ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਵਿੱਖ ਬਾਣੀ

12:36 PM Jun 05, 2023 IST

ਕੁਲਮਿੰਦਰ ਕੌਰ

Advertisement

ਮੇਰੇ ਪੇਕੇ ਪਰਿਵਾਰ ‘ਚ ਕੋਈ ਵੀ ਸ਼ਖ਼ਸ ਕਿਸੇ ਪੰਡਿਤ-ਪਾਂਧੇ ਜਾਂ ਜੋਤਸ਼ੀ ਕੋਲ ਨਹੀਂ ਜਾਂਦਾ। ਨਾ ਹੀ ਕਿਸੇ ਦੀ ਜਨਮ ਪੱਤਰੀ, ਵਿਆਹ ਦੇ ਸੰਜੋਗ ਜਾਂ ਕੋਈ ਤਿੱਥ-ਤਿਉਹਾਰ ਵਿਚਾਰੇ ਜਾਂਦੇ। ਇੱਥੇ ਜਿਸ ਭਵਿੱਖ ਬਾਣੀ ਦੀ ਗੱਲ ਮੈਂ ਕਰ ਰਹੀ ਹਾਂ, ਉਹ ਮੇਰੇ ਬਾਪ ਨੇ ਕੀਤੀ ਸੀ। ਅੱਜ ਤੋਂ ਪੰਜ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਅਸੀਂ ਪੰਜ ਭੈਣ-ਭਰਾ ਵਧੀਆ ਪੜ੍ਹਾਈ ਕਰ ਰਹੇ ਸਾਂ। ਮੇਰੀ ਵੱਡੀ ਭੈਣ ਦਸਵੀਂ ਤੋਂ ਬਾਅਦ ਬੇਸਿਕ (ਜੇਬੀਟੀ) ਕਰ ਕੇ ਅਧਿਆਪਕ ਬਣ ਗਈ। ਵੱਡੇ ਭਰਾਵਾਂ ‘ਚੋਂ ਇੱਕ ਦਸਵੀਂ ਅਤੇ ਦੂਜਾ ਗਿਆਰਵੀਂ (ਪਰੈੱਪ) ‘ਚ ਸੀ, ਉਹ ਵੱਡੇ ਮਾਮੇ ਕੋਲ ਬਸੀ ਪਠਾਣਾਂ ਰਹਿ ਕੇ ਪੜ੍ਹ ਰਿਹਾ ਸੀ।

ਗਰਮੀ ਦੀਆਂ ਛੁੱਟੀਆਂ ਵਿਚ ਮੈਂ ਤੇ ਪਿਤਾ ਜੀ ਉੱਥੇ ਮਿਲਣ ਗਏ। ਇੱਕ ਦੂਜੇ ਦੀ ਸੁੱਖ-ਸਾਂਦ ਪੁੱਛਦਿਆਂ ਮਾਮੀ ਨੇ ਮੈਨੂੰ ਪੁੱਛਿਆ, “ਅੱਛਾ ਤੂੰ ਦੱਸ, ਕਿਹੜੀ ਜਮਾਤ ‘ਚ ਏਂ?” ਮੇਰੇ ਦੱਸਣ ‘ਤੇ ਉਸ ਨੇ ਹੈਰਾਨੀ ਭਰੇ ਲਹਿਜੇ ਵਿਚ ਕਿਹਾ, “ਹੈਂ! ਤੂੰ ਅੱਠਵੀਂ ‘ਚ ਹੋ ਗਈ ਹੈਂ।” ਖੁਸ਼ ਹੁੰਦਿਆਂ ਮਾਣ ਨਾਲ ਪਿਤਾ ਜੀ ਵਿੱਚੇ ਬੋਲ ਉੱਠੇ, “ਹਾਂ ਜੀ! ਇਹਨੇ ਤਾਂ ਸਭ ਤੋਂ ਅੱਗੇ ਲੰਘ ਜਾਣਾ ਹੈ।” ਉਸ ਸਮੇਂ ਤਾਂ ਮੈਂ ਡਰ ਗਈ ਕਿ ਮੈਥੋਂ ਪਤਾ ਨਹੀਂ ਅੱਠਵੀਂ ਪਾਸ ਹੋਣੀ ਹੈ ਕਿ ਨਹੀਂ ਤੇ ਅੱਗੇ ਲੰਘ ਜਾਣ ਦੇ ਐਲਾਨ ਦਾ ਕੀ ਬਣੂ। ਖੈਰ! ਵਕਤ ਨਾਲ ਚਲਦਿਆਂ ਇਹ ਗੱਲ ਮੇਰੇ ਦਿਮਾਗ ‘ਚੋਂ ਵਿਸਰ ਚੁੱਕੀ ਸੀ। ਘਰ ਤੋਂ ਦੂਰ ਨਾਨਕੇ ਪਿੰਡ ਕੈਰੋਂ ਤੋਂ ਹਾਇਰ ਸੈਕੰਡਰੀ ਕਰਨ ਤੋਂ ਬਾਅਦ ਪਿਤਾ ਜੀ ਮੈਨੂੰ ਜਲੰਧਰ ਦੇ ਇੱਕ ਕਾਲਜ ਵਿਚ ਦਾਖਲ ਕਰਵਾ ਆਏ। ਉੱਥੇ ਮੈਂ ਹੋਸਟਲ ‘ਚ ਰਹਿ ਕੇ ਬੀਐੱਸਸੀ ਕੀਤੀ। ਲੁਧਿਆਣੇ ਤੋਂ ਬੀਐੱਡ ਕਰ ਕੇ ਪਿੰਡ ਆ ਗਈ। ਮੇਰੀ ਜਾਚੇ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਮੈਂ ਬੜੇ ਸ਼ੌਕ ਨਾਲ ਘਰ ਦੇ ਕੰਮ ਸਿੱਖਣ ਲੱਗੀ। ਨੌਕਰੀ ਲਈ ਅਰਜ਼ੀ ਦੇਣਾ ਚਾਹ ਰਹੀ ਸੀ ਕਿ ਵੱਡਾ ਵੀਰ ਮਿਲਣ ਆਇਆ। ਉਸ ਨੇ ਜ਼ੋਰ ਦੇ ਕੇ ਕਿਹਾ, “ਛੱਡ ਤੂੰ ਨੌਕਰੀ, ਪਹਿਲਾਂ ਐੱਮਐੱਸਸੀ ਕਰ ਲੈ। ਚੱਲ ਮੇਰੇ ਨਾਲ ਚੰਡੀਗੜ੍ਹ।” ਪਿਤਾ ਜੀ ਵੀ ਖੁਸ਼ ਹੋ ਗਏ।

Advertisement

ਉੱਥੇ ਯੂਨੀਵਰਸਿਟੀ ਵਿਚ ਦਾਖਲੇ ਦੀਆਂ ਤਾਰੀਖਾਂ ਲੰਘ ਚੁੱਕੀਆਂ ਸਨ ਤੇ ਨਵੇਂ ਵਿਸ਼ੇ ਐਂਥਰੋਪੌਲੋਜੀ ‘ਚ ਹੀ ਸੀਟ ਮਿਲ ਸਕੀ। ਇਹ ਵਿਸ਼ਾ ਪੜ੍ਹਨਾ ਮੇਰੇ ਵੱਸੋਂ ਬਾਹਰਾ ਹੋ ਰਿਹਾ ਸੀ। ਮਾਂ ਨੂੰ ਚਿੱਠੀ ਲਿਖੀ ਕਿ ਮੈਥੋਂ ਨਹੀਂ ਐੱਮਐੱਸਸੀ ਹੋਣੀ ਤੇ ਇਸ ਵਿਸ਼ੇ ਦਾ ਕੋਈ ਭਵਿੱਖ ਵੀ ਨਜ਼ਰ ਨਹੀਂ ਆ ਰਿਹਾ। ਮਾਂ ਆਈ ਤੇ ਮੈਨੂੰ ਸਮਝਾਇਆ- “ਹੁਣ ਤੂੰ ਏਨੀ ਤਿਆਰੀ ਨਾਲ ਪਿੰਡੋਂ ਆਈ ਏਂ ਤਾਂ ਪੜ੍ਹ ਲੈ। ਤੇਰੇ ਪਿਤਾ ਜੀ ਵੀ ਗੁੱਸਾ ਕਰਨਗੇ।” ਮੇਰੀ ਮਾਂ ਮੇਰਾ ਹੌਸਲਾ, ਸਿਰੜ ਤੇ ਵਿਸ਼ਵਾਸ ਸੀ ਤੇ ਇਉਂ ਮੇਰੀ ਐੱਮਐੱਸਸੀ ਵੀ ਪੂਰੀ ਹੋ ਗਈ। ਇਹ ਵਿਸ਼ਾ ਕਾਲਜ ‘ਚ ਕਿਧਰੇ ਵੀ ਲਾਗੂ ਨਹੀਂ ਹੋਇਆ ਪਰ ਬਿਨਾ ਸਿਫਾਰਸ਼ ਤੋਂ ਮੈਰਿਟ ਦੇ ਆਧਾਰ ‘ਤੇ ਮਹੀਨੇ ਬਾਅਦ ਹੀ ਮੇਰੀ ਨਿਯੁਕਤੀ ਬਤੌਰ ਸਾਇੰਸ ਮਿਸਟਰੈੱਸ ਹੋ ਗਈ। ਹੁਣ ਤੱਕ ਮੈਥੋਂ ਵੱਡੇ ਭਰਾਵਾਂ ‘ਚੋਂ ਇੱਕ ਦਸਵੀਂ ਤੋਂ ਬਾਅਦ ਖੇਤੀਬਾੜੀ ਦੇ ਧੰਦੇ ਵਿਚ ਲੱਗ ਗਿਆ ਤੇ ਦੂਜੇ ਨੇ ਪਰੈੱਪ ਵਿਚੇ ਛੱਡ ਦਿੱਤੀ ਤੇ ਆਈਟੀਆਈ ਕਰ ਕੇ ਨੌਕਰੀ ਕਰ ਲਈ। ਛੋਟੇ ਭਰਾ ਨੇ ਮੈਥੋਂ ਬਾਅਦ ਹੀ ਐੱਮਫਿਲ ਕੀਤੀ।

ਇੰਝ ਪਿਤਾ ਜੀ ਨੇ ਮੇਰੇ ਅੱਗੇ ਲੰਘ ਜਾਣ ਬਾਰੇ ਜੋ ਭਵਿੱਖ ਬਾਣੀ ਕੀਤੀ ਸੀ, ਉਹਨਾਂ ਦੇ ਯਤਨਾਂ ਰਾਹੀਂ ਕਿਵੇਂ ਨਾ ਕਿਵੇਂ ਪੂਰੀ ਹੋ ਚੁੱਕੀ ਸੀ। ਸਕੂਲ ਵਿਚ ਉੱਚ ਯੋਗਤਾ ਦੇ ਆਧਾਰ ‘ਤੇ ਮੇਰੀ ਤਰੱਕੀ ਬਤੌਰ ਲੈਕਚਰਾਰ ਹੋਈ ਤਾਂ ਬਾਪ ਨੂੰ ਸਿਜਦਾ ਕਰਦਿਆਂ ਮੈਨੂੰ ਤਸੱਲੀ, ਅਹਿਸਾਸ ਤੇ ਮਾਣ ਹੋਇਆ। ਦਸਵੀਂ ਤੋਂ ਬਾਅਦ ਮੇਰਾ ਟੀਚਾ ਤਾਂ ਕੁਝ ਵੱਖਰਾ, ਨਰਸਿੰਗ ਵਗੈਰਾ ਦਾ ਕੋਰਸ ਕਰਨਾ ਸੀ ਪਰ ਉਹਨਾਂ ਦੀਆਂ ਕੋਸ਼ਿਸ਼ਾਂ ਤੇ ਖਾਹਿਸ਼ ਨੇ ਮੈਨੂੰ ਲੈਕਚਰਾਰ ਦੇ ਅਹੁਦੇ ‘ਤੇ ਪਹੁੰਚਾ ਦਿੱਤਾ। ਅਹਿਸਾਸੇ-ਜਿ਼ਕਰ ਹੈ ਕਿ ਇਹ ਕਿੱਤਾ ਵੱਧ ਸਕੂਨ ਵਾਲਾ ਸੀ, ਇਸ ਅਹੁਦੇ ਨੇ ਮੈਨੂੰ ਬੇਹੱਦ ਮਾਣ-ਸਤਿਕਾਰ, ਆਤਮ ਵਿਸ਼ਵਾਸ ਤੇ ਖੁਦਦਾਰ ਹੋਣ ਦਾ ਬਲ ਬਖਸ਼ਿਆ।

ਮੇਰੇ ਬਾਪ ਨੇ ਮੈਨੂੰ ਕਦੇ ਕੁੜੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਕਿਧਰੇ ਵੀ ਜਾਣਾ ਹੁੰਦਾ, ਭਰਾਵਾਂ ਨਾਲ ਮੈਨੂੰ ਲੱਭਦੇ- “ਕਾਕੀ ਕਿੱਥੇ ਹੈਂ ਤੂੰ? ਆ ਜਾ ਭਈ।” ਹਮੇਸ਼ਾ ਨਾਲ ਲੈ ਕੇ ਜਾਂਦੇ। ਐਤਵਾਰ ਸਭ ਨੂੰ ਛੁੱਟੀ ਹੁੰਦੀ ਤਾਂ ਸਾਨੂੰ ਸਾਰੇ ਪਿੰਡ ਦੀ ਸੈਰ ਕਰਾਉਂਦੇ ਤੇ ਬਾਗਾਂ ਵਿਚੋਂ ਅੰਬਾਂ, ਅਮਰੂਦਾਂ ਦੇ ਝੋਲੇ ਭਰ ਲਿਆਉਂਦੇ। ਖੁਦ ਸੰਜਮੀ ਜੀਵਨ ਜਿਉ ਕੇ ਗਰਮੀ ਸਰਦੀ, ਮੀਂਹ ਹਨੇਰੀ ਝੱਖੜ ਆਪਣੇ ਪਿੰਡੇ ‘ਤੇ ਝੱਲਦੇ ਰੋਜ਼ 8 ਕਿਲੋਮੀਟਰ ਸਾਈਕਲ ਚਲਾ ਕੇ ਦੁਕਾਨ ‘ਤੇ ਪਹੁੰਚਦੇ। ਆਪਣੀ ਨੇਕ-ਨਾਮੀ ਤੇ ਇਮਾਨਦਾਰੀ ਦੀ ਕਿਰਤ ਕਮਾਈ ਵਿਚੋਂ ਆਪਣੇ ਬੱਚਿਆਂ ਨੂੰ ਭਵਿੱਖ ਸੰਵਾਰਨ ਦੇ ਵਧੀਆ ਮੌਕੇ ਦਿੱਤੇ। ਜਦੋਂ ਕਦੇ ਸੋਚਾਂ ਦੇ ਵਹਿਣ ਵਿਚ ਵਹਿ ਤੁਰਦੀ ਹਾਂ ਤਾਂ ਅੱਜ ਇੱਕੀਵੀਂ ਸਦੀ ‘ਚ ਵੀ ਧੀਆਂ ਵੱਲੇ ਨਕਾਰਾਤਮਕ ਰਵੱਈਆ ਰੱਖਦੇ ਸਮਾਜ ਵਿਚ ਵਿਚਰਦਿਆਂ ਮੇਰਾ ਸਤਿਕਾਰ ਤੇ ਪਿਆਰ ਬਾਪ ਦੀ ਵਿਛੜੀ ਰੂਹ ਲਈ ਹੋਰ ਵਧ ਜਾਂਦਾ ਹੈ।

ਸੰਪਰਕ: 98156-52272

Advertisement
Advertisement