ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਮਕੌਰ ਦੀ ਗੜ੍ਹੀ ਤੋਂ ਸਰਹਿੰਦ ਦੀ ਦੀਵਾਰ ਤੱਕ

11:00 AM Dec 24, 2023 IST
ਗੁਰਦੁਆਰਾ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ।

ਪੋਹ ਦੇ ਮਹੀਨੇ ਭਾਵ ਦਸੰਬਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਜੀ ਸ਼ਹੀਦ ਹੋਏ। ਇਨ੍ਹਾਂ ਸ਼ਹਾਦਤਾਂ ਨੇ ਅਨੂਠਾ ਇਤਿਹਾਸ ਰਚਿਆ। ਇਸ ਸਾਰੇ ਘਟਨਾਕ੍ਰਮ ਨੂੰ ਬਹੁਤ ਸਾਰੇ ਸ਼ਾਇਰਾਂ ਨੇ ਆਪੋ-ਆਪਣੇ ਅੰਦਾਜ਼ ਵਿਚ ਕਲਮਬੰਦ ਕੀਤਾ। ਇਹ ਲੇਖ ਕੁਝ ਸ਼ਾਇਰਾਂ ਦੀਆਂ ਲਿਖਤਾਂ ਦੇ ਆਧਾਰ ’ਤੇ ਇਤਿਹਾਸਕ ਘਟਨਾਵਾਂ ’ਤੇ ਰੌਸ਼ਨੀ ਪਾਉਂਦਾ ਹੈ।

Advertisement

ਗੁਰਦੇਵ ਸਿੰਘ ਸਿੱਧੂ

ਪੰਜਾਬ ਦੇ ਇਤਿਹਾਸ ਵਿਚ ਦਸੰਬਰ ਮਹੀਨੇ ਦਾ ਪਿਛਲਾ ਪੰਦਰਵਾੜਾ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਨ੍ਹੀਂ ਦਿਨੀਂ ਹੀ ਸਿਰਫ਼ ਚਾਰ ਦਿਨਾਂ ਦੇ ਅੰਤਰ ਨਾਲ ਭਾਵ 8 ਪੋਹ ਅਤੇ 13 ਪੋਹ ਨੂੰ ਇਕ ਪਿਤਾ ਦੇ ਚਾਰ ਪੁੱਤਰ ਕੌਮ ਅਤੇ ਧਰਮ ਦੀ ਖਾਤਰ ਆਪਾ ਵਾਰ ਗਏ। ਸਾਰੇ ਜਾਣਦੇ ਹਨ ਕਿ
ਇਹ ਪਿਤਾ ਕੋਈ ਹੋਰ ਨਹੀਂ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਨ ਅਤੇ ਸ਼ਹੀਦ ਹੋਣ ਵਾਲੇ ਸਨ ਉਨ੍ਹਾਂ ਦੇ ਸਾਹਿਬਜ਼ਾਦੇ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਅਜੇ ਮੁੱਛ ਫੁਟ ਗੱਭਰੂ ਸੀ ਅਤੇ ਸਭ ਤੋਂ ਛੋਟੇ ਦੇ ਨਵੀਆਂ ਦਾੜ੍ਹਾਂ ਆਈਆਂ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ। ਇਨ੍ਹਾਂ ਵਿਚੋਂ ਵੱਡੇ ਦੋ ਸਨ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜਿਨ੍ਹਾਂ ਨੇ ਚਮਕੌਰ ਦੇ ਮੈਦਾਨ-ਏ-ਜੰਗ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਛੋਟੇ ਦੋ ਸਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜਿਨ੍ਹਾਂ ਨੇ ਸੂਬਾ ਸਰਹਿੰਦ ਵੱਲੋਂ ਦਿੱਤੇ ਹਰ ਪ੍ਰਕਾਰ ਦੇ ਦੁਨਿਆਵੀ ਲਾਲਚ ਨੂੰ ਠੁਕਰਾਉਂਦਿਆਂ ਆਪਣੇ ਧਰਮ ਪ੍ਰਤਿ ਆਸਥਾ ਨੂੰ ਠੇਸ ਨਹੀਂ ਪੁੱਜਣ ਦਿੱਤੀ।
ਇਸ ਘਟਨਾਵਲੀ ਦੀ ਸ਼ੁਰੂਆਤ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਟਿਕਾਣੇ ਸ੍ਰੀ ਆਨੰਦਪੁਰ ਸਾਹਿਬ ਨੂੰ 1704 ਈਸਵੀ ਦੇ ਮਈ ਮਹੀਨੇ ਵਿਚ ਘੇਰਾ ਪਾਉਣ ਤੋਂ ਹੋਈ। ਜਦੋਂ ਦੁਸ਼ਮਣ ਸੈਨਿਕ ਬਲ ਨਾਲ ਸਿੰਘਾਂ ਨੂੰ ਦਬਕਾਉਣ ਵਿਚ ਸਫਲ ਨਾ ਹੋਇਆ ਤਾਂ ਉਸ ਨੇ ਕੁਰਾਨ ਅਤੇ ਦੇਵੀ ਦੇ ਨਾਉਂ ਉੱਤੇ ਸਹੁੰਆਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਕਿਲ੍ਹਾ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇ ਦਿੱਤਾ ਜਾਵੇਗਾ। ਪਰ ਦੁਸ਼ਮਣ ਨੇ ਆਪਣਾ ਥੁੱਕਿਆ ਚੱਟਣ ਵਿਚ ਦੇਰ ਨਾ ਲਾਈ। ਦਸੰਬਰ ਵਿਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੱਖ ਸੈਨਿਕਾਂ ਨਾਲ ਹਾਲੇ ਆਨੰਦਪੁਰ ਤੋਂ ਬਹੁਤੀ ਦੂਰ ਨਹੀਂ ਸਨ ਗਏ ਕਿ ਦੁਸ਼ਮਣ ਨੇ ਪਿੱਛਿਓਂ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਯੁੱਧਨੀਤਕ ਪੈਂਤੜੇ ਵਜੋਂ ਸਿੰਘਾਂ ਦੇ ਤਿੰਨ ਜਥਿਆਂ ਨੂੰ ਭਿੰਨ ਭਿੰਨ ਸਥਾਨਾਂ ਉੱਤੇ ਦੁਸ਼ਮਣ ਫ਼ੌਜ ਨੂੰ ਠੱਲਣ ਲਈ ਤਾਇਨਾਤ ਕੀਤਾ ਹੋਇਆ ਸੀ। ਇਸ ਲਈ ਉਨ੍ਹਾਂ ਜਥਿਆਂ ਵੱਲੋਂ ਵਿਰੋਧੀਆਂ ਨੂੰ ਲੜਾਈ ਵਿਚ ਉਲਝਾਈ ਰੱਖਣ ਦੇ ਫਲਸਰੂਪ ਮਿਲੇ ਸਮੇਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਪਰਿਵਾਰ ਅਤੇ ਕੁਝ ਸਿੰਘ ਸਰਸਾ ਨਦੀ ਤੱਕ ਪਹੁੰਚ ਗਏ। ਇਕ ਨਦੀ ਵਿਚ ਪਾਣੀ ਦਾ ਜ਼ੋਰ, ਦੂਜੇ ‘‘ਪਿੱਛੋਂ ਵੈਰੀ ਆਵੇ ਮਾਰੋ ਮਾਰ ਕਰਦਾ’’, ਫਲਸਰੂਪ ‘‘ਕੁਝ ਰੁੜ੍ਹਿਆ ਸਾਥ ਕੁਝ ਪਾਰ ਹੋਇਆ’’ ਪਰ ਇਸ ਹਫੜਾ-ਦਫੜੀ ਵਿਚ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ; ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ; ਅਤੇ ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ। ਦੋਵਾਂ ਮਾਤਾਵਾਂ ਨੂੰ ਭਾਈ ਮਨੀ ਸਿੰਘ ਦਿੱਲੀ ਲੈ ਗਏ।

ਗੁਰਦੁਆਰਾ ਫਤਹਿਗੜ੍ਹ ਸਾਹਿਬ, ਸਰਹਿੰਦ।

ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਦੁਸ਼ਮਣ ਸੈਨਾ ਉਨ੍ਹਾਂ ਦਾ ਪਿੱਛਾ ਕਰਦੀ ਆ ਰਹੀ ਹੈ। ਇਸ ਲਈ ਉਨ੍ਹਾਂ ਚਮਕੌਰ ਵਿਚ ਇਕ ਕੱਚੀ ਗੜ੍ਹੀ ਵਿਚ ਮੋਰਚੇ ਲਾ ਲਏ। ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਤੀਰ, ਗੋਲੀਆਂ ਆਦਿ ਵੰਡ ਕੇ ਉਨ੍ਹਾਂ ਨੂੰ ਚੁਫ਼ੇਰੇ ਨਜ਼ਰ ਰੱਖਣ ਲਈ ਆਖਿਆ। ਇਉਂ ਇੱਥੇ ਉਹ ਅਸਾਵੀਂ ਜੰਗ ਲੜੀ ਗਈ ਜਿੱਥੇ ਇਕ ਪਾਸੇ ਕੱਚੀ ਗੜ੍ਹੀ ਵਿਚ ਗਿਣਤੀ ਦੇ ਚਾਲੀ ਸਿੰਘ ਸਨ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿਚ ਇਕੱਠਾ ਹੋਇਆ ਮੁਲਖਈਆ। ਜਿਉਂ ਹੀ ਦੁਸ਼ਮਣ ਗੜ੍ਹੀ ਵਿਚ ਵੜਨ ਦੀ ਨੀਅਤ ਨਾਲ ਨੇੜੇ ਆਉਂਦਾ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘ ਉਨ੍ਹਾਂ ਨੂੰ ਮੂੰਹ ਤੋੜਵਾਂ ਉੱਤਰ ਦਿੰਦੇ। ਨਤੀਜੇ ਵਜੋਂ ‘‘ਗਿਰਦ ਗੜ੍ਹੀ ਦੇ ਮੁਰਦੇ ਪਏ ਬਹੁਤੇ, ਖੂਨ ਨਾਲ ਧਰਤੀ ਲਾਲੋ ਲਾਲ ਹੋਈ।’’ ਜਦ ਤੀਰ ਅਤੇ ਗੋਲੀਆਂ ਖ਼ਤਮ ਹੋ ਗਏ ਤਾਂ ਸਿੰਘ ਤਲਵਾਰਾਂ ਲੈ ਕੇ ਜੰਗ ਦੇ ਮੈਦਾਨ ਵਿਚ ਨਿੱਤਰੇ ਅਤੇ ਦੁਸ਼ਮਣਾਂ ਦੇ ਆਹੂ ਲਾਹੁੰਦੇ ਸ਼ਹੀਦ ਹੋਏ। ਗੜ੍ਹੀ ਉੱਤੇ ਖੜ੍ਹ ਕੇ ਸਿੰਘਾਂ ਦੀ ਸੂਰਬੀਰਤਾ ਨੂੰ ਵੇਖ ਅਜੀਤ ਸਿੰਘ ‘‘ਸਾਹਿਬਜ਼ਾਦੇ ਦੇ ਖੂਨ ਨੇ ਜੋਸ਼ ਖਾਧਾ, ਕਬਜ਼ੇ ਤੇਗ ਉਤੇ ਹੱਥ ਪਾ ਕਰ ਕੇ’’ ਅਤੇ ਉਸ ਨੇ ਗੁਰੂ-ਪਿਤਾ ਅੱਗੇ ਬੇਨਤੀ ਕੀਤੀ, ‘‘ਟੋਰੋ, ਮੈਂ ਭੀ ਵਿਚ ਮੈਦਾਨ ਜਾਵਾਂ, ਖੰਡਾ ਧਰਮ ਦੇ ਹੇਤ ਉਠਾ ਕਰ ਕੇ।’’ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ‘‘ਮੱਥਾ ਚੁੰਮ ਕੇ ਲਾਇ ਕੇ ਨਾਲ ਛਾਤੀ, ਹੱਥੀਂ ਟੋਰਦੇ ਪਿਆਰ ਮੈਦਾਨ ਅੰਦਰ।’’ ਯੁੱਧ-ਖੇਤਰ ਵਿਚ:
ਵੈਰੀ ਦਲ ਨੂੰ ਮੂਹਰੇ ਡਕਰੀ ਫਿਰਦਾ ਸੂਰਮਾ,
ਜੀਹਦੇ ਲੱਗੇ ਚੰਡੀ ਖਾ ਕੇ ਡਿਗੇ ਮਰੋੜੇ।
ਚੰਗਾ ਵਾਢੀ ਜਿਵੇਂ ਵਢ ਵਢ ਸੁਟਦਾ ਹਾੜੀ ਜੀ,
ਮੁਰਦੇ ਤੜਫਣ ਜਿਵੇਂ ਥੋੜੇ ਜਲ ਵਿਚ ਹੋੜੇ।
ਵੈਰੀ ਡਰਦੇ ਮੂਹਰੇ ਜਿਉਂ ਬਾਜਾਂ ਦੇ ਚਿੜੀਆਂ ਜੀ,
ਲਗਦੀ ਜਾਨ ਪਿਆਰੀ ਕਿਹੜਾ ਮਥਾ ਜੋੜੇ।
(ਜੰਗ ਚਮਕੌਰ ਸਾਹਿਬ, ਭਾਈ ਬਿਸ਼ਨ ਸਿੰਘ)
ਇਉਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਵੈਰੀ ਦਲ ਨੂੰ ਭਾਜੜਾਂ ਪਾਉਂਦਿਆਂ ਸ਼ਹੀਦੀ ਪਾਈ। ਵੱਡੇ ਵੀਰ ਨੂੰ ਬਹਾਦਰੀ ਨਾਲ ਜੂਝਦਿਆਂ ਵੇਖ ਛੋਟੇ ਸਾਹਿਬਜ਼ਾਦੇ ਦੇ ਮਨ ਵਿਚ ਵੀ ਉਮਾਹ ਅਤੇ ਉਤਸ਼ਾਹ ਉਤਪੰਨ ਹੋਇਆ ਤਾਂ ਉਸ ਨੇ ਵੀ ਗੁਰੂ-ਪਿਤਾ ਨੂੰ ਬੇਨਤੀ ਕੀਤੀ, ‘‘ਦਿਹੋ ਆਗਿਆ ਪਿਤਾ ਜੀ ਮੇਰੇ ਤਾਈਂ, ਜਾਵਾਂ ਜੰਗ ਅੰਦਰ ਲਲਕਾਰ ਕਰ ਕੇ।’’ ਇਹ ਬੇਨਤੀ ਸੁਣ ਕੇ ਖ਼ੁਸ਼ ਹੋਏ ਦਸਮੇਸ਼ ਪਿਤਾ ਨੇ ‘‘ਹੱਥੀਂ ਲਾੜਾ ਬਣਾ ਤਿਆਰ ਕੀਤਾ’’ ਅਤੇ ‘‘ਬੇਟਾ ਜੰਗ ਦੇ ਵਾਸਤੇ ਤੋਰ ਦਿੱਤਾ।’’ ਜਿਉਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਕੁਝ ਸਿੰਘਾਂ ਦੇ ਨਾਲ ਗੜ੍ਹੀ ਤੋਂ ਬਾਹਰ ਨਿਕਲਿਆ, ਉਸ ਨੇ ਦੁਸ਼ਮਣ ਫ਼ੌਜ ਉੱਤੇ ਇਉਂ ਹਮਲਾ ਕੀਤਾ ਜਿਵੇਂ:
ਪੈਂਦਾ ਬਘਿਆੜ ਭੇਡਾਂ ਦੀ ਕਤਾਰ ਤੇ,
ਬਾਜ ਜਿਵੇਂ ਲੱਥੇ ਕੂੰਜਾਂ ਵਾਲੀ ਡਾਰ ਤੇ।
ਫੜਨ ਲਈ ਜੀਉਂਦੇ ਵੈਰੀ ਤਾਣ ਲਾਂਵਦੇ।
ਬਿਜਲੀ ਸਮਾਨ ਨਹੀਂ ਜੇ ਹੱਥ ਆਂਵਦੇ।
ਤੇਗਾਂ ਨਾਲ ਹੋ ਕੇ ਛਾਨਣੀ ਸਰੀਰ ਜੀ।
ਧਰਤੀ ਦੇ ਉੱਤੇ ਡਿਗ ਪੈ ਅਖੀਰ ਜੀ।
(ਚਾਰ ਸਾਹਿਬਜ਼ਾਦੇ, ਬਰਕਤ ਸਿੰਘ ਅਨੰਦ)
ਇਉਂ ਚਮਕੌਰ ਦੀ ਜੰਗ ਦਾ ਇਸ ਕਾਰਨ ਹੀ ਮਹੱਤਵ ਨਹੀਂ ਕਿ ਭੋਜਨ ਅਤੇ ਅਸਲੇ ਤੋਂ ਵਿਹੀਣ ਚਾਲੀ ਸਿੰਘਾਂ, ਦੋਵਾਂ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਲਖੂਖਾ ਵਿਰੋਧੀ ਸੈਨਿਕਾਂ ਦਾ ਬੇਮਿਸਾਲ ਬਹਾਦਰੀ ਨਾਲ ਮੁਕਾਬਲਾ ਕੀਤਾ ਸਗੋਂ ਇਕ ਬਾਪ ਵੱਲੋਂ ਆਪਣੇ ਜਿਗਰ ਦੇ ਟੋਟਿਆਂ ਨੂੰ ਸਾਹਮਣੇ ਖੜ੍ਹੀ ਮੌਤ ਵੱਲ ਆਪ ਤੋਰ ਕੇ ਹਉਕੇ ਲੈਣ ਦੀ ਥਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਕਾਰਨ ਵੀ ਹੈ। ਇਸ ਕਾਰਨ ਹੀ ਜੋਗੀ ਅੱਲਾ ਯਾਰ ਖਾਂ ‘ਗੰਜ-ਏ-ਸ਼ਹੀਦਾਂ’ ਵਿਚ ਲਿਖਦਾ ਹੈ:
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਯੇ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸੱਮਾ ਕੇ ਲੀਯੇ।
ਗੁਰੂ ਗੋਬਿੰਦ ਕੇ ਲਖਤ-ਏ-ਜਿਗਰ ਅਜੀਤ ਜੁਝਾਰ,
ਫਲਕ ਪਿ ਏਕ, ਯਹਾਂ ਦੋ ਚਾਂਦ ਹੈਂ ਜ਼ਿਯਾ ਕੇ ਲੀਯੇ।
ਇਨ੍ਹਾਂ ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਚਾਰ ਦਿਨ ਪਿੱਛੋਂ ਸਰਹਿੰਦ ਦਾ ਸਾਕਾ ਵਰਤਿਆ।
ਸਰਸਾ ਨਦੀ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਜਥੇ ਤੋਂ ਵਿਛੜੀ ਮਾਤਾ ਗੁਜਰੀ ਬਾਲ ਪੋਤਿਆਂ ਬਾਰੇ ਸੋਚਦੀ ਹੋਈ ਬੇਚੈਨ ਸੀ। ਸਿਆਲ ਦੀ ਠੰਢੀ ਠਾਰ ਰਾਤ ਵਿਚ ਵਗ ਰਹੀ ਠੱਕੇ ਦੀ ਹਵਾ, ਨਦੀ ਪਾਰ ਕਰਨ ਸਮੇਂ ਭਿੱਜੇ ਕੱਪੜੇ ਅਤੇ ਚਾਰ ਚੁਫ਼ੇਰੇ ਹਰਲ ਹਰਲ ਕਰਦੇ ਵੈਰੀ ਸੈਨਿਕਾਂ ਤੋਂ ਬਾਲਾਂ ਨੂੰ ਬਚਾ ਕੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ਲੈ ਜਾਣ ਬਾਰੇ ਆਖ ਕੇ ਗੁਰੂੁਘਰ ਦਾ ਰਸੋਈਆ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ। ਮਾਤਾ ਜੀ ਕੋਲ ਦੌਲਤ ਵੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਘਰ ਪਹੁੰਚ ਕੇ ਉਸ ਨੇ ਪਹਿਲਾਂ ਧਨ ਕਾਬੂ ਕੀਤਾ ਅਤੇ ਫਿਰ ਉਨ੍ਹਾਂ ਬਾਰੇ ਮੋਰਿੰਡੇ ਦੇ ਮੁਗ਼ਲ ਹਾਕਮ ਪਾਸ ਜਾ ਮੁਖਬਰੀ ਕੀਤੀ। ਮੋਰਿੰਡੇ ਦੇ ਹਾਕਮਾਂ ਨੇ ਮਾਤਾ ਗੁਜਰੀ ਜੀ ਅਤੇ ਦੋਵਾਂ ਬਾਲ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਕੋਲ ਪਹੁੰਚਾਉਣ ਵਿਚ ਦੇਰ ਨਾ ਲਾਈ।
ਅਗਲੇ ਦਿਨ ਵਜ਼ੀਰ ਖਾਂ ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ। ਜਿਉਂ ਹੀ ਬਾਲ ਸਾਹਿਬਜ਼ਾਦੇ ‘‘ਕਚਹਿਰੀ ਦੇ ਵਿਚ ਆਏ, ਉਚੀ ਗੱਜ ਕੇ ਫਤੇ ਗਜਾਂਵਦੇ ਸੀ।’’ ਉਨ੍ਹਾਂ ਦੀ ਇਸ ਕਾਰਵਾਈ ਕਾਰਨ ‘‘ਲੱਗੀ ਅੱਗ ਸ਼ਰਈਆਂ ਨੂੰ ਵੇਖ ਕਰ ਕੇ, ਮੱਥੇ ਤਿਉੜੀਆਂ ਪਾਪੀ ਚੜ੍ਹਾਂਵਦੇ ਸਨ।’’ ਉਨ੍ਹਾਂ ਆਖਿਆ, ‘‘ਜੇ ਕਰੋ ਸਲਾਮ ਤਾਂ ਬਚ ਜਾਵੋ, ਨਹੀਂ ਤਾਂ ਹੁਣੇ ਕਤਲ ਕੀਤੇ ਜਾਉ ਏਥੇ।’’ ਸਾਹਿਬਜ਼ਾਦਿਆਂ ਨੇ ਨਿਧੜਕ ਉੱਤਰ ਦਿੱਤਾ, ‘‘ਮੂਲੋਂ ਸਾਨੂੰ ਸਲਾਮ ਸਿਖਾਈ ਨਾਹੀਂ, ਫਤ੍ਵੇ ਸਿੱਖੇ ਹਾਂ, ਉਹ ਬੁਲਾਵਣੀ ਨਹੀਂ।’’ ਅੱਗੋਂ:
ਸ਼ਕਲ ਤੁਸਾਂ ਦੀ ਵੇਖ ਕੇ ਤਰਸ ਆਵੇ, ਸੂਬਾ ਆਖਦਾ ਕੋਲ ਬੁਲਾ ਕੇ ਜੀ।
ਕਰੋ ਦੀਨ ਇਸਲਾਮ ਕਬੂਲ ਸਾਡਾ, ਦਿਆਂ ਬੇਟੀਆਂ ਤੁਸਾਂ ਪਰਨਾ ਕੇ ਜੀ।
ਕਰੋ ਹੁਕਮ ਸਭ ਦੀਨ ਦੇ ਪੀਰ ਬਣਕੇ, ਮੌਜਾਂ ਕਰੋ ਜਾਗੀਰ ਨੂੰ ਪਾ ਕੇ ਜੀ।
(ਸ਼ਹੀਦੀ ਛੋਟੇ ਸਾਹਿਬਜ਼ਾਦੇ, ਬੂਟਾ ਸਿੰਘ)
ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ:
ਅਸੀਂ ਜੰਮਦੇ ਸਾਰ ਸਰਦਾਰ ਬਣ ਗਏ, ਨਹੀਂ ਨਵਾਬੀਆਂ ਦੀ ਸਾਨੂੰ ਲੋੜ ਸੂਬੇ।
ਅਸੀਂ ਤੇਰੇ ਬਹਿਸ਼ਤ ਤੇ ਥੁੱਕਦੇ ਨਹੀਂ, ਤੇਰੀਆਂ ਦੌਲਤਾਂ ਮਿੱਟੀ ਦੇ ਰੋੜ ਸੂਬੇ।
ਅਸੀਂ ਡੋਲੀਏ ਨਾ ਤੇਰੇ ਡੋਲਿਆਂ ਤੇ, ਮੌਤ ਨਾਲ ਸਾਡਾ ਮੱਥਾ ਜੋੜ ਸੂਬੇ।
(ਸ਼ਹੀਦੀ ਜੋਤਾਂ, ਬਰਕਤ ਸਿੰਘ ਅਨੰਦ)
ਅਗਲੇ ਕਈ ਦਿਨ ਪੇਸ਼ੀ ਪੈਂਦੀ ਰਹੀ। ਹਰ ਰੋਜ਼ ਇਹੋ ਵਾਰਤਾਲਾਪ ਦੁਹਰਾਇਆ ਜਾਂਦਾ ਰਿਹਾ। ਆਖ਼ਰ ਸੂਬਾ ਸਰਹਿੰਦ ਨੇ ਹੁਕਮ ਦਿੱਤਾ, ‘‘ਮਾਰੋ ਚਿਣ ਕੇ ਵਿਚ ਦੀਵਾਰ ਦੋਵੇਂ, ਕਲਮਾ ਪੜ੍ਹਨਾ ਇਹਨਾਂ ਨਾ ਚਾਹਿਆ ਜੀ।’’ ਮਾਲੇਰਕੋਟਲੇ ਦੇ ਨਵਾਬ ਗੁਲਸ਼ੇਰ ਖਾਂ ਨੇ ਹਾਅ ਦਾ ਨਾਅਰਾ ਮਾਰਿਆ ਪਰ ਉਸ ਦੀ ਕਿਸੇ ਨਾ ਸੁਣੀ। ਉਧਰ ਸਰਹਿੰਦ ਵੱਲੋਂ ਦਿੱਤੇ ਲੋਭ ਲਾਲਚ ਨੂੰ ਠੁਕਰਾਉਂਦਿਆਂ ਸਾਹਿਬਜ਼ਾਦੇ ਦੁਹਰਾਉਂਦੇ ਰਹੇ:
ਖਾਨ ਜੀ ਧਿਆਨ ਸਾਡੇ ਵੱਲ ਕਰਨਾ, ਸੋਚਾਂ ਕੀ ਦੁੜਾਂਦੇ ਹੋ।
ਮੰਨਿਆ ਅਸਾਂ ਧਰਮ ਹੇਤ ਮਰਨਾ, ਕਾਹਨੂੰ ਜੋਰ ਲਾਂਦੇ ਹੋ।
ਜੀਵਣਾ ਨਾ ਚਾਹੁੰਦੇ ਧਰਮ ਹਾਰ ਕੇ, ਕਤਲ ਕਰਾ ਦਿਓ।
ਧੜਾਂ ਉੱਤੋਂ ਸੀਸ ਤਲਵਾਰ ਮਾਰ ਕੇ, ਬੇਸ਼ੱਕ ਉਡਾ ਦਿਓ।
(ਸਾਕਾ ਸਰਹੰਦ, ਸੋਹਣ ਸਿੰਘ ‘ਸੀਤਲ’)
ਸਾਹਿਬਜ਼ਾਦਿਆਂ ਦੇ ਨਿਡਰ ਅਤੇ ਦਲੇਰੀ ਭਰੇ ਵਾਰਤਾਲਾਪ ਨੂੰ ਸੁਣ ਕੇ ਗੁੱਸੇ ਵਿਚ ਸੂਬਾ ਸਰਹਿੰਦ ਨੇ:
ਕੀਤਾ ਹੁਕਮ ਜਲਾਦਾਂ ਤਾਈਂ, ਕੰਧਾਂ ਵਿਚ ਚਿਣੋ ਝੱਬਦੇ।
ਕਸ ਕਸ ਕੇ ਉਦਾਲੇ ਇੱਟਾਂ ਲਾਉਣੀਆਂ, ਜ਼ਰਾ ਨਾ ਦਰੇਗ ਕਰਨਾ।
ਹੁਕਮ ਉੱਤੇ ਅਮਲ ਕਰਨ ਵਾਸਤੇ:
ਹੁੰਦੀ ਸੀ ਉਸਾਰੀ ਜਿਥੇ ਲੈ ਗੇ ਨਿਆਣਿਆਂ ਨੂੰ।
ਕੌਣ ਮੋੜ ਦੇਵੇ ਵਾਹਿਗੁਰੂ ਦਿਆਂ ਭਾਣਿਆਂ ਨੂੰ।
ਫੇਰ ਪਾਪੀ ਲਗ ਗੇ ਚਿਣਨ ਚਠਿਆਂ ਨੂੰ।
ਜੰਮੇ ਬਾਰੋ ਬਾਰੀ ਮੌਤ ਆ ਗੀ ਕਠਿਆਂ ਨੂੰ।
ਜਦੋਂ ਕੰਧ ਹਿੱਕ ਦੇ ਨਜੀਕ ਕਰਤੀ।
ਭੌਰ ਜਾ ਸ਼ਹੀਦਾਂ ਵਿਚ ਹੋਗੇ ਭਰਤੀ।
ਜੋਤ ਨਾਲ ਜੋਤ ਤਾਂ ਪਹਿਲਾਂ ਈ ਮਿਲੀ ਸੀ।
ਖਾ ਕੇ ਥਰਥੋਲਾ ਜੋ ਜ਼ਮੀਨ ਹਿੱਲੀ ਸੀ।
ਛੱਡ ਦਿੱਤਾ ਚੋਗ ਚੁਗਣਾ ਜਨੌਰਾਂ ਨੇ।
ਜਦ ਧੜਾਂ ਛੱਡੀਆਂ ਗੁਰਾਂ ਦੇ ਕੌਰਾਂ ਨੇ।
(ਸਾਹਿਬਜ਼ਾਦਿਆਂ ਦੀ ਸ਼ਹੀਦੀ, ਰੀਟਾ ਦੀਨ)
ਇਉਂ ਸਰਹਿੰਦ ਦਾ ਸਾਕਾ ਮੁਗ਼ਲ ਹਕੂਮਤ ਦੇ ਮੱਥੇ ਉੱਤੇ ਸਦਾ ਲਈ ਕਲੰਕ ਬਣ ਗਿਆ।
ਸੰਪਰਕ: 94170-49417

Advertisement

ਜੋਧੇ ਗੁਰੂ ਗੋਬਿੰਦ ਸਿੰਘ ਦਾ ਟਿੱਕਾ ਪੁੱਤ ਦਲੇਰ
ਬੁੜ੍ਹਕ ਗੜ੍ਹੀ ’ਚੋਂ ਨਿਕਲਿਆ ਜਿਵੇਂ ਬੇਲਿਓਂ ਸ਼ੇਰ

ਨਵੀਂ ਜਵਾਨੀ ਪੁੰਗਰਦੀ, ਮਸਫੁਟਾ ਗਭਰੋਟ
ਰਣ ਖੇਤਰ ਵਿਚ ਨਿੱਤਰਿਆ ਕਰਨ ਜ਼ੁਲਮ ਤੇ ਚੋਟ

ਉਹ ਚੰਡੀ ਦਸਮੇਸ਼ ਦੀ ਧੂਹ ਮਿਆਨੋਂ ਬਾਹਰ
ਚੜ੍ਹਿਆ ਸਾਹਿਬ ਅਜੀਤ ਸਿੰਘ ਵੈਰੀ ਨੂੰ ਲਲਕਾਰ

ਰਣ ਤੱਤੇ ਵਿਚ ਕੁੱਦਿਆ ਬਾਂਕਾ ਸ਼ਾਹ ਸਵਾਰ
ਮੁਗ਼ਲ ਲਸ਼ਕਰੀਂ ਧਸ ਗਿਆ ਕਰਦਾ ਮਾਰੋ ਮਾਰ

ਜਿਸ ਪਾਸੇ ਵੀ ਲਪਕਦੀ ਉਹ ਨੂਰਾਨੀ ਤੇਗ਼
ਸਿਰਕੱਢ ਸ਼ਤਰੂ ਸੂਰਮੇ ਭੁੰਜੇ ਦੇਂਦੀ ਡੇਗ।

ਠੱਠਾ ਕਰਕੇ ਮੌਤ ਨੂੰ, ਸਿਰ ਦੀ ਬਾਜ਼ੀ ਲਾ
ਦਿੱਤਾ ਤੋੜ ਤਲਿੱਸਮ ਸੀ ਮੁਗ਼ਲ ਬੀਰਤਾ ਦਾ
* * *
ਉੱਠਿਆ ਸਾਹਿਬ ਜੁਝਾਰ ਸਿੰਘ ਭਰ ਕੇ ਵਿਚ ਜਲਾਲ
ਭਖਿਆ ਮੁਖੜਾ ਓਸ ਦਾ ਸੂਹਾ ਸੂਹਾ ਲਾਲ

ਵੇਖ ਸ਼ਹਾਦਤ ਵੀਰ ਦੀ ਚੜ੍ਹਿਆ ਜੋਸ਼ ਅਪਾਰ
ਰਣ ਵਿਚ ਲੋਹਾ ਕਰਨ ਲਈ ਹੋਇਆ ਤੁਰਤ ਤਿਆਰ

ਤੱਕਿਆ ਜੁੱਧ ਅਜੀਤ ਦਾ, ਭਰਿਆ ਵਿਚ ਉਮਾਹ
ਮਨ ਨੂੰ ਖੀਵਾ ਕਰ ਰਿਹਾ ਰਣ ਮੰਡਣ ਦਾ ਚਾਅ

ਸਨਮੁਖ ਪਿਤਾ ਹਜ਼ੂਰ ਦੇ ਕਹਿੰਦਾ ਸੀਸ ਝੁਕਾ
‘‘ਬਖ਼ਸ਼ੋ ਮੈਨੂੰ ਆਗਿਆ ਜੂਝਾਂ ਰਣ ਵਿਚ ਜਾ’’
- ਮਹਿੰਦਰ ਸਿੰਘ ਸਰਨਾ

Advertisement