ਕਤਲ ਕੇਸ ਸਣੇ ਅੱਧੀ ਦਰਜਨ ਮਾਮਲਿਆਂ ’ਚ ਭਗੌੜਾ ਕਾਬੂ
ਪੱਤਰ ਪ੍ਰੇਰਕ
ਜਲੰਧਰ, 9 ਨਵੰਬਰ
ਜਲੰਧਰ ਦਿਹਾਤੀ ਪੁਲੀਸ ਨੇ ਬੀਤੇ ਅਗਸਤ ਮਹੀਨੇ ਵਿੱਚ ਹੋਏ ਕਤਲ ਕਾਂਡ ਦੇ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਕਮਾਂਡੋ ਵਾਸੀ ਪਿੰਡ ਰਸੂਲਪੁਰ (ਨਕੋਦਰ) ਵਜੋਂ ਹੋਈ ਹੈ। ਮੁਲਜ਼ਮ ਐੱਨਡੀਪੀਐੱਸ ਐਕਟ ਸਮੇਤ ਸੱਤ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਅਗਸਤ ਤੋਂ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਖੁਫੀਆ ਸੂਚਨਾਵਾਂ ਮਿਲਣ ਮਗਰੋਂ ਵਿਸ਼ੇਸ਼ ਮੁਹਿੰਮ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲੀਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੋਇਆ ਲੱਤ ਵੀ ਤੁੜਵਾ ਬੈਠਾ।
ਇਹ ਆਪਰੇਸ਼ਨ ਐੱਸਪੀ ਜਸਰੂਪ ਕੌਰ ਬਾਠ, ਸਬ-ਇੰਸਪੈਕਟਰ ਬਲਜਿੰਦਰ ਸਿੰਘ ਅਤੇ ਡੀਐੱਸਪੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਪੁਲੀਸ ਟੀਮ ਨੇ ਚਲਾਇਆ। ਇਸ ਸਾਂਝੇ ਆਪਰੇਸ਼ਨ ਵਿੱਚ ਥਾਣਾ ਸਦਰ ਨਕੋਦਰ ਅਤੇ ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੇ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬੀਤੀ 20 ਅਗਸਤ ਨੂੰ ਪਿੰਡ ਕੰਗ ਸਾਹਬੂ ਨੂੰ ਜਾਂਦੀ ਸੜਕ ’ਤੇ ਕੁਲਵਿੰਦਰ ਕਿੰਦੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਸਦਰ ਨਕੋਦਰ ਵਿੱਚ ਕੇਸ ਦਰਜ ਕਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਚਾਰ ਹੋਰ ਮੁਲਜ਼ਮਾਂ ਗੁਰਪਾਲ ਸਿੰਘ ਉਰਫ਼ ਗੋਪਾ, ਬਲਕਾਰ ਸਿੰਘ ਉਰਫ਼ ਬੱਲਾ, ਨਜ਼ੀਰ ਸਿੰਘ ਅਤੇ ਜਤਿੰਦਰ ਕੁਮਾਰ ਉਰਫ਼ ਘੋਲੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਲੰਬਾ ਅਪਰਾਧਿਕ ਇਤਿਹਾਸ ਹੈ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਉਸ ਖ਼ਿਲਾਫ਼ ਐਨਡੀਪੀਐਸ ਐਕਟ, ਕੁੱਟਮਾਰ ਤੇ ਦੰਗੇ ਭੜਕਾਉਣ, ਹੁਸ਼ਿਆਰਪੁਰ ਅਤੇ ਨਕੋਦਰ ਵਿੱਚ ਅਪਰਾਧਕ ਉਲੰਘਣਾ ਦੇ ਕਈ ਮਾਮਲੇ ਦਰਜ ਹਨ।