ਜੀ-20 ਸੰਮੇਲਨ: ਉਪ-ਰਾਜਪਾਲ ਵੱਲੋਂ ਤਿਆਰੀਆਂ ਦਾ ਜਾਇਜ਼ਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਗਸਤ
ਕੌਮੀ ਰਾਜਧਾਨੀ ਦਿੱਲੀ ਦੇ ਉਪ-ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਅੱਜ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇੰਡੀਆ ਗੇਟ ਸਣੇ ਹੋਰ ਥਾਵਾਂ ਦੇ ਦੌਰੇ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਅਤੇ ਸੰਮੇਲਨ ਵਾਲੀਆਂ ਥਾਵਾਂ ਤੇ ਸੜਕਾਂ ਨੂੰ ਸੁੰਦਰ ਬਣਾਉਣ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋਵੇਗਾ, ਜਿਸ ਸਬੰਧੀ ਦਿੱਲੀ ਪੁਲੀਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲੀਸ ਪ੍ਰਸ਼ਾਸਨ ਵੱਲੋਂ ਸਮਾਗਮ ਮੌਕੇ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਜੀ-20 ਸੰਮੇਲਨ ਦੌਰਾਨ ਦਿੱਲੀ ਦੀਆਂ 61 ਸੜਕਾਂ ਨੂੰ 6.75 ਲੱਖ ਫੁੱਲ ਬੂਟਿਆਂ ਵਾਲੇ ਗਮਲਿਆਂ ਨਾਲ ਸਜਾਉਣ ਦੀ ਯੋਜਨਾ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਜੀ-20 ਸੰਮੇਲਨ ਦੌਰਾਨ ਵਾਲੀਆਂ ਥਾਵਾਂ ਅਤੇ ਸ਼ਹਿਰ ਦੀਆਂ 61 ਸੜਕਾਂ ’ਤੇ ਫੁੱਲ ਬੁੂਟਿਆਂ ਵਾਲੇ ਗਮਲੇ ਰੱਖੇ ਜਾਣਗੇ। ਜਾਣਕਾਰੀ ਅਨੁਸਾਰ ਜਿਨ੍ਹਾਂ ਪ੍ਰਮੁੱਖ ਸਥਾਨਾਂ ਨੂੰ ਬੂਟਿਆਂ ਨਾਲ ਸਜਾਇਆ ਗਿਆ ਹੈ ਉਨ੍ਹਾਂ ਵਿੱਚ ਸਰਦਾਰ ਪਟੇਲ ਮਾਰਗ, ਮਦਰ ਟੈਰੇਸਾ ਕ੍ਰੇਸੈਂਟ, ਤੀਨ ਮੂਰਤੀ ਮਾਰਗ, ਧੌਲਾ ਕੁਆਂ-ਆਈਜੀਆਈ ਏਅਰਪੋਰਟ ਰੋਡ, ਪਾਲਮ ਟੈਕਨੀਕਲ ਏਰੀਆ, ਇੰਡੀਆ ਗੇਟ ਸੀ-ਹੈਕਸਾਗਨ, ਮੰਡੀ ਹਾਊਸ, ਅਕਬਰ ਰੋਡ ਗੋਲਾਬਾਉਟ, ਦਿੱਲੀ ਗੇਟ, ਰਾਜਘਾਟ ਅਤੇ ਆਈਟੀਪੀਓ ਆਦਿ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਉਪ ਰਾਜਪਾਲ ਨੇ ਜੀ-20 ਸੰਮੇਲਨ ਦੀ ਤਿਆਰੀ ਸਬੰਧੀ ਮੀਟਿੰਗ ਤੋਂ ਬਾਅਦ ਹਦਾਇਕ ਕੀਤੀ ਸੀ ਕਿ ਇਸ ਮੁਹਿੰਮ ਨੂੰ ਚਲਾਉਣ ਵਾਲੀਆਂ ਏਜੰਸੀਆਂ ਦੀ ਪਛਾਣ ਕੀਤੀ ਜਾਵੇ। ਕਾਬਿਲਗੌਰ ਹੈ ਕਿ ਸੰਮੇਲਨ ਦਾ ਸਥਾਨ ਪ੍ਰਗਤੀ ਮੈਦਾਨ ਹੋਵੇਗਾ। ਜ਼ਿਕਰਯੋਗ ਹੈ ਕਿ ਸੰਮੇਲਨ ਤੋਂ ਪਹਿਲਾਂ ਕੰਧਾਂ ’ਤੇ ਭਾਰਤੀ ਇਤਿਹਾਸ ਨਾਲ ਸਬੰਧਤ ਪੇਂਟਿੰਗਾਂ ਕੀਤੀਆਂ ਗਈਆਂ ਹਨ ਤੇ ਸੜਕਾਂ ’ਤੇ ਬੂਟੇ ਲਾਏ ਜਾ ਰਹੇ ਹਨ।