For the best experience, open
https://m.punjabitribuneonline.com
on your mobile browser.
Advertisement

ਪਹਾੜਾਂ ਤੋਂ ਮੈਦਾਨਾਂ ਤੱਕ ਮੀਂਹ ਨੇ ਮਚਾਈ ਤਬਾਹੀ, 21 ਮੌਤਾਂ

08:41 AM Jul 10, 2023 IST
ਪਹਾੜਾਂ ਤੋਂ ਮੈਦਾਨਾਂ ਤੱਕ ਮੀਂਹ ਨੇ ਮਚਾਈ ਤਬਾਹੀ  21 ਮੌਤਾਂ
ਜ਼ੀਰਕਪੁਰ ਵਿੱਚ ਐਤਵਾਰ ਨੂੰ ਭਾਰੀ ਮੀਂਹ ਦੌਰਾਨ ਚੰਡੀਗਡ਼੍ਹ-ਅੰਬਾਲਾ ਹਾਈਵੇਅ ’ਤੇ ਜਮ੍ਹਾਂ ਹੋਏ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਰਵੀ ਕੁਮਾਰ
Advertisement

* ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ * ਨੂਰਪੁਰ ਬੇਦੀ ’ਚ ਦੋ ਵਿਅਕਤੀਆਂ ਦੀ ਮੌਤ * ਰੋਪੜ, ਨਵਾਂਸ਼ਹਿਰ ਅਤੇ ਮੁਹਾਲੀ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਅੱਜ ਛੁੱਟੀ * ਪੰਜਾਬੀ ’ਵਰਸਿਟੀ ਅਤੇ ਪੰਜਾਬ ਬੋਰਡ ਨੇ ਅੱਜ ਹੋਣ ਵਾਲੇ ਪੇਪਰ ਮੁਲਤਵੀ ਕੀਤੇ * ਹਿਮਾਚਲ ’ਚ ਰਾਵੀ, ਬਿਆਸ, ਸਤਲੁਜ, ਸਵਾਂ ਤੇ ਚਨਾਬ ਖ਼ਤਰੇ ਦੇ ਨਿਸ਼ਾਨ ਤੋਂ ਉਪਰ * ਸੂਬੇ ’ਚ 736 ਸੜਕਾਂ ਬੰਦ * ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ * ਵਿਦਿਅਕ ਅਦਾਰੇ ਦੋ ਦਨਿਾਂ ਲਈ ਬੰਦ ਕੀਤੇ

Advertisement

ਚੰਡੀਗੜ੍ਹ: ਪਿਛਲੇ 36 ਘੰਟਿਆਂ ਤੋਂ ਵਧ ਸਮੇਂ ਤੋਂ ਪੰਜਾਬ ਸਣੇ ਉੱਤਰੀ ਭਾਰਤ ’ਚ ਪੈ ਰਹੇ ਮੋਹਲੇਧਾਰ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਯੂਪੀ ਤੇ ਜੰਮੂ ਕਸ਼ਮੀਰ ’ਚ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ’ਚ ਹਿਮਾਚਲ ਪ੍ਰਦੇਸ਼ ਦੇ 6, ਉੱਤਰਾਖੰਡ ਦੇ 6, ਪੰਜਾਬ ਦੇ ਦੋ ,ਜੰਮੂ ਕਸ਼ਮੀਰ ਦੇ ਤਿੰਨ, ਯੂਪੀ ਦੇ ਤਿੰਨ ਅਤੇ ਹਰਿਆਣਾ ਦਾ ਇੱਕ ਵਿਅਕਤੀ ਸ਼ਾਮਲ ਹਨ। ਹੜ੍ਹ ਵਰਗੇ ਹਾਲਾਤ ਬਣਨ ਕਾਰਨ ਪੰਜਾਬ ਸਮੇਤ ਹੋਰ ਸੂਬਿਆਂ ’ਚ ਅਲਰਟ ਐਲਾਨ ਦਿੱਤਾ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਫ਼ਸਲਾਂ ਸਮੇਤ ਹੋਰ ਮਾਲੀ ਨੁਕਸਾਨ ਹੋਇਆ ਹੈ। ਪਾਣੀ ਲੋਕਾਂ ਦੇ ਘਰਾਂ ਅੰਦਰ ਤੱਕ ਵੜ ਗਿਆ। ਕਈ ਥਾਵਾਂ ’ਤੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਸੱਦਣਾ ਪਿਆ ਹੈ। ਪੰਜਾਬ ਦੇ ਦੋ ਜ਼ਿਲ੍ਹਿਆਂ ਮੁਹਾਲੀ ਅਤੇ ਪਟਿਆਲਾ ’ਚ ਫ਼ੌਜ ਨੇ ਕਮਾਨ ਸੰਭਾਲ ਲਈ ਹੈ। ਸੂਬਿਆਂ ਨੇ ਆਪਣੇ ਪੱਧਰ ’ਤੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਹਨ।

ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੁਲਾਈ
ਪੰਜਾਬ ’ਚ ਦੋ ਦਨਿਾਂ ਤੋਂ ਪੈ ਰਹੇ ਤੇਜ਼ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਉੱਤਰੀ ਭਾਰਤ ’ਚ ਬਨਿਾਂ ਰੁਕੇ ਪਈ ਬਾਰਸ਼ ਕਰਕੇ ਘੱਗਰ ਅਤੇ ਸਤਲੁਜ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪੰਜਾਬ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਸਮੁੱਚੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਲਗਾਤਾਰ ਪਏ ਮੀਂਹ ਨੇ ਸਮੁੱਚਾ ਜਨ-ਜੀਵਨ ਲੀਹੋਂ ਉਤਾਰ ਦਿੱਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਘੱਗਰ ’ਚ ਪਾਣੀ ਤਿੰਨ ਫੁੱਟ ਹੇਠਾਂ ਆਇਆ ਹੈ ਪ੍ਰੰਤੂ ਖ਼ਤਰਾ ਟਲਿਆ ਨਹੀਂ ਹੈ। ਨੂਰਪੁਰ ਬੇਦੀ ’ਚ ੲਿਕ ਸਾਧੂ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ ਜਦਕਿ ਪਿੰਡ ਬਠਲੌਰ ’ਚ ਪਸ਼ੂਆਂ ਦੇ ਵਾੜੇ ’ਚੋਂ ਪਾਣੀ ਕੱਢ ਰਹੇ ਸਤਵਿੰਦਰ ਸਿੰਘ ’ਤੇ ਢਿੱਗ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।

ਡੇਰਾਬੱਸੀ ਵਿੱਚ ਐਤਵਾਰ ਨੂੰ ਪਏ ਭਾਰੀ ਮੀਂਹ ਦੌਰਾਨ ਗੁਲਮੋਹਰ ਸੁਸਾਇਟੀ ’ਚ ਭਰੇ ਪਾਣੀ ’ਚੋਂ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਕੱਢਦੇ ਹੋਏ ਰਾਹਤ ਕਰਮੀ। -ਫੋਟੋ: ਵਿੱਕੀ ਘਾਰੂ

ਸੂਬੇ ਵਿਚ ਇੱਕੋ ਰਾਤ ’ਚ ਹੋਈ 270 ਐੱਮਐੱਮ ਵਰਖਾ ਨੇ ‘ਫਲੱਡ ਮਾਡਲ’ ਹੀ ਤਹਿਸ-ਨਹਿਸ ਕਰ ਦਿੱਤਾ। ਆਮ ਤੌਰ ’ਤੇ ਜੁਲਾਈ ਵਿਚ ਔਸਤਨ 170 ਐੱਮਐੱਮ ਮੀਂਹ ਦਾ ਪੈਟਰਨ ਹੈ। ਮੌਸਮ ਵਿਭਾਗ ਨੇ ਭਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਅਤੇ 13 ਜੁਲਾਈ ਨੂੰ ਮੁੜ ਮੀਂਹ ਪੈਣ ਦਾ ਅਨੁਮਾਨ ਹੈ। ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਨਾਲ ਸ਼ਹਿਰਾਂ ਦੇ ਨਿਕਾਸੀ ਪ੍ਰਬੰਧ ਪੂਰੀ ਤਰ੍ਹਾਂ ਡਗਮਗਾ ਗਏ ਹਨ। ਇਸੇ ਦੌਰਾਨ ਪੰਜਾਬ ਪੁਲੀਸ ਨੂੰ ਅਲਰਟ ਕੀਤਾ ਗਿਆ ਹੈ ਜਦੋਂ ਕਿ ਗ੍ਰਹਿ ਵਿਭਾਗ ਨੇ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ ਵਿਚ ਬਣੇ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਫ਼ੌਜ ਤੋਂ ਮਦਦ ਮੰਗੀ ਹੈ। ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਰਕੇ ਬੇਟ ਤੇ ਮੰਡ ਦਾ ਖੇਤਰ ਪੂਰੀ ਤਰ੍ਹਾਂ ਖ਼ਤਰੇ ਹੇਠ ਆ ਗਏ ਹਨ। ਰੋਪੜ, ਨਵਾਂਸ਼ਹਿਰ ਅਤੇ ਮੁਹਾਲੀ ਜ਼ਿਲ੍ਹਿਆਂ ਵਿਚ ਭਲਕੇ ਸਕੂਲਾਂ ਵਿਚ ਛੁੱਟੀ ਐਲਾਨ ਦਿੱਤੀ ਗਈ ਹੈ। ਪੰਜਾਬੀ ’ਵਰਸਿਟੀ ਨੇ ਸੋਮਵਾਰ ਨੂੰ ਹੋਣ ਵਾਲੇ ਸਾਰੇ ਪੇਪਰ ਮੁਲਤਵੀ ਕਰ ਦਿੱਤੇ ਹਨ। ਇਸੇ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਭਲਕੇ ਸੋਮਵਾਰ ਨੂੰ ਸੂਬੇ ਦੇ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਹੋਣ ਵਾਲੀ ਪੰਜਵੀਂ ਸ਼੍ਰੇਣੀ ਦੀ ਵਾਤਾਵਰਨ ਸਿੱਖਿਆ ਅਤੇ ਅੱਠਵੀਂ ਦੀ ਸਾਇੰਸ ਵਿਸ਼ੇ ਦੀ ਰੀ-ਅਪੀਅਰ ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਹੈ। ਖਰੜ ਵਿਚ ਇੱਕ ਰਿਹਾਇਸ਼ੀ ਇਮਾਰਤ ਡਿੱਗ ਗਈ ਹੈ ਜਦੋਂ ਕਿ ਰੋਪੜ ਜ਼ਿਲ੍ਹੇ ’ਚ ਇੱਕ ਕੇਂਦਰੀ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਾ ਹੈ। ਕੁਰਾਲੀ ਵਿਚ ਮੀਂਹ ਦਾ ਪਾਣੀ ਘਰਾਂ ਵਿਚ ਦਾਖ਼ਲ ਹੋ ਗਿਆ।
ਘੱਗਰ ’ਚ ਪਾਣੀ 90 ਹਜ਼ਾਰ ਕਿਊਸਿਕ ਨੂੰ ਪਾਰ ਕਰ ਗਿਆ ਹੈ ਜਦੋਂ ਕਿ ਇਸ ਤੋਂ ਪਹਿਲਾਂ 2004 ਵਿਚ ਇਸ ਪੱਧਰ ’ਤੇ ਪਾਣੀ ਪਹੁੰਚਿਆ ਸੀ। ਘੱਗਰ ਦੇ ਪਾਣੀ ਨੇ ਡੇਰਾਬੱਸੀ ਵਿਚ ਤਰਥੱਲੀ ਮਚਾ ਦਿੱਤੀ ਹੈ। ਇੱਥੋਂ ਦੀ ਇੱਕ ਰਿਹਾਇਸ਼ੀ ਕਾਲੋਨੀ ਵਿਚ ਵਾਹਨ ਪੂਰੀ ਤਰ੍ਹਾਂ ਡੁੱਬ ਗਏ ਅਤੇ ਲੋਕਾਂ ਨੂੰ ਪ੍ਰਸ਼ਾਸਨ ਨੇ ਕਿਸ਼ਤੀਆਂ ਨਾਲ ਸੁਰੱਖਿਅਤ ਕੱਢਿਆ। ਘੱਗਰ ’ਚ 19 ਸਾਲਾਂ ਮਗਰੋਂ ਪਾਣੀ ਦਾ ਏਨਾ ਤੇਜ਼ ਵਹਾਅ ਦੇਖਣ ਨੂੰ ਮਿਲਿਆ ਹੈ। ਘੱਗਰ ਤੇ ਸਤਲੁਜ ਦਰਿਆ ਦੇ ਕੰਢਿਆਂ ਲਾਗਲੇ ਖੇਤ ਪਾਣੀ ਵਿਚ ਡੁੱਬ ਗਏ ਹਨ। ਘੱਗਰ ’ਚ ਚੜ੍ਹੇ ਪਾਣੀ ਦੀ ਜ਼ੱਦ ’ਚ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਆਉਣ ਦਾ ਖ਼ਤਰਾ ਬਣ ਗਿਆ ਹੈ। ਘੱਗਰ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਉੱਪਰ ਵਹਿ ਰਿਹਾ ਸੀ ਜੋ ਹੁਣ 10 ਫੁੱਟ ’ਤੇ ਆ ਗਿਆ ਹੈ। ਮੁਹਾਲੀ ਪ੍ਰਸ਼ਾਸਨ ਨੇ ਪਿੰਡ ਟਿਵਾਣਾ ’ਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੂੰ ਬੁਲਾਇਆ ਹੈ। ਪਟਿਆਲਾ ਪ੍ਰਸ਼ਾਸਨ ਨੇ ਜ਼ਿਲ੍ਹੇ ’ਚ ਪੈਂਦੀਆਂ ਛੋਟੀਆਂ-ਵੱਡੀਆਂ ਨਦੀਆਂ ਦੇ 20 ਮੀਟਰ ਦੇ ਘੇਰੇ ਵਿਚ ਕਿਸੇ ਨੂੰ ਵੀ ਜਾਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹੇ ਵਿਚ ਠੀਕਰੀ ਪਹਿਰੇ ਲਾਉਣ ਦੇ ਵੀ ਹੁਕਮ ਜਾਰੀ ਹੋਏ ਹਨ। ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਹਨ। ਸਤਲੁਜ ਦਰਿਆ, ਜਿਸ ਵਿਚ ਆਮ ਤੌਰ ’ਤੇ 12 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਂਦਾ ਹੈ, ਵਿਚ ਵੀ ਰੋਪੜ ਕੋਲ 1.79 ਲੱਖ ਕਿਊਸਿਕ ਪਾਣੀ ਉਪਰ ਚਲਾ ਗਿਆ ਹੈ। ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦਰਿਆ ਲਾਗਲੇ ਪਿੰਡਾਂ ਨੂੰ ਮੁਸਤੈਦ ਕਰ ਦਿੱਤਾ ਗਿਆ ਹੈ। ਸਤਲੁਜ ਦੇ ਵਹਾਅ ਕਰਕੇ ਰੋਪੜ ਅਤੇ ਆਨੰਦਪੁਰ ਸਾਹਿਬ ਵਿਚ ਸਹਾਇਕ ਨਦੀਆਂ ਦੇ ਨਾਲ ਲੱਗਦੇ ਪਿੰਡਾਂ ਦੇ ਨੀਵੇਂ ਖੇਤਰ ਪਾਣੀ ਵਿਚ ਡੁੱਬ ਗਏ ਹਨ। ਬਿਆਸ ਦਰਿਆ ਦਾ ਪਾਣੀ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ। ਸਿੰਜਾਈ ਮਹਿਕਮੇ ਅਨੁਸਾਰ ਭਾਖੜਾ ਡੈਮ, ਰਣਜੀਤ ਸਾਗਰ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਿਹਾ ਹੈ।

ਕਠੂਆ ਜ਼ਿਲ੍ਹੇ ਦੇ ਗਾਟੀ ਪਿੰਡ ਨੇੜੇ ਦਰਿਆ ਵਿੱਚ ਫਸੇ ਮਜ਼ਦੂਰਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਦੇ ਹੋਏ ਐਨਡੀਆਰਐੱਫ ਦੇ ਜਵਾਨ। -ਫੋਟੋ: ਧਵਨ

ਉੱਝ ਦਰਿਆ ਵਿਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ ਪ੍ਰੰਤੂ ਇਸ ਦਾ ਵਾਧੂ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ। ਮੀਂਹ ਕਾਰਨ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਕੰਡਿਆਲੀ ਤਾਰ ਵੀ ਮਮਦੋਟ ਇਲਾਕੇ ’ਚ ਪ੍ਰਭਾਵਿਤ ਹੋਈ ਹੈ। ਵੇਰਵਿਆਂ ਅਨੁਸਾਰ ਲੰਘੇ ਦੋ ਦਨਿਾਂ ਦੌਰਾਨ ਰੋਪੜ ਜ਼ਿਲ੍ਹੇ ਵਿਚ ਸਭ ਤੋਂ ਵੱਧ 270 ਐੱਮਐੱਮ ਮੀਂਹ ਪਿਆ ਜਦੋਂ ਕਿ ਗੁਰਦਾਸਪੁਰ ਵਿਚ 245, ਤਰਨਤਾਰਨ ਵਿਚ 106.03, ਨਵਾਂਸ਼ਹਿਰ ’ਚ 135, ਮੁਹਾਲੀ ਵਿਚ 97.4, ਹੁਸ਼ਿਆਰਪੁਰ ਵਿਚ 124, ਫ਼ਿਰੋਜ਼ਪੁਰ ਵਿਚ 82.4 ਅਤੇ ਫ਼ਰੀਦਕੋਟ ਜ਼ਿਲ੍ਹੇ ਵਿਚ 70.8 ਐੱਮਐੱਮ ਬਾਰਸ਼ ਹੋਈ ਹੈ। ਬਰਨਾਲਾ, ਮਾਨਸਾ, ਜਲੰਧਰ, ਅੰਮ੍ਰਿਤਸਰ, ਸੰਗਰੂਰ, ਫ਼ਾਜ਼ਿਲਕਾ ਅਤੇ ਮੋਗਾ ਜ਼ਿਲ੍ਹਿਆਂ ਵਿਚ ਬਾਕੀ ਪੰਜਾਬ ਨਾਲੋਂ ਘੱਟ ਮੀਂਹ ਪਿਆ ਹੈ। ਮੋਗਾ ਜ਼ਿਲ੍ਹੇ ਵਿਚ ਕੋਟਸੁਖੀਆ ਸੜਕ ਵਿਚ ਪਾੜ ਪੈਣ ਕਰਕੇ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ। ਗੜ੍ਹਸ਼ੰਕਰ ਇਲਾਕੇ ਵਿਚ ਕਈ ਪਿੰਡਾਂ ’ਚ ਏਨਾ ਪਾਣੀ ਆ ਗਿਆ ਹੈ ਕਿ ਲੋਕਾਂ ਨੂੰ ਛੱਤਾਂ ’ਤੇ ਚੜ੍ਹਨਾ ਪਿਆ। ਇਸ ਇਲਾਕੇ ’ਚ ਕੰਡੀ ਨਹਿਰ ਵੀ ਟੁੱਟ ਗਈ ਹੈ। ਚਮਕੌਰ ਸਾਹਿਬ-ਮੋਰਿੰਡਾ ਸੜਕ ਹੜ੍ਹ ਗਈ, ਜਦੋਂ ਕਿ ਹੁਸੈਨੀਵਾਲਾ ਨੇੜੇ ਪਿੰਡ ਟਾਪੂ ਕਾਲਾ ਵਾਲਾ ’ਚ ਸਤਲੁਜ ਦਾ ਪਾਣੀ ਆ ਵੜਿਆ ਜਿਸ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ। ਸੁਲਤਾਨਪੁਰ ਲੋਧੀ ਅਤੇ ਲੋਹੀਆਂ ਦੇ ਕਰੀਬ ਪੰਜਾਹ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਕਾਲੀ ਵੇਈਂ ਵੀ ਓਵਰਫਲੋਅ ਹੋ ਗਈ ਹੈ। ਅਬੋਹਰ ਖ਼ਿੱਤੇ ’ਚ ਮਲਕਪੁਰਾ ਮਾਈਨਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਨਵੀਂ ਬਣੀ ਲਾਧੂਕਾ ਮਾਈਨਰ ਵਿਚ ਵੀ ਪਾੜ ਪੈ ਗਿਆ ਹੈ।

ਜ਼ੀਰਕਪੁਰ ਨੇੜੇ ਬਲਟਾਣਾ ਵਿੱਚ ਸੁਖਨਾ ਚੋੋਅ ਦੇ ਪੁਲ ਉੱਪਰੋਂ ਦੀ ਵਗਦਾ ਹੋਇਆ ਪਾਣੀ। -ਫੋਟੋ: ਰਵੀ ਕੁਮਾਰ

ਉਡਾਣਾਂ ਵੀ ਹੋਈਆਂ ਪ੍ਰਭਾਵਿਤ
ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਅੱਜ ਮੀਂਹ ਕਰਕੇ ਫਲਾਈਟਾਂ ਵੀ ਪ੍ਰਭਾਵਿਤ ਹੋਈਆਂ ਹਨ। ਅੱਜ ਸਵੇਰ ਤੋਂ ਦੁਪਹਿਰ ਤੱਕ ਕਰੀਬ ਚਾਰ ਘੰਟੇ ਦੀ ਦੇਰੀ ਨਾਲ ਉਡਾਣਾਂ ਸ਼ੁਰੂ ਹੋਈਆਂ। ਰੋਪੜ ਜ਼ਿਲ੍ਹੇ ਵਿਚ ਰੇਲ ਸੇਵਾ ਵੀ ਬੰਦ ਕਰਨੀ ਪਈ ਹੈ। ਖਰੜ, ਡੇਰਾਬੱਸੀ, ਜ਼ੀਰਕਪੁਰ ਅਤੇ ਚੰਡੀਗੜ੍ਹ-ਮਨਾਲੀ ਸੜਕ ’ਤੇ ਜਾਮ ਲੱਗੇ ਰਹੇ। ਮੀਂਹ ਕਰਕੇ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

ਪਟਿਆਲਾ ਵਿੱਚ ਇੱਕ ਸੜਕ ’ਤੇ ਖੜ੍ਹੇ ਪਾਣੀ ਵਿਚੋਂ ਲੰਘਦੇ ਹੋਏ ਵਾਹਨ। -ਫੋਟੋ: ਰਾਜੇਸ਼ ਸੱਚਰ

ਚੰਡੀਗੜ੍ਹ: 322 ਐੱਮਐੱਮ ਮੀਂਹ ਪਿਆ; ਸੁਖਨਾ ਦੇ ਦੋ ਫਲੱਡ ਗੇਟ ਖੋਲ੍ਹੇ
ਚੰਡੀਗੜ੍ਹ (ਟਨਸ): ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 322 ਐੱਮਐੱਮ ਮੀਂਹ ਪਿਆ ਜਿਸ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ। ਉਂਜ ਐਤਵਾਰ ਨੂੰ 63.2 ਐੱਮਐੱਮ ਮੀਂਹ ਪਿਆ ਹੈ। ਭਾਰੀ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵਧਣ ’ਤੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਗਏ। ਫਲੱਡ ਗੇਟ ਖੁੱਲ੍ਹਣ ਕਰਕੇ ਜ਼ੀਰਕਪੁਰ, ਮੁਹਾਲੀ ਅਤੇ ਪੰਚਕੂਲਾ ’ਚ ਸੁਖਨਾ ਚੋਅ ਦੇ ਨਾਲ ਲਗਦੇ ਇਲਾਕੇ ਪ੍ਰਭਾਵਿਤ ਹੋਏ ਹਨ।

Advertisement
Tags :
Author Image

Advertisement
Advertisement
×