ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਭਾਰਤ ਦੀ ਹਵਾਲਗੀ ਅਪੀਲ ’ਤੇ ਬੈਲਜੀਅਮ ’ਚ ਗ੍ਰਿਫ਼ਤਾਰ
ਨਵੀਂ ਦਿੱਲੀ, 14 ਅਪਰੈਲ
ਭਾਰਤੀ ਜਾਂਚ ਏਜੰਸੀਆਂ ਵੱਲੋਂ ਹਵਾਲਗੀ ਦੀ ਅਪੀਲ ਮਗਰੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਕਰਜ਼ਾ ‘ਧੋਖਾਧੜੀ’ ਕੇਸ ਵਿਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ। ਚੋਕਸੀ ਦੇ ਭਤੀਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੋਂ ਬਾਅਦ ਇਸ ਕੇਸ ਦੇ ਦੂਜੇ ‘ਮੁੱਖ ਸ਼ੱਕੀ’ ਵਿਰੁੱਧ ਕਾਰਵਾਈ ਸ਼ਨਿੱਚਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਹਵਾਲਗੀ ਬੇਨਤੀ ਦੇ ਅਧਾਰ ’ਤੇ ਕੀਤੀ ਗਈ ਹੈ।
ਚੋਕਸੀ ਦੇ ਬੈਲਜੀਅਮ ਵਿਚ ਹੋਣ ਬਾਰੇ ਪਿਛਲੇ ਸਾਲ ਪਤਾ ਲੱਗਾ ਸੀ। ਹੀਰਾ ਕਾਰੋਬਾਰੀ, ਜੋ 2018 ਵਿਚ ਭਾਰਤ ਛੱਡਣ ਮਗਰੋਂ ਐਂਟੀਗਾ ਵਿਚ ਰਹਿ ਰਿਹਾ ਸੀ, ਮੈਡੀਕਲ ਇਲਾਜ ਲਈ ਉਥੇ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਚੋਕਸੀ ਦੀ ਗ੍ਰਿਫ਼ਤਾਰੀ ਲਈ ਜਾਰੀ ਇੰਟਰਪੋੋਲ ਰੈੱਡ ਨੋਟਿਸ ਕੁਝ ਸਮਾਂ ਪਹਿਲਾਂ ‘ਵਾਪਸ’ ਲੈ ਲਿਆ ਗਿਆ ਸੀ ਅਤੇ ਭਾਰਤੀ ਏਜੰਸੀਆਂ ਉਦੋਂ ਤੋਂ ਉਸ ਦੀ ਪੈੜ ਨੱਪਦਿਆਂ ਹਵਾਲਗੀ ਰੂਟ ਰਾਹੀਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ।
ਸੂਤਰਾਂ ਨੇ ਦੱਸਿਆ ਕਿ ਭਾਰਤੀ ਏਜੰਸੀਆਂ ਨੇ 2018 ਤੇ 2021 ਵਿੱਚ ਮੁੰਬਈ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਘੱਟੋ-ਘੱਟ ਦੋ ਗ੍ਰਿਫ਼ਤਾਰੀ ਵਾਰੰਟ ਹਵਾਲਗੀ ਬੇਨਤੀ ਵਜੋਂ ਆਪਣੇ ਬੈਲਜੀਅਨ ਹਮਰੁਤਬਾ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ/ਨਜ਼ਰਬੰਦੀ ਤੋਂ ਬਾਅਦ ਰਸਮੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਕਿਉਂਕਿ ਚੋਕਸੀ ਸਿਹਤ ਦੇ ਹਵਾਲੇ ਨਾਲ ਜ਼ਮਾਨਤ ਦੀ ਮੰਗ ਕਰ ਸਕਦਾ ਹੈ। ਸੀਬੀਆਈ ਅਤੇ ਈਡੀ ਨੇ ਚੋਕਸੀ, ਮੋਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ, ਬੈਂਕ ਅਧਿਕਾਰੀਆਂ ਅਤੇ ਹੋਰਾਂ ਖਿਲਾਫ਼ 2018 ਵਿੱਚ ਮੁੰਬਈ ’ਚ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਬ੍ਰੈਡੀ ਹਾਊਸ ਸ਼ਾਖਾ ਵਿੱਚ ਕਥਿਤ ਕਰਜ਼ਾ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ।
ਐਫਆਈਆਰ ਵਿਚ ਦੋਸ਼ ਲਗਾਇਆ ਗਿਆ ਸੀ ਕਿ ਚੋਕਸੀ, ਉਸ ਦੀ ਫਰਮ ਗੀਤਾਂਜਲੀ ਜੈਮਜ਼ ਅਤੇ ਹੋਰਾਂ ਨੇ ‘ਕੁਝ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਪੀਐਨਬੀ ਨਾਲ ਧੋਖਾਧੜੀ ਕੀਤੀ। ਧੋਖਾਧੜੀ ਨਾਲ ਐਲਓਯੂ (ਅੰਡਰਟੈਕਿੰਗ ਲੈਟਰ) ਜਾਰੀ ਕਰਵਾ ਕੇ ਅਤੇ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਐਫਐਲਸੀ (ਵਿਦੇਸ਼ੀ ਕ੍ਰੈਡਿਟ ਪੱਤਰ) ਵਧਾ ਕੇ ਬੈਂਕ ਨੂੰ ਗਲਤ ਨੁਕਸਾਨ ਪਹੁੰਚਾਇਆ।’ ਸੀਬੀਆਈ ਨੇ ਇਸ ਮਾਮਲੇ ਵਿੱਚ ਚੋਕਸੀ ਵਿਰੁੱਧ ਘੱਟੋ-ਘੱਟ ਦੋ ਚਾਰਜਸ਼ੀਟ ਦਾਇਰ ਕੀਤੀਆਂ ਹਨ ਜਦੋਂ ਕਿ ਈਡੀ ਨੇ ਇਸ ਤਰ੍ਹਾਂ ਦੀਆਂ ਤਿੰਨ ਸ਼ਿਕਾਇਤਾਂ ਦਾਇਰ ਕੀਤੀਆਂ ਹਨ।
ਨੀਰਵ ਮੋਦੀ, ਜਿਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਸੀ, ਇਸ ਮਾਮਲੇ ਵਿੱਚ ਈਡੀ ਤੇ ਸੀਬੀਆਈ ਵੱਲੋਂ ਕੀਤੀ ਗਈ ਕਾਨੂੰਨੀ ਬੇਨਤੀ ਦੇ ਆਧਾਰ ’ਤੇ 2019 ਵਿੱਚ ਉੱਥੋਂ ਦੇ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਭਾਰਤ ਹਵਾਲਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਈਡੀ ਨੇ ਚੋਕਸੀ ਵਿਰੁੱਧ ਮਾਮਲੇ ਵਿੱਚ 2,565.90 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਅਤੇ ਅਦਾਲਤ ਨੇ ਇਨ੍ਹਾਂ ਸਾਰੀਆਂ ਜਾਇਦਾਦਾਂ ਦੇ ‘ਮੁਦਰੀਕਰਨ’ ਦੀ ਆਗਿਆ ਦੇ ਦਿੱਤੀ ਹੈ। -ਪੀਟੀਆਈ
ਕੈਂਸਰ ਦੇ ਇਲਾਜ ਦੇ ਹਵਾਲੇ ਨਾਲ ਰਿਹਾਈ ਦੀ ਅਪੀਲ ਦਾਇਰ ਕਰੇਗੀ ਚੋਕਸੀ ਦੀ ਕਾਨੂੰਨੀ ਟੀਮ
ਨਵੀਂ ਦਿੱਲੀ: ਕਾਨੂੰਨ ਏਜੰਸੀਆਂ ਵੱਲੋਂ ਭਾਰਤੀ ਕਾਰੋਬਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਕਿਹਾ ਕਿ ਜੇ ਉਨ੍ਹਾਂ ਦੇ ਮੁਵੱਕਿਲ ਨੂੰ ਵਾਪਸ ਭਾਰਤ ਭੇਜਿਆ ਜਾਂਦਾ ਹੈ ਤਾਂ ਇਹ ਚੋਕਸੀ ਦੇ ‘ਮਨੁੱਖੀ ਅਧਿਕਾਰਾਂ’ ਦੀ ਵੱਡੀ ਉਲੰਘਣਾ ਹੋਵੇਗੀ। ਅਗਰਵਾਲ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਬਚਾਅ ਟੀਮ ਦੋ ਮੁੱਖ ਨੁਕਤਿਆਂ ਦੇ ਅਧਾਰ ’ਤੇ ਚੋਕਸੀ ਦੀ ਭਾਰਤ ਨੂੰ ਸਪੁਰਦਗੀ ਨੂੰ ਚੁਣੌਤੀ ਦੇਵੇਗੀ: ਪਹਿਲਾ ਕੇਸ ਦਾ ਸਿਆਸੀ ਪੱਖ ਤੇ ਦੂਜਾ ਕੈਂਸਰ ਨਾਲ ਜੂਝ ਰਹੇ ਚੋਕਸੀ ਦੀ ਭਾਰਤ ਵਿਚ ਸਿਹਤ ਤੇ ਢੁਕਵੇਂ ਇਲਾਜ ਨਾਲ ਜੁੜੇ ਫ਼ਿਕਰ।’’ ਅਗਰਵਾਲ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਚੋਕਸੀ ਨੂੰ ਭਾਰਤ ਵਿਚ ਕੋਈ ਢੁਕਵਾਂ ਇਲਾਜ ਨਹੀਂ ਮਿਲੇਗਾ ਅਤੇ ਭਾਰਤ ਵਾਪਸ ਭੇਜੇ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਉਸ ਨੂੰ ਪਰੇਸ਼ਾਨ ਕਰਨਗੀਆਂ ਤਾਂ ਉਨ੍ਹਾਂ ਕਿਹਾ, ‘‘ਚੋਕਸੀ ਦੇ ਮਨੁੱਖੀ ਅਧਿਕਾਰ ਪ੍ਰਭਾਵਿਤ ਹੋਣਗੇ।’’
ਅਗਰਵਾਲ ਨੇ ਦਾਅਵਾ ਕੀਤਾ ਕਿ ਚੋਕਸੀ ਨੂੰ ਭਗੌੜਾ ਨਹੀਂ ਐਲਾਨਿਆ ਗਿਆ ਸੀ ਕਿਉਂਕਿ ਉਹ ਭਾਰਤੀ ਜਾਂਚ ਏਜੰਸੀਆਂ ਨਾਲ ਸਹਿਯੋਗ ਕਰਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਇੱਕ ਕੇਸ ਸਾਲਾਂ ਤੋਂ ਚੱਲ ਰਿਹਾ ਹੈ।
#WATCH | Delhi: On fugitive Mehul Choksi's arrest in Belgium, his Advocate Vijay Aggarwal says, "My client Mehul Choksi has been arrested in Belgium and at the moment, he is in custody. We will be starting the process of filing an appeal against this, and then, as a process of… pic.twitter.com/l00ZhN1BY5
— ANI (@ANI) April 14, 2025
ਅਗਰਵਾਲ ਨੇ ਕਿਹਾ, ‘‘ਅਸੀਂ ਅਦਾਲਤੀ ਕਾਰਵਾਈ ਦੌਰਾਨ ਹਮੇਸ਼ਾ ਕਿਹਾ ਹੈ ਕਿ ਉਹ ਸ਼ਾਮਲ ਹੋਣ ਲਈ ਤਿਆਰ ਹੈ, ਪਰ ਉਸ ਦੀ ਡਾਕਟਰੀ ਸਥਿਤੀ ਕਾਰਨ, ਉਹ ਯਾਤਰਾ ਨਹੀਂ ਕਰ ਸਕਦਾ। ਇਸ ਲਈ ਅਸੀਂ ਸ਼ੁਰੂ ਵਿੱਚ ਕਿਹਾ ਸੀ ਕਿ ਭਾਰਤੀ ਏਜੰਸੀ ਜਾਂਚ ਕਰ ਸਕਦੀ ਹੈ, ਅਤੇ ਉਹ ਵਰਚੁਅਲੀ ਸ਼ਾਮਲ ਹੋਵੇਗਾ। ਇਸੇ ਲਈ, ਅੱਜ ਤੱਕ, ਸਾਰਿਆਂ ਨੂੰ ਭਗੌੜਾ ਐਲਾਨਿਆ ਗਿਆ ਹੈ, ਪਰ ਮੇਹੁਲ ਚੋਕਸੀ ਭਗੌੜਾ ਨਹੀਂ ਹੈ... ਸਾਡਾ ਕੇਸ ਸਾਲਾਂ ਤੋਂ ਚੱਲ ਰਿਹਾ ਹੈ।’’ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਸ ਸਮੇਂ, ਉਹ ਜੇਲ੍ਹ ਵਿੱਚ ਹੈ ਅਤੇ ਉੱਥੇ (ਬੈਲਜੀਅਮ), ਜ਼ਮਾਨਤ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨਹੀਂ ਬਲਕਿ ਅਪੀਲ ਦਾਇਰ ਕਰਨ ਦੀ ਹੈ। ਉਸ ਅਪੀਲ ਦੌਰਾਨ, ਬੇਨਤੀ ਕੀਤੀ ਜਾਂਦੀ ਹੈ ਕਿ ਉਸ ਨੂੰ ਹਿਰਾਸਤ ਵਿੱਚ ਨਾ ਰੱਖਿਆ ਜਾਵੇ ਅਤੇ ਉਸ ਨੂੰ ਹਿਰਾਸਤ ਵਿੱਚ ਨਾ ਹੋਣ ਦੌਰਾਨ ਆਪਣਾ ਬਚਾਅ ਕਰਨ ਅਤੇ ਹਵਾਲਗੀ ਦੀ ਬੇਨਤੀ ਦਾ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਜਾਵੇ।’’