ਕਣਕ ਦੀ ਪੁੰਗਰਦੀ ਫ਼ਸਲ ’ਤੇ ਉੱਲੀ ਰੋਗ ਤੇ ਸੁੰਡੀ ਦਾ ਹਮਲਾ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਨਵੰਬਰ
ਇਥੇ ਇਲਾਕੇ ਵਿੱਚ ਕਈ ਥਾਈਂ ਨਵੀਂ ਬੀਜੀ ਕਣਕ ਦੀ ਫਸਲ ਨੂੰ ਸੁੰਡੀ ਤੇ ਉੱਲੀ ਦੀ ਬਿਮਾਰੀ ਲੱਗ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਫਸਲ ਵਾਹੁਣੀ ਪਈ ਹੈ। ਨੇੜਲੇ ਪਿੰਡ ਤੱਖਰਾਂ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 17 ਏਕੜ ਕਣਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਪਰਾਲੀ ਸਾੜੇ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਸੀ। ਪਰ ਕੁਝ ਦਿਨਾਂ ਬਾਅਦ ਕਣਕ ਦੇ ਬੂਟੇ ਨੇ ਵਧਣਾ ਬੰਦ ਕਰ ਦਿੱਤਾ ਤੇ ਜਦੋਂ ਬੂਟਾ ਪੁੱਟ ਕੇ ਵੇਖਿਆ ਤਾਂ ਜੜ੍ਹ ਵਿੱਚ ਸੁੰਡੀ ਤੇ ਉੱਲੀ ਅੱਗੀ ਹੋਈ ਸੀ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਇਸ ਵਾਰ ਸਰਕਾਰ ਦੀ ਸਖ਼ਤੀ ਕਾਰਨ ਉਸ ਨੇ ਸਾੜਨ ਦੀ ਥਾਂ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਸੀ ਜਿਸ ਕਾਰਨ ਇਹ ਬਿਮਾਰੀ ਪਈ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ’ਤੇ ਉਸ ਦਾ ਕਰੀਬ 8 ਤੋਂ 10 ਹਜ਼ਾਰ ਪ੍ਰਤੀ ਏਕੜ ਖਰਚ ਆਇਆ ਹੈ ਪਰ ਹੁਣ ਉਸ ਨੂੰ ਮਜਬੂਰਨ ਫਸਲ ਵਾਹ ਕੇ ਮੁੜ ਬਿਜਾਈ ਕਰਨੀ ਪਵੇਗੀ। ਇਸ ਸਾਰੇ ਘਟਨਾਕ੍ਰਮ ਕਰਕੇ ਉਸ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਤੇ ਹੁਣ ਮੁੜ ਬਿਜਾਈ ਵੇਲੇ ਵੀ ਉਸ ਨੂੰ ਕਾਫ਼ੀ ਖਰਚਾ ਕਰਨਾ ਪਵੇਗਾ। ਉਸ ਨੇ ਖਦਸ਼ਾ ਜਤਾਇਆ ਹੈ ਕਿ ਮੁੜ ਬਿਜਾਈ ਮਗਰੋਂ ਵੀ ਫਸਲ ਦਾ ਝਾੜ ਪਹਿਲਾਂ ਨਾਲੋਂ ਘੱਟ ਨਿਕਲੇਗਾ ਜਿਸ ਕਰਕੇ ਇਹ ਫ਼ਲਸ ਉਸ ਲਈ ਬੇਹੱਦ ਘਾਟੇ ਵਾਲਾ ਸੌਦਾ ਸਾਬਤ ਹੋਵੇਗੀ। ਇਸ ਤੋਂ ਇਲਾਵਾ ਪਿੰਡ ਤੱਖਰਾਂ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ 6 ਏਕੜ ਕਣਕ ਦੀ ਫ਼ਸਲ ਨੂੰ ਇਹੀ ਬਿਮਾਰੀ ਪਈ ਹੈ ਤੇ ਉਸ ਨੇ ਵੀ ਫਸਲ ਵਾਹ ਕੇ ਦੁਬਾਰਾ ਬੀਜੀ ਹੈ। ਇਸ ਤੋਂ ਇਲਾਵਾ ਕਿਸਾਨ ਨਾਇਬ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਨਵੀਂ ਬੀਜੀ ਫਸਲ ਨੂੰ ਸੁੰਡੀ ਤੇ ਫੰਗਸ ਦੀ ਬਿਮਾਰੀ ਪੈਣ ਕਾਰਨ ਉਸ ਨੇ ਵੀ ਮਜਬੂਰਨ ਫਸਲ ਵਾਹ ਦਿੱਤੀ ਹੈ। ਕਿਸਾਨਾਂ ਨੇ ਦੱਸਿਆ ਕਿ ਰਾਣਵਾਂ, ਤੱਖਰਾਂ ਤੇ ਆਲੇ-ਦੁਆਲੇ ਦੇ ਹੋਰ ਪਿੰਡਾਂ ਵਿੱਚ ਵੀ ਨਵੀਂ ਬੀਜੀ ਕਣਕ ਨੂੰ ਬਿਮਾਰੀ ਲੱਗ ਗਈ ਹੈ ਜਿਸ ਦਾ ਮੁੱਖ ਕਾਰਨ ਖੇਤਾਂ ਵਿਚ ਪਰਾਲੀ ਵਾਹ ਕੇ ਕੀਤੀ ਬਿਜਾਈ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਇਸ ਕਾਰਨ ਹੋਏ ਉਨ੍ਹਾਂ ਦੇ ਨੁਕਸਾਨ ਲਈ ਸਰਕਾਰ ਮੁਆਵਜ਼ਾ ਜਾਰੀ ਕਰੇ।
ਕੇਸ ਦਰਜ ਕਰਨ ਵਾਲੇ ਅਧਿਕਾਰੀ ਹੁਣ ਕਿੱਥੇ ਹਨ: ਕਿਸਾਨ ਆਗੂ
ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਹਰਦੀਪ ਸਿੰਘ ਰਾਣਵਾਂ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸੈਟੇਲਾਈਟ ਫੁਟੇਜ ਰਾਹੀਂ ਕਾਰਵਾਈ ਕਰਨ ਲਈ ਪਹੁੰਚਣ ਵਾਲੇ ਅਧਿਕਾਰੀ ਇਸ ਵੇਲੇ ਕਿੱਥੇ ਹਨ ਜਦੋਂ ਕਿਸਾਨ ਬਿਮਾਰੀ ਪੈਣ ਕਾਰਨ ਆਪਣੀ ਨਵੀਂ ਬੀਜੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਹੁਣ ਕੋਈ ਵੀ ਅਧਿਕਾਰੀ ਸਾਰ ਲੈਣ ਕਿਉਂ ਨਹੀਂ ਪੁੱਜ ਰਿਹਾ। ਉਨ੍ਹਾਂ ਕਿਹਾ ਕਿ ਹੁਣ ਬਿਮਾਰੀ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦਾ ਪਤਾ ਲਗਾਉਣ ਲਈ ਕੋਈ ਅਧਿਕਾਰੀ ਇਥੇ ਨਹੀਂ ਪੁੱਜ ਰਿਹਾ ਜਦਕਿ ਕਿਸਾਨਾਂ ਨੇ ਸਰਕਾਰ ਦੀ ਹਦਾਇਤ ਅਨੁਸਾਰ ਹੀ ਫ਼ਸਲ ਬੀਜੀ ਹੈ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉਸਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ।
ਕੀ ਕਹਿਣਾ ਹੈ ਖੇਤੀਬਾੜੀ ਵਿਭਾਗ ਦਾ
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗਗਨਦੀਪ ਨੇ ਕਿਹਾ ਕਿ ਨਵੀਂ ਬੀਜੀ ਕਣਕ ਦੀ ਫਸਲ ਨੂੰ ਬਿਮਾਰੀ ਪੈਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਹਾਲੇ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਉਹ ਤੁਰੰਤ ਪਿੰਡ ਰਾਣਵਾਂ ਤੇ ਤੱਖਰਾਂ ਦਾ ਦੌਰਾ ਕਰਨਗੇ ਤੇ ਖੇਤਾਂ ਵਿਚ ਜਾ ਕੇ ਜਾਇਜ਼ਾ ਲੈਣਗੇ ਕਿ ਇਹ ਬਿਮਾਰੀ ਕਿਉਂ ਪੈ ਰਹੀ ਹੈ।