ਧੁੰਦ ਦਾ ਕਹਿਰ: ਟਰੈਕਟਰ-ਟਰਾਲੀ ਤੇ ਬੱਸ ਦੀ ਟੱਕਰ ’ਚ ਇੱਕ ਹਲਾਕ, 13 ਜ਼ਖ਼ਮੀ
ਬਲਜੀਤ ਸਿੰਘ
ਸਰਦੂਲਗੜ੍ਹ, 16 ਨਵੰਬਰ
ਸਰਸਾ-ਮਾਨਸਾ ਕੌਮੀ ਮਾਰਗ ਉੱਤੇ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਹਾਦਸਾ ਵਾਪਰ ਗਿਆ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ ਵਿੱਚ ਸਵਾਰ ਲੋਕਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਲਗਪਗ ਇੱਕ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਸਰਦੂਲਗੜ੍ਹ ’ਚ ਜ਼ੇਰੇ ਇਲਾਜ ਬਸ ਡਰਾਈਵਰ ਨੇ ਦੱਸਿਆ ਕਿ ਉਹ ਸਰਦੂਲਗੜ੍ਹ ਵੱਲ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਕਾਹਨੇਵਾਲਾ ਸਾਈਡ ਤੋਂ ਇੱਕ ਟਰੈਕਟਰ-ਟਰਾਲੀ ਸੜਕ ਉੱਪਰ ਚੜ੍ਹ ਗਿਆ ਤੇ ਧੁੰਦ ਸੰਘਣੀ ਹੋਣ ਕਾਰਨ ਅਤੇ ਟਰਾਲੀ ਦੇ ਪਿੱਛੇ ਕੋਈ ਰਿਫਲੈਕਟਰ ਨਾ ਹੋਣ ਕਾਰਨ ਟਰਾਲੀ ਵਿਖਾਈ ਨਹੀਂ ਦਿੱਤੀ ਅਤੇ ਬੱਸ ਪਿੱਛੋਂ ਉਸ ਦੇ ਵਿੱਚ ਜਾ ਵੱਜੀ ਜਿਸ ਕਾਰਨ ਬਸ ਸੜਕ ਕਿਨਾਰੇ ਖੇਤਾਂ ਵਿੱਚ ਚਲੀ ਗਈ। ਟਰੈਕਟਰ ਚਾਲਕ ਨੇ ਕਿਹਾ ਕਿ ਉਹ ਟਰੈਕਟਰ ਟਰਾਲੀ ਲੈ ਕੇ ਪਿੰਡ ਕਾਹਨੇਵਾਲਾ ਤੋਂ ਜਦੋਂ ਕੌਮੀ ਮਾਰਗ ’ਤੇ ਚੜ੍ਹਿਆ ਤਾਂ ਅਚਾਨਕ ਪਿੱਛੋਂ ਆ ਰਹੀ ਬੱਸ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਡਾ. ਹਰਸਿਮਰਨਜੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਲਗਪਗ 9:30 ਵਜੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ 14 ਲੋਕ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਗੰਭੀਰ ਜ਼ਖਮੀ ਸੀ ਜਿਸ ਨੂੰ ਮੁਢਲੀ ਸਹਾਇਤਾ ਦੇ ਕੇ ਅੱਗੇ ਰੈਫਰ ਕਰ ਦਿੱਤਾ। ਥਾਣਾ ਸਰਦੂਲਗੜ੍ਹ ਸਹਾਇਕ ਥਾਣੇਦਾਰ ਸੁਖਚਰਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭਾਦੜਾ-ਕੁਰੰਗਾਂਵਾਲੀ ਸੜਕ ’ਤੇ ਮਮੜ ਨਹਿਰ ਦੇ ਪੁਲ ਨੂੰ ਪਾਰ ਕਰਦੇ ਸਮੇਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਅਚਾਨਕ ਰਜਵਾਹੇ ਵਿੱਚ ਜਾ ਡਿੱਗੀ ਅਤੇ ਨੁਕਸਾਨੀ ਗਈ। ਰਜਵਾਹਾ ਵਿਚ ਪਾਣੀ ਨਹੀਂ ਸੀ ਅਤੇ ਕਾਰ ਵੀ ਬਹੁਤ ਹੌਲੀ ਸੀ, ਜਿਸ ਕਾਰਨ ਕਾਰ ਸਵਾਰ ਵਾਲ ਵਾਲ ਬਚ ਗਏ। ਸੰਘਣੀ ਧੁੰਦ ਕਾਰਨ ਕਾਰ ਚਾਲਕ ਨੂੰ ਸੜਕ ’ਤੇ ਕੁਝ ਵੀ ਦਿਖਾਈ ਨਾ ਦੇਣ ਕਾਰਨ ਕਾਰ ਸਿੱਧੀ ਰਜਵਾਹੇ ’ਚ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਜਦਕਿ ਕਾਰ ’ਚ ਸਵਾਰ ਤਿੰਨੋਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਵਾਲ-ਵਾਲ ਬਚ ਗਏ।
ਏਲਨਾਬਾਦ (ਜਗਤਾਰ ਸਮਾਲਸਰ): ਪਿਛਲੇ ਪੰਜ ਦਿਨ ਤੋਂ ਮੌਸਮ ਵਿੱਚ ਆਏ ਅਚਾਨਕ ਬਦਲਾਅ ਅਤੇ ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਅੱਜ ਏਲਨਲਾਬਾਦ ਖੇਤਰ ਵਿੱਚ ਸਵੇਰੇ ਵਿਜ਼ੀਬਿਲਟੀ ਸਿਰਫ 10 ਮੀਟਰ ਤੱਕ ਰਹਿ ਗਈ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਅਤੇ ਟਰੈਫ਼ਿਕ ਇੰਚਾਰਜ ਸੁਭਾਸ਼ ਚੰਦਰ ਨੇ ਵਾਹਨ ਚਾਲਕਾਂ ਨੂੰ ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਧੁੰਦ ਦੌਰਾਨ ਹੌਲੀ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ।
ਮਾਨਸਾ ’ਚ ਇੱਕ ਹਲਾਕ, ਇੱਕ ਜ਼ਖ਼ਮੀ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਕੈਂਚੀਆਂ ਦੇ ਨਜ਼ਦੀਕ ਦੇਰ ਰਾਤ ਮਜ਼ਦੂਰੀ ਕਰਨ ਤੋਂ ਬਾਅਦ ਘਰ ਵਾਪਸ ਜਾ ਰਹੇ ਮਜ਼ਦੂਰਾਂ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਕਾਰਨ ਇੱਕ ਮਜ਼ਦੂਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਸਰੇ ਮਜ਼ਦੂਰ ਨੂੰ ਮਾਨਸਾ ਤੋਂ ਬਠਿੰਡਾ ਦੇ ਏਮਸ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ। ਪੱਲੇਦਾਰ ਯੂਨੀਅਨ ਦੇ ਸੈਕਟਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਖਿਆਲਾ ਕਲਾਂ ਦਾ ਪੱਲੇਦਾਰ ਮਜ਼ਦੂਰ ਸੋਨੀ ਸਿੰਘ ਅਤੇ ਜੰਟਾ ਸਿੰਘ ਕੰਮ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਮਾਨਸਾ ਕੈਂਚੀਆਂ ਦੇ ਨਜ਼ਦੀਕ ਧੁੰਦ ਜ਼ਿਆਦਾ ਹੋਣ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਸੋਨੀ ਸਿੰਘ (35) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਜੰਟਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।