ਬੁੱਢੇ ਨਾਲੇ ਦਾ ਕਹਿਰ: 300 ਝੁੱਗੀਆਂ ਵਿੱਚ ਵੜਿਆ ਪਾਣੀ
ਗਗਨਦੀਪ ਅਰੋੜਾ
ਲੁਧਿਆਣਾ, 12 ਜੁਲਾਈ
ਸ਼ਹਿਰ ’ਚ ਬੁੱਢਾ ਨਾਲਾ ਰਿਹਾਇਸ਼ੀ ਇਲਾਕਿਆਂ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਦੇਰ ਰਾਤ ਬੁੱਢਾ ਦਰਿਆ ਅਚਾਨਕ ਓਵਰਫਲੋਅ ਹੋ ਗਿਆ ਤੇ ਇੱਕ ਦਨਿ ’ਚ 6 ਇੰਚ ਤੱਕ ਇਸ ’ਚ ਪਾਣੀ ਵੱਧ ਗਿਆ।
ਪਾਣੀ ਵਧਣ ਕਾਰਨ ਜਿੱਥੇ 250 ਤੋਂ ਲੈ ਕੇ 300 ਝੁੱਗੀਆਂ ਇੱਕ ਵਾਰ ਫਿਰ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਈਆਂ, ਉਥੇ ਪਾਣੀ ਸੜਕਾਂ ’ਤੇ ਆ ਗਿਆ। ਬੁੱਢਾ ਦਰਿਆ ’ਚੋਂ ਪਾਣੀ ਦੇਰ ਰਾਤ ਨੂੰ ਇੰਨੀ ਤੇਜ਼ੀ ਨਾਲ ਬਾਹਰ ਆਇਆ ਕਿ ਝੁੱਗੀ ਵਾਲ਼ਿਆਂ ਨੂੰ ਆਪਣੀ ਜਾਨ ਬਚਾ ਕੇ ਉਥੋਂ ਭੱਜਣਾ ਪਿਆ ਤੇ ਸੜਕ ਦੇ ਦੂਸਰੇ ਪਾਸੇ ਜਾ ਕੇ ਉਨ੍ਹਾਂ ਨੇ ਆਪਣਾ ਸਾਮਾਨ ਰੱਖਿਆ। ਕੇਂਦਰੀ ਜੇਲ੍ਹ ਦੇ ਸਾਹਮਣੇ ਸ੍ਰੀ ਬਾਲਾ ਜੀ ਪੁਲੀ ਕੋਲ 2-3 ਥਾਂਵਾਂ ਤੋਂ ਬੰਨ੍ਹ ਟੁੱਟ ਗਿਆ, ਜਿਸ ਕਾਰਨ ਪਾਣੀ ਕਾਫ਼ੀ ਤੇਜ਼ੀ ਨਾਲ ਸੜਕਾਂ ’ਤੇ ਆ ਗਿਆ। ਉਥੇ ਮੌਜੂਦ ਨਗਰ ਨਿਗਮ ਦੀਆਂ ਟੀਮਾਂ ਨੇ ਤੁਰੰਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਮਿੱਟੀ ਦੀ ਢੇਰੀ ਲਾ ਕੇ ਬੰਨ੍ਹ ਬਣਾਇਆ। ਇਸ ਦੌਰਾਨ ਐਸਟੀਪੀ ਪਲਾਂਟ ’ਚ ਵੀ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਪ੍ਰਸ਼ਾਸਨ ਦੀ ਚਿੰਤਾ ਹੋਰ ਵੱਧ ਗਈ। ਐਸਟੀਪੀ ਪਲਾਂਟ ਦੇ ਬਾਹਰ ਵੀ ਬੋਰੀਆਂ ਤੇ ਮਿੱਟੀ ਪਾ ਕੇ ਬੰਨ੍ਹ ਬਣਾ ਪਾਣੀ ਰੋਕਿਆ ਗਿਆ। ਉਦੋਂ ਤੱਕ ਐਸਟੀਪੀ ਪਲਾਂਟ ’ਚ ਪਾਣੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੋ ਚੁੱਕੀ ਸੀ। ਸਿਟੀ ਬੱਸ ਡਿਪੂ ਵੱਲ ਜਾਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ। ਪੁਲੀਸ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ, ਜਿਸ ਨਾਲ ਆਮ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਹੋਈ। ਬੁੱਢਾ ਦਰਿਆ ਇਸ ਸਮੇਂ ਆਪਣੇ ਭਿਆਨਕ ਰੂਪ ’ਚ ਹੈ, ਜਿਸ ਕਾਰਨ ਕਈ ਇਲਾਕਿਆਂ ਨੂੰ ਮਾਰ ਝੱਲਣੀ ਪਈ ਹੈ।
ਸਭ ਤੋਂ ਜ਼ਿਆਦਾ ਮਾਰ ਬੁੱਢਾ ਦਰਿਆ ਦੀ ਜਿਸ ਨੂੰ ਪਈ ਹੈ ਤੇ ਉਹ ਹੈ ਹਲਕਾ ਪੂਰਬੀ। ਪੁਨੀਤ ਨਗਰ ਜਾਣ ਵਾਲੇ ਰਸਤੇ ’ਤੇ ਪਲਾਟ ’ਚ ਵੀ ਪਾਣੀ ਆ ਗਿਆ ਤੇ ਰਾਤ ਨੂੰ ਝੁੱਗੀ ਵਾਲੇ ਸੜਕ ਕਨਿਾਰੇ ਆ ਗਏ। ਹਾਲਾਂਕਿ ਪੁਨੀਤ ਨਗਰ ਇਲਾਕੇ ਦੇ ਕੁਝ ਲੋਕਾਂ ਨੇ ਦੇਰ ਰਾਤ ਨੂੰ ਜਦੋਂ ਪਾਣੀ ਬਾਹਰ ਆਉਣ ਦੀ ਫਿਰਾਕ ’ਚ ਸੀ ਤਾਂ ਪਹਿਲਾਂ ਹੀ ਮਿੱਟੀ ਦੀਆਂ ਬੋਰੀਆਂ ਦਾ ਬੰਨ੍ਹ ਬਣਾ ਦਿੱਤਾ ਸੀ, ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ। ਪਾਣੀ ਨਾਲੇ ਦੇ ਨਾਲ ਵਸੀ ਕਲੋਨੀ ਵਿਜੇ ਨਗਰ ’ਚ ਦਾਖਲ ਹੋ ਗਿਆ ਤੇ ਲੋਕਾਂ ਦੇ ਘਰਾਂ ’ਚ ਵੀ ਚਲਾ ਗਿਆ। ਇਸ ਤੋਂ ਇਲਾਵਾ ਪਾਣੀ ਬੁੱਢਾ ਦਰਿਆ ਕਨਿਾਰੇ ਡੇਅਰੀਆਂ ’ਚ ਦਾਖਲ ਹੋ ਗਿਆ।
ਤਾਜਪੁਰ ਰੋਡ ਇਲਾਕੇ ’ਚ ਲੋਕਾਂ ਦੀ ਸੁਰੱਖਿਆ ’ਚ ਲੱਗੀ ਪੁਲੀਸ ਦੀ ਚੌਂਕੀ ਵੀ ਪਾਣੀ ’ਚ ਡੁੱਬ ਗਈ। ਡਵੀਜ਼ਨ ਨੰ. 7 ਅਧੀਨ ਆਉਣ ਵਾਲੀ ਪੁਲੀਸ ਚੌਂਕੀ ਤਾਜਪੁਰ ਦੇ ਕਰਮੀ ਲੋਕਾਂ ਦੀ ਸੁਰੱਖਿਆ ’ਚ ਲੱਗੇ ਰਹੇ।