For the best experience, open
https://m.punjabitribuneonline.com
on your mobile browser.
Advertisement

ਦਿੱਲੀਵਿੱਚ ਜੀ-20 ਸਿਖਰ ਸੰਮੇਲਨ ਅੱਜ ਤੋਂ

07:24 AM Sep 09, 2023 IST
ਦਿੱਲੀਵਿੱਚ ਜੀ 20 ਸਿਖਰ ਸੰਮੇਲਨ ਅੱਜ ਤੋਂ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਆਪਣੀ ਰਿਹਾਇਸ਼ ’ਤੇ ਮੁਲਾਕਾਤ ਦੌਰਾਨ ਹੱਥ ਮਿਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਮਾਨਸ ਰੰਜਨ ਭੂਈ
Advertisement

* ਸੰਮੇਲਨ ਇਕਸਾਰ ਵਿਕਾਸ ’ਚ ਨਵਾਂ ਰਾਹ ਖੋਲ੍ਹੇਗਾ: ਮੋਦੀ
* ਰੂਸ-ਯੂਕਰੇਨ ਜੰਗ ਤੇ ਜਲਵਾਯੂ ਸਬੰਧੀ ਹੋ ਸਕਦੀ ਹੈ ਚਰਚਾ
* ਚੀਨ ਤੇ ਰੂਸ ਦੇ ਰਾਸ਼ਟਰਪਤੀ ਰਹਿਣਗੇ ਗ਼ੈਰ-ਹਾਜ਼ਰ
* ਅਫ਼ਰੀਕਨ ਯੂਨੀਅਨ ਨੂੰ ਗਰੁੱਪ ’ਚ ਕੀਤਾ ਜਾ ਸਕਦੈ ਸ਼ਾਮਲ
* ਦੁਨੀਆ ਭਰ ਦੇ ਕਈ ਆਗੂ ਸੰਮੇਲਨ ਲਈ ਜੁੜੇ

Advertisement

ਨਵੀਂ ਦਿੱਲੀ, 8 ਸਤੰਬਰ
ਆਲਮੀ ਆਗੂਆਂ ਦੇ ਭਲਕੇ ਤੋਂ ਸ਼ੁਰੂ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਥੇ ਪੁੱਜਣ ਦਰਮਿਆਨ ਮੇਜ਼ਬਾਨ ਭਾਰਤ ਨੇ ਕਿਹਾ ਹੈ ਕਿ ਨਿਊ ਦਿੱਲੀ ਲੀਡਰਜ਼ ਡੈਕਲਾਰੇਸ਼ਨ ’ਚ ਗਲੋਬਲ ਸਾਊਥ ਦੀ ਆਵਾਜ਼ ਝਲਕੇਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਇਹ ਸੰਮੇਲਨ ਮਨੁੱਖਤਾ ਕੇਂਦਰਿਤ ਤੇ ਇਕਸਾਰ ਵਿਕਾਸ ’ਚ ਨਵਾਂ ਰਾਹ ਖੋਲ੍ਹੇਗਾ। ਰੂਸ-ਯੂਕਰੇਨ ਜੰਗ ਅਤੇ ਜਲਵਾਯੂ ਨਾਲ ਸਬੰਧਤ ਵਿਵਾਦਤ ਮੁੱਦਿਆਂ ਦਾ ਜ਼ਿਕਰ ਕੀਤੇ ਬਿਨਾਂ ਭਾਰਤ ਦੇ ਸਿਖਰਲੇ ਜੀ-20 ਅਧਿਕਾਰੀਆਂ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਐਲਾਨਾਮਾ ਤਕਰੀਬਨ ਤਿਆਰ ਹੈ ਅਤੇ ਉਹ ਆਸਵੰਦ ਹਨ ਕਿ ਇਹ ਸਰਬਸੰਮਤੀ ਨਾਲ ਜਾਰੀ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼, ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਮੁਖੀ ਕ੍ਰਿਸਟਲੀਨਾ ਜੌਰਜੀਵਾ ਉਨ੍ਹਾਂ ਅਹਿਮ ਲੋਕਾਂ ’ਚ ਸ਼ਾਮਲ ਹਨ, ਜੋ ਜੀ-20 ਸਿਖਰ ਸੰਮੇਲਨ ਲਈ ਅੱਜ ਦਿੱਲੀ ਪਹੁੰਚ ਗਏ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸੰਮੇਲਨ ’ਚੋਂ ਗ਼ੈਰ-ਹਾਜ਼ਰ ਰਹਿਣਗੇ। ਆਲਮੀ ਨੇਤਾਵਾਂ ਦਾ ਸਵਾਗਤ ਵੱਖ ਵੱਖ ਮੰਡਲੀਆਂ ਵੱਲੋਂ ਰਵਾਇਤੀ ਨ੍ਰਿਤ ਪੇਸ਼ ਕਰਕੇ ਕੀਤਾ ਗਿਆ ਹੈ ਅਤੇ ਆਈਐੱਮਐੱਫ ਮੁਖੀ ਜੌਰਜੀਵਾ ਨੇ ਹਵਾਈ ਅੱਡੇ ’ਤੇ ਸੰਗੀਤ ਦੀ ਧੁਨ ’ਤੇ ਨ੍ਰਿਤ ਵੀ ਕੀਤਾ। ਕੇਂਦਰੀ ਮੰਤਰੀਆਂ ਸ਼ੋਭਾ ਕਰੰਦਲਾਜੇ ਤੇ ਦਰਸ਼ਨਾ ਜਰਦੋਸ਼ ਨੇ ਕ੍ਰਮਵਵਾਰ ਮੈਲੋਨੀ ਤੇ ਸ਼ੇਖ ਹਸੀਨਾ ਦਾ ਸਵਾਗਤ ਕੀਤਾ। ਸੂਨਕ ਦਾ ਸਵਾਗਤ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਜਦਕਿ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼ ਦਾ ਸਵਾਗਤ ਕੇਂਦਰੀ ਮੰਤਰੀ ਫੱਗਨ ਸਿੰਘ ਕੁਲਸਤੇ ਨੇ ਕੀਤਾ। ਇਸੇ ਤਰ੍ਹਾਂ ਕਰੋਮੋਰੋਸ ਦੇ ਰਾਸ਼ਟਰਪਤੀ ਅਜਾਲੀ ਅਸੌਮਾਨੀ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ, ਓਮਾਨ ਦੇ ਉੱਪ ਪ੍ਰਧਾਨ ਮੰਤਰੀ ਸੱਯਦ ਫਾਹਦ ਬਿਨ ਮਹਿਮੂਦ ਅਲ ਸਈਦ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼, ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਰਲ ਰਾਮਫੋਸਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਤੁਰਕੀ ਦੇ ਰਾਸ਼ਟਰਪਤੀ ਤਈਅਪ ਅਰਦੌਗਾਂ ਦਾ ਵੀ ਭਾਰਤ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਮੇਲਨ ’ਚ ਹਿੱਸਾ ਲੈਣ ਲਈ ਮਿਸਰ ਦੇ ਰਾਸ਼ਟਰਪਤੀ ਅਬਦਲ ਅਲ-ਸਿਸੀ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ, ਆਸਟਰੇਲੀਆ ਦੇ ਪ੍ਰਧਾਨ ਮਤਰੀ ਐਂਥਨੀ ਅਲਬਾਨੀਜ਼ ਅਤੇ ਸੰਯੁਕਤ ਅਰਬ ਅਮੀਰਾਤ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਿਆਨ ਵੀ ਭਾਰਤ ਪਹੁੰਚ ਗਏ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਦੇ ਹੋਏ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ। -ਫੋਟੋ: ਪੀਟੀਆਈ

ਕੌਮੀ ਰਾਜਧਾਨੀ ਖਾਸ ਕਰਕੇ ਨਵੀਂ ਦਿੱਲੀ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੰਮੇਲਨ ਵਾਲੀ ਥਾਂ ਭਾਰਤ ਮੰਡਪਮ ’ਚ ਪੁਲੀਸ, ਨੀਮ ਫ਼ੌਜੀ ਬਲਾਂ ਅਤੇ ਹੋਰ ਏਜੰਸੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਯੂਕਰੇੇਨ ਸੰਘਰਸ਼ ਬਾਰੇ ਇਕ ਸਵਾਲ ਦੇ ਜਵਾਬਵਿੱਚ ਕਿਹਾ ਕਿ ਭਾਰਤ ਆਸ ਕਰਦਾ ਹੈ ਕਿ ਜੀ-20 ਮੁਲਕਾਂ ਦੇ ਸਾਰੇ ਮੈਂਬਰ ਸਹਿਮਤੀ ਨਾਲ ਅੱਗੇ ਵਧਣਗੇ। ਜੀ-20 ਗਰੁੱਪ ’ਚ ਅਫ਼ਰੀਕਨ ਯੂਨੀਅਨ ਨੂੰ ਸ਼ਾਮਲ ਕੀਤੇ ਜਾਣ ਬਾਰੇ ਕਵਾਤਰਾ ਨੇ ਕਿਹਾ ਕਿ ਸੰਮੇਲਨ ’ਚ ਇਸ ਬਾਰੇ ਕੋਈ ਢੁੱਕਵਾਂ ਫ਼ੈਸਲਾ ਲਿਆ ਜਾਵੇਗਾ। ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਸਾਊਥ ਦੇ ਵੱਡੇ ਹਮਾਇਤੀ ਹਨ ਅਤੇ ਉਨ੍ਹਾਂ ਸਾਰੇ ਆਗੂਆਂ ਨੂੰ ਲਿਖਿਆ ਹੈ ਕਿ ਅਫ਼ਰੀਕਨ ਯੂਨੀਅਨ ਨੂੰ ਜੀ-20 ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦਾ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੀ-20 ਦੀ ਭਾਰਤ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜ ਮੁਖੀ ਅਤੇ ਫ਼ੈਸਲਾਕੁੰਨ ਹੋਣ ਦੇ ਦ੍ਰਿਸ਼ਟੀਕੋਣ ’ਤੇ ਖਰੀ ਉਤਰੀ ਹੈ। ਕਾਂਤ ਨੇ ਕਿਹਾ ਕਿ ‘ਨਿਊ ਦਿੱਲੀ ਲੀਡਰਜ਼ ਡੈਕਲਾਰੇਸ਼ਨ’ ਗਲੋਬਲ ਸਾਊਥ ਅਤੇ ਵਿਕਾਸਸ਼ੀਲ ਮੁਲਕਾਂ ਦੀ ਆਵਾਜ਼ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ 60 ਸ਼ਹਿਰਾਂ ’ਚ ਜੀ-20 ਨਾਲ ਸਬੰਧਤ 220 ਤੋਂ ਜ਼ਿਆਦਾ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ਨਾਲ ਭਾਰਤ ਦੀ ਵਿਭਿੰਨਤਾ ਅਤੇ ਸੰਘੀ ਢਾਂਚੇ ਦੀ ਝਲਕ ਮਿਲਦੀ ਹੈ। ਯੂਕਰੇਨ ਸੰਘਰਸ਼ ’ਤੇ ਮੱਤਭੇਦਾਂ ਨੂੰ ਲੈ ਕੇ ਸੰਮੇਲਨ ਦੌਰਾਨ ਕਿਸੇ ਐਲਾਨਨਾਮੇ ’ਤੇ ਪੁੱਜਣ ਬਾਰੇ ਪੁੱਛੇ ਜਾਣ ’ਤੇ ਯੂਰੋਪੀ ਕਾਊਂਸਿਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਇਸ ’ਤੇ ਅਜੇ ਚਰਚਾ ਜਾਰੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਜੀ-7 ਮੁਲਕਾਂ ਦਾ ਗਰੁੱਪ ਭਾਰਤ ’ਤੇ ਦਬਾਅ ਪਾ ਰਿਹਾ ਹੈ ਕਿ ਜੀ-20 ਸਿਖਰ ਸੰਮੇਲਨ ਦੇ ਅੰਤਿਮ ਦਸਤਾਵੇਜ਼ ’ਚ ਯੂਕਰੇਨ ਦੇ ਹਾਲਾਤ ਦਾ ਇਕਪਾਸੜ ਜ਼ਿਕਰ ਕੀਤਾ ਜਾਵੇ। -ਪੀਟੀਆਈ

ਮੋਦੀ ਅਤੇ ਬਾਇਡਨ ਵੱਲੋਂ ਹਿੰਦ-ਪ੍ਰਸ਼ਾਂਤ ਲਈ ਕੁਆਡ ਸਮੂਹ ਦੇ ਮਹੱਤਵ ’ਤੇ ਜ਼ੋਰ

ਨਵੀਂ ਦਿੱਲੀ, 8 ਸਤੰਬਰ
ਚੀਨ ਨੂੰ ਖਿੱਤੇ ’ਚ ਘੇਰਨ ਦੀ ਰਣਨੀਤੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਆਜ਼ਾਦ, ਖੁੱਲ੍ਹੇ ਤੇ ਲਚਕਦਾਰ ਹਿੰਦ-ਪ੍ਰਸ਼ਾਂਤ ਖੇਤਰ ਦੀ ਹਮਾਇਤ ਕਰਦਿਆਂ ਕੁਆਡ ਸਮੂਹ ਦੇ ਮਹੱਤਵ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਵਿਚਾਲੇ ਦੁਵੱਲੀ ਵਾਰਤਾ ਤੋਂ ਬਾਅਦ ਜਾਰੀ ਇੱਕ ਸਾਂਝੇ ਬਿਆਨ ’ਚ ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ 2024 ’ਚ ਭਾਰਤ ਦੀ ਮੇਜ਼ਬਾਨੀ ਹੇਠ ਹੋਣ ਵਾਲੇ ਅਗਲੇ ਕੁਆਡ ਸਿਖਰ ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਲਈ ਉਤਸ਼ਾਹਿਤ ਹਨ।
ਜ਼ਿਕਰਯੋਗ ਹੈ ਕਿ ਕੁਆਡ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ’ਤੇ ਆਧਾਰਿਤ ਮੁਲਕਾਂ ਦਾ ਸਮੂਹ ਹੈ ਅਤੇ ਇਹ ਹਿੰਦ-ਪ੍ਰਸ਼ਾਂਤ ਖਿੱਤੇ ’ਚ ਆਜ਼ਾਦ ਤੇ ਖੁੱਲ੍ਹਾ ਸਹਿਯੋਗ ਯਕੀਨੀ ਬਣਾਉਣ ਦਾ ਹਾਮੀ ਹੈ ਕਿਉਂਕਿ ਇਸ ਖਿੱਤੇ ਵਿੱਚ ਚੀਨ ਵੱਲੋਂ ਲੰਮੇ ਸਮੇਂ ਤੋਂ ਫੌਜੀ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਮੋਦੀ ਤੇ ਬਾਇਡਨ ਵਿਚਾਲੇ ਹੋਈ ਵਿਸਥਾਰਤ ਵਾਰਤਾ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਆਲਮੀ ਭਲਾਈ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੀ ਰਹੇਗੀ। ਬਿਆਨ ’ਚ ਕਿਹਾ ਗਿਆ, ‘ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਨੇ ਆਜ਼ਾਦ, ਖੁੱਲ੍ਹੇ ਤੇ ਲਚਕਦਾਰ ਹਿੰਦ-ਪ੍ਰਸ਼ਾਂਤ ਦੀ ਹਮਾਇਤ ਕਰਨ ’ਚ ਕੁਆਡ ਦੇ ਮਹੱਤਵ ਦੀ ਪੁਸ਼ਟੀ ਕੀਤੀ ਹੈ।’ ਭਾਰਤ ਨੇ ਵਪਾਰ ਸੰਪਰਕ ਤੇ ਸਮੁੰਦਰੀ ਆਵਾਜਾਈ ’ਤੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ ਦੀ ਸਹਿ-ਅਗਵਾਈ ਕਰਨ ਸਬੰਧੀ ਅਮਰੀਕਾ ਦੇ ਫ਼ੈਸਲੇ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਜੂਨ 2023 ’ਚ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ’ਚ ਸ਼ਾਮਲ ਹੋਣ ਦੇ ਅਮਰੀਕਾ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ। ਬਿਆਨ ਅਨੁਸਾਰ ਰਾਸ਼ਟਰਪਤੀ ਬਾਇਡਨ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਸਥਾਈ ਮੈਂਬਰ ਬਣਾਉਣ ਲਈ ਹਮਾਇਤ ਕਰਨ ਦੀ ਪੁਸ਼ਟੀ ਕੀਤੀ ਅਤੇ 2028-29 ’ਚ ਯੂਐੱਨਐੱਸਸੀ ਦੀ ਅਸਥਾਈ ਸੀਟ ਲਈ ਇੱਕ ਵਾਰ ਫਿਰ ਤੋਂ ਭਾਰਤ ਦੀ ਉਮੀਦਵਾਰੀ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਅੱਜ ਦੇਰ ਸ਼ਾਮ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਵੀਕੇ ਸਿੰਘ ਤੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਜੋਅ ਬਾਇਡਨ ਦਾ ਸਵਾਗਤ ਕੀਤਾ। ਗਾਰਸੇਟੀ ਨਾਲ ਉਨ੍ਹਾਂ ਦੀ ਧੀ ਵੀ ਮੌਜੂਦ ਸੀ। ਰਾਸ਼ਟਰਪਤੀ ਬਣਨ ਮਗਰੋਂ ਬਾਇਡਨ ਦੀ ਇਹ ਪਲੇਠੀ ਭਾਰਤ ਫੇਰੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਵੱਖ ਵੱਖ ਮੁੱਦੇ ਵਿਚਾਰਨ ਤੋਂ ਇਲਾਵਾ ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਯੈਲੇਨ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਜਦਕਿ ਭਾਰਤ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਐੱਨਐੱਸਏ ਅਜੀਤ ਡੋਵਾਲ ਹਾਜ਼ਰ ਸਨ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਕਿ ਬਾਇਡਨ ਭਾਰਤ ਫੇਰੀ ਦੌਰਾਨ ਕੋਵਿਡ-19 ਨੇਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਬਾਇਡਨ ਦੀ ਪਤਨੀ ਤੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਸੋਮਵਾਰ ਨੂੰ ਕੋਵਿਡ-19 ਦੀ ਲਾਗ ਲਈ ਪਾਜ਼ੇਟਿਵ ਨਿਕਲ ਆਏ ਸਨ। ਉੱਧਰ ਸਪੇਨ ਦੇ ਰਾਸ਼ਟਰਪਤੀ ਪੈਦਰੋ ਸਾਂਚੇਜ਼ ਕਰੋਨਾਵਾਇਰਸ ਹੋਣ ਕਰਕੇ ਜੀ-20 ਸਿਖਰ ਵਾਰਤਾ ਵਿਚੋਂ ਗੈਰਹਾਜ਼ਰ ਰਹਿਣਗੇ। -ਪੀਟੀਆਈ

ਭਾਰਤ-ਅਮਰੀਕਾ ਨੇ ਰੱਖਿਆ ਭਾਈਵਾਲੀ ਦੀ ਮਜ਼ਬੂਤੀ ਦਾ ਲਿਆ ਅਹਿਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੁਵੱਲੀ ਅਹਿਮ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਲਿਆ। ਅਮਰੀਕਾ ਨੇ ਭਾਰਤ ਵੱਲੋਂ 31 ਡਰੋਨ ਅਤੇ ਜੈੱਟ ਇੰਜਣਾਂ ਦੇ ਸਾਂਝੇ ਵਿਕਾਸ ਨਾਲ ਸਬੰਧਤ ਪ੍ਰਣਾਲੀਆਂ ਦੀ ਖਰੀਦ ਦੇ ਮਾਮਲੇ ’ਚ ਕਦਮ ਅੱਗੇ ਵਧਾਉਣ ਦਾ ਸਵਾਗਤ ਕੀਤਾ ਹੈ। ਦੋਵਾਂ ਆਗੂਆਂ ਵਿਚਾਲੇ 50 ਮਿੰਟ ਤੱਕ ਹੋਈ ਗੱਲਬਾਤ ਦੌਰਾਨ ਭਾਰਤ ਦੀ ਜੀ-20 ਪ੍ਰਧਾਨਗੀ, ਪ੍ਰਮਾਣੂ ਊਰਜਾ ’ਚ ਸਹਿਯੋਗ, 6ਜੀ, ਮਸਨੂਈ ਬੌਧਿਕਤਾ ਜਿਹੀਆਂ ਉਭਰਦੀਆਂ ਤਕਨੀਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਬਹੁਪਰਤੀ ਵਿਕਾਸ ਬੈਂਕ ਨੂੰ ਆਕਾਰ ਦੇਣ ਬਾਰੇ ਵੀ ਚਰਚਾ ਕੀਤੀ। ਇਸ ਸਬੰਧੀ ਜਾਰੀ ਸਾਂਝੇ ਬਿਆਨ ਅਨੁਸਾਰ ਅਮਰੀਕੀ ਰਾਸ਼ਟਰਪਤੀ ਨੇ ਅਮਰੀਕੀ ਰੱਖਿਆ ਦਿੱਗਜ਼ ਜਨਰਲ ਐਟੌਮਿਕਸ ਤੋਂ ਰਿਮੋਟ ਨਾਲ ਚੱਲਣ ਵਾਲੇ 31 ਐਮਕਿਊ-9ਬੀ ਜਹਾਜ਼ ਖਰੀਦਣ ਲਈ ਭਾਰਤ ਦੇ ਰੱਖਿਆ ਮੰਤਰਾਲੇ ਨੂੰ ਅਰਜ਼ੀ ਪੱਤਰ ਜਾਰੀ ਕਰਨ ਦਾ ਸਵਾਗਤ ਕੀਤਾ। ਇਸ ’ਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਕਾਂਗਰਸ ਦਾ ਨੋਟੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਣ ਅਤੇ ਭਾਰਤ ’ਚ ਜੀਈ ਐੱਫ-414 ਜੈੱਟ ਇੰਜਣ ਬਣਾਉਣ ਲਈ ਜੀਈ ਏਅਰੋਸਪੇਸ ਅਤੇ ਹਿੰਦੁਸਤਾਨ ਏਅਰੋਨੌਟਿਕਲ ਲਿਮਿਟਡ ਵਿਚਾਲੇ ਕਾਰੋਬਾਰੀ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣ ਦਾ ਵੀ ਸਵਾਗਤ ਕੀਤਾ। ਇਸ ਦੌਰਾਨ ਭਾਰਤ ਤੇ ਅਮਰੀਕਾ ਨੇ ਪੌਲਟਰੀ ਉਤਪਾਦਾਂ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ ’ਚ ਚੱਲ ਰਹੇ ਆਖਰੀ ਕਾਰੋਬਾਰੀ ਵਿਵਾਦ ਨੂੰ ਵੀ ਸੁਲਝਾ ਲਿਆ ਹੈ। ਇਸ ਨਾਲ ਦੋਵਾਂ ਮੁਲਕਾਂ ਨੇ ਬਕਾਇਆ ਪਏ ਸਾਰੇ ਸੱਤ ਕਾਰੋਬਾਰੀ ਵਿਵਾਦ ਆਪਸੀ ਸਹਿਮਤੀ ਨਾਲ ਨਬਿੇੜ ਦਿੱਤੇ ਹਨ। ਬਾਈਡਨ ਨੇ ਪ੍ਰਧਾਨ ਮੰਤਰੀ ਨੂੰ ਚੰਦਰਯਾਨ-3 ਦੀ ਸਫਲਤਾ ਲਈ ਵਧਾਈ ਦਿੱਤੀ। ਅਮਰੀਕਾ ਨੇ ਕਿਹਾ ਕਿ ਅਗਲੇ ਸਾਲ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਭਾਰਤੀ ਪੁਲਾੜ ਯਾਤਰੀ ਨੂੰ ਭੇਜਣ ਬਾਰੇ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਸ਼ੁਰੂ ਹੋਵੇਗੀ। -ਪੀਟੀਆਈ

ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਪ੍ਰਗਤੀ ਮੈਦਾਨ ’ਚ ਭਾਰਤ ਮੰਡਪਮ ਵਿੱਚ ਜੀ20 ਸੰਮੇਲਨ ਦੇ ਥੀਮ ’ਤੇ ਆਧਾਰਤ ਬਣਾਈ ਗਈ ਕਲਾਕ੍ਰਿਤੀ।
ਜੀ20 ਸੰਮੇਲਨ ਲਈ ਭਾਰਤ ਪਹੁੰਚਣ ’ਤੇ ਮਿਲੇ ਨਿੱਘੇ ਸਵਾਗਤ ਮੌਕੇ ਥਿਰਕਦੀ ਹੋਈ ਕੌਮਾਂਤਰੀ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜੌਰਜੀਵਾ।
ਨਵੀਂ ਦਿੱਲੀ ਦੇ ਇਕ ਹੋਟਲ ’ਚ ਪਹੁੰਚਣ ’ਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਦਾ ਸਵਾਗਤ ਕੀਤੇ ਜਾਣ ਦੀ ਝਲਕ।
ਪਾਲਮ ਹਵਾਈ ਅੱਡੇ ’ਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਦਾ ਸਵਾਗਤ ਕਰਦਾ ਹੋਇਆ ਭਾਰਤੀ ਵਫ਼ਦ। -ਫੋਟੋਆਂ: ਪੀਟੀਆਈ ਤੇ ਰਾਇਟਰਜ਼
Advertisement
Author Image

sukhwinder singh

View all posts

Advertisement
Advertisement
×