ਮੀਂਹ ਦਾ ਕਹਿਰ: ਕੰਢੀ ਨਹਿਰ ਵਿੱਚ ਤਿੰਨ ਥਾਂ ਪਾੜ ਪਿਆ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਗੜਸ਼ੰਕਰ, 5 ਜੁਲਾਈ
ਇੱਥੇ ਗੜ੍ਹਸ਼ੰਕਰ ਇਲਾਕੇ ਵਿੱਚ ਅੱਜ ਸਵੇਰ ਤੋਂ ਦੁਪਿਹਰ ਤੱਕ ਪਏ ਮੀਂਹ ਨਾਲ ਕੰਢੀ ਨਹਿਰ ਵਿੱਚ ਪਿੰਡ ਹੱਲੂਵਾਲ, ਹਾਜੀਪੁਰ ਅਤੇ ਪਿੰਡ ਚੱਕ ਰੌਂਤਾ ਵਿੱਚ ਪਾੜ ਪੈ ਗਏ। ਇਸ ਨਾਲ ਮੱਕੀ, ਝੋਨੇ ਸਮੇਤ ਕੱਦੂ, ਟਮਾਟਰ ਅਤੇ ਪੇਠੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਮੀਂਹ ਦਾ ਪਾਣੀ ਪਿੰਡ ਜੇਜੋਂ, ਗੱਜਰ, ਫ਼ਤਹਿਪੁਰ, ਕਾਂਗੜ ਕੋਠੀ, ਪਾਲੇਵਾਲ, ਖਾਨਪੁਰ, ਚੱਕ ਰੌਂਤਾ ਦੇ ਘਰਾਂ ਵਿਚ ਦਾਖ਼ਲ ਹੋ ਗਿਆ। ਜ਼ਿਕਰਯੋਗ ਹੈ ਕਿ ਇਲਾਕੇ ਦੇ ਨੀਮ ਪਹਾੜੀ ਪਿੰਡਾਂ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਕਰਕੇ ਸ਼ਿਵਾਲਿਕ ਪਹਾੜਾਂ ਤੋਂ ਨਿਕਲਦੀਆਂ ਖੱਡਾਂ ਅਤੇ ਚੌਆਂ ਦੇ ਕੁਦਰਤੀ ਰਸਤੇ ਬਦਲ ਗਏ ਹਨ। ਇਸ ਕਾਰਨ ਪਾਣੀ ਨੇ ਲੋਕਾਂ ਦਾ ਨੁਕਸਾਨ ਕੀਤਾ ਹੈ। ਜੇਜੋਂ ਦੁਆਬਾ ਨੇੜੇ ਵਗਦੇ ਚੋਅ ਵਿਚ ਦੋ ਕਾਰਾਂ ਰੁੜ੍ਹ ਗਈਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬਚਾਇਆ। ਮਾਹਿਲਪੁਰ ਦੇ ਪਿੰਡ ਕਾਂਗੜ ਕੋਠੀ ਵਿੱਚ ਪਾਲ ਰਾਮ ਪੁੱਤਰ ਬਚਨਾ ਰਾਮ ਅਤੇ ਕੇਵਲ ਰਾਮ ਪੁੱਤਰ ਸੀਬੂ ਰਾਮ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਕੰਢੀ ਕੈਨਾਲ ਵਿਭਾਗ ਦੇ ਐੱਸਡੀਓ ਤਰਨਦੀਪ ਸਿੰਘ ਨੇ ਕਿਹਾ ਕਿ ਨਹਿਰ ਦਾ ਪਾਣੀ ਬੰਦ ਕਰਵਾ ਕੇ ਅਗਲੀ ਕਾਰਵਾਈ ਜਾਰੀ ਹੈ, ਤੇ ਸਥਿਤੀ ਕਾਬੂ ਹੇਠ ਹੈ।
ਨੰਗਲ ਡਿਸਟ੍ਰੀਬਿਊਟਰੀ ਦਾ ਪਾਣੀ ਟੇਲਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਪਿਆ ਪਾੜ
ਮੁਕੇਰੀਆਂ (ਪੱਤਰ ਪ੍ਰੇਰਕ): ਕੈਨਾਲ ਮੰਡਲ ਤਲਵਾੜਾ ਅਧੀਨ ਆਉਂਦੀ ਹਾਲ ਹੀ ਵਿੱਚ ਕਰੀਬ ਦੋ ਕਰੋੜ ਖਰਚ ਕੇ ਗੁਰਦਾਸਪੁਰ ਮੰਡਲ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਬਣੀ ਨੰਗਲ ਡਿਸਟਰੀਬਿਊਟਰੀ ਦਾ ਪਾਣੀ ਟੇਲਾਂ ਤੋਂ ਪੁੱਜਣ ਤੋਂ ਪਹਿਲਾਂ ਹੀ ਕਸਬਾ ਭੰਗਾਲਾ ਕੋਲ ਨਹਿਰ ਵਿੱਚ ਹੇਠਾਂ ਨੂੰ ਪਾੜ ਪੈ ਗਿਆ। ਪਾੜ ਕਾਰਨ ਨਹਿਰੀ ਪਾਣੀ ਨੇ ਨੇੜਲੇ ਝੋਨੇ ਦੇ ਖੇਤਾਂ ਵਿੱਚ ਜਲਥਲ ਕਰ ਦਿੱਤਾ। ਉਧਰ, ਗੁਰਦਾਸਪੁਰ ਮੰਡਲ ਦੇ ਐੱਸਡੀਓ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੀਂਹ ਕਾਰਨ ਸਲੈਬਾਂ ਨਾ ਪੈਣ ਕਰਕੇ ਪਾੜ ਪਿਆ ਹੈ, ਜਿਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ। ਸ਼ਾਹ ਨਹਿਰ ਦੇ ਐੱਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਨਹਿਰ ਭਾਵੇਂ ਉਨ੍ਹਾਂ ਦੇ ਮੰਡਲ ਦੀ ਹੈ, ਪਰ ਸਬੰਧਤ ਜ਼ਿੰਮੇਵਾਰੀ ਨਿਗਰਾਨ ਅਧਿਕਾਰੀਆਂ ਦੀ ਹੀ ਬਣਦੀ ਹੈ।
ਬਰਸਾਤੀ ਨਾਲੇ ’ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਸਕੇਤੜੀ ਪਿੰਡ ਦੇ ਬਰਸਾਤੀ ਨਾਲੇ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਦੋਵੇਂ ਬੱਚੇ ਮਨੀਮਾਜਰਾ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਸਨ। ਜਾਣਕਾਰੀ ਅਨੁਸਾਰ ਅੱਜ ਸਕੇਤੜੀ ਪਿੰਡ ਦੇ ਬਰਸਾਤੀ ਨਾਲ ਵਿੱਚ ਛੇ ਬੱਚੇ ਨਹਾਉਣ ਗਏ ਸਨ। ਇਸ ਦੌਰਾਨ ਜਦੋਂ ਦੀਪਕ (16) ਅਤੇ 17 ਸਾਲ ਦਾ ਇੱਕ ਹੋਰ ਬੱਚਾ ਡੁੱਬ ਗਿਆ ਤਾਂ ਉਨ੍ਹਾਂ ਨਾਲ ਗਏ ਦੋਸਤਾਂ ਵੱਲੋਂ ਰੌਲਾ ਪਾਏ ਜਾਣ ਤੋਂ ਬਾਅਦ ਉੱਥੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਲੋਕਾਂ ਨੇ ਇਸ ਦੀ ਸੂਚਨਾ ਸਕੇਤੜੀ ਥਾਣੇ ’ਚ ਦਿੱਤੀ। ਇਸ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਐੱਨਡੀਆਰਐੱਫ ਟੀਮ ਦੀ ਮਦਦ ਨਾਲ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਸਾਤੀ ਨਾਲੇ ’ਚੋਂ ਬਾਹਰ ਕੱਢੀਆਂ।