ਅਕਤੂਬਰ 2022 ਤੋਂ ਸਤੰਬਰ 2023 ਤੱਕ 97 ਹਜ਼ਾਰ ਭਾਰਤੀ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਦਾਖਲ ਹੁੰਦੇ ਗ੍ਰਿਫ਼ਤਾਰ, ਬਹੁਤੇ ਪੰਜਾਬੀ ਤੇ ਗੁਜਰਾਤੀ
ਵਾਸ਼ਿੰਗਟਨ, 3 ਨਵੰਬਰ
ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂਸੀਬੀਪੀ) ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹੋਏ ਰਿਕਾਰਡ 96,917 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਦੇ ਫੜੇ ਭਾਰਤੀਆਂ ਦੀ ਗਿਣਤੀ ਪਿਛਲੇ ਸਾਲਾਂ ਵਿੱਚ ਕਥਤਿ ਤੌਰ 'ਤੇ ਪੰਜ ਗੁਣਾ ਵੱਧ ਗਈ ਹੈ। 2019-20 ਵਿੱਚ, 19,883 ਭਾਰਤੀਆਂ ਨੂੰ ਫੜਿਆ ਗਿਆ ਸੀ। 2020-21 ਵਿੱਚ 30662 , ਜਦੋਂ ਕਿ 2021-22 ਵਿੱਚ ਇਹ ਗਿਣਤੀ 63,927 ਸੀ। ਅਕਤੂਬਰ 2022 ਤੋਂ ਇਸ ਸਾਲ ਸਤੰਬਰ ਦਰਮਿਆਨ 96917 ਭਾਰਤੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਤੋਂ ਹਨ, ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ 30,010 ਕੈਨੇਡੀਅਨ ਸਰਹੱਦ ਅਤੇ 41,770 ਮੈਕਸੀਕੋ ਸਰਹੱਦ ’ਤੇ ਫੜੇ ਗਏ। ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਚਾਰ ਸ਼੍ਰੇਣੀਆਂ ਦੇ ਤਹਤਿ ਸ਼੍ਰੇਣੀਬੱਧ ਕੀਤਾ ਗਿਆ ਹੈ। ਵਿੱਤੀ ਸਾਲ 2023 ਵਿੱਚ 84,000 ਭਾਰਤੀ ਬਾਲਗ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ। ਗ੍ਰਿਫਤਾਰ ਕੀਤੇ ਵਿਅਕਤੀਆਂ 'ਚ 730 ਨਾਬਾਲਗ ਵੀ ਸ਼ਾਮਲ ਹਨ। ਅਮਰੀਕੀ ਸੰਘੀ ਸਰਕਾਰ ਦਾ ਵਿੱਤੀ ਸਾਲ 1 ਅਕਤੂਬਰ ਤੋਂ 30 ਸਤੰਬਰ ਤੱਕ ਚੱਲਦਾ ਹੈ।