ਦੋਹਰੇ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਕਾਲਾਂਵਾਲੀ, 27 ਅਗਸਤ
ਇੱਥੋਂ ਦੀ ਕਾਲਾਂਵਾਲੀ ਸੀਆਈਏ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋਹਰੇ ਕਤਲ ਕੇਸ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਕਾਲਾਂਵਾਲੀ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਦੇ ਕਬਜ਼ੇ ਵਿੱਚੋਂ ਨਾਜਾਇਜ਼ 32 ਬੋਰ ਦਾ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਨਵਦੀਪ ਉਰਫ਼ ਨਬੀ ਵਾਸੀ ਤਖ਼ਤਮੱਲ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਕਾਲਾਂਵਾਲੀ ਦੀ ਪੁਲੀਸ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਔਢਾਂ ਇਲਾਕੇ ਵਿੱਚ ਮੌਜੂਦ ਸੀ।
ਇਸੇ ਦੌਰਾਨ ਸਾਹਮਣੇ ਤੋਂ ਸਕੌਡਾ ਗੱਡੀ ਆਉਂਦੀ ਦਿਖਾਈ ਦਿੱਤੀ। ਪੁਲੀਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੋਕ ਕੇ ਨਿਯਮਾਂ ਅਨੁਸਾਰ ਤਲਾਸ਼ੀ ਲਈ ਤਾਂ ਕਾਰ ਡਰਾਈਵਰ ਨਵਦੀਪ ਉਰਫ ਨਬੀ ਦੇ ਕਬਜ਼ੇ ’ਚੋਂ ਨਾਜਾਇਜ਼ 32 ਬੋਰ ਦਾ ਪਿਸਤੌਲ ਅਤੇ ਇਕ ਜਿੰਦਾ ਕਾਰਤੂਸ ਬਰਾਮਦ ਹੋਇਆ।
ਸੀਆਈਏ ਕਾਲਾਂਵਾਲੀ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਔਢਾਂ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ 16 ਜਨਵਰੀ ਨੂੰ ਕਾਲਾਂਵਾਲੀ ਮੰਡੀ ਵਿੱਚ ਦੋਹਰੇ ਕਤਲ ਕਾਂਡ ਵਿੱਚ ਜੱਗਾ ਤਖ਼ਤਮੱਲ ਗੈਂਗ ਨਾਲ ਮਿਲ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਮੁਲਜ਼ਮ ਥਾਣਾ ਕਾਲਾਂਵਾਲੀ ਵਿੱਚ ਲੜਾਈ ਝਗੜੇ ਦੇ ਇੱਕ ਹੋਰ ਕੇਸ ਵਿੱਚ ਵੀ ਲੋੜੀਂਦਾ ਹੈ। ਸੀਆਈਏ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।