ਜੀ-20 ਸੰਮੇਲਨ: ਦਿੱਲੀ ਪੁਲੀਸ ਵੱਲੋਂ ਟਰੈਫਿਕ ਰਿਹਰਸਲ ਦੀਆਂ ਤਿਆਰੀਆਂ
ਨਵੀਂ ਦਿੱਲੀ, 26 ਅਗਸਤ
ਦਿੱਲੀ ਪੁਲੀਸ ਐਤਵਾਰ ਨੂੰ ਅਗਲੇ ਮਹੀਨੇ ਕੌਮੀ ਰਾਜਧਾਨੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਵੱਖ-ਵੱਖ ਪੁਆਇੰਟਾਂ ਤੋਂ ਪ੍ਰਗਤੀ ਮੈਦਾਨ ਤੱਕ ‘ਟਰੈਫਿਕ’ ਰਿਹਰਸਨ ਕਰੇਗੀ। ਪੁਲੀਸ ਨੇ ਦੱਸਿਆ ਕਿ ਰਿਹਰਸਲਾਂ ਦੀ ਸਹੂਲਤ ਲਈ ਸਵੇਰੇ ਨੌ ਵਜੇ ਤੋਂ ਦੁਪਹਿਰ 12.30 ਤੱਕ ਕਈ ਥਾਵਾਂ ’ਤੇ ਆਵਾਜਾਈ ਨਿਯਮਤ ਕੀਤੀ ਗਈ ਹੈ। ਜਿਨ੍ਹਾਂ ਸੜਕਾਂ ’ਤੇ ਟਰੈਫਿਕ ਨੂੰ ਕੰਟਰੋਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਰਦਾਰ ਪਟੇਲ ਮਾਰਗ-ਪੰਚਸ਼ੀਲ ਮਾਰਗ, ਤੀਨ ਮੂਰਤੀ ਮਾਰਗ, ਬਾਰਾਖੰਬਾ ਰੋਡ ਟਰੈਫਿਕ ਸਿਗਨਲ, ਜਨਪਥ-ਕਰਤੱਵਯ ਮਾਰਗ, ਵਿਵੇਕਾਨੰਦ ਮਾਰਗ, ਲੋਧੀ ਰੋਡ ਫਲਾਈਓਵਰ ਦੇ ਹੇਠਾਂ ਵਾਲਾ ਰੋਡ, ਸ਼ਾਂਤੀ ਵਣ ਚੌਕ, ਜੋਸਫ ਟੀਟੋ ਮਾਰਗ-ਸਿਰੀ ਫੋਰਟ ਰੋਡ, ਪ੍ਰੈੱਸ ਇਨਕਲੇਵ ਰੋਡ-ਲਾਲ ਬਹਾਦਰ ਸ਼ਾਸ਼ਤਰੀ ਮਾਰਗ, ਸੀ-ਹੈਕਸਾਗਨ, ਮਥੁਰਾ ਰੋਡ ਅਤੇ ਸਲੀਮ ਗੜ੍ਹ ਬਾਈਪਾਸ ਸ਼ਾਮਲ ਹਨ। ਪੁਲੀਸ ਨੇ ਮੁਸਾਫਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨਿਰਦੇਸ਼ਾਂ ਦੇ ਅਨੁੁਸਾਰ ਹੀ ਆਪਣਾ ਸਫ਼ਰ ਤੈਅ ਕਰਨ। ਇਨ੍ਹਾਂ ਸੜਕਾਂ ਅਤੇ ਜੰਕਸ਼ਨਾਂ ’ਤੇ ਯਾਤਰੀਆਂ ਨੂੰ ਭੀੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਧੀਰਜ ਰੱਖਣ, ਟਰੈਫਿਕ ਨਿਯਮਾਂ ਅਤੇ ਸੜਕੀ ਅਨੁਸ਼ਾਸਨ ਦੀ ਪਾਲਣਾ ਕਰਨ ਅਤੇ ਸਾਰੇ ਚੌਰਾਹਿਆਂ ’ਤੇ ਤਾਇਨਾਤ ਟਰੈਫਿਕ ਪੁਲੀਸ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। -ਪੀਟੀਆਈ