ਘੱਗਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਫੰਡ ਜਾਰੀ: ਚੌਧਰੀ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਦਸੰਬਰ
ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਲਿਖਤੀ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਕੌਮੀ ਨਦੀ ਸੰਭਾਲ ਯੋਜਨਾ ਤਹਿਤ ਪੰਜਾਬ ਦੇ ਘੱਗਰ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਦਮ ਉਠਾਏ ਗਏ ਹਨ। ਇਸ ਤਹਿਤ 57.11 ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ ਅਤੇ ਸਤਲੁਜ ਤੇ ਬਿਆਸ ਦਰਿਆ ਲਈ 483.53 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਹੈ। ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸੰਧੂ ਵੱਲੋਂ ਪੰਜਾਬ ਦੇ ਦਰਿਆਵਾਂ ਦੇ ਬਚਾਅ ਹਿਤ ਕੇਂਦਰ ਦੀਆਂ ਪਹਿਲਕਦਮੀਆਂ ਅਤੇ ਇਨ੍ਹਾਂ ਬਾਰੇ ਜਾਰੀ ਬਜਟ ਬਾਰੇ ਲਿਖਤੀ ਸੁਆਲ ਰੱਖਿਆ ਗਿਆ ਸੀ। ਕੈਬਨਿਟ ਮੰਤਰੀ ਚੌਧਰੀ ਨੇ ਲਿਖਤੀ ਜੁਆਬ ’ਚ ਦੱਸਿਆ ਕਿ ਇਨ੍ਹਾਂ ਦਰਿਆਵਾਂ ਲਈ 648 ਐੱਮਐਲਡੀ (ਮਿਲੀਅਨ ਲਿਟਰ ਪ੍ਰਤੀ ਦਿਨ) ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਲਾਇਆ ਗਿਆ ਹੈ ਇਸ ਵਾਸਤੇ 32.61 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਘੱਗਰ ਦਰਿਆ ਦੇ ਨੇੜਲੇ ਸ਼ਹਿਰਾਂ ਦੇ ਗੰਦੇ ਪਾਣੀ ਦੇ ਹੱਲ ਲਈ 291.7 ਐੱਮਐੱਲਡੀ ਦੀ ਕੁੱਲ ਸਮਰੱਥਾ ਵਾਲੇ 28 ਐੱਸਟੀਪੀ ਸਥਾਪਤ ਕੀਤੇ ਗਏ ਹਨ ਅਤੇ 97 ਐੱਮਐੱਲਡੀ ਦੇ 15 ਐੱਸਟੀਪੀ ਲਗਾਉਣ ਦਾ ਕੰਮ ਵੱਖ-ਵੱਖ ਪੜ੍ਹਾਵਾਂ ਵਿੱਚ ਜਾਰੀ ਹੈ। ਘੱਗਰ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਸਤੇ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ 57.11 ਕਰੋੜ ਦਾ ਬਜਟ ਪਾਸ ਕੀਤਾ ਸੀ। ਕੇਂਦਰ 32.61 ਕਰੋੜ ਜਾਰੀ ਕਰ ਚੁੱਕਾ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸਤਲੁਜ ਤੇ ਬਿਆਸ ਲਈ 483.53 ਕਰੋੜ ਦਾ ਬਜਟ ਜਾਰੀ ਕੀਤਾ ਹੈ ਅਤੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਲਈ 648 ਐੱਮਐੱਲਡੀ ਦੀ ਸਮਰੱਥਾ ਵਾਲਾ ਪ੍ਰਾਜੈਕਟ ਲਗਾਇਆ ਹੈ।