ਤਨਖ਼ਾਹਾਂ ਅਤੇ ਬਕਾਏ ਲੈਣ ਲਈ ਮੋਰਚਾ ਜਾਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਾਰਚ
ਪਸ਼ੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਤਨਖਾਹਾਂ ਦੇ ਵਧੇ ਰੇਟਾਂ ਦੇ ਬਕਾਏ ਨਾ ਦੇਣ ਦੇ ਰੋਸ ਵਜੋਂ 21 ਮਾਰਚ ਤੋ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਸ਼ਾਂਤੀਪੂਰਨ ਢੰਗ ਨਾਲ ਹਫ਼ਤੇ ਤੋਂ ਜਾਰੀ ਇਸ ਸੰਘਰਸ਼ ਨੂੰ ਅਧਿਕਾਰੀਆਂ ਵੱਲੋਂ ਨਜ਼ਰ ਅੰਦਾਜ਼ ਕਰਨ ਕਰਕੇ ਕਾਮੇ ਭੜਕ ਉੱਠੇ ਅਤੇ ਉਨ੍ਹਾਂ ਅਲਟੀਮੇਟਮ ਦੇ ਦਿੱਤਾ ਕਿ ਜੇਕਰ 31 ਮਾਰਚ ਤੱਕ ਤਨਖਾਹਾਂ ਤੇ ਬਕਾਏ ਜਾਰੀ ਨਾ ਕੀਤੇ ਗਏ ਤਾਂ ਅਪਰੈਲ ਦੇ ਪਹਿਲੇ ਦਿਨ ਹੀ ਕੰਮ ਬੰਦ ਕਰ ਕੇ ਆਵਾਜਾਈ ਵੀ ਠੱਪ ਕੀਤੀ ਜਾਵੇਗੀ। ਇੱਥੇ ਹੋਈ ਇਕੱਤਰਤਾ ਦੌਰਾਨ ਮੁਲਾਜ਼ਮ ਆਗੂਆਂ ਦਿਆਲ ਸਿੰਘ ਸਿੱਧੂ, ਮਾਨ ਸਿੰਘ, ਭਜਨ ਸਿੰਘ ਲੰਗ ਤੇ ਤਰਸੇਮ ਸਿੰਘ ਨੇ ਕਿਹਾ ਕਿ ਬਾਕੀ ਅਦਾਰਿਆਂ ਦੇ ਠੇਕੇਦਾਰਾਂ ਨੇ ਤਨਖਾਹਾਂ ਅਤੇ ਬਕਾਏ ਜਾਰੀ ਕਰ ਦਿੱਤੇ ਹਨ, ਪਰ ਪਸ਼ੂ ਪਾਲਣ ਵਿਭਾਗ ’ਚ ਕੰਮ ਕਰਦੇ ਠੇਕੇਦਾਰਾਂ ਵੱਲੋਂ ਦੋ-ਦੋ ਮਹੀਨੇ ਦੀਆਂ ਤਨਖਾਹਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ। ਪਿਛਲੇ ਦਿਨੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈੱਡਰੇਸ਼ਨ ਦੇ ਵਫ਼ਦ ਨੇ ਇਹ ਮਾਮਲਾ ਵਿਭਾਗ ਦੇ ਡਾਇਰੈਕਟਰ ਦੇ ਧਿਆਨ ’ਚ ਵੀ ਲਿਆਂਦਾ ਸੀ ਪਰ ਫੇਰ ਵੀ ਕੁਝ ਨਹੀਂ ਹੋਇਆ। ਇਸੇ ਦੌਰਾਨ ਧਰਨੇ ਦੌਰਾਨ ਭਰਾਤਰੀ ਹਮਾਇਤ ਦੇਣ ਲਈ ਪੁੱਜੇ ਜਨਤਕ ਜਥੇਬੰਦੀਆਂ ਦੇ ਆਗੂ ਦਰਸ਼ਨ ਬੇਲੂਮਾਜਰਾ, ਸੁੱਚਾ ਸਿੰਘ ਕੌਲ, ਹਰਦੇਵ ਸਿੰਘ ਤੇ ਮੱਘਰ ਸਿੰਘ ਪੁੱਜੇ।