ਮੀਂਹ ਦਾ ਕਹਿਰ: ਦਸੂਹਾ ਦੇ ਪਿੰਡਾਂ ’ਚ ਹੜ੍ਹ ਵਰਗੀ ਸਥਿਤੀ ਬਣੀ
ਭਗਵਾਨ ਦਾਸ ਸੰਦਲ
ਦਸੂਹਾ, 16 ਜੁਲਾਈ
ਇਥੇ ਲੰਘੀ ਰਾਤ ਪਈ ਭਾਰੀ ਬਾਰਿਸ਼ ਨੇ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਰਾਤ ਪਈ ਬਾਰਿਸ਼ ਦੇ ਪਾਣੀ ਨੇ ਪਿੰਡ ਘੋਗਰਾ, ਢੱਡਰਾਂ, ਮਾਖੋਵਾਲ, ਸੱਗਰਾ, ਜੀੳਚੱਕ, ਕੱਤੋਵਾਲ, ਚੌਹਾਣਾ, ਚੱਕ ਮਹਿਰਾ, ਨਰਾਇਣਗੜ, ਮੰਡ ਆਦਿ ਵਿੱਚ ਕਾਫ਼ੀ ਨੁਕਸਾਨ ਕੀਤਾ । ਪਾਣੀ ਦੇ ਲਪੇਟ ਵਿੱਚ ਆਏ ਕਰੀਬ ਦਰਜਨ ਪਿੰਡਾਂ ਵਿੱਚ ਝੋਨੇ ਦੀ ਸੈਂਕੜੇ ਏਕੜ ਫਸਲ ਡੁੱਬਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਬਾਰਿਸ਼ ਦਾ ਪਾਣੀ ਘਰਾਂ ਵਿੱਚ ਵੜ ਜਾਣ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ। ਬਾਰਿਸ਼ ਨਾਲ ਘੋਗਰਾ ਦੇ ਗੁਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਦੇ ਘਰ ਦੀ 70 ਫੁੱਟ ਲੰਬੀ ਚਾਰਦੀਵਾਰੀ ਦੀ ਕੰਧ ਡਿੱਗ ਗਈ। ਇਸ ਦੌਰਾਨ ਲੋਕ ਆਪਣੇ ਘਰਾਂ ਦਾ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਂਦੇ ਦੇਖੇ ਗਏ। ਪੀੜਤ ਰਵੀ ਕੁਮਾਰ, ਲਵਜੀਤ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ ਵਾਸੀ ਮਾਖੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਭਰਨ ਕਾਰਨ ਫਰਨੀਚਰ, ਫਰਿਜ, ਕੂਲਰ, ਅਨਾਜ ਤੇ ਘਰੇਲੂ ਸਾਮਾਨ ਤਬਾਹ ਹੋ ਗਿਆ ਹੈ । ਕਰਿਆਨਾ ਵਿਕਰੇਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਅੰਦਰ ਪਾਣੀ ਭਰਨ ਕਾਰਨ ਉਸ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਐਸਡੀਐਮ ਦਸੂਹਾ ਉਜਸਵੀ ਅਲੰਕਾਰ ਅਤੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ । ਵਿਧਾਇਕ ਘੁੰਮਣ ਵੱਲੋਂ ਪੀੜਤਾਂ ਨੂੰ ਮੁਆਵਜ਼ੇ ਦਾ ਭਰੋਸਾ ਦਿੰਦਿਆ ਕਿਹਾ ਕਿ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਸਰਕਾਰ ਦੀ ਜ਼ਿੰਮੇਦਾਰੀ ਹੈ । ਇਸ ਤੋਂ ਇਲਾਵਾ ਉਨ੍ਹਾਂ ਪੀੜਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ।
ਦਸੂਹਾ- ਹਲਕੇ ਦੇ ਤਲਵਾੜਾ ਸਥਿਤ ਬੀਬੀਐੱਮਬੀ ਪੌਂਗ ਡੈਮ ਤੋਂ ਅੱਜ ਬਾਅਦ ਦੁਪਿਹਰ 4 ਵਜੇ ਪਾਣੀ ਛੱਡਿਆ ਗਿਆ। ਇਸ ਨਾਲ ਹਲਕੇ ਦੇ ਨੀਵੇਂ ਪਿੰਡਾਂ ਵਿੱਚ ਪਾਣੀ ਭਰਨ ਦਾ ਖਦਸ਼ਾ ਪੈਦਾ ਹੋ ਗਿਆ ਹੈ । ਸੂਤਰਾਂ ਮੁਤਾਬਕ ਪੌਂਗ ਡੈਮ ਤੋਂ 22,300 ਕਿਊਸਿਕ ਪਾਣੀ ਛੱਡਿਆ ਜਾਵੇਗਾ ਜੋ ਸ਼ਾਹ ਨਹਿਰ ਬੇਰਾਜ ਤੋਂ ਬਿਆਸ ਵਿੱਚ 10800 ਅਤੇ 11500 ਮੁਕੇਰੀਆ ਹਾਈਡਲ ਕਿਊਸਿਕ ਛੱਡਿਆ ਜਾਵੇਗਾ। ਇਸ ਦੇ ਚੱਲਦਿਆ ਐਸਡੀਐਮ ਦਸੂਹਾ ਉਜਸਵੀ ਅਲੰਕਾਰ ਨੇ ਦਰਿਆ ਨੇੜਲੀ ਵਸੋਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ।