ਉਹ ਰਾਗ ਤੋਂ
ਅਮਰਜੀਤ ਟਾਂਡਾ
ਉਹ ਰਾਗ ਤੋਂ ਵੈਰਾਗ ਤੀਕ
ਜਾਣਨ ਵਾਲੀ ਆਵਾਜ਼ ਸ਼ਬਦ ਸੀ
ਦਿਲ ਦੀਆਂ ਪਰਤਾਂ ’ਚ
ਰੰਗ ਵਾਂਗ ਘੁਲ ਜਾਣ ਵਰਗਾ
ਕੰਬ ਜਾਣ ਵਾਲਾ
ਹਉਕਾ ਭਰਨ ’ਤੇ ਵੀ
ਹਰ ਪੈੜ ਜਾਣਨ ਵਾਲਾ
ਮਹਿਰਮ ਇਤਿਹਾਸ ਦੀ
ਉਹਨੂੰ ਕਤਈ ਚੰਗੀ
ਨਹੀਂ ਸੀ ਲੱਗਦੀ ਰਾਹਾਂ ਦੀ ਖਾਕ ਛਾਣਨੀ
ਉਹਨੂੰ ਮੈਂ ਆਖ਼ਰ ਵੇਲੇ ਵੀ ਕਿਹਾ ਸੀ ਕਿ ਕਿਤੇ ਮਿੱਟੀ ਨੂੰ ਪਰ੍ਹੇ ਕਰਕੇ
ਉੱਗ ਆਵੀਂ ਖਿੜ ਪਵੀਂ
ਸੱਜਰਾ ਨਗ਼ਮਾ ਬਣ ਕੇ ਗੁਲਾਬ ਦੇ ਫੁੱਲ ਵਾਂਗ
ਮੈਂ ਉਸ ਵੇਲੇ
ਤੇਰੇ ਸਿਰ ਤੋਂ ਤਾਰਿਆਂ ਦੀ ਛਤਰੀ ਤਾਣਾਂਗਾ
ਤੂੰ ਆ ਤਾਂ ਸਹੀ ਪਰਤ ਕੇ
ਸੂਰਜ ਡੁੱਬਦੇ ਨਹੀਂ ਹੁੰਦੇ ਯਾਰਾ
ਤੇ ਫਿਰ ਰੋਸ਼ਨੀਆਂ ਦਾ ਕਿਉਂ ਪ੍ਰਬੰਧ ਕਰੀਏ
ਲੋਕਾਂ ਨੂੰ ਛੱਡ ਤੂੰ
ਸ਼ਬਦ ਨਹੀਂ ਕਦੇ ਪੱਥਰ ਬਣਦੇ ਹੁੰਦੇ
ਚੱਲ ਮੇਰਾ ਵਾਅਦਾ ਰਿਹਾ
ਚੰਦ ਤਾਰਿਆਂ ਨੂੰ ਨਰਦਾਂ ਬਣਾ
ਧਰਤ ’ਤੇ ਸ਼ਤਰੰਜ ਖੇਡਾਂਗੇ ਦੋਨੋਂ
ਸਤਰ ਤਾਂ ਕੀ
ਤੇਰੇ ਤਾਂ ਮੈਂ ਅਭਿਨੰਦਨ ਗ੍ਰੰਥ ਲਿਖਣ ਲਈ ਤੈਨੂੰ ਪੁੱਛਿਆ ਸੀ
ਪਰ ਤੂੰ ਨਾਂਹ ਕਰ ਦਿੱਤੀ ਸੀ
ਸੱਚੇ ਸਾਕ
ਸੁੱਚੇ ਵਾਕ ਬਣਾਂਗੇ
ਤੂੰ ਆ ਤਾਂ ਸਹੀ ਇੱਕ ਵਾਰ
ਮੈਂ ਤਾਂ ਤੈਨੂੰ ਕਈ ਵਾਰ ਸੱਦਿਆ ਸੀ
ਕਿ ਸ਼ਾਮ ਵਿੱਚ ਆਰਤੀ ਉਤਾਰਾਂਗੇ ਤਾਰਿਆਂ ਕੋਲ ਬੈਠਾਂਗੇ ਦੋਨੋਂ
ਤੂੰ ਹੀ ਫੋਨ ਕਰ ਨਾਂਹ
ਲਿਖ ਗਿਆ ਗਲੀਆਂ ਰਾਹਾਂ ’ਤੇ
ਬੂਹੇ ਢੋਅ ਜੰਦਰਾ ਮਾਰ ਲਿਆ ਤੈਂ
ਹੁਣ ਕਦੇ ਅੰਬਰ ’ਤੇ ਬੈਠਾਂਗੇ
ਮਹਿਫ਼ਿਲ ਸਜਾਵਾਂਗੇ
ਤੂੰ ਤਾਂ ਜਾਣ ਲੱਗਾ
ਆਪਣੇ ਨਾਂ ਦੀ
ਨੇਮ ਪਲੇਟ ਵੀ ਲਾਹ ਕੇ ਲੈ ਗਿਆ ਏਂ
ਨਿਸ਼ਾਨ ਵੀ ਪੂੰਝ ਮਿਟਾ ਗਿਆ ਏਂ ਸਾਰੇ
ਬੱਚੇ ਭਾਬੀ ਭੈਣ ਭਰਾ
ਤੇ ਅਸੀਂ ਸਾਰੇ ਦੋਸਤ ਓਦਣ ਦੇ
ਘਰ ਬੈਠੇ ਉਡੀਕ ਰਹੇ ਹਾਂ ਤੈਨੂੰ
ਕਿ ਆ ਕੇ ਫਿਰ
ਇੱਕ ਸੁਰੀਲੀ ਜੇਹੀ ਆਵਾਜ਼ ਵਿੱਚ ਗ਼ਜ਼ਲ ਸੁਣਾਵੇਂਗਾ
ਸੋਹਣਿਆ ਇਦਾਂ ਨਹੀਂ ਨਾਰਾਜ਼ ਹੋਈਦਾ ਬੂਹੇ ਨਹੀਂ ਢੋਈਦੇ
ਰਾਹ ਨਹੀਂ ਬੰਦ ਕਰੀਦੇ
ਯਾਰਾਂ ਦੇ ਸਦੀਆਂ ਲਈ
ਚੇਤਿਆਂ ’ਚ ਤੈਨੂੰ ਰੱਖਾਂਗੇ
ਸੁਣਦੇ ਰਹਾਂਗੇ ਤੇਰੀਆਂ ਆਵਾਜ਼ਾਂ
ਅਲਵਿਦਾ ਪਾਤਰ...
* * *
ਕਿੱਥੋਂ ਲਿਆਈਏ ਲੱਭ ਕੇ
ਜਗਦੇਵ ਸ਼ਰਮਾ ਬੁਗਰਾ
ਕਵਿਤਾ ਦਾ ਸੀ ‘ਕੰਵਲ’ ਤੂੰ, ਕਵੀਆਂ ਦਾ ‘ਭਾਈ ਵੀਰ’,
ਮਨ ਯਕੀਨ ਨਹੀਂ ਮੰਨਦਾ, ਨਾ ਅੱਖੀਓਂ ਰੁਕਦਾ ਨੀਰ।
ਕਵਿਤਾ ਅੱਜ ਉਦਾਸ ਹੈ, ਸੁਣੇ ਨਾ ਕਵੀਆਂ ਦਾ ਸ਼ੋਰ,
ਕਿੱਥੋਂ ਲਿਆਈਏ ਲੱਭ ਕੇ, ਲੋਕੋ ਅੱਜ ਪਾਤਰ ਇੱਕ ਹੋਰ।
ਰਾਹ ਬਣਦੇ ਤੂੰ ਜਿੱਥੋਂ ਲੰਘਿਆ, ਲਿਖੀ ਵਿੱਚ ਹਵਾਵਾਂ ਪ੍ਰੀਤ,
ਲੰਮੇ ਰਾਹੀਂ ਤੂੰ ਤੁਰ ਗਿਆ ਪਿੱਛੇ ਛੱਡ ਕੇ ਆਪਣੇ ਗੀਤ।
ਪੰਛੀ ਵਿਰਲਾਪ ’ਚ ਕੂਕਦੇ, ਨਾ ਪੈਲਾਂ ਪਾਵਣ ਮੋਰ,
ਕਿੱਥੋਂ ਲਿਆਈਏ ਲੱਭ ਕੇ, ਮਿੱਤਰੋ ਅੱਜ ਪਾਤਰ ਇੱਕ ਹੋਰ।
ਪਿੰਡ ਪੱਤੜ ਵਿੱਚ ਜਨਮ ਕੇ, ਲਿਆ ਪਦਮ ਸ੍ਰੀ ਤੂੰ ਜਿੱਤ,
ਅੱਜ ਕਲਮਾਂ ਲੱਭਣ ਗਏ ਨੇ, ਤੂੰ ਓਥੇ ਈ ਲਾ ਲਿਆ ਚਿੱਤ।
ਕੀਤੀ ਤੂੰ ਪੀਐਚ ਡੀ, ਬਾਬੇ ਨਾਨਕ ਦੀ ਬਾਣੀ ਬੋਲ,
ਕਿੱਥੋਂ ਲਿਆਈਏ ਲੱਭ ਕੇ, ਯਾਰੋ ਅੱਜ ਪਾਤਰ ਇੱਕ ਹੋਰ।
ਕੌਣ ਲਿਖੂ ਹਰਫ਼ ਵਿੱਚ ਹਵਾ ਦੇ ਤੇ ਲਫਜ਼ਾਂ ਦੀ ਦਰਗਾਹ,
ਵਰਣਮਾਲਾ ਹਨੇਰੀਂ ਸੁਲਗਦੀ, ਕੌਣ ਆਖੂ ਬਾਹਰ ਆ।
ਅਰਜ਼ਾਂ ਬਿਰਖ ਗੁਜ਼ਾਰਦੇ, ਤੇਰੀ ਅੱਜ ਪਿਤਾਮਿਆ ਲੋੜ,
ਕਿੱਥੋਂ ਲਿਆਈਏ ਲੱਭ ਕੇ, ਵੀਰੋ ਅੱਜ ਪਾਤਰ ਇੱਕ ਹੋਰ।
ਸੰਪਰਕ: 98727-87243
* * *
ਗ਼ਜ਼ਲ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਗ਼ਜ਼ਲਾਂ ਗੀਤਾਂ ਦੇ ਨੈਣਾਂ ’ਚੋਂ ਛਮ-ਛਮ ਅੱਥਰੂ ਚੋਏ।
ਧਰਤੀ ਅੰਬਰ ਗਲ ਲੱਗ ਰੋਏ ਦਿਨ ਨੇ ਬੂਹੇ ਢੋਏ।
ਕੰਠ ਸਰਾਪੇ ਲੱਗਦੇ ਮੈਨੂੰ ਰਾਗ ਗਏ ਪਥਰਾਏ,
ਬੰਸਰੀਆਂ ਦੇ ਸੁਰ ਵੀ ਲੱਗਣ ਜੀਕਣ ਬੇਸੁਰ ਹੋਏ।
ਭਾਸ਼ਾ ਵਿਲਕੀ ਪੈਂਤੀ ਰੋਈ ਸ਼ਬਦ ਕੀਰਨੇ ਪਾਉਂਦੇ,
ਕੋਰੇ ਸਫ਼ਿਆਂ ਉੱਤੇ ਬਿਖ਼ਰੇ ਹਰਫ਼ ਸੁਨਹਿਰੀ ਰੋਏ।
ਚੰਨ ਨੇ ਪਾਸਾ ਕੀਤਾ ਸਾਥੋਂ ਚਾਨਣੀਆਂ ਮੂੰਹ ਫੇਰੇ,
ਰਾਤ ਜੁਗਨੂੰਆਂ ਨੇ ਹੈ ਕੱਟੀ ਬਲਦੇ ਜਿਸਮਾਂ ਲੋਏ।
ਕਲਮਾਂ ਭਰੀ ਗਵਾਹੀ ਉਸਦੀ ਕਿਰਤਾਂ ਮਾਣ ਵਧਾਏ,
ਢੋਲੇ ਮਾਹੀਏ ਟੱਪੇ ਖੜ੍ਹ ਗਏ ਉੱਪਰ ਤਾਣ ਚੰਦੋਏ।
ਸਫਲ ਕਹਾਣੀ ਦੇ ਇੱਕ ‘ਪਾਤਰ’ ਰੰਗਮੰਚ ਤੋਂ ਤੁਰਿਆ,
‘ਪਾਰਸ’ ਉਸ ‘ਸੁਰਜੀਤ’ ਦੀ ਥਾਵੇਂ ‘ਪਾਤਰ’ ਕੌਣ ਖਲੋਏ।
ਸੰਪਰਕ: 99888-11681
* * *
ਨਹੀਂ ਕਵਿਤਾ ਨਹੀਂ
ਅਤੈ ਸਿੰਘ
ਦੋ ਅੱਥਰੂ ਮੇਰੇ ਵੰਡੇ ਦੇ, ਅੱਜ ਕੇਰ ਦਵੀਂ ਸਵੀ ਯਾਰ-
ਗਰੇਵਾਲ ਵੀਰ ਹੌਸਲਾ, ਦਿਓ ਹੌਸਲਾ ਸਭ ਪਰਿਵਾਰ!
ਆਉਣਾ ਰਵਿੰਦਰ ਨਾਲ ਸੀ, ਪਾਤਰ ਦੇ ਕਰਨ ਦੀਦਾਰ-
ਨਾ ਅੰਤਿਮ ਨਾ ਆਖਿਓ, ਆਖ ਦਿਓ, ‘ਸੱਚ ਜਾਂਦੀ ਵਾਰ’!
ਹਾਸੇ ਵੀ ਸੁਰਜੀਤ ਤੇਰੇ, ਹੁਣ ਹੰਝੂ ਬੇਸ਼ੁਮਾਰ-
ਪੁੱਤ ਤੇਰੀਆਂ ਬਾਹਵਾਂ ਪਾਤਰਾ, ਟੱਬਰ ਤੇਰਾ ਕਾਵਿ-ਸੰਸਾਰ!...
ਮਾਨ ਪੁੱਤ ਪੰਜਾਬ ਦਾ, ਭਗਵੰਤ ਸਿਹੁੰ ਸਰਦਾਰ-
ਕਵੀ ਦੀ ਚਿਖਾ ’ਤੇ ਹੰਝੂ ਕੇਰੇ, ਛੱਡ ਸਾਰੇ ਕਾਰ-ਵਿਹਾਰ!
ਉੱਚ-ਅਹੁਦਾ ਪੰਜਾਬ ਦਾ, ਉੱਚ-ਕਵੀ ਪੰਜਾਬੀ ਯਾਰ-
ਐਵੇਂ ਸ਼ੇਅਰ ਨਾ ਬੁੱਲ੍ਹੀਂ ਓਹਦੇ, ਮਨ ਵਿੱਚ ਪੰਜਾਬ-ਪਿਆਰ!
ਆਖਿਆ: ਓਦ੍ਹੀ ਯਾਦ ਸਾਂਭਣੀ, “ਅੱਖਰਾਂ ਦੀ ਬਣੂੰ ਯਾਦਗਾਰ”-
ਅਸੀਂ ਆਖੀਏ: “ਸਾਂਭ ਲਓ ਪੰਜਾਬੀ, ਏਹੋ ਤ੍ਵਾਡਾ ਪੰਜਾਬ-ਪਿਆਰ!
ਹਾਸਿਆਂ ਨਾਲ ਤੁਸਾਂ ਵੰਡੀ ਪੰਜਾਬੀ, ਚੱਪੇ-ਚੱਪੇ ਆਰ ਪਾਰ-
ਓਨ ਚੜ੍ਹਾਈ ਪੰਜਾਬੀ ਉੱਚੀ, ‘ਲਫ਼ਜ਼ਾਂ ਦੀ ਦਰਗਾਹ’ ਉਚਾਰ!
ਮਾਨ ਦਾ ਆਉਣਾ, ਮਾਣ ਦਾ ਵਧਣਾ; ਉੱਚੇ-ਸੁੱਚੇ ਕਾਵਿ ਦੁਆਰ-
ਮਾਂ-ਬੋਲੀ, ਮਾਂ-ਰਾਜ ਬਣਜੇ; ਪੁੱਜੇ ਪੰਜਾਬੀ ਰਾਜ-ਦਰਬਾਰ!
ਪੰਜਾਬੀ ਕਵੀ ਪੰਜਾਬੀ ਬੋਲੀ, ਪੰਜਾਬ ਪੰਜਾਬੀ ਦੇ ਹਿੱਤਕਾਰ-
ਬਚਾ ਪੰਜਾਬ ਪੰਜਾਬੀ ‘ਮਾਨਾਂ’, ਤਪਦੀ ਚਿਖਾ ਦਾ ਸੀਨਾ ਠਾਰ...!
ਸੰਪਰਕ: 98151-77577
ਸ਼ਾਇਰ ਪਾਤਰ
ਬੀ.ਐੱਸ. ਰਤਨ
ਸ਼ਾਇਰੀ ਦਾ ਬਾਦਸ਼ਾਹ,
ਗੀਤਾਂ ਦਾ ਵਣਜਾਰਾ
ਤੁਰ ਗਿਆ ਲੋਕਾਈ ਨੂੰ
ਸੋਗ ਦਾ ਰੋਗ ਲਗਾਕੇ
ਸਮਿਆਂ ਦਾ ਸੱਚ, ਯੁੱਗ ਦਾ ਸਿਰਨਾਵਾਂ
ਉਹ ਚਿੰਤਕ ਬ੍ਰਹਿਮੰਡੀ ਸੀ
ਕਾਇਨਾਤ ਦਾ ਸੈਲਾਨੀ ਸੀ।
ਹਨੇਰਿਆਂ ਨਾਲ ਭਿੜਦਾ
ਹੌਸਲਿਆਂ ਦੇ ਬਿੰਬ ਸਿਰਜਦਾ
ਅਕਲਾਂ ਦੇ ਚਿਰਾਗ ਜਗਾਉਂਦਾ
ਜ਼ਿੰਦਗੀ ਦਾ ਕਣ ਕਣ ਜਿਉਂਦਾ
ਹਵਾ ਬਣ ਤੁਰ ਗਿਆ।
ਉਦਾਸੀਆਂ ਦੇ ਸੈਲਾਬ ਤੋੜਨ ਵਾਲਾ
ਬਣ ਜ਼ਖੀਰਾ ਫੌਲਾਦੀ ਹੌਸਲੇ ਦਾ
ਉਹ ਸਦੀਆਂ ਦਾ ਸੀਨਾ ਫੋਲ ਗਿਆ।
ਜੋਗੀ ਸੀ ਉਹ ਫੱਕਰ ਸੀ ਉਹ
ਸਾਦ ਮੁਰਾਦੀ ਫਿਤਰਤ ਵਾਲਾ
ਮਿਲਦਾ ਤਾਂ ਫੁੱਲਾਂ ਵਾਂਗਰ ਖਿੜਦਾ
ਹੱਸਦਾ ਤਾਂ ਅਦਾਵਾਂ ਰਾਹੀਂ ਜਾਦੂ ਕਰਦਾ
ਜ਼ਿੰਦਗੀ ਨੂੰ ਰੰਗਾਂ ਭਰਿਆ ਗੁਲਦਸਤਾ ਸਜਾ
ਅਹਿਸਾਸ ਦੇ ਪਲਾਂ ਨੂੰ ਬਾਖ਼ੂਬੀ ਸਿਰਜਦਾ
ਮਿਲਾਪ ਤੇ ਵਿਛੋੜਿਆਂ ਦੇ ਭੇਤ ਖੋਲਦਾ
ਹਰ ਪਾਸੇ ਮਹਿਕਾਂ ਦੀ ਛਹਿਬਰ ਲਾ ਤੁਰ ਗਿਆ।
ਕੋਸੀ ਕੋਸੀ ਧੁੱਪ ਵਰਗੀ, ਸੰਘਣੀ ਛਾਂ ਵਰਗੀ ਕਦੇ
ਉਮੀਦ ਉਸਦੇ ਬੋਲਾਂ ਵਿੱਚ ਜਾਗਦੀ ਰਹਿੰਦੀ।
ਛਾਇਆ ਰਹਿੰੰਦਾ ਉਹ ਹਰ ਫਿਜ਼ਾ ਵਿੱਚ
ਸ਼ਮ੍ਹਾਂ ਉਸਦੀ ਹਨੇਰਿਆਂ ਨੂੰ ਰੋਸ਼ਨ ਕਰਦੀ।
ਸ਼ਾਇਰੀ ਦੀਆਂ ਸਿਖਰਾਂ ਛੋਂਹਦਾ
ਗੀਤ ਅਵੱਲੜੇ ਗਾ ਗਿਆ
ਵੈਰਾਗ ਤੇ ਮੁਹੱਬਤ ਦੇ ਨਗਮੇ
ਜਾਦੂਮਈ ਸ਼ਬਦਾਂ ’ਚ ਪਰੋ ਗਿਆ।
ਤੁਰ ਗਿਆ ਉਹ ਯਕਦਮ
ਸ਼ਬਦਾਂ ਦੀ ਇਬਾਰਤ ਉਸਾਰ ਕੇ
ਖਲਾਅ ਇੱਕ ਪੈਦਾ ਕਰ ਗਿਆ
ਖ਼ੁਦਾ ਦੀ ਮਰਜ਼ੀ ਕੌਣ ਟਾਲੇ।
ਸੰਪਰਕ: 94179-00021
* * *
ਪੈੜਾਂ ਪਾ ਕੇ...
ਡਾ. ਅਮਨਦੀਪ ਸਿੰਘ ਟੱਲੇਵਾਲੀਆ
ਪੈੜਾਂ ਪਾ ਕੇ ਤੁਰ ਗਿਆ ਪਾਤਰ
ਰਾਹ ਰੁਸ਼ਨਾ ਕੇ ਤੁਰ ਗਿਆ ਪਾਤਰ
ਚੰਨ ਸੂਰਜ ਤੇ ਤਾਰਿਆਂ ਉੱਤੇ
ਨਾਂ ਖੁਣਵਾ ਕੇ ਤੁਰ ਗਿਆ ਪਾਤਰ
ਮਾਂ ਬੋਲੀ ਦੇ ਮੱਥੇ ਸੱਗੀ ਫੁੱਲ
ਸਜਾ ਕੇ ਤੁਰ ਗਿਆ ਪਾਤਰ
ਰਹਿੰਦੀ ਦੁਨੀਆ ਤੀਕ ਰਹੇਗਾ
ਜੋ ਲਿਖ ਗਾ ਕੇ ਤੁਰ ਗਿਆ ਪਾਤਰ
ਮੋਮਬੱਤੀਆਂ ਪਿਆਰ ਵਾਲੀਆਂ
ਮਨ ’ਚ ਜਗਾ ਕੇ ਤੁਰ ਗਿਆ ਪਾਤਰ
ਰੰਗਲੇ ਸੱਜਣਾਂ ਦੀ ਮਹਿਫ਼ਿਲ ਨੂੰ
ਬਸ, ਮਹਿਕਾ ਕੇ ਤੁਰ ਗਿਆ ਪਾਤਰ
ਆਪ ਗਿਆ ਏ ਹੱਸਦਾ ਹੱਸਦਾ
ਸਾਨੂੰ ਰੁਆ ਕੇ ਤੁਰ ਗਿਆ ਪਾਤਰ।
ਸੰਪਰਕ: 98146-99446
* * *
ਅੰਦਰ ਬਾਹਰ ਪਾਤਰ
ਰਾਬਿੰਦਰ ਸਿੰਘ ਰੱਬੀ
ਇੱਕ ਪਾਤਰ ਹੈ ਅੰਦਰ ਵੱਸਦਾ, ਇੱਕ ਪਾਤਰ ਹੈ ਬਾਹਰ,
ਅੰਦਰਲੇ ਨੂੰ ਅੰਦਰ ਜਾਣੇ, ਬਾਹਰਲਾ ਜੱਗ ਜ਼ਾਹਰ।
ਇੱਕ ਪਾਤਰ ਸੱਤਾ ਦੇ ਨੇੜੇ, ਹਾਰ ਫੁੱਲਾਂ ਨਾਲ ਲੱਦਿਆ,
ਸਨਮਾਨਾਂ ਤੇ ਲੋਈਆਂ ਦੇ ਵਿੱਚ, ਉਸਦਾ ਕੱਦ ਬੁੱਤ ਫੱਬਿਆ।
ਯੂਨੀਵਰਸਿਟੀ, ਕਾਲਜ, ਸਕੂਲਾਂ ਜਾਂ ਫਿਰ ਸਾਹਿਤ ਸਭਾਵਾਂ,
ਪ੍ਰੀਸ਼ਦਾਂ ਅਤੇ ਅਕਾਦਮੀਆਂ ਵੀ ਉਸਦੀਆਂ ਲੈਣ ਸਲਾਹਵਾਂ।
ਪ੍ਰਧਾਨਗੀਆਂ, ਕਿਤਾਬਾਂ ਦੇ ਮੁੱਖੜੇ, ਮੁੱਖ ਬੰਧ, ਹੱਲਾਸ਼ੇਰੀ,
ਪਾਤਰ ਨੇ ਪਾਤਰ ਦੀ ਸੱਤਾ ਆਉਂਦੇ-ਜਾਂਦੇ ਘੇਰੀ।
ਨਾਮ ਵੱਡਾ ਅਤੇ ਕੰਮ ਵੀ ਵੱਡੇ, ਮਿਲੀਆਂ ਸਿਫ਼ਤ ਸਲਾਹੁਤਾਂ,
ਦੂਰੋਂ-ਨੇੜਿਓਂ ’ਵਾਜ਼ਾਂ ਸੱਦਣ, ਮੰਗਣ ਰਲ਼ ਮਨਾਉਤਾਂ।
ਚਾਹੁੰਦੇ ਸਭ, ਨੇੜੇ ਸਭ ਹੋਵਣ, ਉਸਦੀ ਸੰਗਤ ਲੋਚਣ,
ਉਸਦੇ ਮੂੰਹੋਂ ਕਿਰਦੇ ਸ਼ਬਦਾਂ ਨੂੰ, ਚੁਣ-ਚੁਣ ਕੇ ਬੋਚਣ।
ਪਲ-ਛਿਣ, ਨੱਠ-ਭੱਜ, ਸਮੇਂ ਦੀ ਤੰਗੀ, ਪਾਤਰ ਨੂੰ ਕੰਮ ਬਾਹਲੇ,
ਸਹਿਜ ਪਾਤਰ ਦੀ ਹਾਜ਼ਰੀ ਸਭ ਲਈ, ਸਾਰਿਆਂ ਨੂੰ ਪਰ ਕਾਹਲੀ।
ਪਾਤਰ ਨੇ ਕੰਮ ਝੱਬਦੇ ਕੀਤੇ, ਭਰ ਬੋਲੀ ਦੀ ਝੋਲੀ,
ਸੱਤਾ ਪਾਤਰ ਦੀ ਬਣ ਜਾਂਦੀ ਸੀ ਦਿਨ-ਭਰ ਹਮਜੋਲੀ।
ਅੰਦਰ ਵੱਸਦਾ ਪਾਤਰ ਡੂੰਘਾ, ਕਾਵਿ ਸਿਖਰਾਂ ਛੂਹਵੇ,
ਬਾਹਰ ਵਾਲਾ ਪਾਤਰ ਉਸਨੂੰ ਨਾ ਦਿਖਾਉਂਦਾ ਮੂੰਹ ਏ।
ਸ਼ਬਦ ਜੜਤ ਤੇ ਰੂਹ ਦੀਆਂ ਗੱਲਾਂ, ਅੰਦਰ ਪਾਤਰ ਕਰਦਾ,
ਬਾਹਰ ਉਸਦਾ ਹਰ ਇੱਕ ਸ਼ਿਅਰ, ਰਹੇ ਮਨਾਂ ’ਤੇ ਤਰਦਾ।
ਅੰਦਰ ਪਾਤਰ ਘੜੇ ਸ਼ਬਦ ਨੂੰ, ਬਾਹਰਲਾ ਚਿਣ ਲਾਵੇ,
ਮਿੱਠੀ ਬੋਲੀ ਸੁਣ ਕੇ ਉਸਦੀ ਹਰ ਕੋਈ ਨਸ਼ਿਆਵੇ।
ਗੱਲ ਕਰਦਾ ਹਰ ਨਾਪ-ਤੋਲ ਕੇ, ਗੱਲ ਕਰਦਾ ਮਨ ਲੱਗਦੀ,
ਪਾਤਰ ਦੀ ਗੱਲ ਪਿੱਛੇ ਰਹਿੰਦੀ, ਬਣ ਜਾਂਦੀ ਉਹ ਜੱਗ ਦੀ।
ਕਲਮ ’ਚੋਂ ਅੱਖਰ ਭੁੱਟ-ਭੁੱਟ ਜਾਵਣ, ਪਾਤਰ ਨਾ ਕਦੇ ਥੰਮੇ,
ਬਾਹਰਲੇ ਦੀ ਗੱਲ ਕਦੇ ਨਾ, ਅੰਦਰ ਬੈਠਾ ਮੰਨੇ।
ਵਰਨਮਾਲਾ ਸੁਲਗਾਵੇ ਵਿੱਚ ਹਨੇਰੇ, ਅਰਜ਼ ਕਰਾਵੇ ਬਿਰਖ਼ਾਂ,
ਕਲਮ ਉਸਦੀ ਛੂੰਹਦੀ ਜਾਂਦੀ ਕਾਵਿ ਕਲਾ ਦੀਆਂ ਸਿਖਰਾਂ।
ਗੀਤ ਵੀ ਲਿਖਦਾ, ਉਹ ਵੀ ਆਹਲਾ, ਨਾਟਕ ਨੂੰ ਹੱਥ ਪਾਵੇ,
ਪਾਤਰ ਦੀਆਂ ਉਡਾਰੀਆਂ ਦੇ ਸੰਗ ਹਰ ਪਾਠਕ ਨਾ ਜਾਵੇ।
ਪਾਤਰ ਦਾ ਰੁਤਬਾ ਲਾਸਾਨੀ, ਕਿਸੇ ਨਾਲ ਨਾ ਤੁਲਨਾ,
ਪਾਤਰ ਦੀ ਸਮਰੱਥਾ ਨੂੰ ਨਾ, ਕਦੇ ਪੰਜਾਬੀਆਂ ਭੁੱਲਣਾ।
ਹਵਾ ਦੇ ਵਿੱਚ ਹਰਫ਼ ਸੀ ਲਿਖਦਾ, ਛੇੜੇ ਅਜਬ ਤਰੰਗਾਂ,
ਲਫ਼ਜਾਂ ਦੀ ਦਰਗਾਹੋਂ ਅੰਦਰ, ਨਾ ਝਿਜਕਾਂ ਨਾ ਸੰਗਾਂ।
ਚੰਨ ਸੂਰਜ ਦੀ ਵਹਿੰਗੀ ਬਹਿ ਕੇ, ਸ਼ਬਦ ਸੀ ਝੂਟੇ ਲੈਂਦੇ,
‘ਪਦਮ ਸ੍ਰੀ’ ਬਣ ਸ਼ਬਦ ਖਲੋਤੇ, ਕਿਸੇ ਨਾਲ ਨਾ ਖਹਿੰਦੇ।
ਅੰਦਰ-ਬਾਹਰ ਇੱਕ-ਮਿੱਕ ਹੈ ਸਭ, ਰਤਾ ਫ਼ਰਕ ਨਾ ਕਾਈ,
ਐਪਰ ਰੱਬੀ ਦਾਤ ਦੀ ਸਾਨੂੰ, ਕਦੇ ਸਮਝ ਨਾ ਆਈ।
ਸੰਪਰਕ: 89689-46129
* * *
ਆਹ ਡਾ. ਪਾਤਰ
ਰਣਜੀਤ ਆਜ਼ਾਦ ਕਾਂਝਲਾ
ਮਾਂ ਬੋਲੀ ਦਾ ਸਪੂਤ ਪੈੜਾਂ ਕਰ ਗਿਆ।
ਪਤਾ ਨਹੀਂ ਚਲਾ ਕਿਹੜੇ ਘਰ ਗਿਆ?
ਸ਼ਬਦਾਂ ਦੀ ਪਰਿਕਰਮਾ ਕਰ ਥੱਕਿਆ ਨਾ,
ਮਾਂ ਬੋਲੀ ਦਾ ਚੰਗਾ ਵਿਹੜਾ ਭਰ ਗਿਆ।
ਲਿਖ ਲਿਖ ਪਰਾਗੇ ਕਵਿਤਾਵਾਂ ਦੇ ਓਹ,
ਮਾਂ ਬੋਲੀ ਨੂੰ ਹੈ ਮਾਲੋਮਾਲ ਕਰ ਗਿਆ।
ਮਾਨ ਸਨਮਾਨ ਉੱਚੇ ਤੋਂ ਉੱਚੇ ਪਾ ਕੇ ਵੀ,
ਕਿਸੇ ਗੁਮਾਨ ਤੋਂ ਸਦਾ ਕੋਰਾ ਹੀ ਰਿਹਾ।
ਮਨ ਦੀ ਹਲੀਮੀ ਤੇ ਭੋਰਾ ਕੋਈ ਰੰਜ ਨਾ,
ਮਧੁਰ ’ਵਾਜ਼ ਚਸ਼ਮਾ ਵਹਿੰਦਾ ਹੀ ਰਿਹਾ।
ਮਹਿਫ਼ਿਲ ਦੀ ਜਿੰਦਜਾਨ ਹੁੰਦੀ ਸਿਖਰ ’ਤੇ,
ਜਦ ਕਿਸੇ ਗੀਤ ਦੇ ਸੀ ਬੋਲ ਪੜ੍ਹ ਗਿਆ।
ਕੋਈ ਥਾਂ ਨਹੀਂ ਐਸੀ ਜਿੱਥੇ ਪੈਰ ਨਾ ਪਾਏ,
ਜਿੱਥੇ ਗਏ ਮਹਿਫ਼ਿਲ ਨਾਂਅ ਕਰ ਗਿਆ।
ਸੁਰਜੀਤ ਨੇ ਮੁੜ ਸੁਰਜੀਤ ਹੋ ਜਾਣਾ ਹੈ,
ਸਵਾਤੀ ਬੂੰਦ ਚਖ ਕੂਕਨੁਸ ਤਰ ਗਿਆ।
ਅਪਣੇ ਹਰਫ਼ਾਂ ਸੰਗ ਜਿਉਂਦਾ ਰਹੇਗਾ ਕਿ,
ਭਵਜਲ ਦੀ ਬੇੜੀ ਜੋ ਪਾਰ ਕਰ ਗਿਆ।
‘ਆਜ਼ਾਦ’ ਵੀ ਸ਼ਰਧਾ ’ਚ ਸੀਸ ਝੁਕਾ ਕੇ,
ਸ਼ਬਦਾਂ ਦੇ ਹਾਰ ਪਰੋ ਓਹਦੇ ਦਰ ਗਿਆ।
ਸੰਪਰਕ: 94646-97781
* * *
ਸਿਜਦਾ
ਗੁਰਮੀਤ ਸਿੰਘ ਮਦਨੀਪੁਰ
ਹੋਇਆ ਸੀ ਸੁਰਜੀਤ ਇੱਕ
ਬਾਲ ਜੋ 79 ਵਰ੍ਹੇ ਪਹਿਲਾਂ
ਬਣ ਗਿਆ ਏ ਪਾਤਰ
ਅਦਬ ਦੇ ਅੰਬਰ ਦਾ
ਗੂੰਜਣਗੇ ਉਸਦੇ ਬੋਲ
ਹਨੇਰਿਆਂ ਦੇ ਸਾਹਵੇਂ
ਹਰਫ਼ ਵੀ ਹਵਾ ਵਿੱਚ ਲਿਖੇ
ਪੜ੍ਹਾਂਗੇ ਵਗੇਗੀ ਜਦ ਵੀ ਪੌਣ
ਵੰਡਣਗੇ ਠੰਢਕ ਤੇ ਸਕੂਨ
ਜਜ਼ਬਾਤਾਂ ਨੂੰ ਦੇਵਣ ਲਈ ਛਾਵਾਂ
ਬਿਰਖ਼ ਜੋ ਉਸ ਲਾਏ
ਸਾਹਿਤ ਦੇ ਵਿਹੜਿਆਂ ਵਿੱਚ
ਅਲਵਿਦਾ ਤਾਂ ਸਿਰਫ਼ ਜਿਸਮ ਨੂੰ
ਤੇਰੀ ਸੋਝੀ ਨੂੰ ਨਹੀਂ ਹੋਣੀ
ਹਾਂ ਸਿਜਦਾ ਜ਼ਰੂਰ ਹੈ
ਐ ਸਾਹਿਤ ਦੇ ਸਿਤਾਰੇ
ਐ ਸੁਹਜ ਦੇ ਵਣਜਾਰੇ
ਕਿਉਂ ਜੋ ਸੁਰਜੀਤ ਹੋ ਗਿਆ ਏਂ
ਤੂੰ ਸਾਡੇ ਮਿੱਟੀ ਤੇ ਪੌਣ ਅੰਬਰੀਂ
* * *
ਵੇਖਿਆ ਸੁਣਿਆ ਪਾਤਰ
ਗੁਰਦੀਸ਼ ਕੌਰ ਗਰੇਵਾਲ
ਪਾਤਰ ਸਾਹਿਬ ਦੀ ਮੈਂ ਅੜੀਓ, ਕੀ ਕੀ ਸਿਫ਼ਤ ਸੁਣਾਵਾਂ।
ਰੱਬੀ ਗੁਣ ਦਾਤੇ ਜੋ ਦਿੱਤੇ, ਉਨ੍ਹਾਂ ਦੇ ਗੁਣ ਗਾਵਾਂ।
ਸੀਤਲ ਸ਼ਾਂਤ ਸੁਭਾਅ ਦੇ ਮਾਲਕ, ਕਦੇ ਨਾ ਬੋਲਣ ਕੌੜਾ
ਹਰ ਗੱਲ ਨਾਪ ਤੋਲ ਕੇ ਬੋਲਣ, ਬੋਲਣ ਥੋੜ੍ਹਾ ਥੋੜ੍ਹਾ
ਚਿਹਰੇ ’ਤੇ ਮੁਸਕਾਨ, ਤੇ ਮੱਥੇ ਕਵਿਤਾ ਦਾ ਸਿਰਨਾਵਾਂ
ਪਾਤਰ ਸਾਹਿਬ...
‘ਲੱਗੀ ਨਜ਼ਰ ਪੰਜਾਬ ਨੂੰ’ ਦੀ ਵੀ ਚਿੰਤਾ ਪਾਤਰ ਕਰਦਾ
ਪਰਦੇਸਾਂ ਦੇ ਦਰਦਾਂ ਨੂੰ ਵੀ, ਸ਼ਾਇਰੀ ਦੇ ਵਿੱਚ ਭਰਦਾ
ਕਹਿੰਦਾ- ਰਾਹਾਂ ’ਤੇ ਨਹੀਂ ਤੁਰਦਾ, ਆਪਣੇ ਰਾਹ ਬਣਾਵਾਂ
ਪਾਤਰ ਸਾਹਿਬ...
ਪਾਣੀ ਵਰਗੇ ਗੀਤ ਨੇ ਉਸ ਦੇ, ਤਾਂ ਹੀ ਹਰਮਨ ਪਿਆਰੇ
ਪੱਤਝੜ ਵਿੱਚ ਬਹਾਰ ਉਡੀਕਣ, ਉਹ ਸਾਰੇ ਦੇ ਸਾਰੇ
ਮੋਮਬੱਤੀਆਂ ਜਗਾਉਂਦੇ, ਭਾਵੇਂ ਤੱਤੀਆਂ ਵਗਣ ਹਵਾਵਾਂ
ਪਾਤਰ ਸਾਹਿਬ...
ਚੁੱਪ ਚੁਪੀਤੇ ਤੁਰ ਗਿਆ ਪਾਤਰ, ਹਰ ਕੋਈ ਹੈ ਅੱਜ ਕਹਿੰਦਾ
ਮਹਿਫ਼ਿਲ ਵਿੱਚ ਸੁਣਾਉਂਦਾ ਸ਼ਾਇਰੀ, ਸ਼ਾਨ ਵਧਾਉਂਦਾ ਰਹਿੰਦਾ
ਹਰ ਗਾਇਕ ਦੀ ਇੱਛਾ ਹੁੰਦੀ, ਉਸ ਦੀਆਂ ਗ਼ਜ਼ਲਾਂ ਗਾਵਾਂ
ਪਾਤਰ ਸਾਹਿਬ...
‘ਦੀਸ਼’ ਕਿਉਂ ਤੂੰ ਝੋਰਾ ਲਾਇਆ, ਸੁਖਨਵਰ ਨਾ ਮਰਦੇ
ਹਰ ਇੱਕ ਦੇ ਦਿਲ ਅੰਦਰ ਵਸ ਕੇ, ਰੌਸ਼ਨ ਜ਼ਿੰਦਗੀ ਕਰਦੇ
ਸ਼ਰਧਾ ਦੇ ਫੁੱਲ ਮੈਂ ਵੀ ਲੈ ਕੇ, ਸਿਜਦਾ ਕਰ ਕੇ ਆਵਾਂ
ਪਾਤਰ ਸਾਹਿਬ...
ਸੰਪਰਕ: +1-403-404-1450
* * *
ਛਿੱਟੇ
ਮਨਦੀਪ ਸੋਹਲ
ਹਨੇਰੇ ਤੋਂ ਨਹੀਂ ਜਰ ਹੋ ਰਿਹਾ
ਚਾਨਣ ਦਾ ਹਵਾ ਬਣ ਗੁਜ਼ਰ ਜਾਣਾ
ਸ਼ਮ੍ਹਾਦਾਨ ਹੈਰਾਨ ਨੇ
ਕੋਈ ਬੋਲਦਾ ਕਿਉਂ ਨਹੀਂ
ਸਫ਼ਿਆਂ ’ਤੇ ਵਾਹੇ ਗੀਤ
ਅੱਜ ਬੁੱਲ੍ਹਾਂ ’ਤੇ ਆ ਕੇ ਰੁਕ ਗਏ...
ਦੇਹ ਦਾ ਅਲਵਿਦਾ ਕਹਿ ਤੁਰਨਾ
ਮਰਨਾ ਨਹੀਂ ਹੁੰਦਾ ਜਹਾਨ ਤੋਂ
ਰੂਹ ਤਾਂ ਪੁੰਗਰ ਜਾਂਦੀ ਹੈ
ਨਵੇਂ ਬੀਜ ਲੈ ਕੇ
ਇਸਦੇ ਖਿਆਲਾਂ ਦੇ ਛਿੱਟੇ
ਜਿੱਥੇ ਕਿਤੇ ਵੀ ਧਰਤੀ ’ਤੇ ਪੈਂਦੇ ਨੇ......
ਸੰਪਰਕ: 97800-84093