ਸ਼ਾਹਬਾਦ ਕਾਰ ਹਾਦਸੇ ਦਾ ਸ਼ਿਕਾਰ ਪਿਓ ਤੇ ਧੀਆਂ ਦਾ ਸਸਕਾਰ
ਆਤਿਸ਼ ਗੁਪਤਾ
ਚੰਡੀਗੜ੍ਹ, 4 ਨਵੰਬਰ
ਹਰਿਆਣਾ ਦੇ ਸ਼ਾਹਬਾਦ ਨੇੜੇ ਦਿੱਲੀ-ਅੰਬਾਲਾ ਕੌਮੀ ਸ਼ਾਹਰਾਹ ’ਤੇ ਬੀਤੇ ਦਿਨੀਂ ਇਕ ਚੱਲਦੀ ਅਰਟਿਗਾ ਕਾਰ ਵਿੱਚ ਸਪਾਰਕਿੰਗ ਹੋਣ ਕਾਰਨ ਅੱਗ ਲੱਗਣ ’ਤੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਗਈ ਸੀ। ਮ੍ਰਿਤਕਾਂ ਵਿੱਚ ਪਿਤਾ ਸੰਦੀਪ ਕੁਮਾਰ (37) ਅਤੇ ਉਸ ਦੀਆਂ ਦੋ ਧੀਆਂ ਪਰੀ (6) ਤੇ ਖੁਸ਼ੀ (10) ਸ਼ਾਮਲ ਸਨ। ਇਨ੍ਹਾਂ ਤਿੰਨੋਂ ਜੀਆਂ ਦਾ ਅੱਜ ਚੰਡੀਗੜ੍ਹ ਦੇ ਸੈਕਟਰ-25 ਵਿੱਚ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਸੰਦੀਪ ਦੇ ਭਰਾ ਸੁਸ਼ੀਲ ਕੁਮਾਰ ਨੇ ਤਿੰਨੋਂ ਚਿਖਾਵਾਂ ਨੂੰ ਅਗਨੀ ਦਿਖਾਈ।
ਇਸ ਮੌਕੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਨਾਲ-ਨਾਲ ਵੱਡੀ ਗਿਣਤੀ ਸ਼ਹਿਰ ਵਾਸੀ ਅਤੇ ਸਿਆਸੀ ਤੇ ਸਮਾਜਿਕ ਲੋਕ ਮੌਜੂਦ ਸਨ। ਸਾਰਿਆਂ ਵੱਲੋਂ ਮ੍ਰਿਤਕ ਸੰਦੀਪ ਕੁਮਾਰ ਤੇ ਉਸ ਦੀਆਂ ਦੋਵੇਂ ਧੀਆਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਹਾਦਸੇ ਦਾ ਸ਼ਿਕਾਰ ਦੋਵੇਂ ਬੱਚੀਆਂ ਸੈਕਟਰ-26 ਸਥਿਤ ਸੈਕਰੇਡ ਹਾਰਟ ਸਕੂਲ ਵਿੱਚ ਪੜ੍ਹਦੀਆਂ ਸਨ। ਸਕੂਲ ਪ੍ਰਬੰਧਕਾਂ ਨੇ ਦੋਵੇਂ ਬੱਚੀਆਂ ਦੀ ਮੌਤ ਦੇ ਅਫ਼ਸੋਸ ਵਜੋਂ ਅੱਜ ਸਕੂਲ ਵਿੱਚ ਛੁੱਟੀ ਕਰ ਦਿੱਤੀ ਅਤੇ ਸਕੂਲ ਦੇ ਸਮੂਹ ਅਧਿਆਪਕ ਤੇ ਪ੍ਰਬੰਧਕ ਬੱਚੀਆਂ ਤੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਦੱਸਣਯੋਗ ਹੈ ਕਿ ਮ੍ਰਿਤਕ ਸੰਦੀਪ ਕੁਮਾਰ ਚੰਡੀਗੜ੍ਹ ਯੁਨੀਵਰਸਿਟੀ ਵਿੱਚ ਪ੍ਰੋਫੈਸਰ ਸੀ। ਸੰਦੀਪ ਕੁਮਾਰ ਸੋਨੀਪਤ ਦਾ ਰਹਿਣ ਵਾਲਾ ਸੀ ਜੋ ਕਿ ਆਪਣੇ ਪਰਿਵਾਰ ਨਾਲ ਦੀਵਾਲ ਮਨਾਉਣ ਲਈ ਉੱਥੇ ਗਿਆ ਹੋਇਆ ਸੀ। ਉਹ ਸ਼ਨਿਚਰਵਾਰ ਨੂੰ ਦੇਰ ਰਾਤ ਦੀਵਾਲੀ ਮਨਾ ਕੇ ਆਪਣੇ ਪਰਿਵਾਰ ਦੇ ਨਾਲ ਕਾਰ ਵਿੱਚ ਚੰਡੀਗੜ੍ਹ ਵਾਪਸ ਆ ਰਿਹਾ ਸੀ। ਉਸ ਸਮੇਂ ਕਾਰ ਵਿੱਚ ਪਰਿਵਾਰ ਦੇ ਅੱਠ ਮੈਂਬਰ ਸਵਾਰ ਸਨ। ਰਾਤ ਨੂੰ 11 ਵਜੇ ਦੇ ਕਰੀਬ ਜਦੋਂ ਉਹ ਸ਼ਾਹਬਾਦ ਨੇੜੇ ਪੁੱਜੇ ਤਾਂ ਚੱਲਦੀ ਅਰਟਿਗਾ ਕਾਰ ਵਿੱਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ। ਉੱਥੇ ਮੌਜੂਦ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਸੰਦੀਪ ਕੁਮਾਰ ਅਤੇ ਉਸ ਦੀਆਂ ਧੀਆਂ ਪਰੀ ਤੇ ਖੁਸ਼ੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਮਾਂ, ਪਤਨੀ ਤੇ ਭਰਜਾਈ ਪੀਜੀਆਈ ਵਿੱਚ ਜ਼ੇਰੇ ਇਲਾਜ
ਸ਼ਾਹਬਾਦ ਨੇੜੇ ਕਾਰ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਵਿੱਚੋਂ ਤਿੰਨ ਮੈਂਬਰਾਂ ਮ੍ਰਿਤਕ ਸੰਦੀਪ ਦੀ ਮਾਂ ਸੁਦੇਸ਼ (57), ਪਤਨੀ ਲਕਸ਼ਮੀ (35) ਅਤੇ ਭਰਜਾਈ ਆਰਤੀ (32) ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹਾਲਾਂਕਿ, ਸੰਦੀਪ ਦੇ ਭਰਾ ਸੁਸ਼ੀਲ ਕੁਮਾਰ ਤੇ ਭਤੀਜੇ ਯਸ਼ ਨੂੰ ਮਾਮੂਲੀ ਸੱਟਾ ਵੱਜੀਆਂ।ੇ ਭਰਜਾਈ ਆਰਤੀ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੀ ਸਿਹਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ। ਪੀਜੀਆਈ ਦੇ ਡਾਕਟਰਾਂ ਵੱਲੋਂ ਤਿੰਨੋਂ ਮਰੀਜ਼ਾਂ ਬਾਰੇ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।