ਮੀਂਹ ਦਾ ਕਹਿਰ: ਐਰੋਸਿਟੀ ਤੇ ਨੇੜਲੇ ਪਿੰਡਾਂ ’ਚ ਤਿੰਨ ਦਨਿ ਤੋਂ ਬਿਜਲੀ ਗੁੱਲ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੁਲਾਈ
ਪਿਛਲੇ ਤਿੰਨ ਦਨਿ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਮੁਹਾਲੀ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਐਰੋਸਿਟੀ ਸਮੇਤ ਨੇੜਲੇ ਪਿੰਡਾਂ ਬੜੀ, ਬਾਕਰਪੁਰ, ਮਟਰਾਂ, ਕੁਰੜੀ, ਸਿਆਊ ਅਤੇ ਸੇਖਨ ਮਾਜਰਾ ਵਿੱਚ ਤਿੰਨ ਦਨਿ ਤੋਂ ਬੱਤੀ ਗੁੱਲ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਨੌਜਵਾਨ ਆਗੂ ਸੋਨੀ ਬੜੀ, ਕਿਰਪਾਲ ਸਿੰਘ ਸਿਆਊ, ਮੇਜਰ ਸਿੰਘ ਮਟਰਾਂ, ਅਮਰੀਕ ਸਿੰਘ ਸੇਖਨਮਾਜਰਾ, ਗੁਰਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਸਨਿੱਚਰਵਾਰ ਨੂੰ ਕਰੀਬ ਅੱਧੀ ਰਾਤ ਤੋਂ ਬਾਅਦ ਅਚਾਨਕ ਬਿਜਲੀ ਗੁੱਲ ਹੋ ਗਈ ਸੀ ਅਤੇ ਸੋਮਵਾਰ ਨੂੰ ਤੀਜੇ ਦਨਿ ਵੀ ਖ਼ਬਰ ਲਿਖੇ ਜਾਣ ਤੱਕ ਬਿਜਲੀ ਦੀ ਸਪਲਾਈ ਬਹਾਲ ਨਹੀਂ ਹੋ ਸਕੀ।
ਬਿਜਲੀ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੈ। ਇਸ ਕਾਰਨ ਵੀਆਈਪੀ ਸ਼ਹਿਰ ਮੁਹਾਲੀ ਦੇ ਵਸਨੀਕ ਪੰਜਾਬ ਸਰਕਾਰ ਅਤੇ ਪਾਵਰਕੌਮ ਨੂੰ ਕੋਸਦੇ ਨਜ਼ਰ ਆਏ। ਪੀੜਤ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਪਾਵਰਕੌਮ ਦੇ ਐਸਡੀਓ ਅਤੇ ਜੇਈ ਨੂੰ ਕਈ ਫੋਨ ਕੀਤੇ ਗਏ ਲੇਕਨਿ ਕਿਸੇ ਫੋਨ ਨਹੀਂ ਚੁੱਕਿਆ। ਬਿਜਲੀ ਨਾ ਹੋਣ ਕਾਰਨ ਇਨਵਰਟਰ ਵੀ ਨਹੀਂ ਚੱਲ ਰਹੇ ਹਨ ਅਤੇ ਮੋਬਾਈਲ ਫੋਨ ਵੀ ਕਾਰਾਂ ਵਿੱਚ ਬੈਠ ਕੇ ਚਾਰਜ ਕਰਨੇ ਪੈ ਰਹੇ ਹਨ। ਉੱਪਰੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸੜਕਾਂ ’ਤੇ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ। ਕੰਮਕਾਜੀ ਔਰਤਾਂ ਨੂੰ ਵੱਧ ਪ੍ਰੇਸ਼ਾਨੀ ਹੋ ਰਹੀ ਹੈ। ਉਧਰ, ਟੀਡੀਆਈ ਦੇ ਵਸਨੀਕ ਪੀਕੇ ਗੁਪਤਾ, ਕੁਲਦੀਪ ਰਾਜਪੂਤ, ਸਤਨਾਮ ਸਿੰਘ, ਅਦਿੱਤਿਆ, ਚਰਨਜੀਤ ਸਿੰਘ, ਨਿਤਨਿ ਕਾਲੜਾ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਉਮਰ ਭਰ ਦੀ ਜਮ੍ਹਾ ਪੂੰਜੀ ਖ਼ਰਚ ਕਰਕੇ ਮੁਹਾਲੀ ਵਿੱਚ ਆਪਣੇ ਸੁਫਨਿਆਂ ਦੇ ਘਰ ਬਣਾਏ ਸਨ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਅਤੇ ਬਿਲਡਰ ਦੀ ਅਣਦੇਖੀ ਦੇ ਚੱਲਦਿਆਂ ਉਹ ਕਾਫ਼ੀ ਸਮੇਂ ਤੋਂ ਨਰਕ ਭੋਗ ਰਹੇ ਹਨ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਪੂਰਾ ਇਲਾਕਾ ਤਲਾਬ ਬਣਿਆ ਹੋਇਆ ਹੈ ਅਤੇ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਨੇ ਸਰਕਾਰ ਅਤੇ ਬਿਲਡਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਬੇਵ ਅਸਟੇਟ ਸੈਕਟਰ-83 ਦੇ ਵਸਨੀਕ ਵੀ ਜਲ ਨਿਕਾਸੀ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹਨ। ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ, ਐਡਵੋਕੇਟ ਡੀਐਸ ਵਿਰਕ ਅਤੇ ਅਨਿਲ ਖੰਨਾ ਨੇ ਕਿਹਾ ਕਿ ਪੂਰੇ ਇਲਾਕੇ ਵਿੱਚ ਪਾਣੀ ਭਰ ਗਿਆ ਹੈ।
ਪਾਵਰਕੌਮ ਅਧਿਕਾਰੀ ਨੂੰ ਬੰਦੀ ਬਣਾਇਆ
ਮੁਲਾਜ਼ਮ ਆਗੂ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਟੀਡੀਆਈ ਸਿਟੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬੱਤੀ ਗੁੱਲ ਹੋਣ ਕਾਰਨ ਸਥਾਨਕ ਵਸਨੀਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਮਿੰਨਤਾਂ ਤਰਲੇ ਕਰਨ ਤੋਂ ਬਾਅਦ ਜਦੋਂ ਪਾਵਰਕੌਮ ਦਾ ਐਸਡੀਓ ਮੌਕੇ ’ਤੇ ਪਹੁੰਚਿਆਂ ਤਾਂ ਪੀੜਤ ਲੋਕਾਂ ਨੇ ਉਸ ਨੂੰ ਘੇਰ ਕੇ ਕਥਿਤ ਤੌਰ ’ਤੇ ਬੰਦੀ ਬਣਾ ਲਿਆ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮਾਹੌਲ ਗਰਮਾਇਆ ਹੋਇਆ ਸੀ। ਸੈਕਟਰ ਵਾਸੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੁੰਦੀ, ਉਦੋਂ ਤੱਕ ਅਧਿਕਾਰੀ ਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ
ਐਰੋਸਿਟੀ ਮੁਹਾਲੀ ਦੇ ਵਸਨੀਕਾਂ ਵੱਲੋਂ ਸੜਕ ’ਤੇ ਚੱਕਾ ਜਾਮ
ਐਰੋਸਿਟੀ ਮੁਹਾਲੀ ਦੇ ਵਸਨੀਕਾਂ ਨੇ ਤੰਗ ਆ ਕੇ ਸੋਮਵਾਰ ਸ਼ਾਮ ਨੂੰ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਤੱਕ ਧਰਨਾ ਪ੍ਰਦਰਸ਼ਨ ਜਾਰੀ ਸੀ।