ਪੀਏਯੂ ਦੀ ਫਲਾਂ ਦੀ ਪੌਸ਼ਟਿਕ ਬਗ਼ੀਚੀ
ਕਿਰਨਦੀਪ ਕੌਰ/ਗੁਰਤੇਗ ਸਿੰਘ
ਗੁਰੂ ਨਾਨਕ ਦੇਵ ਜੀ ਦੀਆਂ ਮੁੱਢਲੀਆਂ ਸਿੱਖਿਆਵਾਂ ਵਿੱਚੋਂ ਇੱਕ ‘ਕਿਰਤ ਕਰਨੀ’ ਹੈ। ਇਸ ਅਨੁਸਾਰ ਸਾਨੂੰ ਹੱਥੀਂ ਕੰਮ ਕਰਨ ਅਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਦੀ ਸੇਧ ਮਿਲਦੀ ਹੈ। ਸਿਆਣੇ ਲੋਕਾਂ ਵੱਲੋਂ ਇਕ ਹੋਰ ਸਬਕ ‘ਕਿਰਸ ਕਰਨੀ’ ਜਿਸ ਦਾ ਅਰਥ ਹੈ ਵਾਧੂ ਚੀਜ਼ਾਂ ’ਤੇ ਬੇਲੋੜੇ ਖ਼ਰਚੇ ਕਰਨ ਤੋਂ ਪਰਹੇਜ਼ ਕਰਨਾ ਵੀ, ਅਕਸਰ ਸਿਖਾਇਆ ਜਾਂਦਾ ਹੈ। ਸਾਡੀ ਪੰਜਾਬੀ ਪ੍ਰੰਪਰਾ ਵਿੱਚ, ‘ਕਿਰਤ ਅਤੇ ਕਿਰਸ’ ਨੂੰ ਸਾਂਝੇ ਉਪਦੇਸ਼ ਵਜੋਂ ਜੋੜਿਆ ਗਿਆ ਹੈ। ਹਾਲਾਂਕਿ, ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਸਾਡੇ ਨੌਜਵਾਨ ਇਨ੍ਹਾਂ ਆਦਰਸ਼ਾਂ ਤੋਂ ਘੱਟ ਜਾਗਰੂਕ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ‘ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਚਿੰਤਾ ਰੋਗ’ ਦੇ ਨਾਅਰੇ ਹੇਠ ਵਿਆਹਾਂ ਅਤੇ ਹੋਰ ਜਸ਼ਨਾਂ ਵਾਸਤੇ ਘੱਟ ਖ਼ਰਚੇ ਕਰਨ ਲਈ ਲੰਬੇ ਸਮੇਂ ਤੋਂ ਜ਼ੋਰ ਦੇ ਰਹੀ ਹੈ। ਇਨ੍ਹਾਂ ਸਿੱਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਗ਼ਬਾਨੀ ਮਾਹਰ ਰਾਜ ਦੇ ਕਿਸਾਨੀ ਭਾਈਚਾਰੇ ਨੂੰ ਫਲਾਂ ਦੀ ਪੌਸ਼ਟਿਕ ਬਗ਼ੀਚੀ ਲਗਾਉਣ ਲਈ ਉਤਸ਼ਾਹਿਤ ਕਰ ਰਹੇ ਹਨ ਤਾਂ ਜੋ ਘੱਟ ਤੋਂ ਘੱਟ ਕੀਮਤ ’ਤੇ ਪਰਿਵਾਰ ਦੀ ਫਲਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ। ਫਲਾਂ ਦੀ ਪੌਸ਼ਟਿਕ ਬਗ਼ੀਚੀ ਨਾ ਸਿਰਫ਼ ਪਰਿਵਾਰ ਦੇ ਪੋਸ਼ਣ ਨੂੰ ਯਕੀਨੀ ਬਣਾਉਂਦੀ ਹੈ, ਸਗੋਂ ਪਰਿਵਾਰ ਦੀ ਮਿਹਨਤ, ਜ਼ਮੀਨ ਅਤੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਨ ਵਿੱਚ ਸਹਾਈ ਹੁੰਦੀ ਹੈ। ਫਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ, ਦਿਲ ਦੇ ਰੋਗ, ਹਾਈ ਬਲੱਡ ਪ੍ਰੈੱਸ਼ਰ, ਕੋਲੈਸੋਟ੍ਰੋਲ ਅਤੇ ਕੈਂਸਰ ਆਦਿ ਤੋਂ ਬਚਾਉਂਦੇ ਹਨ। ਬਾਜ਼ਾਰ ਵਿੱਚ ਫਲ ਆਮ ਤੌਰ ’ਤੇ ਮਹਿੰਗੇ ਮਿਲਦੇੇ ਹਨ ਅਤੇ ਵੱਖ-ਵੱਖ ਰਸਾਇਣਾਂ ਦੇ ਛਿੜਕਾਅ ਤੋਂ ਪ੍ਰਭਾਵਿਤ ਹੁੰਦੇ ਹਨ ਜੋ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ। ਆਇਰਨ, ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਜ਼ਰੂਰੀ ਖਣਿਜਾਂ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਯੋਜਨਾਬੱਧ ਪੌਸ਼ਟਿਕ ਬਗ਼ੀਚੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਪੂਰੇ ਪਰਿਵਾਰ ਨੂੰ ਤਾਜ਼ੇ, ਰਸਾਇਣਕ ਰਹਿੰਦ-ਖੂੰਹਦ ਤੋਂ ਮੁਕਤ ਅਤੇ ਕੁਦਰਤੀ ਤੌਰ ’ਤੇ ਪੱਕੇ ਹੋਏ ਫਲ ਉਪਲਬਧ ਕਰਵਾਏ ਜਾ ਸਕਣ।
ਪੌਸ਼ਟਿਕ ਬਗ਼ੀਚੀ ਦੀ ਵਿਉਂਤਬੰਦੀ: ਪੀਏਯੂ 625 ਵਰਗ ਮੀਟਰ ਜਾਂ 25 ਮੀਟਰ ਲੰਬਾਈ ਅਤੇ 25 ਮੀਟਰ ਚੌੜਾਈ ਵਾਲੇ ਮਾਡਲ ‘ਫ਼ਲ ਪੌਸ਼ਟਿਕ ਬਗ਼ੀਚੀ’ ਦੀ ਸਿਫ਼ਾਰਸ਼ ਕਰਦੀ ਹੈ। ਇਸ ਬਗ਼ੀਚੀ ਵਿੱਚ 21 ਕਿਸਮਾਂ ਦੇ ਫਲਦਾਰ ਬੂਟੇ ਲਗਾਏ ਜਾ ਸਕਦੇ ਹਨ। ਫਲਾਂ ਦੀ ਸਹੀ ਕਿਸਮ ਦੀ ਚੋਣ, ਸਮਾਂ, ਸਰੋਤ ਅਤੇ ਬੂਟਿਆਂ ਵਿਚਕਾਰ ਦੂਰੀ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਫਲਦਾਰ ਬੂਟੇ ਸਾਲਾਂ ਬੱਧੀ ਫਲ ਦਿੰਦੇ ਹਨ। ਅੰਬ, ਜਾਮਣ, ਚੀਕੂ, ਲੋਕਾਠ ਅਤੇ ਅੰਜ਼ੀਰ ਵਰਗੇ ਉੱਚੇ ਫਲਾਂ ਦੇ ਬੂਟੇ ਖ਼ਾਸ ਤੌਰ ’ਤੇ ਬਾਗ਼ ਦੇ ਉੱਤਰ ਵਾਲੇ ਪਾਸੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਰੁੱਖਾਂ ਦੀ ਛਾਂ ਦਾ ਅਸਰ ਦੂਜੇ ਬੂਟਿਆਂ ’ਤੇ ਨਾ ਹੋਵੇ। ਇਸ ਬਗ਼ੀਚੀ ਦੇ ਵਿਚਕਾਰ ਛੋਟੇ ਫ਼ਲਾਂ ਦੇ ਰੁੱਖ ਲਗਾਏ ਜਾ ਸਕਦੇ ਹੋ ਜਿਵੇਂ ਕਿ ਨਿੰਬੂ ਜਾਂ ਅਮਰੂਦ। ਦੱਖਣ-ਪੱਛਮ ਵਾਲੇ ਪਾਸੇ, ਪੱਤਝੜ ਵਾਲੇ ਰੁੱਖ ਲਗਾਉਣੇ ਚਾਹੀਦੇ ਹਨ ਜਿਵੇਂ ਕਿ ਅਨਾਰ, ਨਾਸ਼ਪਾਤੀ, ਆੜੂ ਅਤੇ ਅਲੂਚਾ। ਦੱਖਣ ਵਿੱਚ ਕੋਰੇ ਪ੍ਰਤੀ ਸੰਵੇਦਨਸ਼ੀਲ ਫਲਾਂ ਦੇ ਬੂਟੇ ਜਿਵੇਂ ਕਿ ਪਪੀਤਾ ਅਤੇ ਕੇਲੇ ਦੀ ਸਾਵਧਾਨੀ ਨਾਲ ਕਾਸ਼ਤ ਕੀਤੀ ਜਾ ਸਕਦੀ ਹੈ। ਬਾਗ਼ ਦੇ ਪੂਰਬ ਵਾਲੇ ਪਾਸੇ, ਅੰਗੂਰਾਂ ਦੀਆਂ ਵੇਲਾਂ ਨੂੰ ਟ੍ਰੇਲਿਸ ਸਿਸਟਮ ਹੇਠ ਲਗਾਇਆ ਜਾ ਸਕਦਾ ਹੈ। ਉੱਤਰ ਵਾਲੇ ਪਾਸੇ ਮਿੱਠੇ ਦੇ ਬੂਟਿਆਂ ਨੂੰ ਹਵਾ ਰੋਕੂ ਵਾੜ ਵਜੋਂ ਲਗਾਇਆ ਜਾ ਸਕਦਾ ਹੈ ਅਤੇ ਪੱਛਮ ਵਾਲੇ ਪਾਸੇ ਕਰੌਂਦਾ ਅਤੇ ਫਾਲਸਾ ਲਗਾਉਣਾ ਚਾਹੀਦਾ ਹੈ।
ਲਗਾਉਣ ਦਾ ਸਮਾਂ ਅਤੇ ਤਕਨੀਕ: ਅੰਬ, ਜਾਮਣ, ਨਿੰਬੂ, ਅਤੇ ਲੋਕਾਠ ਵਰਗੇ ਸਦਾਬਹਾਰ ਫਲਦਾਰ ਬੂਟਿਆਂ ਦੀ ਲੁਆਈ ਫਰਵਰੀ ਤੋਂ ਮਾਰਚ ਜਾਂ ਸਤੰਬਰ ਤੋਂ ਅਕਤੂਬਰ ਵਿੱਚ ਕਰਨੀ ਚਾਹੀਦੀ ਹੈ। ਪਤਝੜੀ ਫਲਦਾਰ ਬੂਟੇ ਜਿਵੇਂ ਕਿ ਆੜੂ, ਨਾਸ਼ਪਾਤੀ, ਬਿਲ, ਅੰਗੂਰ ਅਤੇ ਅਨਾਰ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਜਨਵਰੀ ਅਤੇ ਫਰਵਰੀ ਹੈ। ਜ਼ਿਆਦਾਤਰ ਫ਼ਲਦਾਰ ਬੂਟਿਆਂ ਲਈ 1 ਮੀਟਰ ਡੂੰਘੇ ਅਤੇ 1 ਮੀਟਰ ਚੌੜੇ ਟੋਏ ਪੁੱਟਣੇ ਚਾਹੀਦੇ ਹਨ। ਘੱਟ ਡੂੰਗੀਆਂ ਜੜਾਂ ਵਾਲੇ ਬੂਟੇ ਜਿਵੇਂ ਕੇਲੇ ਅਤੇ ਪਪੀਤੇ, ਲਈ ਅੱਧਾ ਮੀਟਰ ਚੌੜਾ ਗੋਲ ਟੋਆ ਕਾਫ਼ੀ ਹੈ। ਟੋਏ ਨੂੰ ਚੰਗੀ ਤਰ੍ਹਾਂ ਗਲੀ ਹੋਈ ਦੇਸੀ ਰੂੜੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮਿੱਟੀ ਨਾਲ ਦੁਬਾਰਾ ਭਰੋ। ਲੁਆਈ ਤੋਂ ਪਹਿਲਾਂ ਟੋਏ ਨੂੰ ਪਾਣੀ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਟੋਏ ਵਿਚਲੀ ਪੋਲੀ ਮਿੱਟੀ ਬੈਠ ਜਾਵੇ। ਬੂਟਿਆਂ ਨੂੰ ਟੋਏ ਦੇ ਕੇਂਦਰ ਵਿੱਚ ਲਗਾਉਣਾ ਚਾਹੀਦਾ ਹੈ ਅਤੇ ਪਿਉਂਦੀ ਜੋੜ ਮਿੱਟੀ ਦੀ ਸਤਹਿ ਤੋਂ ਲਗਪਗ 9 ਇੰਚ ਉੱਪਰ ਰੱਖਣਾ ਚਾਹੀਦਾ ਹੈ।
ਬੂਟਿਆਂ ਦੀ ਸ਼ੁਰੂਆਤੀ ਸੰਭਾਲ: ਬੂਟੇ ਲਗਾਉਣ ਤੋਂ ਬਾਅਦ, ਬੂਟਿਆਂ ਦੇ ਸਿੱਧੇ ਵਾਧੇ ਲਈ ਸੋਟੀ ਦਾ ਸਹਾਰਾ ਦੇਣਾ ਚਾਹੀਦਾ ਹੈ। ਪਿਉਂਦੀ ਜੋੜ ਤੋਂ ਹੇਠਾਂ ਹੋਣ ਵਾਲੇ ਵਾਧੇ ਨੂੰ ਨਿਯਮਤ ਤੌਰ ’ਤੇ ਤੋੜਦੇ ਰਹਿਣਾ ਚਾਹੀਦਾ ਹੈ। ਉੱਚ-ਗੁਣਵੱਤਾ ਵਾਲੇ ਫਲ ਪੈਦਾ ਕਰਨ ਅਤੇ ਵੱਧ ਤੋਂ ਵੱਧ ਝਾੜ ਲੈਣ ਲਈ ਬੂਟਿਆਂ ਦੀ ਕਾਂਟ-ਛਾਂਟ ਜ਼ਰੂਰ ਕਰਨੀ ਚਾਹੀਦੀ ਹੈ। ਸਦਾਬਹਾਰ ਫਲਦਾਰ ਬੂਟਿਆਂ ਲਈ ਆਮ ਤੌਰ ’ਤੇ ਘੱਟ ਕਾਂਟ-ਛਾਂਟ ਦੀ ਲੋੜ ਹੁੰਦੀ ਹੈ ਅਤੇ ਕੇਵਲ ਸੁੱਕੀਆਂ, ਬਿਮਾਰ ਜਾਂ ਆਪਸ ਵਿੱਚ ਫਸਦੀਆਂ ਟਾਹਣੀਆਂ ਨੂੰ ਹੀ ਕੱਟਣਾ ਚਾਹੀਦਾ ਹੈ। ਹਾਲਾਂਕਿ, ਪਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਬੇਰ, ਅਨਾਰ ਅਤੇ ਫਾਲਸਾ ਵਿਚ ਹਰ ਸਾਲ ਕਾਂਟ-ਛਾਂਟ ਕਰਨੀ ਚਾਹੀਦੀ ਹੈ। ਇਹ ਕਾਂਟ-ਛਾਂਟ ਦਸੰਬਰ ਜਾਂ ਜਨਵਰੀ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਦੋਂ ਬੂਟੇ ਸਥੱਲ ਅਵਸਥਾ ਵਿੱਚ ਹੋਣ। ਨਾਸ਼ਪਾਤੀ ਵਿੱਚ ਹਲਕੀ ਕਾਂਟ-ਛਾਂਟ ਦੀ ਲੋੜ ਹੁੰਦੀ ਹੈ ਕਿਉਂਕਿ ਫ਼ਲ ਖੁੰਗੀਆਂ ਉੱਪਰ ਲਗਦਾ ਹੈ ਜੋ ਕਈ ਸਾਲਾਂ ਤੱਕ ਫਲ ਦਿੰਦੇ ਹਨ। ਬੇਰ ਦੀ ਕਾਂਟ-ਛਾਂਟ ਮਈ ਦੇ ਦੂਜੇ ਪੰਦਰਵਾੜੇ ਵਿੱਚ ਕਰਨੀ ਚਾਹੀਦੀ ਹੈ। ਬੂਟਿਆਂ ਦੇ ਸਹੀ ਢੰਗ ਨਾਲ ਵਧਣ ਲਈ, ਗਰਮੀਆਂ ਵਿੱਚ ਹਫ਼ਤਾਵਾਰੀ ਅਤੇ ਸਰਦੀਆਂ ਵਿੱਚ ਹਰ 15 ਦਿਨਾਂ ਵਿੱਚ ਪਾਣੀ ਲਗਾਉਣਾ ਚਾਹੀਦਾ ਹੈ। ਸਰਦੀਆਂ ਵਿੱਚ ਪੱਤਝੜੀ ਫਲਦਾਰ ਬੂਟਿਆਂ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸਰਦੀਆਂ ਵਿੱਚ ਫ਼ਲਦਾਰ ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਪੌਲੀਥੀਨ ਦੀ ਸ਼ੀਟ ਜਾਂ ਪਰਾਲੀ ਨਾਲ ਢਕਣਾ ਚਾਹੀਦਾ ਹੈ। ਕੋਰੇ ਪੈਣ ਦੀ ਸੰਭਾਵਨਾ ਹੋਣ ’ਤੇ ਬਾਗ਼ ਵਿੱਚ ਪਾਣੀ ਲਗਾ ਦੇਣਾ ਚਾਹੀਦਾ ਹੈ। ਗਰਮੀਆਂ ਵਿੱਚ ਬੂਟਿਆਂ ਨੂੰ ਬਚਾਉਣ ਲਈ ਮੁੱਖ ਤਣੇ ਨੂੰ ਸਫੈਦੀ ਕਰਨੀ ਚਾਹੀਦੀ ਹੈ ਜਿਸ ਲਈ ਦਸ ਲਿਟਰ ਪਾਣੀ ਵਿੱਚ 2.5 ਕਿਲੋ ਚੂਨਾ, 50 ਗ੍ਰਾਮ ਕਾਪਰ ਸਲਫੇਟ ਅਤੇ 50 ਗ੍ਰਾਮ ਸ਼ੁਰੇਸ਼ ਨੂੰ ਮਿਲਾ ਕੇ ਸਫੈਦੀ ਘੋਲ ਤਿਆਰ ਕੀਤਾ ਜਾਂਦਾ ਹੈ। ਫਲਦਾਰ ਬੂਟਿਆਂ ਨੂੰ ਸਿਰਫ਼ ਪਾਣੀ ਦੇ ਛਿੜਕਾਅ ਨਾਲ ਸੂਰਜ ਦੇ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ। ਆਮ ਤੌਰ ’ਤੇ ਫਲਦਾਰ ਬੂਟਿਆਂ ਨੂੰ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਦਸੰਬਰ ਵਿੱਚ ਪਾਉਣੀ ਚਾਹੀਦੀ ਹੈ ਪਰ ਬੇਰ ਅਤੇ ਅਮਰੂਦ ਨੂੰ ਇਹ ਦੇਸੀ ਖਾਦ ਮਈ ਜਾਂ ਜੂਨ ਵਿੱਚ ਪਾਉਣੀ ਚਾਹੀਦੀ ਹੈ। ਜ਼ਿਆਦਾਤਰ ਫਲਾਂ ਵਾਲੇ ਬੂਟਿਆਂ ਲਈ, ਨਾਈਟ੍ਰੋਜਨ ਖਾਦ ਦੋ ਹਿੱਸਿਆਂ ਵਿੱਚ ਪਾਈ ਜਾਂਦੀ ਹੈ। ਇੱਕ ਹਿੱਸਾ ਫੁੱਲ ਆਉਣ ਤੋਂ ਪਹਿਲਾਂ ਅਤੇ ਦੂਜਾ ਹਿੱਸਾ ਫਲ ਆਉਣ ਤੋਂ ਬਾਅਦ ਪਾਇਆ ਜਾਂਦਾ ਹੈ। ਖਾਦ ਨੂੰ ਬੂਟਿਆਂ ਦੇ ਤਣੇ ਤੋਂ ਲਗਪਗ 1 ਫੁੱਟ ਦੀ ਦੂਰੀ ’ਤੇ ਪਾਇਆ ਜਾਣਾ ਚਾਹੀਦਾ ਹੈ।
ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ: ਫਲ ਪੌਸ਼ਟਿਕ ਬਗ਼ੀਚੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤਾਂ ਵਿੱਚ ਫਲਦਾਰ ਬੂਟਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬੋਰਡੋ ਮਿਸ਼ਰਨ ਦਾ ਛਿੜਕਾਅ ਕਰਨਾ ਚਾਹੀਦਾ ਹੈ, ਜਿਸ ਨੂੰ 2 ਕਿਲੋ ਕਾਪਰ ਸਲਫੇਟ ਅਤੇ 2 ਕਿਲੋ ਅਣਬੂਝਿਆ ਚੂਨਾ 250 ਲਿਟਰ ਪਾਣੀ ਵਿੱਚ ਘੋਲ ਕੇ ਬਣਾਇਆ ਜਾਂਦਾ ਹੈ। ਨਿੰਮ ਦੇ ਪੱਤਿਆਂ ਅਤੇ ਨਿਮੋਲੀਆਂ ਦੀ ਵਰਤੋਂ ਕਰ ਕੇ ਵੀ ਕੀੜੇ-ਮਕੌੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਅੰਬ, ਅਮਰੂਦ, ਆੜੂ, ਨਾਸ਼ਪਾਤੀ ਅਤੇ ਆਲ਼ੂਚੇ ਦੇ ਬੂਟਿਆਂ ਨੂੰ ਫਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ‘ਫਰੂਟ ਪਲਾਈ ਟਰੈਪ’ ਦੀ ਵਰਤੋਂ ਕਰਨੀ ਚਾਹੀਦੀ ਹੈ। ਬਰਸਾਤਾਂ ਵਿੱਚ ਚੰਗੀ ਗੁਣਵੱਤਾ ਦਾ ਅਮਰੂਦ ਲੈਣ ਲਈ ਪੱਕੇ ਹੋਏ ਹਰੇ ਅਤੇ ਸਖ਼ਤ ਅਮਰੂਦ ਦੇ ਫਲਾਂ ਨੂੰ ਜੂਨ ਦੇ ਅਖੀਰ ਜਾਂ ਜੁਲਾਈ ਦੇ ਸ਼ੁਰੂ ਵਿੱਚ ਚਿੱਟੇ ‘ਨਾਨ-ਵੂਵਨ ਲਿਫਾਫਿਆਂ’ ਨਾਲ ਢਕਣਾ ਚਾਹੀਦਾ ਹੈ। ਤੇਲੇ ਨੂੰ ਰੋਕਣ ਲਈ ਪਪੀਤੇ ਦੇ ਬੂਟਿਆਂ ਨੂੰ ਜਾਲੀ ਨਾਲ ਢਕਣਾ ਚਾਹੀਦਾ ਹੈ ਅਤੇ ‘ਪੱਤਾ ਮਰੋੜ ਵਾਇਰਸ’ ਨੂੰ ਰੋਕਣ ਲਈ ਬਿਮਾਰ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ ਤਾਂ ਜੋ ਉਹ ਤੰਦਰੁਸਤ ਬੂਟਿਆਂ ਵਿੱਚ ਨਾ ਫੈਲੇ। ਧਿਆਨ ਰੱਖੋ ਕਿ ਪਪੀਤੇ ਨੂੰ ਜ਼ਿਆਦਾ ਪਾਣੀ ਨਾ ਦਿੱਤਾ ਜਾਵੇ। ਨਿੰਬੂ ਨੂੰ ਫਟਣ ਤੋਂ ਬਚਾਉਣ ਲਈ, ਦੀਵਾਰ ਜਾਂ ਇਮਾਰਤ ਦੇ ਨੇੜੇ ਨਾ ਲਗਾਓ।