤਾ ਹੈ ਤੇ ਐਲਾਨਨਾਮੇ ਦੇ ਕੁਝ ਹਿੱਸੇ ਨੂੰ ਲਾਲ ਰੰਗ ਨਾਲ ਕੱਟ ਕੇ ਸੋਧ ਕੀਤੀ ਹੈ ਕਿ ਯੂਕਰੇਨ ਦੀ ਮੌਜੂਦਾ ਹਾਲਤ ਰੂਸ ਵੱਲੋਂ ਕੀਤੇ ਗਏ ਹਮਲਿਆਂ ਕਾਰਨ ਹੋਈ ਹੈ। ਇਹ ਹਮਲੇ ਬਿਨਾਂ ਕਿਸੇ ਉਕਸਾਵੇ ਤੋਂ ਕੀਤੇ ਗਏ ਹਨ। ਉਨ੍ਹਾਂ ਨੇ ਫੇਸਬੁੱਕ ’ਤੇ ਲਿਖਿਆ, ‘‘ਜੀ-20 ਵਿੱਚ ਯੂਕਰੇਨ ਵੱਲੋਂ ਸ਼ਮੂਲੀਅਤ ਇਸ ਲਈ ਕੀਤੀ ਗਈ ਸੀ ਤਾਂ ਕਿ ਮੈਂਬਰ ਦੇਸ਼ ਯੂਕਰੇਨ ਦੇ ਹਾਲਾਤ ਨੂੰ ਬਿਹਰਤ ਤੌਰ ’ਤੇ ਸਮਝ ਸਕਣ।’’ ਨਿਕੋਲੈਂਕੋ ਨੇ ਸਮਰਥਕ ਦੇਸ਼ਾਂ ਦਾ ਧੰਨਵਾਦ ਕੀਤਾ ਕਿ ਐਲਾਨਨਾਮੇ ਵਿੱਚ ਯੂਕਰੇਨ ਦਾ ਜ਼ਿਕਰ ਕੀਤਾ ਗਿਆ ਹੈ। -ਰਾਇਟਰਜ਼

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਤਸਵੀਰ ਖਿਚਵਾਉਂਦੀ ਹੋਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਬੇਟੀ ਸਾਇਮਾ ਵਾਜਿਦ। -ਫੋਟੋਆਂ: ਏਐੱਨਆਈ/ਪੀਟੀਆਈ

ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘਾ ਛੇਤੀ ਬਣੇਗਾ

ਨਵੀਂ ਦਿੱਲੀ: ਜਹਾਜ਼ਰਾਨੀ ਅਤੇ ਰੇਲਵੇ ਲਿੰਕਾਂ ਸਮੇਤ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘਾ ਛੇਤੀ ਕਾਇਮ ਹੋਵੇਗਾ। ਸੂਤਰਾਂ ਨੇ ਕਿਹਾ ਕਿ ਆਪਣੀ ਤਰ੍ਹਾਂ ਦਾ ਪਹਿਲਾ ਆਰਥਿਕ ਲਾਂਘਾ ਇਤਿਹਾਸਕ ਪਹਿਲਕਦਮੀ ਹੈ। ਸਹਿਯੋਗ, ਸੰਪਰਕ ਅਤੇ ਬੁਨਿਆਦੀ ਢਾਂਚੇ ’ਤੇ ਆਧਾਰਿਤ ਇਸ ਲਾਂਘੇ ’ਚ ਭਾਰਤ, ਯੂਏਈ, ਸਾਊਦੀ ਅਰਬ, ਈਯੂ, ਫਰਾਂਸ, ਇਟਲੀ, ਜਰਮਨੀ ਅਤੇ ਅਮਰੀਕਾ ਸ਼ਾਮਲ ਹਨ। ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਯੂਰੋਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਇਸ ਪ੍ਰਾਜੈਕਟ ਦਾ ਐਲਾਨ ਕੀਤਾ। ਜੀ-20 ਸਿਖਰ ਸੰਮੇਲਨ ਦੌਰਾਨ ‘ਆਲਮੀ ਬੁਨਿਆਦੀ ਢਾਂਚੇ ਅਤੇ ਨਿਵੇਸ਼ ਲਈ ਭਾਈਵਾਲੀ’ ਅਤੇ ‘ਭਾਰਤ-ਪੱਛਮੀ ਏਸ਼ੀਆ-ਯੂਰੋਪ ਆਰਥਿਕ ਲਾਂਘੇ’ ਦੇ ਐਲਾਨ ਨਾਲ ਸਬੰਧਤ ਪ੍ਰੋਗਰਾਮ ’ਚ ਮੋਦੀ ਨੇ ਕਿਹਾ ਕਿ ਅੱਜ ਇਕ ਅਹਿਮ ਅਤੇ ਇਤਿਹਾਸਕ ਭਾਈਵਾਲੀ ’ਤੇ ਪਹੁੰਚ ਗਏ ਹਾਂ। ਉਨ੍ਹਾਂ ਕਿਹਾ ਕਿ ਇਹ ਲਾਂਘਾ ਪੂਰੀ ਦੁਨੀਆ ਦੇ ਸੰਪਰਕ ਅਤੇ ਲਗਾਤਾਰ ਵਿਕਾਸ ਨੂੰ ਇਕ ਨਵੀਂ ਸੇਧ ਦੇਵੇਗਾ। -ਆਈਏਐੱਨਐੱਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ ਹੋਏ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ-ਬਿਨ-ਜ਼ਾਇਦ ਅਲ ਨਾਹਯਾਨ। -ਫੋਟੋਆਂ: ਏਐੱਨਆਈ/ਪੀਟੀਆਈ

ਆਲਮੀ ਜੈਵਿਕ ਈਂਧਣ ਗੱਠਜੋੜ ਕਾਇਮ

ਨਵੀਂ ਦਿੱਲੀ: ਭਾਰਤ ਨੇ ਗਲੋਬਲ ਬਾਇਓਫਿਊਲ ਅਲਾਇੰਸ ਲਾਂਚ ਕੀਤਾ ਹੈ ਜਿਸ ’ਚ ਭਾਰਤ ਤੋਂ ਇਲਾਵਾ ਅਮਰੀਕਾ, ਅਰਜਨਟੀਨਾ, ਬੰਗਲਾਦੇਸ਼, ਬ੍ਰਾਜ਼ੀਲ, ਇਟਲੀ, ਮੌਰੀਸ਼ਸ, ਦੱਖਣੀ ਅਫ਼ਰੀਕਾ ਅਤੇ ਯੂਏਈ ਸ਼ਾਮਲ ਹਨ। ਕੈਨੇਡਾ ਅਤੇ ਸਿੰਗਾਪੁਰ ਨੂੰ ਨਿਗਰਾਨ ਮੁਲਕ ਬਣਾਇਆ ਗਿਆ ਹੈ। ਇਸ ਦਾ ਮਕਸਦ ਆਲਮੀ ਪੱਧਰ ’ਤੇ ਪੈਟਰੋਲ ਨਾਲ ਇਥਾਨੌਲ ਬਲੈਂਡਿੰਗ ਦੀ ਸਮਰੱਥਾ ਨੂੰ 20 ਫ਼ੀਸਦ ਤੱਕ ਲਿਆਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਫ਼ ਊਰਜਾ ਵੱਲ ਇਹ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਊਰਜਾ ਮੁਸ਼ਕਲਾਂ ਦੇ ਮਾਮਲੇ ਵਿੱਚ ਸਾਰੇ ਦੇਸ਼ ਮਿਲ ਕੇ ਕੰਮ ਕਰਨ। ਅਲਾਇੰਸ ਦੇ ਬਾਨੀ ਮੈਂਬਰ ਹੋਰ ਮੁਲਕਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰਨਗੇ। ਗਲੋਬਲ ਬਾਇਓਫਿਊਲ ਅਲਾਇੰਸ ’ਚ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਝਲਕ ਮਿਲਦੀ ਹੈ ਜਿਸ ਦੀ ਨਵੀਂ ਦਿੱਲੀ ਅਤੇ ਪੈਰਿਸ ਨੇ 2015 ’ਚ ਵਕਾਲਤ ਕੀਤੀ ਸੀ। -ਪੀਟੀਆਈ

Advertisement
Tags :
g-20g-20 news