For the best experience, open
https://m.punjabitribuneonline.com
on your mobile browser.
Advertisement

ਫਲਾਂ ਦੀ ਕਾਸ਼ਤ ਅਤੇ ਪੋਸ਼ਣ ਸੁਰੱਖਿਆ

08:49 AM Oct 05, 2024 IST
ਫਲਾਂ ਦੀ ਕਾਸ਼ਤ ਅਤੇ ਪੋਸ਼ਣ ਸੁਰੱਖਿਆ
Advertisement

ਕੁਲਦੀਪ ਸਿੰਘ ਭੁੱਲਰ*

Advertisement

ਵਿਸ਼ਵ ਦੀ ਆਬਾਦੀ ਹਰ ਸਾਲ 1.03 ਫ਼ੀਸਦੀ ਦਰ ਨਾਲ ਵਧ ਰਹੀ ਹੈ ਅਤੇ 2050 ਦੇ ਅੰਤ ਤੱਕ ਲਗਪਗ 960 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ ਕੁੱਲ ਦੁਨੀਆਂ ਦੀ ਆਬਾਦੀ ਦੇ ਲਗਪਗ 18 ਫ਼ੀਸਦੀ ਹਿੱਸੇ ਨੂੰ ਸਿਰਫ਼ ਵਿਸ਼ਵ ਦੇ 2.4 ਫ਼ੀਸਦੀ ਸਤਹਿ ਖੇਤਰ ਉੱਪਰ ਹੀ ਸਮੋਈ ਬੈਠਾ ਹੈ। ਮੌਜੂਦਾ ਗਲੋਬਲ ਹੰਗਰ ਇੰਡੈਕਸ (ਜੀਐੱਚਆਈ) ਵਿੱਚ ਭਾਰਤ 125 ਦੇਸ਼ਾਂ ’ਚੋਂ 111ਵੇਂ ਸਥਾਨ ’ਤੇ ਹੈ ਅਤੇ ਆਬਾਦੀ ਦਾ ਬਹੁਤ ਵੱਡਾ ਹਿੱਸਾ ਕੁਪੋਸ਼ਣ ਨਾਲ ਜੂਝ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਵੀ ਭੁੱਖਮਰੀ ਦੇ ਸਬੰਧ ਵਿੱਚ ਭਾਰਤ ਦੀ ਸਥਿਤੀ ’ਤੇ ਚਿੰਤਾ ਦੇ ਸੰਕੇਤ ਦਿੱਤੇ ਹਨ। ਸਾਲ 2030 ਤੱਕ ਕੁਪੋਸ਼ਣ ਦੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਸਥਿਰ ਵਿਕਾਸ ਟੀਚਿਆਂ (ਐਸਡੀਜੀ) ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਉੱਦਮਾਂ ਵਿੱਚ ਸਿਹਤਯਾਬੀ ਲਈ ਸੰਤੁਲਿਤ ਖ਼ੁਰਾਕ ਵਿੱਚ ਫ਼ਲਾਂ ਭੂਮਿਕਾ ਖ਼ਪਤਕਾਰਾਂ ਦੀ ਜਾਗਰੂਕਤਾ ਪੈਦਾ ਕਰਨਾ ਅਹਿਮ ਹੈ। ਇਸ ਤੋਂ ਇਲਾਵਾ ਫ਼ਲ ਪੋਸ਼ਣ ਪੱਧਰ ਨੂੰ ਵਧਾਉਣ, ਪਾਚਣ ਸ਼ਕਤੀ ਨੂੰ ਠੀਕ ਕਰਨ, ਸਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਤਾਕਤ ਵਿੱਚ ਵਾਧਾ ਕਰਨ ਦੇ ਸਮਰੱਥ ਹਨ। ਕੋਵਿਡ-19 ਮਹਾਮਾਰੀ ਤੋਂ ਬਾਅਦ ਵੀ ਲੋਕਾਂ ਵਿੱਚ ਫ਼ਲਾਂ ਪ੍ਰਤੀ ਦਿਲਚਸਪੀ ਵਧੀ ਹੈ।
ਛੋਟੇ ਫਲਾਂ ਦੀ ਸਾਰਥਕਤਾ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮੁੱਖ ਫ਼ਲਦਾਰ ਫਸਲਾਂ ਵੱਡੇ ਪੱਧਰ ’ਤੇ ਲਾਉਣ ਦੀ ਸੰਭਾਵਨਾ ਕਾਰਨ ਵੱਡੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਈਆਂ ਹਨ। ਇਨ੍ਹਾਂ ਫ਼ਲਾਂ ਦੀ ਕਾਸ਼ਤ ਇੱਕ ਖ਼ਾਸ ਰਕਬੇ ਤੋਂ ਘੱਟ ਹਿੱਸੇ ’ਤੇ ਕਰਨਾ ਵਪਾਰਕ ਤੌਰ ’ਤੇ ਲਾਹੇਵੰਦ ਨਹੀਂ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਿੱਟੀ ਦਾ ਖਾਰਾਪਣ, ਮੌਸਮ ਵਿੱਚ ਤਬਦੀਲੀ ਜਿਵੇਂ ਮੀਂਹ ਦਾ ਘਾਟਾ ਅਤੇ ਅਨਿਸ਼ਚਿਤਤਾ, ਤਾਪਮਾਨ ਵਿੱਚ ਵਾਧਾ, ਹੜ੍ਹ ਜਾਂ ਸੋਕੇ ਦਾ ਅਸਰ ਆਦਿ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਦਾ ਅਸਰ ਵੱਡੇ ਫ਼ਲਾਂ ’ਤੇ ਜ਼ਿਆਦਾ ਪੈਂਦਾ ਹੈ ਜਿਸ ਦੇ ਨਤੀਜੇ ਵਜੋਂ ਕਈ ਵਾਰ ਬਾਗ਼ਬਾਨਾਂ ਉਤਪਾਦਨ ਨੂੰ ਲੈ ਕੇ ਅਨਿਸ਼ਚਿਤਤਾ ਤੇ ਵਿਤੀ ਲਾਭ ਤੋਂ ਨਾਖੁਸ਼ੀ ਦੇਖੀ ਜਾ ਸਕਦੀ ਹੈ। ਜੇ ਪ੍ਰਮੁੱਖ ਫ਼ਲਦਾਰ ਫ਼ਸਲਾਂ ਦੇ ਰਕਬੇ ਵਿੱਚ ਫੇਰਬਦਲ ਹੁੰਦਾ ਹੈ ਤਾਂ ਇਹ ਵੱਡੇ ਪੱਧਰ ’ਤੇ ਹੁੰਦਾ ਹੈ ਜਿਸ ਨਾਲ ਪੋਸ਼ਣ ਸੁਰੱਖਿਆ ਪ੍ਰਤੀ ਵੀ ਚਿੰਤਾ ਪੈਦਾ ਹੋ ਸਕਦੀ ਹੈ।
ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਲਘੂ ਫ਼ਲਾਂ ਦਾ ਉਤਪਾਦਨ ’ਤੇ ਭਰੋਸੇਯੋਗਤਾ ਵਧੇਰੇ ਟਿਕਾਊ ਸਮਝੀ ਜਾ ਸਕਦੀ ਹੈ। ਇਨ੍ਹਾਂ ਵਿੱਚ ਸਥਾਨਕ ਹਾਲਤਾਂ ਵਿੱਚ ਮੌਸਮ ਦੀਆਂ ਤਬਦੀਲੀਆਂ ਦੇ ਬਾਵਜੂਦ ਵਧੇਰੇ ਨਿਸ਼ਚਿਤਤਾ ਹੁੰਦੀ ਹੈ। ਭਾਵੇਂ ਇਨ੍ਹਾਂ ਦੇ ਉਤਪਾਦਨ ਲਈ ਬਹੁਤੀਆਂ ਕਿਸਮਾ ਜਾਂ ਤਕਨੀਕਾਂ ਉਪਲਬਧ ਨਹੀਂ ਹਨ ਪਰ ਇਹ ਫ਼ਲ ਆਮ ਲੋਕਾਂ ਵਿੱਚ ਪ੍ਰਚੱਲਿਤ ਹੋਣ ਕਾਰਨ ਵਧੇਰੇ ਮੰਗ ਵਿੱਚ ਹਨ। ਇਨ੍ਹਾਂ ’ਚੋਂ ਬਹੁਤਿਆਂ ਦੀ ਤਾਜ਼ੇ ਫ਼ਲਾਂ ਦੀ ਵਰਤੋਂ ਤੋਂ ਇਲਾਵਾ ਇਨ੍ਹਾਂ ਦੀ ਘਰੇਲੂ ਪੱਧਰ ’ਤੇ ਪ੍ਰਾਸੈਸਿੰਗ ਵੀ ਪ੍ਰਚੱਲਿਤ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਦਵਾਈਆਂ ਵਾਲੇ ਗੁਣ ਵੀ ਮੌਜੂਦ ਹਨ। ਛੋਟੇ ਤੇ ਸੀਮਾਂਤ ਕਿਸਾਨਾਂ ਵੱਲੋਂ ਇਨ੍ਹਾਂ ਫ਼ਲਾਂ ਨੂੰ ਆਸਾਨੀ ਨਾਲ ਅਪਣਾਇਆ ਜਾ ਸਕਦਾ ਹੈ। ਪ੍ਰਾਸੈਸਿੰਗ, ਭੰਡਾਰਨ, ਆਵਾਜਾਈ ਦੇ ਸਾਧਨ ਸੁਖਾਲੇ ਹੀ ਉਪਲਬਧ ਹੋਣ ਕਾਰ ਦੁਰਾਡੀਆਂ ਮੰਡੀਆਂ ਵਿੱਚ ਮੰਡੀਕਰਨ ਰਾਹੀਂ ਵਧੇਰੇ ਮੁੱਲ ਕਾਰਨ ਵਧੇਰੇ ਆਰਥਿਕ ਲਾਹਾ ਵੀ ਲਿਆ ਜਾ ਸਕਦਾ ਹੈ। ਇਨ੍ਹਾਂ ਫਲਾਂ ਦੀ ਕਾਸ਼ਤ ਅਤੇ ਖ਼ਾਸ ਗੁਣ ਇਸ ਤਰ੍ਹਾਂ ਹਨ:
ਆਂਵਲਾ (ਔਲਾ): ਇਸ ਵਿੱਚ ਮੌਜੂਦ ਗੁਣਾ ਕਾਰਨ ਇਸ ਨੂੰ ‘ਅੰਮ੍ਰਿਤ ਫਲ’ ਵੀ ਕਿਹਾ ਜਾਂਦਾ ਹੈੈ। ਫਲਾਂ ਵਿੱਚ ਵਿਟਾਮਿਨ-ਸੀ ਅਤੇ ਖਣਿਜਾਂ ਦੀ ਬਹੁਤਾਤ, ਦਵਾਈਆਂ ਵਾਲੇ ਗੁਣਾਂ, ਬਹੁਮੰਤਵੀ ਤੇ ਸੁਖਾਲੀ ਪ੍ਰਾਸੈਸਿੰਗ ਹੋਣ ਕਾਰਨ ਇਹ ਲੋਕਾਂ ਵਿੱਚ ਬਹੁਤ ਪ੍ਰਚੱਲਿਤ ਹੈ। ਇਹ ਫ਼ਸਲ ਮਿੱਟੀ ਦੀ ਮੰਗ ਪੰਜਾਬ ਦੀਆਂ ਹਲਕੀਆਂ ਤੇ ਮਾੜੀਆਂ ਜ਼ਮੀਨਾਂ ਨਾਲ ਮੇਲ ਖਾਂਦੀ ਹੈ। ਪੰਜਾਬ ਦੇ ਗਰਮ ਮੌਸਮ ਨਾਲ ਇਸ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਬਸ਼ਰਤੇ ਸਰਦੀ ਵਿੱਚ ਕੋਰੇ ਤੋਂ ਬਚਾਅ ਲਈ ਉਪਰਾਲੇ ਕਰ ਲਏ ਜਾਣ।
ਬਿਲ: ਇਸ ਫਲ ਦੀ ਧਾਰਮਿਕ ਰਸਮਾਂ ਵਿੱਚ ਵਰਤੋਂ ਬਹੁਤ ਪ੍ਰਮੁੱਖ ਹੈ। ਇਸ ਤੋਂ ਇਲਾਵਾ ਇਸ ਵਿੱਚ ਦਵਾਈਆਂ ਵਾਲੇ ਗੁਣ ਮੌਜੂਦ ਹੋਣ ਕਾਰਨ ਇਸ ਦੀ ਤਸੀਰ ਠੰਢੀ ਮੰਨੀ ਜਾਂਦੀ ਹੈ ਜੋ ਗਰਮੀ ਦੇ ਅਸਰ ਨੂੰ ਬੇਅਸਰ ਕਰਨ ਲਈ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਖਣਿਜ ਪਦਾਰਥਾਂ ਤੋਂ ਇਲਾਵਾ ਬੀ-1 (ਥਾਇਆਮਿਨ), ਵਿਟਾਮਨ ਬੀ-2 (ਰਾਈਬੋਫਲੇਵਿਨ) ਤੇ ਵਿਟਾਮਿਨ ਬੀ-3 (ਨਾਇਆਸਿਨ) ਅਤੇ ਵਿਟਾਮਿਨ-ਏ, ਐਂਟੀਆਕਸੀਡੈਂਟ ਅਤੇ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ। ਇਸ ਕਰ ਕੇ ਇਹ ਗਰਮੀ ਦੇ ਮੌਸਮ ਲਈ ਤੋਹਫ਼ਾ ਬਣ ਜਾਂਦਾ ਹੈ। ਮੁੱਖ ਤੌਰ ’ਤੇ ਇਸ ਦੀ ਵਰਤੋਂ ਸ਼ਰਬਤ, ਮੁਰੱਬੇ ਤੇ ਕੈਂਡੀ ਦੇ ਤੌਰ ’ਤੇ ਕੀਤੀ ਜਾਂਦੀ ਹੈ। ਖਾਰੀਆਂ ਜ਼ਮੀਨਾਂ ਵਿੱਚ ਇਸ ਦੀ ਕਾਸ਼ਤ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ।
ਅੰਜੀਰ: ਇਸ ਦੇ ਫਲਾਂ ਵਿੱਚ ਬਹੁਤ ਸਾਰੇ ਖਣਿਜ ਪਦਾਰਥਾਂ ਤੋਂ ਇਲਾਵਾ ਐਂਟੀਆਕਸੀਡੈਂਟ ਪਦਾਰਥ ਪਾਏ ਜਾਂਦੇ ਹਨ। ਇਹ ਫ਼ਲ ਬਹੁਤ ਮਿੱਠਾ ਹੋਣ ਕਾਰਨ ਪੰਜਾਬੀਆਂ ਦੇ ਮਨ ਭਾਉਂਦਾ ਫ਼ਲ ਹੈ। ਇਸ ਦੀ ਵਰਤੋਂ ਤਾਜ਼ੇ ਫ਼ਲਾਂ ਤੋਂ ਇਲਾਵਾ ਸੁੱਕੇ ਫਲਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਜੋ ਬਾਜ਼ਾਰ ਵਿੱਚ ਬਦਾਮ ਤੋਂ ਵੀ ਮਹਿੰਗੇ ਹੁੰਦੇ ਹਨ।
ਫਾਲਸਾ: ਇਸ ਦੇ ਫਲਾਂ ਦਾ ਗਲਾਈਸੀਮਿਕ ਇੰਡੈਕਸ ਘੱਟ ਹੋਣ ਕਾਰਨ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਇਸ ਵਿੱਚ ਇਲੈਕਟਰੋਲਾਈਟਿਕ ਗੁਣ ਹੋਣ ਕਾਰਨ ਇਹ ਗਰਮੀਆਂ ਵਿੱਚ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ। ਇਸ ਬਾਰੇ ਗੱਲ ਮਸ਼ਹੂਰ ਹੈ ਕਿ ‘ਠੰਢਾ ਮਿੱਠਾ ਖਾਹ ਫਾਲਸਾ, ਗਰਮੀ ਦੀ ਦਵਾ ਫਾਲਸਾ’। ਇਸ ਦੀ ਵਰਤੋਂ ਤਾਜ਼ੇ ਫਲਾਂ ਤੋਂ ਇਲਾਵਾ ਜੂਸ ਜਾਂ ਸ਼ਰਬਤ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਸਰਦੀ ਵਿੱਚ ਇਸ ਦੇ ਪੱਤੇ ਡਿੱਗ ਪੈਂਦੇ ਹਨ ਜੋ ਕਿ ਠੰਢ ਤੋਂ ਬਚਣ ਦਾ ਇੱਕ ਤਰੀਕਾ ਹੈ ਤੇ ਇਹ ਫ਼ਸਲ ਆਸਾਨੀ ਨਾਲ ਗਰਮੀ ਤੇ ਖੁਸ਼ਕੀ ਵੀ ਸਹਾਰ ਲੈਂਦੀ ਹੈ।
ਲੁਕਾਠ: ਇਹ ਫਲ ਵਿਟਾਮਿਨ-ਏ ਅਤੇ ਐਂਟੀ ਆਕਸੀਡੈਂਟਾਂ ਦਾ ਚੰਗਾ ਸਰੋਤ ਹੈ। ਇਹ ਫ਼ਸਲ ਭਾਵੇਂ ਸੇਬ ਦੇ ਪਰਿਵਾਰ ਵਿੱਚੋਂ ਹੈ ਜਿਸ ਦੇ ਬਹੁਤੇ ਫਲ ਠੰਢੇ ਇਲਾਕਿਆਂ ਵਿੱਚ ਹੀ ਹੁੰਦੇ ਹਨ ਪਰ ਇਹ ਫ਼ਸਲ ਸਦਾਬਹਾਰ ਹੈ ਅਤੇ ਆਸਾਨੀ ਨਾਲ ਗਰਮੀ ਤੇ ਸੋਕੇ ਨੂੰ ਸਹਾਰ ਲੈਂਦੀ ਹੈ। ਪੰਜਾਬ ਵਿੱਚ ਇਸ ਦੇ ਪੱਕਣ ਦਾ ਸਮਾਂ ਹੀ ਇਸ ਦਾ ਗੁਣ ਹੈ। ਇਹ ਫ਼ਸਲ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਜਦੋਂ ਕਿ ਇਸ ਸਮੇਂ ਵਿੱਚ ਹੋਰ ਤਾਜ਼ੇ ਫਲ ਬਹੁਤੇ ਮੰਡੀ ਵਿੱਚ ਮੌਜੂਦ ਨਹੀਂ ਹੁੰਦੇ।
ਖਜੂਰ: ਖਜੂਰ ਦੇ ਫਲਾਂ ਵਿੱਚ 15 ਤਰ੍ਹਾਂ ਤੇ ਤੱਤ ਅਤੇ ਸੱਤ ਤਰ੍ਹਾਂ ਦੇ ਵਿਟਾਮਿਨ ਅਤੇ ਕਈ ਐਂਟੀਆਕਸੀਡੈਂਟ ਹੋਣ ਕਾਰਨ ਇਹ ਬਹੁਤਾਤ ਦਾ ਪਸੰਦੀਦਾ ਫਲ ਹੈ। ਇਸ ਵਿੱਚ ਮੌਜੂਦ ਕੁਦਰਤੀ ਮਿਠਾਸ ਕਾਰਨ ਇਸ ਨੂੰ ਕਈ ਪਕਵਾਨਾਂ ਵਿੱਚ ਕੁਦਰਤੀ ਖੰਡ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਗੁਣਾਂ ਦੀ ਗਵਾਹੀ ਧਾਰਮਿਕ ਤੇ ਪੌਰਾਣਿਕ ਆਯੁਰਵੈਦਿਕ ਲਿਖਤਾਂ ਵਿੱਚ ਵੀ ਮਿਲਦੀ ਹੈ। ਇਸ ਦੇ ਤਾਜ਼ੇ ਫ਼ਲਾਂ ਦੀ ਵਰਤੋਂ ਤੋਂ ਇਲਾਵਾ ਛੁਹਾਰੇ, ਜੈਮ, ਚਟਨੀ, ਆਚਾਰ, ਜੂਸ ਆਦਿ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਜਾਮਣ: ਇਸ ਦੇ ਫਲਾਂ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਮੌਜੂਦ ਹੁੰਦੇ ਹਨ ਤੇ ਇਸ ਦਾ ਇੱਕ ਵੱਖਰਾ ਸੁਆਦ ਹੁੰਦਾ ਹੈ ਜੋ ਇਸ ਨੂੰ ਹਰ ਉਮਰ ਵਰਗ ਦੇ ਲੋਕਾਂ ਦੀ ਪਸੰਦ ਬਣਾਉਦਾ ਹੈ। ਇਸ ਦੇ ਫ਼ਲਾਂ ਤੋਂ ਇਲਾਵਾ ਇਸ ਦੀਆਂ ਸੁਕੀਆਂ ਗਿਟਕਾਂ ਦੀ ਵਰਤੋਂ ਵੀ ਕਈ ਰੂਪਾਂ ਵਿੱਚ ਕੀਤੀ ਜਾਂਦੀ ਹੈ।
*ਫ਼ਲ ਵਿਗਿਆਨੀ, ਸਕੂਲ ਆਫ ਆਰਗੈਨਿਕ ਫਾਰਮਿੰਗ, ਪੀਏਯੂ।

Advertisement

Advertisement
Author Image

joginder kumar

View all posts

Advertisement