For the best experience, open
https://m.punjabitribuneonline.com
on your mobile browser.
Advertisement

‘ਭਾਰਤ ਬੰਦ’ ਨੂੰ ਪੰਜਾਬ ’ਚ ਭਰਵਾਂ ਹੁੰਗਾਰਾ

07:15 AM Feb 17, 2024 IST
‘ਭਾਰਤ ਬੰਦ’ ਨੂੰ ਪੰਜਾਬ ’ਚ ਭਰਵਾਂ ਹੁੰਗਾਰਾ
Advertisement

* ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰੂਪ-ਰੇਖਾ ਉਲੀਕਣ ਲਈ ਭਲਕੇ ਲੁਧਿਆਣਾ ਵਿੱਚ ਮੀਟਿੰਗ ਸੱਦੀ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 16 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਕੌਮੀ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ’ਤੇ ਅੱਜ ‘ਭਾਰਤ ਬੰਦ’ ਦੇ ਦਿੱਤੇ ਸੱਦੇ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਸ਼ਹਿਰਾਂ ਵਿਚ ਜ਼ਿਆਦਾਤਰ ਬਾਜ਼ਾਰ ਬੰਦ ਰਹੇ। ਬੱਸ ਅੱਡਿਆਂ ਵਿਚ ਸੁੰਨ ਪੱਸਰੀ ਰਹੀ ਅਤੇ ਛੋਟੀਆਂ ਵੱਡੀਆਂ ਸੜਕਾਂ ’ਤੇ ਕੇਂਦਰ ਸਰਕਾਰ ਖਿਲਾਫ਼ ਨਾਅਰਿਆਂ ਦੀ ਗੂੰਜ ਪੈਂਦੀ ਰਹੀ। ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਨੇ ‘ਭਾਰਤ ਬੰਦ’ ਨੂੰ ਮੁਕੰਮਲ ਰੂਪ ਵਿਚ ਸਫਲ ਬਣਾਇਆ। ਪੰਜਾਬ ਭਰ ਵਿੱਚ ਦੁਕਾਨਾਂ, ਵਪਾਰਕ ਅਦਾਰੇ, ਜਨਤਕ ਟਰਾਂਸਪੋਰਟ, ਪੈਟਰੋਲ ਪੰਪ ਅਤੇ ਸਨਅਤੀ ਅਦਾਰੇ ਬੰਦ ਰਹੇ। ਸਮਾਜ ਦੇ ਬਾਕੀ ਵਰਗਾਂ ਨੇ ਕਿਸਾਨਾਂ ਮਜ਼ਦੂਰਾਂ ਨਾਲ ਰਲ ਕੇ 180 ਦੇ ਕਰੀਬ ਥਾਵਾਂ ਉੱਤੇ ਪ੍ਰਮੁੱਖ ਸੜਕੀ ਮਾਰਗਾਂ ’ਤੇ ਧਰਨੇ ਦੇ ਕੇ ਚੱਕਾ ਜਾਮ ਕੀਤਾ। ‘ਭਾਰਤ ਬੰਦ’ ਕਰ ਕੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਧਰਨਿਆਂ ਕਾਰਨ ਟਰੈਫਿਕ ਜਾਮ ਵੀ ਲੱਗੇ।

Advertisement

ਪਟਿਆਲਾ ਵਿੱਚ ਸ਼ੁੱਕਰਵਾਰ ਨੂੰ ‘ਭਾਰਤ ਬੰਦ’ ਦੇ ਸਮਰਥਨ ਵਿੱਚ ਚੰਡੀਗੜ੍ਹ-ਪਟਿਆਲਾ ਮਾਰਗ ’ਤੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ

ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ‘ਭਾਰਤ ਬੰਦ’ ਵਿਚ ਮੁਕੰਮਲ ਸਾਥ ਦਿੱਤਾ ਜਦੋਂ ਕਿ ਬਹੁਤੇ ਸ਼ਹਿਰਾਂ ਵਿਚ ਕਾਰੋਬਾਰੀ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਅੱਜ ਛੋਟ ਦਿੱਤੀ ਹੋਈ ਸੀ। ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਨੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ 18 ਫਰਵਰੀ ਨੂੰ ਲੁਧਿਆਣਾ ਵਿੱਚ ਮੋਰਚੇ ਦੀ ਅਗਲੀ ਮੀਟਿੰਗ ਸੱਦ ਲਈ ਹੈ। ਸੂਬੇ ਵਿਚ ਰੇਲ ਆਵਾਜਾਈ ਪਹਿਲਾਂ ਵਾਂਗ ਜਾਰੀ ਰਹੀ। ਟੌਲ ਪਲਾਜ਼ੇ ਅੱਜ ਟੌਲ ਤੋਂ ਮੁਕਤ ਰਹੇ। ‘ਭਾਰਤ ਬੰਦ’ ਕਰ ਕੇ ਪੰਜਾਬ ਪੁਲੀਸ ਅੱਜ ਪੂਰੀ ਤਰ੍ਹਾਂ ਮੁਸਤੈਦ ਰਹੀ ਅਤੇ ਬੰਦ ਦਾ ਪ੍ਰੋਗਰਾਮ 12 ਵਜੇ ਤੋਂ ਚਾਰ ਵਜੇ ਤੱਕ ਚੱਲਿਆ ਜਦੋਂ ਕਿ ਪਿੰਡਾਂ ਵਿਚੋਂ ਸ਼ਹਿਰਾਂ ਨੂੰ ਹੋਣ ਵਾਲੀ ਸਪਲਾਈ ਪੂਰਾ ਦਿਨ ਰੁਕੀ ਰਹੀ। ਕਿਸਾਨ ਆਗੂਆਂ ਨੇ ਸ਼ੰਭੂ ਬਾਰਡਰ ’ਤੇ ਕਿਸਾਨ ਗਿਆਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਦੁਹਰਾਈ ਹੈ।
‘ਭਾਰਤ ਬੰਦ’ ਨੂੰ ਆੜਤੀ ਐਸੋਸੀਏਸ਼ਨਾਂ, ਟਰੱਕ ਯੂਨੀਅਨਾਂ, ਪ੍ਰਾਈਵੇਟ ਬੱਸ ਓਪਰੇਟਰਾਂ, ਪੈਟਰੋਲ ਪੰਪ ਡੀਲਰ ਐਸੋਸੀਏਸ਼ਨ, ਵਪਾਰ ਮੰਡਲ, ਖੇਤ ਅਤੇ ਪੇਂਡੂ ਮਜ਼ਦੂਰ ਜਥੇਬੰਦੀਆਂ, ਨੌਜਵਾਨ, ਵਿਦਿਆਰਥੀ, ਮਹਿਲਾ ਅਤੇ ਮੁਲਾਜ਼ਮ ਜਥੇਬੰਦੀਆਂ ਅਤੇ ਮੋਰਚਿਆਂ ਨੇ ਵੀ ਸਮਰਥਨ ਦਿੱਤਾ।
‘ਭਾਰਤ ਬੰਦ’ ਦਾ ਪ੍ਰੋਗਰਾਮ ਨਿਰੋਲ ਸਵੈ-ਇੱਛੁਕ ਸੀ। ਉਂਜ ਕਈ ਥਾਵਾਂ ’ਤੇ ਟਰੈਫਿਕ ਜਾਮ ਕਰ ਕੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ‘ਭਾਰਤ ਬੰਦ’ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ 18 ਜ਼ਿਲ੍ਹਿਆਂ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੜਕਾਂ ਜਾਮ ਅਤੇ ਟੌਲ ਪਲਾਜ਼ਿਆਂ ’ਤੇ ਧਰਨਿਆਂ ਵਿੱਚ 58 ਥਾਵਾਂ ’ਤੇ ਮਹਿਲਾਵਾਂ ਸਣੇ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਮਜ਼ਦੂਰ ਸ਼ਾਮਲ ਹੋਏ।
ਕਿਸਾਨ ਜਥੇਬੰਦੀਆਂ ਨੇ ‘ਭਾਰਤ ਬੰਦ’ ਦਾ ਸੱਦਾ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਵਿਰੁੱਧ, ਜਮਹੂਰੀ ਤੇ ਸੰਵਿਧਾਨਕ ਰਵਾਇਤਾਂ ਦੇ ਘਾਣ ਵਿਰੁੱਧ, ਕਿਸਾਨਾਂ ’ਤੇ ਜਬਰ ਵਿਰੁੱਧ, ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਖੇਤ ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ, ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਨੂੰ ਰੱਦ ਕਰਵਾਉਣ, ਚਾਰ ਲੇਬਰ ਕੋਡ ਰੱਦ ਕਰਨ, ਨਵੀਂ ਸਿੱਖਿਆ ਨੀਤੀ 2020 ਰੱਦ ਕਰਨ, ਹਿੱਟ ਐਂਡ ਰਨ ਕਾਨੂੰਨ ਰੱਦ ਕਰਨ, ਬਿਜਲੀ, ਰੇਲਵੇ ਅਤੇ ਰੱਖਿਆ ਸਮੇਤ ਜਨਤਕ ਖੇਤਰ ਦੇ ਨਿੱਜੀਕਰਨ ਵਿਰੁੱਧ, ਰੁਜ਼ਗਾਰ ਦੇ ਅਧਿਕਾਰ ਅਤੇ ਠੇਕੇਦਾਰੀ ਸਿਸਟਮ ਵਿਰੁੱਧ, 26000 ਰੁਪਏ ਘੱਟੋ ਘੱਟ ਉਜਰਤ ਦੇਣ, ਸਰਲ ਅਤੇ ਕਿਸਾਨ ਪੱਖੀ ਸਰਕਾਰੀ ਫਸਲ ਬੀਮਾ ਯੋਜਨਾ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਮੰਗਾਂ ਨੂੰ ਲੈ ਕੇ ਦਿੱਤਾ ਸੀ।
ਅੱਜ ਦੇ ‘ਭਾਰਤ ਬੰਦ’ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਵਲੋਂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ, ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ, ਸਤਨਾਮ ਸਿੰਘ ਬਹਿਰੂ, ਬੋਘ ਸਿੰਘ ਮਾਨਸਾ ਅਤੇ ਟਰੇਡ ਯੂਨੀਅਨਾਂ ਵਲੋਂ ਨਿਰਮਲ ਸਿੰਘ ਧਾਲੀਵਾਲ, ਚੰਦਰਸ਼ੇਖਰ, ਰਾਜਵਿੰਦਰ ਰਾਣਾ, ਕੁਲਵਿੰਦਰ ਸਿੰਘ ਵੜੈਚ ਆਦਿ ਨੇ ਕੀਤੀ। ਪੰਜਾਬ ਵਿੱਚ 15 ਜ਼ਿਲ੍ਹਿਆਂ ਵਿੱਚ 50 ਥਾਵਾਂ ’ਤੇ ਸੜਕੀ ਜਾਮ ਕੀਤੇ ਗਏ।

ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿਆਂਗੇ: ਉਗਰਾਹਾਂ

ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਰੁੱਧ 24 ਫਰਵਰੀ ਤੋਂ ਚੰਡੀਗੜ੍ਹ ਵਿੱਚ ਲਾਇਆ ਜਾਣ ਵਾਲਾ ਅਣਮਿਥੇ ਸਮੇਂ ਦਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਕਿਸਾਨ ਘੋਲ ਨੂੰ ਅੱਗੇ ਵਧਾਉਣ ਲਈ ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅਗਲਾ ਸੱਦਾ ਆਉਣ ਤੱਕ 17 ਤੇ 18 ਫ਼ਰਵਰੀ ਨੂੰ ਦੋ ਦਿਨ ਭਾਜਪਾ ਦੇ ਮੁੱਖ ਸੂਬਾ ਆਗੂਆਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਦਿਨ ਰਾਤ ਦੇ ਧਰਨੇ ਲਾਉਣ ਦੇ ਨਾਲ ਹੀ ਪੂਰੇ ਪੰਜਾਬ ਦੇ ਟੌਲ ਫਰੀ ਕੀਤੇ ਜਾਣਗੇ।

ਸ਼ੰਭੂ ਧਰਨੇ ਵਿੱਚ ਗੁਰਦਾਸਪੁਰ ਦੇ ਕਿਸਾਨ ਦੀ ਮੌਤ

ਹਰਿਆਣਾ ਸਰਕਾਰ ਵੱਲੋਂ ਚਾਰ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਸ਼ੰਭੂ ਬੈਰੀਅਰ ਵਿਖੇ ਰੋਕੇ ਗਏ ਕਿਸਾਨਾਂ ਵਿਚੋਂ ਅੱਜ ਇੱਕ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਿਆਨ ਸਿੰਘ (78) ਵਾਸੀ ਪਿੰਡ ਚਾਚੋਕੀ, ਜ਼ਿਲ੍ਹਾ ਗੁਰਦਾਸਪੁਰ ਵਜੋਂ ਦੱਸੀ ਗਈ ਹੈ। ਉਹ ਇਸ ਧਰਨੇ ’ਚ 14 ਫਰਵਰੀ ਤੋਂ ਹਿੱਸਾ ਲੈ ਰਿਹਾ ਸੀ। ਉਂਜ ਮੋਰਚੇ ਨੇ ਗਿਆਨ ਸਿੰਘ ਨੂੰ ਇਸ ਸੰਘਰਸ਼ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਹੈ। ਉੱਧਰ ਗਿਆਨ ਸਿੰਘ ਦੇ ਵਾਰਸਾਂ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕਰ ਦਿਤਾ ਗਿਆ ਹੈ ਜਿਸ ਮਗਰੋਂ ਕਿਸਾਨ ਭਾਈਚਾਰੇ ਨੇ ਗਿਆਨ ਸਿੰਘ ਦਾ ਭਲ਼ਕੇ 17 ਫਰਵਰੀ ਨੂੰ ਅੰਤਿਮ ਸਸਕਾਰ ਕਰਨ ਦਾ ਫੈਸਲਾ ਲਿਆ ਹੈ। ਪਿੰਡ ਚਾਚੋਕੀ ਜ਼ਿਲ੍ਹਾ ਗੁਰਦਾਸਪੁਰ ’ਚ ਉਸ ਦਾ ਸਸਕਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਆਪਣੀ ਸਾਥੀ ਕਿਸਾਨਾਂ ਨਾਲ ਟਰਾਲੀ ’ਚ ਪਏ ਗਿਆਨ ਸਿੰਘ ਨੇ ਅੱਜ ਵੱਡੇ ਤੜਕੇ ਸਾਢੇ ਕੁ ਤਿੰਨ ਵਜੇ ਅਚਾਨਕ ਹੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਜਿਸ ’ਤੇ ਉਸ ਨੂੰ ਏ.ਪੀ. ਜੈਨ ਸਿਵਲ ਹਸਪਤਾਲ ਰਾਜਪੁਰਾ ਵਿੱਚ ਲਿਜਾਇਆ ਗਿਆ। ਤਕਲੀਫ਼ ਜ਼ਿਆਦਾ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਅੱਜ ਸਵੇਰੇ ਲਗਪਗ 8 ਵਜੇ ਉਸ ਦੀ ਮੌਤ ਹੋ ਗਈ। ਡਾਕਟਰਾਂ ਦੇ ਬੋਰਡ ਵੱਲੋਂ ਦੇਰ ਸ਼ਾਮ ਗਿਆਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ।

ਦੇਸ਼ ਵਿਚ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ ਹੁੰਗਾਰਾ

ਤ੍ਰਿਚੀ ’ਚ ਭਾਰਤ ਬੰਦ ਦੌਰਾਨ ਆਵਾਜਾਈ ਰੋਕਦੇ ਹੋਏ ਤਾਮਿਲ ਨਾਡੂ ਦੇ ਕਿਸਾਨ। -ਫੋਟੋ: ਪੀਟੀਆਈ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਗੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਛੱਡ ਕੇ ‘ਭਾਰਤ ਬੰਦ’ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿਚ ਰਲਿਆ ਮਿਲਿਆ ਹੁੰਗਾਰ ਮਿਲਿਆ। ਇਸ ਸੱਦੇ ਨੂੰ ਦੇਸ਼ ਦੀਆਂ ਕਈ ਟਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ, ਵਿਦਿਆਰਥੀ ਯੂਨੀਅਨਾਂ, ਆਂਗਨਵਾੜੀ ਵਰਕਰਾਂ ਅਤੇ 400 ਤੋਂ ਵੱਧ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਹਮਾਇਤ ਸੀ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਰੱਖਿਆ ਗਿਆ। ਬੰਦ ਕਰ ਕੇ ਪੇਂਡੂ ਖੇਤਰਾਂ ਵਿੱਚੋਂ ਸ਼ਹਿਰਾਂ ਨੂੰ ਜ਼ਰੂਰੀ ਸਮਾਨ ਜਿਵੇਂ ਦੁੱਧ, ਸਬਜ਼ੀਆਂ ਤੇ ਫਲਾਂ ਦੀ ਪੂਰਤੀ ਵਿੱਚ ਰੁਕਾਵਟ ਪੈਣ ਦੀਆਂ ਰਿਪੋਰਟਾਂ ਹਨ। ਕਈ ਰਾਜਾਂ ਵਿੱਚ ਸਨਅਤੀ ਖੇਤਰ ’ਚ ਕੰਪਨੀਆਂ ਦੇ ਮਜ਼ਦੂਰਾਂ ਨੇ ਹੜਤਾਲਾਂ ਕੀਤੀਆਂ ਤੇ ਰੋਸ ਪ੍ਰਦਰਸ਼ਨ ਕੀਤੇ। ਹਰਿਆਣਾ ਦੇ ਹਿਸਾਰ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਸੇਵਾ ਮੁਕੰਮਲ ਤੌਰ ’ਤੇ ਠੱਪ ਰਹੀ। ਰੋਡਵੇਜ਼ ਮੁਲਾਜ਼ਮਾਂ ਨੇ ਬੱਸ ਸਟੈਂਡ ’ਤੇ ਰੋਸ ਮੁਜ਼ਾਹਰਾ ਕੀਤਾ। ਕੁਰੂਕਸ਼ੇਤਰ ਵਿਚ ਦੁਕਾਨਾਂ ਤੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ। ਬੀਕੇਯੂ (ਚੜੂਨੀ) ਦੇ ਮੈਂਬਰਾਂ ਨੇ ਹਰਿਆਣਾ ਦੇ ਕਈ ਟੌਲ ਪਲਾਜ਼ਿਆਂ ’ਤੇ ਧਰਨੇ ਦਿੱਤੇ। ਪੱਛਮੀ ਉੱਤਰ ਪ੍ਰਦੇਸ਼ ਵਿਚ ਬੀਕੇਯੂ ਆਗੂ ਰਾਕੇਸ਼ ਟਿਕੈਤ ਮੁਜ਼ੱਫਰਨਗਰ ਵਿਚ ਦਿੱਲੀ-ਦੇਹਰਾਦੂਨ ਕੌਮੀ ਸ਼ਾਹਰਾਹ ’ਤੇ ਬਾਗੋਵਾਲੀ ਨੇੜੇ ਦਿੱਤੇ ਧਰਨੇ ਵਿਚ ਸ਼ਾਮਲ ਹੋਏ। ਬਾਗ਼ਪਤ ਵਿਚ ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਗੁੱਜਰ ਦੀ ਅਗਵਾਈ ’ਚ ਕਿਸਾਨ ਧਰਨੇ ’ਚ ਸ਼ਾਮਲ ਹੋਏ। ਸ਼ਾਹਜਹਾਂਪੁਰ ਤੇ ਮੇਰਠ ਵਿਚ ਬੰਦ ਦਾ ਕੋਈ ਅਸਰ ਨਜ਼ਰ ਨਹੀਂ ਆਇਆ। ਰਾਜਸਥਾਨ ਦੇ ਹਨੂੰਮਾਨਗੜ੍ਹ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਪੁਲੀਸ ਨੇ ਲਾਠੀਚਾਰਜ ਮਗਰੋਂ ਪ੍ਰਦਰਸ਼ਨਕਾਰੀ ਕਿਸਾਨ ਹਿਰਾਸਤ ਵਿਚ ਲੈ ਲਏ। ਉੱਤਰ ਪ੍ਰਦੇਸ਼ ਵਿੱਚ ਸ਼ਾਮਲੀ, ਇਟਾਵਾ ਤੋਂ ਇਲਾਵਾ ਸਾਹਿਬਾਬਾਦ ਵਿੱਚ ਸਨਅਤੀ ਮਜ਼ਦੂਰਾਂ ਨੇ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਪ੍ਰਦਰਸ਼ਨ ਕੀਤੇ ਅਤੇ ਮੰਗਾਂ ਬਾਰੇ ਯਾਦ ਪੱਤਰ ਅਧਿਕਾਰੀਆਂ ਨੂੰ ਦਿੱਤੇ। ਸਾਹਿਬਾਬਾਦ ਵਿੱਚ ਸੀਟੂ ਦੇ ਕੌਮੀ ਸਕੱਤਰ ਸੁਦੀਪ ਦੱਤਾ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾਰਪੋਰੇਟਾਂ ਵੱਲੋਂ ਖੇਤੀ ਤੇ ਸਨਅਤਾਂ ਉਪਰ ਕੀਤੇ ਜਾ ਰਹੇ ਹਮਲੇ ਦੇ ਟਾਕਰੇ ਲਈ ਇੱਕ ਹੋਣ ਦਾ ਸੱਦਾ ਦਿੱਤਾ। ਉਤਰਾਖੰਡ ਦੀ ਭੂਮੀ ਬਚਾਓ ਮੁਹਿੰਮ ਦੇ ਆਗੂ ਜਗਤਾਰ ਸਿੰਘ ਬਾਜਵਾ ਨੇ ‘ਪੇਂਡੂ ਭਾਰਤ ਬੰਦ’ ਦੇ ਸੱਦੇ ਤਹਿਤ ਬਾਜਪੁਰ ਦੀ ਖੰਡ ਮਿੱਲ ਅਗੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਤੇ ਕੇਂਦਰ ਸਰਕਾਰ ਦੀ ਖੇਤੀ ਵਿਰੋਧੀ ਨੀਤੀਆਂ ਨੂੰ ਲੈ ਕੇ ਭਾਜਪਾ ਨੂੰ ਭੰਡਿਆ। ਪ੍ਰਯਾਗਰਾਜ ’ਚ ਪਾਵਰ ਹਾਊਸ ਨੇੜੇ ਕਿਸਾਨ ਮਹਾਪੰਚਾਇਤ ਕੀਤੀ। ਹਿਮਾਚਲ ਪ੍ਰਦੇਸ਼ ਵਿੱਚ ਵੀ ਕਿਸਾਨਾਂ ਤੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਕੇ ਹਾਜ਼ਰੀ ਲਵਾਈ। ਤਾਮਿਲਨਾਡੂ ਦੀ ਟੂਟੀਕੋਰਿਨ ਬੰਦਰਗਾਹ ਉੱਤੇ ਕਾਰਗੋ ਸੇਵਾ ਬੰਦ ਰਹੀ। ਸਲੀਮ ਸਟੀਲ ਸਮੇਤ ਭੇਲ (ਬੀਐੱਚਈਐੱਲ) ਕਾਰਖਾਨੇ ਦੇ 3900 ਮੁਲਾਜ਼ਮ ਹੜਤਾਲ ਉੱਤੇ ਰਹੇ। ਚੇਨੱਈ ਵਿੱਚ ਖੱਬੀਆਂ ਧਿਰਾਂ ਦੀਆਂ ਯੂਨੀਅਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ‘ਭੇਲ’ ਦੇ ਰਾਣੀਪਤ ਦੇ 1100 ਮਜ਼ਦੂਰਾਂ ਵਿਚੋਂ 800 ਤੋਂ ਵੱਧ ਮਜ਼ਦੂਰਾਂ ਨੇ ਹੜਤਾਲ ਕੀਤੀ। ਕੇਰਲਾ ਦੇ ਇਰਨਾਕੁਲਮ, ਤਿਰੂਵਨੰਤਪੁਰਮ ਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੜਤਾਲ ਦਾ ਅਸਰ ਦੇਖਿਆ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਤਿਲੰਗਾਨਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ, ਉੜੀਸਾ ਦੇ ਗੁਨੂਪੁਰ, ਕਰਨਾਟਕ ਤੇ ਮਹਾਰਾਸ਼ਟਰ ਦੇ ਕ੍ਰਮਵਾਰ ਵਿਕਰਮਗੜ੍ਹ ਤੇ ਪਾਲਘਰ ਜ਼ਿਲ੍ਹਿਆਂ ਦੇ ਪੇਂਡੂ ਇਲਾਕਿਆਂ ਵਿੱਚ ਵੀ ਹੜਤਾਲ ਦਾ ਅਸਰ ਹੋਣ ਦਾ ਦਾਅਵਾ ਕੀਤਾ ਹੈ। ਕਸ਼ਮੀਰ ਵਿੱਚ ਸੇਬ ਉਤਪਾਦਕ ਕਿਸਾਨਾਂ ਦੀ ਫੈਡਰੇਸ਼ਨ ਵਲੋਂ ਸੀਟੂ ਨਾਲ ਮਿਲ ਕੇ ਪ੍ਰੈੱਸ ਕਲੋਨੀ ਸ੍ਰੀਨਗਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਨ੍ਹਾਂ ਗ੍ਰਿਫ਼ਤਾਰੀਆਂ ਵੀ ਦਿੱਤੀਆਂ। ਭਾਰਤੀ ਵਪਾਰੀਆਂ ਦੀ ਸੰਸਥਾ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਦਾਅਵਾ ਕੀਤਾ ਕਿ ਵਪਾਰੀਆਂ ਨੇ ਪੂਰਾ ਕਾਰੋਬਾਰ ਕੀਤਾ ਤੇ ਬਾਜ਼ਾਰ ਬੰਦ ਨਹੀਂ ਹੋਏ।

Advertisement
Author Image

joginder kumar

View all posts

Advertisement