ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ’ਚ ਭਗੌੜਾ 13 ਸਾਲ ਮਗਰੋਂ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਦਸੰਬਰ
ਦਿੱਲੀ ਪੁਲੀਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਇੱਕ ਕੇਸ ਵਿੱਚ 13 ਸਾਲਾਂ ਤੋਂ ਭਗੌੜੇ ਪੰਜਾਬ ਦੇ 58 ਸਾਲਾ ਵਿਅਕਤੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ 2011 ਵਿੱਚ ਆਈਜੀਆਈ ਹਵਾਈ ਅੱਡੇ ਉੱਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਕੇਸ ਵਿੱਚ ਸ਼ਾਮਲ ਸੀ। ਅਧਿਕਾਰੀ ਨੇ ਦੱਸਿਆ ਕਿ ਇੰਸਪੈਕਟਰ ਸੁਸ਼ੀਲ ਗੋਇਲ (ਐੱਸਐੱਚਓ, ਆਈਜੀਆਈ ਹਵਾਈ ਅੱਡਾ) ਦੀ ਅਗਵਾਈ ’ਚ ਟੀਮ ਨੇ ਸਥਾਨਕ ਅਤੇ ਤਕਨੀਕੀ ਖੁਫ਼ੀਆ ਜਾਣਕਾਰੀ ਦੀ ਮਦਦ ਨਾਲ ਬਿੱਟੂ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਮਨਜੀਤ ਸਿੰਘ ਉਰਫ਼ ਬਿੱਟੂ ਨੂੰ ਨਵੰਬਰ 2011 ਵਿੱਚ ਦਰਜ ਇੱਕ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ ਨੇ 2013 ਵਿੱਚ ਭਗੌੜਾ ਕਰਾਰ ਦਿੱਤਾ ਸੀ। ਡੀਸੀਪੀ (ਆਈਜੀਆਈ ਹਵਾਈ ਅੱਡਾ, ਦਿੱਲੀ) ਊਸ਼ਾ ਰੰਗਨਾਨੀ ਨੇ ਕਿਹਾ ਕਿ 15 ਤੇ 16 ਨਵੰਬਰ 2011 ਦੀ ਦਰਮਿਆਨੀ ਰਾਤ ਨੂੰ ਆਈਜੀਆਈ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਆਸਟਰੀਆ ਤੋਂ ਯਾਤਰਾ ਕਰਨ ਵਾਲੀ ਭਾਰਤੀ ਨਾਗਰਿਕ ਕੁਲਵਿੰਦਰ ਕੌਰ ਦੇ ਪਾਸਪੋਰਟ ਦੀ ਵਰਤੋਂ ਧੋਖੇ ਨਾਲ ਵਾਪਸੀ ਯਾਤਰਾ ਲਈ ਕੀਤੀ ਗਈ।
ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਕੁਲਵਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਬਿੱਟੂ ਨੇ ਆਪਣੇ ਪਾਸਪੋਰਟ ਦੀ ਵਰਤੋਂ ਕਰਕੇ ਇੱਕ ਹੋਰ ਵਿਅਕਤੀ ਨੂੰ ਆਸਟਰੀਆ ਤੋਂ ਦਿੱਲੀ ਤੱਕ ਦਾ ਸਫ਼ਰ ਤੈਅ ਕਰਵਾਇਆ ਸੀ।