ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਨਗਰ ਕੀਰਤਨ ਲਈ ਸਹਿਯੋਗ ਕਰੇ ਸੰਗਤ: ਮਹਿਤਾ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 15 ਸਤੰਬਰ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਅਪੀਲ ਕੀਤੀ ਕਿ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਤੇ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਦੇ 450 ਸਾਲਾ ਸਮਾਗਮਾਂ ਸਬੰਧੀ 17 ਸਤੰਬਰ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਸ੍ਰੀ ਖਡੂਰ ਸਾਹਿਬ ਤੋਂ ਗੁਰਦੁਆਰਾ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਲਈ ਤੈਅ ਕੀਤੀ ਗਈ ਤਰਤੀਬ ਅਨੁਸਾਰ ਹੀ ਸੰਗਤ ਸਹਿਯੋਗ ਕਰੇ।
ਉਨ੍ਹਾਂ ਕਿਹਾ ਕਿ ਸ੍ਰੀ ਖਡੂਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਤੋਂ ਆਰੰਭ ਹੋਣ ਵਾਲੇ ਪੈਦਲ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ, ਸਕੂਲਾਂ ਦੇ ਵਿਦਿਆਰਥੀ, ਸ਼ਬਦੀ ਜਥੇ ਤੇ ਸ਼ਬਦ ਕੀਰਤਨ ਵਾਲੀਆਂ ਗੱਡੀਆਂ ਤੇ ਸੰਗਤਾਂ ਦੇ ਨੁਮਾਇੰਦਿਆਂ ਨੂੰ ਅਪੀਲ ਹੈ ਕਿ ਉਹ ਨਗਰ ਕੀਰਤਨ ਵਿੱਚ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਹੀ ਚੱਲਣ। ਉਨ੍ਹਾਂ ਕਿਹਾ ਕਿ ਇਸ ਪੈਦਲ ਨਗਰ ਕੀਰਤਨ ਦੀ ਤਰਤੀਬ ਵਿੱਚ ਸਭ ਤੋਂ ਅੱਗੇ ਨਿਹੰਗ ਸਿੰਘ ਦਲ, ਹਾਥੀ, ਊਠ, ਘੋੜੇ ਹੋਣਗੇ। ਇਸ ਤੋਂ ਪਿੱਛੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹੋਣਗੇ, ਇਸ ਤੋਂ ਪਿੱਛੇ ਸ਼ਬਦੀ ਜਥੇ, ਨਗਾਰਾ, ਨਿਸ਼ਾਨਚੀ ਤੇ ਪੰਜ ਪਿਆਰੇ ਸਾਹਿਬਾਨ ਹੋਣਗੇ, ਇਸ ਤੋਂ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਚੱਲੇਗੀ, ਪਾਲਕੀ ਸਾਹਿਬ ਤੋਂ ਪਿੱਛੇ ਸ਼ਬਦੀ ਜਥੇ ਗੁਰਮਤਿ ਕਾਲਜ ਖਡੂਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਮਿਸ਼ਨਰੀ ਕਾਲਜ ਹੋਣਗੇ। ਇਸ ਤੋਂ ਪਿੱਛੇ ਸਿੰਘ ਸਾਹਿਬਾਨ, ਪ੍ਰਧਾਨ ਸ਼੍ਰੋਮਣੀ ਕਮੇਟੀ, ਸੰਤ ਮਹਾਂਪੁਰਸ਼, ਮੁਖੀ, ਨਿਹੰਗ ਸਿੰਘ ਤੇ ਸੰਗਤ ਹੋਵੇਗੀ।