ਹਰਿਆਣਾ ਵਿੱਚੋਂ ਭਾਜਪਾ ਦਾ ਬਿਸਤਰਾ ਗੋਲ ਹੋਵੇਗਾ: ਧਾਲੀਵਾਲ
ਰਾਜਨ ਮਾਨ
ਰਮਦਾਸ, 19 ਸਤੰਬਰ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਹਰਿਆਣਾ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਬਿਸਤਰਾ ਗੋਲ ਹੋ ਚੁੱਕਾ ਹੈ ਅਤੇ ਲੋਕਾਂ ਨੇ ਇਸ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ। ਅੱਜ ਸਰਹੱਦੀ ਪਿੰਡਾਂ ਵਿੱਚ ਵੱਖ ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਅਤੇ ਕਿਸਾਨ ਮਾਰੂ ਨੀਤੀਆਂ ਕਾਰਨ ਹਰਿਆਣਾ ਵਿੱਚ ਇਸ ਦੇ ਉਮੀਦਵਾਰਾਂ ਦੀ ਹਾਲਤ ਜ਼ਮਾਨਤਾਂ ਬਚਾਉਣ ਵਾਲੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਜਿੱਤਣ ਲਈ ਲਈ ਨਹੀਂ ਸਗੋਂ ਆਪਣੀਆਂ ਜ਼ਮਾਨਤਾਂ ਬਚਾਉਣ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ।
ਉਨ੍ਹਾਂ ਅੱਜ ਹਿੰਦ-ਪਾਕਿ ਸਰਹੱਦੀ ਖੇਤਰ ਵਿੱਚ ਵੱਸਦੇ ਅੱਠ ਪਿੰਡਾਂ ਦੇ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦੇ ਉਦਘਾਟਨ ਕੀਤੇ। ਸਰਹੱਦ ਉੱਤੇ ਸਥਿਤ ਪਿੰਡ ਬੱਲੜਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਵੀ ਦਰਿਆ ਦੇ ਕੰਢੇ ਵੱਸਦੇ ਇਨ੍ਹਾਂ ਪਿੰਡਾਂ ਵੱਲ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਜੀਵਨ ਪੱਧਰ ਬਹੁਤ ਪਿੱਛੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਪਿੰਡਾਂ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਐਸਡੀਐਮ ਅਰਵਿੰਦਰ ਪਾਲ ਸਿੰਘ, ਖੁਸ਼ਪਾਲ ਸਿੰਘ ਧਾਲੀਵਾਲ, ਬੀਡੀਪੀਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਗੁਰਜੰਟ ਸਿੰਘ ਸੋਹੀ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ। ਉਨ੍ਹਾਂ ਨੇ ਪਿੰਡ ਫੱਤੇਵਾਲ, ਗ੍ਰੰਥਗੜ੍ਹ, ਖਾਨਵਾਲ, ਛੰਨਾ ਸਾਰੰਗਦੇਵ, ਆਬਾਦੀ ਬਾਬਾ ਗਮ ਚੱਕ, ਆਬਾਦੀ ਸੋਹਣ ਸਿੰਘ, ਡੱਲਾ ਰਾਜਪੂਤਾਂ ਭੂਤਨਪੁਰਾ ਅਤੇ ਨਵਾਂ ਡੱਲਾ ਰਾਜਪੂਤਾਂ ਵਿੱਚ ਉਦਘਾਟਨ ਕੀਤੇ।