ਗੜੋਲੀਆਂ ਵਿੱਚ ਬੁਖ਼ਾਰ ਦਾ ਕਹਿਰ, ਦੋ ਹਫ਼ਤਿਆਂ ’ਚ ਚਾਰ ਮੌਤਾਂ
ਕਰਮਜੀਤ ਸਿੰਘ ਚਿੱਲਾ
ਬਨੂੜ, 7 ਅਕਤੂਬਰ
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਖੇੜਾ ਬਲਾਕ ਅਧੀਨ ਪੈਂਦੇ ਨਜ਼ਦੀਕੀ ਪਿੰਡ ਗੜੋਲੀਆਂ ਵਿਚ ਬੁਖ਼ਾਰ ਕਹਿਰ ਢਾਅ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਪਿੰਡ ਵਿੱਚ ਬੁਖ਼ਾਰ ਨਾਲ ਚਾਰ ਮੌਤਾਂ ਹੋ ਚੁੱਕੀਆਂ ਹਨ। ਪਿੰਡ ਕਈ ਵਸਨੀਕ ਬੁਖ਼ਾਰ ਤੋਂ ਪੀੜਤ ਹਨ ਅਤੇ ਕਈ ਮਰੀਜ਼ ਹਸਪਤਾਲਾਂ ਵਿਚ ਵੀ ਦਾਖ਼ਲ ਹਨ। ਪਿੰਡ ਵਾਸੀਆਂ ਅਨੁਸਾਰ ਸਾਰਿਆਂ ਨੂੰ ਪਹਿਲਾਂ ਤੇਜ਼ ਬੁਖ਼ਾਰ ਹੋਇਆ ਅਤੇ ਫਿਰ ਪਲੇਟਲੈਟਸ ਘਟ ਗਏ। ਜਿਸ ਮਗਰੋਂ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਪਿੰਡ ਦੇ ਚਾਰ ਵਸਨੀਕਾਂ ਨੇ ਦਮ ਤੋੜ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੁਖ਼ਾਰ ਡੇਂਗੂ ਹੈ। ਇੱਥੇ ਹਰ ਵਰ੍ਹੇ ਹੀ ਵੱਡੀ ਪੱਧਰ ਤੇ ਡੇਂਗੂ ਫੈਲਦਾ ਹੈ। ਪਿੰਡ ਦੇ ਜਿਨ੍ਹਾਂ ਮਰੀਜ਼ਾਂ ਦੀ ਬੁਖ਼ਾਰ ਨੇ ਜਾਨ ਲਈ ਉਨ੍ਹਾਂ ਵਿੱਚ ਪਾਲੇ ਖਾਨ (55) ਸੁਰਿੰਦਰ ਕੌਰ (60), ਜਸਵਿੰਦਰ ਕੌਰ (62) ਅਤੇ 35 ਵਰ੍ਹਿਆਂ ਦੀ ਇੱਕ ਹੋਰ ਮਹਿਲਾ ਸ਼ਾਮਲ ਹੈ। ਪਿੰਡ ਵਸਨੀਆਂ ਨੇ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਪਿੰਡ ਵਿੱਚ ਡੇਂਗੂ ਦੇ ਬਚਾਅ ਲਈ ਤੁਰੰਤ ਫੋਗਿੰਗ ਕਰਾਉਣ, ਮਰੀਜ਼ਾਂ ਦੇ ਇਲਾਜ ਲਈ ਡਾਕਟਰੀ ਟੀਮਾਂ ਭੇਜਣ ਦੀ ਮੰਗ ਕੀਤੀ ਹੈ।
ਮੇਰੇ ਧਿਆਨ ਵਿੱਚ ਕੋਈ ਮਾਮਲਾ ਨਹੀਂ ਆਇਆ: ਸਿਵਲ ਸਰਜਨ
ਫ਼ਤਹਿਗੜ੍ਹ ਸਾਹਿਬ ਦੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਪਿੰਡ ਗੜੋਲੀਆਂ ਵਿਖੇ ਡੇਂਗੂ ਬੁਖ਼ਾਰ ਨਾਲ ਹੋਈਆਂ ਚਾਰ ਮੌਤਾਂ ਬਾਰੇ ਉਨ੍ਹਾਂ ਨੂੰ ਹਾਲੇ ਤੱਕ ਕੋਈ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦਾ ਕਾਰਨ ਡੇਂਗੂ ਦੀ ਥਾਂ ਕੋਈ ਹੋਰ ਬੁਖ਼ਾਰ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਿੰਡ ਵਿੱਚ ਸਿਹਤ ਕਰਮੀਆਂ ਦੀ ਟੀਮ ਭੇਜ ਕੇ ਸਰਵੇਅ ਕਰਾਉਣਗੇ। ਪਿੰਡ ਵਾਸੀਆਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।