‘ਇੰਡੀਆ’ ਨੂੰ ਬਹੁਮਤ ਮਿਲਣ ਦੀ ਪੂਰੀ ਸੰਭਾਵਨਾ: ਖੜਗੇ
ਕਲਬੁਰਗੀ, 24 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਹੈਰਾਨੀ ਪ੍ਰਗਟਾਈ ਕਿ ਭਾਜਪਾ ਹਰ ਪਾਸੇ ਹਾਰ ਰਹੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਤੋਂ ਵੱਧ ਸੀਟਾਂ ਜਿੱਤਣ ਦਾ ਨਾਅਰਾ ਕਿਵੇਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਬਹੁਮਤ ਮਿਲਣ ਦੀ ਪੂਰੀ ਸੰਭਾਵਨਾ ਹੈ।
ਇੱਥੇ ਆਪਣੇ ਜੱਦੀ ਸ਼ਹਿਰ ਕਲਬੁਰਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ ਕਿ ਲੋਕਾਂ ਵੱਲੋਂ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਚੰਗਾ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਲੋਕਾਂ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਹੈ ਕਿਉਂਕਿ ਲੋਕ ਹੁਣ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ। ਭਾਜਪਾ ਵੱਲੋਂ ਲੋਕਤੰਤਰ ਅਤੇ ਭਾਰਤੀ ਸੰਵਿਧਾਨ ’ਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਖੜਗੇ ਨੇ ਕਿਹਾ ਕਿ ਭਾਜਪਾ ਖੁਦਮੁਖਤਿਆਰ ਸੰਸਥਾਵਾਂ ਦੀ ਦੁਰਵਰਤੋਂ ਕਰ ਕੇ ਸਰਕਾਰ ਚਲਾ ਰਹੀ ਹੈ ਜਿਸ ਕਾਰਨ ਲੋਕ ਉਸ ਤੋਂ ਬਹੁਤ ਨਾਰਾਜ਼ ਹਨ ਅਤੇ ‘ਇੰਡੀਆ’ ਦਾ ਸਮਰਥਨ ਕਰ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਗੱਠਜੋੜ ਵਿਚ ਭਾਜਪਾ ਨੂੰ ਮੁੜ ਸੱਤਾ ’ਚ ਆਉਣ ਤੋਂ ਰੋਕਣ ਦੀ ਪੂਰੀ ਸਮਰੱਥਾ ਹੈ।’’ ਇਹ ਪੁੱਛੇ ਜਾਣ ’ਤੇ ਕਿ ਗੱਠਜੋੜ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਖੜਗੇ ਨੇ ਕਿਹਾ ਕਿ ਉਹ ਗਿਣਤੀ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਜ਼ਿਆਦਾ ਸੀਟਾਂ ਮਿਲਣ ਦੇ ਕਈ ਸੰਕੇਤ ਹਨ। -ਪੀਟੀਆਈ