ਸਕੀਟ ਸ਼ੂਟਿੰਗ ਵਿਚ ਭਾਰਤ ਦਾ ਭਵਿੱਖ ਗਨੀਮਤ ਸੇਖੋਂ
ਨਵਦੀਪ ਸਿੰਘ ਗਿੱਲ
ਨਿਸ਼ਾਨੇਬਾਜ਼ੀ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀ ਖੇਡ ਹੈ। ਇਸ ਖੇਡ ਵਿਚ ਭਾਰਤ ਦਾ ਪ੍ਰਦਰਸ਼ਨ ਦਿਨੋਂ-ਦਿਨ ਹੋਰ ਬਿਹਤਰ ਹੁੰਦਾ ਜਾ ਰਿਹਾ ਹੈ। ਇਸ ਵਿਚ ਛੋਟੀ ਉਮਰ ਦੇ ਖਿਡਾਰੀ ਵੱਡੇ ਉਤਸ਼ਾਹ ਨਾਲ ਰੇਂਜ ਵਿਚ ਉਤਰ ਰਹੇ ਹਨ ਅਤੇ ਮੱਲਾਂ ਵੀ ਮਾਰ ਰਹੇ ਹਨ। ਪੰਜਾਬ ਦੇ ਖਿਡਾਰੀ ਇਸ ਖੇਡ ਵਿਚ ਹੋਰ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸੇ ਕੜੀ ਵਿਚ ਪੰਜਾਬ ਦੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਦਾ ਨਾਮ ਆਉਂਦਾ ਹੈ ਜਿਸ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸਕੀਟ ਈਵੈਂਟ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਵਿਸ਼ਵ ਕੱਪ ਮੁਕਾਬਲਿਆਂ ਦੀ ਜੇਤੂ ਗਨੀਮਤ ਸੇਖੋਂ ਨੂੰ ਸਕੀਟ ਖੇਡ ਵਿਚ ਭਾਰਤ ਦਾ ਸੁਨਹਿਰੀ ਭਵਿੱਖ ਆਖਿਆ ਜਾ ਰਿਹਾ ਹੈ।
ਗਨੀਮਤ ਸੇਖੋਂ ਦਾ ਜਨਮ 29 ਨਵੰਬਰ 2000 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਕੌਲਗੜ੍ਹ ਵਿਖੇ ਪਿਤਾ ਅਮਰਿੰਦਰ ਸਿੰਘ ਚੀਮਾ ਅਤੇ ਮਾਤਾ ਪੁਨੀਤ ਕੌਰ ਦੇ ਘਰ ਹੋਇਆ। ਗਨੀਮਤ ਹੁਰੀਂ ਦੋ ਭੈਣਾਂ ਹਨ। ਬੇਟੀਆਂ ਦੀ ਪੜ੍ਹਾਈ ਲਈ ਪਰਿਵਾਰ ਮੁਹਾਲੀ ਸ਼ਿਫਟ ਹੋ ਗਿਆ ਜਿੱਥੇ ਉਨ੍ਹਾਂ ਦੀ ਰਿਹਾਇਸ਼ ਸੁਖਨਾ ਝੀਲ ਚੰਡੀਗੜ੍ਹ ਦੀ ਬੁੱਕਲ ਵਿੱਚ ਵਸੇ ਸੁਖਨਾ ਐਨਕਲੇਵ ਵਿੱਚ ਹੈ। ਗਨੀਮਤ ਵਿਵੇਕ ਹਾਈ ਸਕੂਲ ਦੀ ਵਿਦਿਆਰਥਣ ਸੀ ਜਦੋਂ ਉਸ ਨੂੰ ਨਿਸ਼ਾਨੇਬਾਜ਼ੀ ਖੇਡ ਦਾ ਸ਼ੌਕ ਪੈ ਗਿਆ। ਸ਼ੁਰੂਆਤ ਵਿਚ ਉਸ ਨੇ ਏਅਰ ਰਾਈਫਲ ਤੇ ਏਅਰ ਪਿਸਟਲ ਈਵੈਂਟ ਅਪਣਾਏ, ਪਰ ਫੇਰ ਉਸ ਨੂੰ ਸ਼ਾਟਗੰਨ ਪਸੰਦ ਸੀ ਅਤੇ ਸਕੀਟ ਈਵੈਂਟ ਦਾ ਮਨ ਬਣਾ ਲਿਆ। ਉਸ ਦੇ ਮੁੱਢਲੇ ਕੋਚ ਪੀ.ਐੱਸ. ਸੋਢੀ ਸਨ।
15 ਵਰ੍ਹਿਆਂ ਦੀ ਉਮਰੇ ਨਿਸ਼ਾਨੇਬਾਜ਼ੀ ਖੇਡ ਸ਼ੁਰੂ ਕਰਨ ਵਾਲੀ ਗਨੀਮਤ ਨੇ 16 ਵਰ੍ਹਿਆਂ ਦੀ ਉਮਰੇ ਕੌਮੀ ਪੱਧਰ ਉਤੇ ਆਪਣਾ ਸਥਾਨ ਬਣਾ ਲਿਆ। 2016 ਵਿਚ ਜੈਪੁਰ ਵਿਖੇ ਹੋਈ 60ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਉਸ ਨੇ ਸੀਨੀਅਰ ਤੇ ਜੂਨੀਅਰ ਦੋਵੇਂ ਵਰਗਾਂ ਵਿਚ ਖੇਡਦਿਆਂ ਇੱਕ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਉਸ ਨੇ ਜੂਨੀਅਰ ਵਿਚ ਨੈਸ਼ਨਲ ਰਿਕਾਰਡ ਦੀ ਬਰਾਬਰੀ ਵੀ ਕੀਤੀ। ਅਗਲੇ ਸਾਲ ਦਿੱਲੀ ਵਿਖੇ 61ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਸ ਨੇ ਇਕ ਸੋਨੇ ਤੇ ਤਿੰਨ ਚਾਂਦੀ ਤੇ ਤਗ਼ਮੇ ਜਿੱਤੇ। 17 ਵਰ੍ਹਿਆਂ ਦੀ ਉਮਰੇ ਉਸ ਦੀ ਦੇਸ਼ ਵਿਚ ਜੂਨੀਅਰ ਰੈਂਕਿੰਗ ਪਹਿਲੀ ਅਤੇ ਸੀਨੀਅਰ ਰੈਂਕਿੰਗ ਤੀਜੀ ਸੀ। ਉਸ ਨੇ ਜਰਮਨੀ ਦੇ ਸੁਹਲ ਵਿਖੇ ਕੌਮਾਂਤਰੀ ਜੂਨੀਅਰ ਗ੍ਰਾਂ. ਪ੍ਰੀ. ਚੈਂਪੀਅਨਸ਼ਿਪ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਸਾਲ ਉਸ ਨੇ ਫਿਨਲੈਂਡ ਵਿਖੇ ਹੋਏ ਇੰਟਰਨੈਸ਼ਨਲ ਜੂਨੀਅਰ ਸ਼ਾਟਗੰਨ ਕੱਪ ਵਿਚ ਸਰਵੋਤਮ ਸਕੋਰ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਉਸ ਦਾ ਪਹਿਲਾ ਕੌਮਾਂਤਰੀ ਤਗ਼ਮਾ ਸੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਮਾਰਚ 2018 ਵਿਚ ਆਸਟਰੇਲੀਆ ਵਿਖੇ ਹੋਏ ਜੂਨੀਅਰ ਸ਼ਾਟਗੰਨ ਵਿਸ਼ਵ ਕੱਪ ਵਿਚ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਮੁਕਾਬਲੇ ਵਿਚ ਮਹਿਲਾ ਸਕੀਟ ਵਰਗ ਵਿਚ ਕੋਈ ਤਗ਼ਮਾ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਨਿਸ਼ਾਨੇਬਾਜ਼ ਬਣੀ। ਇਸੇ ਸਾਲ ਉਹ ਜੂਨੀਅਰ ਤੇ ਸੀਨੀਅਰ ਦੋਵਾਂ ਵਰਗਾਂ ਦੀ ਰੈਂਕਿੰਗ ਵਿਚ ਭਾਰਤ ਦੀ ਨੰਬਰ ਇਕ ਨਿਸ਼ਾਨੇਬਾਜ਼ ਬਣ ਗਈ। ਇਟਲੀ ਵਿਖੇ ਹੋਏ ਇੰਟਰਨੈਸ਼ਨਲ ਸ਼ਾਟਗੰਨ ਕੱਪ ਵਿਚ ਉਸ ਨੇ ਮਿਕਸਡ ਮੁਕਾਬਲੇ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਮੁਕਾਬਲਿਆਂ ਵਿਚ ਸੀਨੀਅਰ ਤੇ ਜੂਨੀਅਰ ਦੋਵਾਂ ਵਰਗਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। 18 ਵਰ੍ਹਿਆਂ ਦੀ ਉਮਰੇ ਜਦੋਂ ਉਹ ਵਿਵੇਕ ਹਾਈ ਸਕੂਲ ਦੀ ਵਿਦਿਆਰਥਣ ਸੀ ਤਾਂ ਉਸ ਨੇ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿਚ ਹਿੱਸਾ ਲਿਆ। ਕਿਸੇ ਮਲਟੀ-ਸਪੋਰਟਸ ਮੁਕਾਬਲੇ ਵਿਚ ਹਿੱਸਾ ਲੈਣ ਦਾ ਉਸ ਦਾ ਇਹ ਪਹਿਲਾ ਵੱਡਾ ਤਜਰਬਾ ਸੀ।
ਕੌਮੀ ਪੱਧਰ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਜੈਪੁਰ ਵਿਖੇ 62ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਸ ਨੇ ਪੰਜਾਬ ਲਈ ਦੋ ਸੋਨੇ ਅਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਖੇਲੋ ਇੰਡੀਆ ਨੈਸ਼ਨਲ ਪ੍ਰੋਗਰਾਮ ਅਧੀਨ ਚੁਣੀ ਗਈ। ਭੂਪਾਲ ਵਿਖੇ ਮਾਸਟਰਜ਼ ਮੀਟ ਵਿਚ ਸੀਨੀਅਰ ਤੇ ਜੂਨੀਅਰ ਵਰਗ ਵਿਚ ਦੋ ਸੋਨੇ ਦੇ ਤਗ਼ਮੇ ਜਿੱਤੇ। 125 ਵਿਚੋਂ 120 ਸਕੋਰ ਨਾਲ ਨੈਸ਼ਨਲ ਰਿਕਾਰਡ ਦੀ ਬਰਾਬਰੀ ਵੀ ਕੀਤੀ। 63ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ ਅਤੇ 119 ਦਾ ਸਰਵੋਤਮ ਸਕੋਰ ਵੀ ਬਣਾਇਆ। 2019 ਵਿਚ ਦੋਹਾ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਗਨੀਮਤ ਨੇ ਮਿਕਸਡ ਟੀਮ ਵਿਚ ਚਾਂਦੀ ਅਤੇ ਮਹਿਲਾ ਟੀਮ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ।
ਸਾਲ 2021 ਉਸ ਲਈ ਵੱਡੀਆਂ ਪ੍ਰਾਪਤੀਆਂ ਲੈ ਕੇ ਆਇਆ। ਨਵੀਂ ਦਿੱਲੀ ਵਿਖੇ ਹੋਏ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿਚ ਵਿਅਕਤੀਗਤ ਵਰਗ ਵਿਚ ਕਾਂਸੀ, ਮਹਿਲਾ ਸਕੀਟ ਵਿਚ ਚਾਂਦੀ ਅਤੇ ਮਿਕਸਡ ਟੀਮ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਸੀਨੀਅਰ ਮਹਿਲਾ ਸਕੀਟ ਵਰਗ ਵਿਚ ਕਿਸੇ ਕੌਮਾਂਤਰੀ ਮੁਕਾਬਲੇ ਵਿਚ ਤਗ਼ਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ। ਪੇਰੂ ਵਿਖੇ ਹੋਈ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਉਸ ਨੇ ਵਿਅਕਤੀਗਤ ਵਰਗ ਵਿਚ ਚਾਂਦੀ ਅਤੇ ਸਕੀਟ ਮਹਿਲਾ ਟੀਮ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਪਟਿਆਲਾ ਵਿਖੇ ਹੋਈ 64ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਗਨੀਮਤ ਨੇ ਤਿੰਨ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤ ਕੇ ਹੂੰਝਾ ਹੀ ਫੇਰ ਦਿੱਤਾ। ਉਸ ਨੇ ਸੀਨੀਅਰ ਤੇ ਜੂਨੀਅਰ ਮੁਕਾਬਲੇ ਵਿਚ 117 ਦਾ ਸਰਵੋਤਮ ਸਕੋਰ ਵੀ ਬਣਾਇਆ। 65ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਦੋ ਸੋਨੇ ਦੇ ਤਗ਼ਮੇ ਜਿੱਤੇ।
ਸਾਲ 2023 ਵਿਚ ਉਸ ਦਾ ਨਿਸ਼ਾਨਾ ਏਸ਼ਿਆਈ ਤੇ ਓਲੰਪਿਕ ਖੇਡਾਂ ਲਈ ਕੋਟਾ ਹਾਸਲ ਕਰਨਾ ਹੈ। ਮਾਰਚ ਮਹੀਨੇ ਦੋਹਾ ਵਿਖੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿਚ 120 ਸਕੋਰ ਨਾਲ ਨੈਸ਼ਨਲ ਰਿਕਾਰਡ ਦੀ ਬਰਾਬਰੀ ਕੀਤੀ। ਅਪਰੈਲ-ਮਈ ਮਹੀਨੇ ਕੈਰੋ ਵਿਖੇ ਹੋਏ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿਚ ਮਿਕਸਡ ਟੀਮ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਬੀਤੇ ਦਿਨੀਂ ਕਜ਼ਾਕਿਸਤਾਨ ਦੇ ਸ਼ਹਿਰ ਅਲਮੈਟੀ ਵਿਖੇ ਵਿਸ਼ਵ ਕੱਪ ਦੇ ਵਿਅਕਤੀਗਤ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ। ਗਨੀਮਤ ਵਿਸ਼ਵ ਕੱਪ ਮੁਕਾਬਲੇ ਤੋਂ ਬਾਅਦ ਸਿੱਧਾ ਇਟਲੀ ਚਲੀ ਗਈ ਜਿੱਥੇ ਉਹ ਆਪਣੇ ਕੋਚ ਪੇਈਰੋ ਗੈਂਗਾ ਕੋਲੋਂ ਸਿਖਲਾਈ ਹਾਸਲ ਕਰ ਰਹੀ ਹੈ। ਇਸ ਵੇਲੇ ਸਕੀਟ ਮੁਕਾਬਲਿਆਂ ਵਿਚ ਦੇਸ਼ ਵਿਚ ਉਸ ਦੇ ਨੇੜੇ-ਤੇੜੇ ਕੋਈ ਨਿਸ਼ਾਨੇਬਾਜ਼ ਨਹੀਂ ਹੈ। ਵਿਸ਼ਵ ਵਿਚ ਉਸ ਦੀ ਨੌਵੀਂ ਰੈਂਕਿੰਗ ਹੈ ਅਤੇ ਉਹ ਆਪਣੇ ਪਹਿਲੇ ਟੀਚੇ ਏਸ਼ਿਆਈ ਖੇਡਾਂ ਅਤੇ ਫੇਰ ਓਲੰਪਿਕ ਖੇਡਾਂ ਦਾ ਕੋਟਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਸੰਪਰਕ: 97800-36216