ਪੰਡਤ ਜਸਰਾਜ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਮੁੰਬਈ, 20 ਅਗਸਤ
ਭਾਰਤੀ ਸ਼ਾਸਤਰੀ ਗਾਇਕ ਪੰਡਤ ਜਸਰਾਜ ਦਾ ਅੱਜ ਊਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਦੀ ਹਾਜ਼ਰੀ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਨਿਊ ਜਰਸੀ, ਅਮਰੀਕਾ ਵਿੱਚ ਸਥਿਤ ਊਨ੍ਹਾਂ ਦੇ ਘਰ ’ਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਸੰਗੀਤ ਦੀ ਦੁਨੀਆ ਦੀ ਊੱਘੀ ਸ਼ਖ਼ਸੀਅਤ ਪੰਡਤ ਜਸਰਾਜ ਜੋ ਮੇਵਾਤੀ ਘਰਾਨੇ ਨਾਲ ਸਬੰਧਤ ਸਨ, ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ। ਕਰੋਨਾਵਾਇਰਸ ਦੇ ਮੱਦੇਨਜ਼ਰ ਜਦੋਂ ਲੌਕਡਾਊਨ ਐਲਾਨਿਆ ਗਿਆ ਤਾਂ ਊਦੋਂ ਊਹ ਅਮਰੀਕਾ ਵਿੱਚ ਸਨ ਅਤੇ ਊਨ੍ਹਾਂ ਨੇ ਊਸੇ ਦੇਸ਼ ਵਿੱਚ ਰਹਿਣ ਦਾ ਫ਼ੈਸਲਾ ਲਿਆ। ਪਾਰਲੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਪੰਡਤ ਜਸਰਾਜ ਦੇ ਪੁੱਤਰ ਸ਼ਾਰੰਗ ਦੇਵ ਪੰਡਤ ਨੇ ਆਖ਼ਰੀ ਰਸਮਾਂ ਪੂਰੀਆਂ ਕੀਤੀਆਂ। ਊਪਰੰਤ 21 ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਕਰੋਨਾਵਾਇਰਸ ਦੇ ਮੱਦੇਨਜ਼ਰ ਸ਼ਮਸ਼ਾਨਘਾਟ ਵਿੱਚ ਸਿਰਫ਼ 25-30 ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਪਰਿਵਾਰ ਦੇ ਮੀਡੀਆ ਕੋਆਰਡੀਨੇਟਰ ਪ੍ਰੀਤਮ ਸ਼ਰਮਾ ਅਨੁਸਾਰ ਪੰਡਤ ਜਸਰਾਜ ਦੇ ਅੰਤਿਮ ਸੰਸਕਾਰ ਮੌਕੇ ਊਨ੍ਹਾਂ ਦੀ ਪੋਤੀ ਸ਼ਵੇਤਾ ਪੰਡਤ, ਸੰਗੀਤਕਾਰ ਜਤਿਨ ਪੰਡਤ, ਗਾਇਕ ਅਨੂਪ ਜਲੋਟਾ, ਕੈਲਾਸ਼ ਖੈਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਤੋਂ ਪਹਿਲਾਂ ਕੌਮੀ ਝੰਡੇ ਵਿੱਚ ਲਪੇਟ ਕੇ ਪੰਡਤ ਜਸਰਾਜ ਦੀ ਮ੍ਰਿਤਕ ਦੇਹ ਊਨ੍ਹਾਂ ਦੇ ਵਰਸੋਵਾ ਸਥਿਤ ਘਰ ਵਿੱਚ ‘ਦਰਸ਼ਨਾਂ’ ਲਈ ਰੱਖੀ ਗਈ। ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ, ਗਾਇਕ ਸ਼੍ਰੇਆ ਘੋਸ਼ਾਲ, ਪੰਡਤ ਰੋਨੂੰ ਮਜੂਮਦਾਰ ਅਤੇ ਸੰਗੀਤ ਤੇ ਫਿਲਮ ਜਗਤ ਦੀਆਂ ਹੋਰ ਊੱਘੀਆਂ ਸ਼ਖ਼ਸੀਅਤਾਂ ਵੱਲੋਂ ਪੰਡਤ ਜਸਰਾਜ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
-ਪੀਟੀਆਈ