ਟੋਰਾਂਟੋ ਫਿਲਮ ਫੈਸਟੀਵਲ ’ਚ ਦਸਤਾਵੇਜ਼ੀ ‘ਆਈ ਐਮ ਸੀਰਤ’ ਨੂੰ ਭਰਵਾਂ ਹੁੰਗਾਰਾ
ਟੋਰਾਂਟੋ: ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ) ’ਚ ਪ੍ਰੀਮੀਅਰ ਮਗਰੋਂ ਦੀਪਾ ਮਹਿਤਾ ਦੀ ਦਸਤਾਵੇਜ਼ੀ ‘ਆਈ ਐਮ ਸੀਰਤ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਫਿਲਮ ਦਿੱਲੀ ਦੀ ਟਰਾਂਸਜੈਂਡਰ ਮਹਿਲਾ ਦੇ ਜੀਵਨ ’ਤੇ ਆਧਾਰਤ ਹੈ। ਸਮਾਰਟਫੋਨਾਂ ’ਤੇ ਸ਼ੂਟ ਕੀਤੀ ਗਈ ਇਹ ਦਸਤਾਵੇਜ਼ੀ ਉਸ ਦੇ ਜੀਵਨ ਦੀਆਂ ਪ੍ਰੇਸ਼ਾਨੀਆਂ ਅਤੇ ਉਸ ਪ੍ਰਤੀ ਲੋਕਾਂ ਦੀ ਮਾੜੀ ਭਾਵਨਾ ਨੂੰ ਦਰਸਾਉਂਦੀ ਹੈ। ਸੀਰਤ ਨੂੰ ਔਰਤ ਵਾਂਗ ਰਹਿਣ ਦੀ ਆਪਣੀ ਇੱਛਾ ਸਿਰਫ ਇਸ ਕਰਕੇ ਦਬਾਉਣੀ ਪੈਂਦੀ ਹੈ ਤਾਂ ਜੋ ਉਸ ਦੀ ਮਾਤਾ, ਵਿਆਹੀ ਭੈਣ ਅਤੇ ਰਿਸ਼ਤੇਦਾਰ ਬਦਨਾਮ ਨਾ ਹੋਣ। ਆਪਣੀ ਮਾਤਾ ਦਾ ਇੱਕੋ-ਇੱਕ ਸਹਾਰਾ ਹੋਣ ਕਰਕੇ ਉਹ ਆਪਣੀ ਵਿਧਵਾ ਮਾਤਾ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੀ ਅਤੇ ਲੜਕੇ ਦੇ ਰੂਪ ਵਿੱਚ ਉਸ ਦੇ ਨਾਲ ਹੀ ਰਹਿੰਦੀ ਹੈ। ਦੂਜੇ ਪਾਸੇ ਉਹ ਟਰਾਂਸਜੈਂਡਰ ਮਹਿਲਾ ਦੇ ਰੂਪ ਵਿੱਚ ਰਹਿਣ ਲਈ ਇੱਕ ਕਮਰਾ ਕਿਰਾਏ ’ਤੇ ਲੈ ਲੈਂਦੀ ਹੈ। ਜਦੋਂ ਇੰਸਟਾਗ੍ਰਾਮ ’ਤੇ ਪੰਜਾਬੀ ਗੀਤਾਂ ’ਤੇ ਨੱਚ ਕੇ ਪਾਈਆਂ ਗਈਆਂ ਰੀਲਾਂ ਰਾਹੀਂ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕ ਬਣ ਜਾਂਦੇ ਹਨ ਤਾਂ ਉਸ ਦੇ ਰਿਸ਼ਤੇਦਾਰ ਉਸ ਨੂੰ ਇਹ ਸਭ ਹਟਾਉਣ ਲਈ ਮਜਬੂਰ ਕਰ ਦਿੰਦੇ ਹਨ। ਉਸ ਲਈ ਜ਼ਿੰਦਗੀ ਦਾ ਸਭ ਤੋਂ ਅਹਿਮ ਪਲ ਉਸ ਵੇਲੇ ਆਉਂਦਾ ਹੈ ਜਦੋਂ ਸਰਕਾਰੀ ਵਿਭਾਗ ਵੱਲੋਂ ਉਸ ਨੂੰ ਟੀਜੀ ਸਰਟੀਫਿਕੇਟ ਦਿੱਤਾ ਜਾਂਦਾ ਹੈ ਅਤੇ ਉਹ ਆਪਣੇ ਦੋਸਤ ਨਾਲ ਇੰਡੀਆ ਗੇਟ ’ਤੇ ਜਾ ਕੇ ਜਸ਼ਨ ਮਨਾਉਂਦੀ ਹੈ ਅਤੇ ਤਸਵੀਰਾਂ ਖਿਚਵਾਉਂਦੀ ਹੈ। ਸਕਰੀਨਿੰਗ ਤੋਂ ਬਾਅਦ ਦੀਪਾ ਮਹਿਤਾ ਨੇ ਕਿਹਾ ਉਸ ਨੇ ਸੀਰਤ ਨਾਲ ਮਿਲ ਕੇ ਇਹ ਦਸਤਾਵੇਜ਼ੀ ਬਣਾਈ ਹੈ। -ਆਈਏਐੱਨਐੱਸ