ਧੁੰਦ ਦਾ ਕਹਿਰ: ਦੋਰਾਹਾ ਨੇੜੇ 18 ਤੋਂ ਵਧੇਰੇ ਗੱਡੀਆਂ ਟਕਰਾਈਆਂ
ਗੁਰਿੰਦਰ ਸਿੰਘ/ਜੋਗਿੰਦਰ ਸਿੰਘ ਓਬਰਾਏ
ਲੁਧਿਆਣਾ/ਦੋਰਾਹਾ, 18 ਜਨਵਰੀ
ਅੱਜ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ ਸਥਿਤ ਦੋਰਾਹਾ ਲਾਗੇ ਥੋੜੀ-ਥੋੜੀ ਦੂਰੀ ’ਤੇ ਵਾਪਰੇ ਤਿੰਨ ਹਾਦਸਿਆਂ ਵਿੱਚ 18 ਦੇ ਕਰੀਬ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਗੜ੍ਹ ਦੇ ਪੁੱਲ ਉੱਪਰ ਸਭ ਤੋਂ ਪਹਿਲਾਂ ਇੱਕ ਕੈਂਟਰ ਦੇ ਸੜਕ ’ਤੇ ਖੜ੍ਹੇ ਹੋਣ ਕਾਰਨ ਉਸ ਨਾਲ 4-5 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਕਾਰਾਂ ਅਤੇ ਹੋਰ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ। ਇਸ ਦੌਰਾਨ ਤਿੰਨ ਘੰਟੇ ਜਾਮ ਵੀ ਲੱਗਿਆ ਰਿਹਾ, ਜਿਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਘਟਨਾ ਅਨੁਸਾਰ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਅੰਬਾਲਾ ਜਾਣ ਵਾਲੇ ਕੈਂਟਰ ਵਿਚ ਤੇਜ਼ ਰਫ਼ਤਾਰ ਕਾਰ ਵੱਜੀ ਤੇ ਉਸ ਦੇ ਪਿੱਛੇ ਆ ਰਹੀਆਂ 6 ਗੱਡੀਆਂ ਇਕ ਦੂਜੀ ਵਿੱਚ ਟਕਰਾਈਆਂ। ਕਈ ਕਾਰਾਂ ਦਾ ਅੱਗੇ ਅਤੇ ਪਿਛੋਂ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ। ਇਸ ਤੋਂ 100 ਮੀਟਰ ਦੀ ਦੂਰੀ ’ਤੇ ਦੂਜਾ ਹਾਦਸਾ ਇਕ ਟਰੱਕ ਪਿਛੇ ਆ ਰਹੀ ਕਾਰ ਨਾਲ ਵਾਪਰਿਆ ਅਤੇ ਉਸ ਪਿੱਛੇ 5 ਹੋਰ ਗੱਡੀਆਂ ਆ ਵੱਜੀਆਂ ਅਤੇ ਤੀਜਾ ਹਾਦਸਾ ਉਸ ਤੋਂ 150 ਗਜ਼ ਦੂਰੀ ’ਤੇ ਮੁੜ ਵਾਪਰ ਗਿਆ, ਜਿੱਥੇ ਧੁੰਦ ਕਾਰਨ 7 ਵਾਹਨ ਇਕ ਦੂਜੇ ਨਾਲ ਟਕਰਾ ਗਏ। ਇਸ ਕਾਰਨ ਇਸ ਇਲਾਕੇ ਵਿੱਚ ਅਫਰਾ-ਤਫਰੀ ਫੈਲ ਗਈ। ਇਹ ਤਿੰਨੋਂ ਹਾਦਸੇ ਸਿਰਫ 20-25 ਮਿੰਟਾਂ ਵਿੱਚ ਹੀ ਵਾਪਰੇ ਪ੍ਰੰਤੂ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ 8-9 ਵਿਅਕਤੀਆਂ ਨੂੰ ਸੱਟਾਂ ਲੱਗੀਆਂ। ਉੱਥੋਂ ਲੰਘ ਰਹੇ ਰਾਹਗੀਰਾਂ ਅਤੇ ਡੀਐੱਸਪੀ ਦੀ ਨਿਖਿਲ ਗਰਗ ਦੀ ਨਿਗਰਾਨੀ ਹੇਠਾਂ ਦੋਰਾਹਾ ਪੁਲੀਸ ਨੇ ਘਟਨਾ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ। ਇਨ੍ਹਾਂ ਵੱਖ-ਵੱਖ ਹਾਦਸਿਆਂ ਕਾਰਨ ਸੜਕ ਦੇ ਦੋਵੇਂ ਪਾਸੇ ਕਈ ਮੀਲ ਲੰਬਾ ਜਾਮ ਲੱਗ ਗਿਆ। ਇਸੇ ਦੌਰਾਨ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਹਾਦਸਾ ਗ੍ਰਸਤ ਗੱਡੀਆਂ ਨੂੰ ਇਕ ਪਾਸੇ ਕਰਵਾ ਕੇ ਜਾਮ ਖੁੱਲ੍ਹਵਾਇਆ ਗਿਆ। ਡੀਐੱਸਪੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਧੁੰਦ ਨੂੰ ਦੇਖਦੇ ਹੋਏ ਗੱਡੀਆਂ ਧਿਆਨ ਨਾਲ ਚਲਾਉਣ ਅਤੇ ਜ਼ਰੂਰੀ ਕੰਮ ਤੇ ਹੀ ਘਰੋਂ ਬਾਹਰ ਨਿਕਲਣ। ਇਥੇ ਜ਼ਿਕਰਯੋਗ ਹੈ ਕਿ ਇੰਨੇ ਵੱਡੇ ਹਾਦਸੇ ਅਤੇ ਤਿੰਨ ਘੰਟੇ ਲੱਗੇ ਜਾਮ ਦੇ ਬਾਵਜੂਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ ਤੇ ਨਹੀਂ ਆਇਆ ਜੋ ਪੁਲੀਸ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ।