ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਦਰ ਲਹਿਰ ਤੋਂ ਆਦਿ ਧਰਮ ਲਹਿਰ ਤੱਕ

07:09 AM Jan 14, 2024 IST
ਬਾਬੂ ਮੰਗੂ ਰਾਮ ਮੁੱਗੋਵਾਲੀਆ

ਰਾਜੇਸ਼ ਕੁਮਾਰ ਥਾਣੇਵਾਲ

Advertisement

ਮਾਨਵੀ ਪੈੜਾਂ 3

ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਦੇਸ਼ਭਗਤ ਆਪਣਾ ਜੀਵਨ ਲੇਖੇ ਲਾ ਗਏ। ਸਮਾਜ ਦੇ ਹਾਸ਼ੀਏ ਤੋਂ ਬਾਹਰ ਧੱਕੇ ਵਰਗ ਵਿੱਚ ਪੈਦਾ ਹੋਏ ਬਾਬੂ ਮੰਗੂ ਰਾਮ ਮੁੱਗੋਵਾਲੀਆ ਇਨ੍ਹਾਂ ਦੇਸ਼ਭਗਤਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਗ਼ਦਰ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਦੱਬੀਆਂ-ਕੁਚਲੀਆਂ ਜਾਤੀਆਂ ਦੇ ਲੋਕਾਂ ਨੂੰ ਇਕੱਠਾ ਕਰ ਕੇ ਆਦਿ ਧਰਮ ਮੰਡਲ ਦੀ ਨੀਂਹ ਰੱਖੀ।
ਬਾਬੂ ਮੰਗੂ ਰਾਮ ਮੁੱਗੋਵਾਲੀਆ ਦਾ ਜਨਮ 14 ਜਨਵਰੀ 1886 ਨੂੰ ਪਿਤਾ ਸ੍ਰੀ ਹਰਨਾਮ ਦਾਸ ਅਤੇ ਮਾਤਾ ਸ੍ਰੀਮਤੀ ਅਤਰੀ ਜੀ ਦੇ ਘਰ ਪਿੰਡ ਮੁੱਗੋਵਾਲ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਬਾਬੂ ਮੰਗੂ ਰਾਮ ਹੋਰੀਂ ਤਿੰਨ ਭਰਾ ਸਨ। ਵੱਡਾ ਸ੍ਰੀ ਗੰਗਾ ਰਾਮ ਅਤੇ ਇਨ੍ਹਾਂ ਤੋਂ ਛੋਟਾ ਭਰਾ ਸ੍ਰੀ ਪੋਹਲੋ ਰਾਮ। ਇਨ੍ਹਾਂ ਦੇ ਪਿਤਾ ਜੱਦੀ ਪੁਸ਼ਤੀ ਚਮੜੇ ਦੇ ਵਪਾਰ ਦਾ ਕੰਮ ਕਰਦੇ ਸਨ। ਪਿੰਡ ਵਿੱਚ ਕੋਈ ਵੀ ਵਿਅਕਤੀ ਪੜ੍ਹਿਆ-ਲਿਖਿਆ ਨਾ ਹੋਣ ਕਾਰਨ ਸ੍ਰੀ ਹਰਨਾਮ ਦਾਸ ਜੀ ਨੂੰ ਵਪਾਰਕ ਚਿੱਠੀਆਂ ਪੜ੍ਹਾਉਣ ਲਈ ਨੇੜਲੇ ਪਿੰਡ ਜਾਣਾ ਪੈਂਦਾ ਸੀ। ਇਸ ਲਈ ਉਨ੍ਹਾਂ ਦੇ ਮਨ ਵਿੱਚ ਆਪਣੇ ਪੁੱਤਰ ਮੰਗੂ ਰਾਮ ਨੂੰ ਸਕੂਲ ਵਿੱਚ ਪੜ੍ਹਾਉਣ ਦੀ ਇੱਛਾ ਪੈਦਾ ਹੋਈ। ਉਸ ਸਮੇਂ ਅਖੌਤੀ ਅਛੂਤ ਸ਼੍ਰੇਣੀਆਂ ਨੂੰ ਪੜ੍ਹਾਈ ਕਰਨ ਤੋਂ ਰੋਕਿਆ ਜਾਂਦਾ ਸੀ, ਪਰ ਪਿਤਾ ਨੇ ਮਾਸਟਰਾਂ ਦੀਆਂ ਮਿੰਨਤ ਕਰ ਕੇ ਆਪਣੇ ਬੱਚੇ ਨੂੰ ਪਿੰਡ ਵਾਲੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਇਸ ਸਕੂਲ ਵਿੱਚ ਤਿੰਨ ਜਮਾਤਾਂ ਪਾਸ ਕਰਨ ਮਗਰੋਂ ਅਗਲੇਰੀ ਜਮਾਤ ਵਿੱਚ ਦਾਖਲੇ ਲਈ ਹੋਰ ਸਕੂਲ ਭੇਜਣਾ ਪੈਣਾ ਸੀ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਸ ਸਮੇਂ ਨੇੜਲੇ ਦੋ ਸਕੂਲ ਸਨ, ਬਜਵਾੜਾ ਅਤੇ ਕੱਚਾ ਟੋਭਾ ਹੁਸ਼ਿਆਰਪੁਰ। ਮੰਗੂ ਰਾਮ ਦੀ ਭੂਆ ਬਜਵਾੜਾ ਲਾਗੇ ਵਿਆਹੀ ਹੋਣ ਕਰਕੇ ਇਸ ਸਕੂਲ ਵਿੱਚ ਦਾਖਲ ਕਰਵਾਉਣ ਦੀ ਸਲਾਹ ਬਣਾਈ ਗਈ, ਪਰ ਸਕੂਲ ਦੇ ਹੈੱਡਮਾਸਟਰ ਨੇ ਅਛੂਤ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ। ਪਿਤਾ ਵੱਲੋਂ ਮਿੰਨਤਾਂ ਕਰਨ ਕਾਰਨ ਬੱਚੇ ਨੂੰ ਦਾਖਲ ਕਰ ਲਿਆ ਗਿਆ, ਪਰ ਕੁਝ ਸ਼ਰਤਾਂ ਦੇ ਆਧਾਰ ’ਤੇ। ਇਨ੍ਹਾਂ ਸ਼ਰਤਾਂ ਤਹਿਤ ਉਸ ਨੂੰ ਕਮਰੇ ਵਿੱਚ ਬਾਕੀ ਬੱਚਿਆਂ ਨਾਲ ਬੈਠਣ ਦੀ ਇਜਾਜ਼ਤ ਨਹੀਂ ਸੀ। ਉਸ ਨੂੰ ਬਾਹਰ ਬੈਠ ਕੇ ਪੜ੍ਹਨ ਲਈ ਘਰੋਂ ਬੋਰੀ ਲਿਆਉਣੀ ਪੈਂਦੀ ਸੀ। ਅਜਿਹਾ ਇਸ ਲਈ ਕੀਤਾ ਜਾਂਦਾ ਤਾਂ ਜੋ ਦੂਜੇ ਵਿਦਿਆਰਥੀ ‘ਭਿੱਟੇ’ ਨਾ ਜਾਣ। ਅਧਿਆਪਕ ਉਸ ਨੂੰ ਸਿੱਧਾ ਆਪ ਨਾ ਪੜ੍ਹਾ ਕੇ ਇੱਕ ਵਿਦਿਆਰਥੀ ਕੋਲੋਂ ਕਾਪੀ ਚੈੱਕ ਕਰਵਾਉਂਦਾ ਸੀ। ਅਜਿਹੇ ਹਾਲਾਤ ਵਿੱਚ ਵੀ ਮੰਗੂ ਰਾਮ ਸਕੂਲ ਵਿੱਚ ਪੜ੍ਹਦਾ ਰਿਹਾ ਅਤੇ ਹੌਲੀ-ਹੌਲੀ ਅੱਠਵੀਂ ਜਮਾਤ ਵਿੱਚ ਪਹੁੰਚ ਗਿਆ।
ਇੱਕ ਦਿਨ ਅਜਿਹੀ ਘਟਨਾ ਵਾਪਰੀ ਜਿਸ ਨਾਲ ਮੰਗੂ ਰਾਮ ਦੀ ਜ਼ਿੰਦਗੀ ਹੀ ਬਦਲ ਗਈ। ਜਦੋਂ ਮੰਗੂ ਰਾਮ ਪੜ੍ਹਨ ਲਈ ਸਕੂਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਤੇਜ਼ ਹਨੇਰੀ ਚੱਲਣ ਲੱਗ ਪਈ। ਅਜੇ ਉਹ ਸਕੂਲ ਪਹੁੰਚਿਆ ਹੀ ਸੀ ਕਿ ਤੇਜ਼ ਮੀਂਹ ਪੈਣ ਲੱਗਿਆ। ਮੀਂਹ ਤੋਂ ਬਚਣ ਲਈ ਉਹ ਕਮਰੇ ਅੰਦਰ ਦਾਖਲ ਹੋ ਗਿਆ ਜਿਸ ਕਾਰਨ ਬੱਚਿਆਂ ਨੇ ਰੌਲਾ ਪਾ ਲਿਆ ਕਿ ਉਹ ‘ਅਛੂਤ’ ਦੇ ਅੰਦਰ ਆਉਣ ਕਾਰਨ ਭਿੱਟੇ ਗਏ ਹਨ। ਇਸ ਕਾਰਨ ਅਧਿਆਪਕਾਂ ਨੇ ਬਾਲਕ ਮੰਗੂ ਰਾਮ ਨੂੰ ਬਹੁਤ ਕੁੱਟਿਆ। ਬੈਂਤ ਦੀ ਸੋਟੀ ਨੇ ਉਸ ਦੇ ਪਿੰਡੇ ਉੱਪਰ ਲਾਸਾਂ ਪਾ ਦਿੱਤੀਆਂ। ਮਾਰ ਤੋਂ ਬਚਣ ਲਈ ਬੱਚੇ ਨੇ ਆਪਣਾ ਬਸਤਾ ਚੁੱਕਿਆ ਅਤੇ ਘਰ ਦੌੜ ਆਇਆ। ਘਰ ਆ ਕੇ ਉਹ ਰਜਾਈ ਵਿੱਚ ਵੜ ਗਿਆ ਅਤੇ ਸਾਰੀ ਰਾਤ ਰੋਂਦਾ ਰਿਹਾ। ਉਸ ਸਮੇਂ ਬਾਲਕ ਮੰਗੂ ਰਾਮ ਦੀ ਮਾਨਸਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਗਲੀ ਸਵੇਰ ਉਹ ਫਿਰ ਸਕੂਲ ਪਹੁੰਚ ਗਿਆ। ਸਕੂਲ ਵਿੱਚ ਵਿਦਿਆਰਥੀ ਅਤੇ ਮਾਸਟਰ ਕਲਾਸ ਦਾ ਸਾਮਾਨ ਧੋ ਰਹੇ ਸਨ। ਮਾਸਟਰ ਨੇ ਮੰਗੂ ਰਾਮ ਨੂੰ ਦੇਖਿਆ ਤਾਂ ਸੋਟੀ ਚੁੱਕ ਲਈ ਤੇ ਕਿਹਾ, ‘‘ਤੂੰ ਫੇਰ ਆ ਗਿਆ ਚੰਡਾਲਾ!’’ ਬਾਬੂ ਮੰਗੂ ਰਾਮ ਉਸ ਸਮੇਂ ਸਕੂਲ ਤੋਂ ਵਾਪਸ ਆ ਗਏ। ਬਾਲਕ ਨੂੰ ਦੁਖੀ ਦੇਖ ਭੂਆ ਦਾ ਚਿਹਰਾ ਵੀ ਉਤਰ ਗਿਆ ਤੇ ਉਸ ਨੇ ਬੱਚੇ ਨੂੰ ਵਾਪਸ ਭੇਜਣ ਲਈ ਤਿਆਰ ਕਰ ਲਿਆ।
ਅਗਲੀ ਸਵੇਰ ਉਹ ਆਪਣੇ ਪਿੰਡ ਵਾਪਸ ਆ ਗਿਆ ਅਤੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਲੱਗਿਆ। ਕੁਝ ਸਾਲਾਂ ਬਾਅਦ ਮੰਗੂ ਰਾਮ ਨੇ ਵਿਦੇਸ਼ ਜਾਣ ਦੀ ਗੱਲ ਆਪਣੇ ਪਿਤਾ ਨਾਲ ਤੋਰੀ ਕਿਉਂਕਿ ਇਸ ਇਲਾਕੇ ਵਿੱਚੋਂ ਬਹੁਤ ਸਾਰੇ ਲੋਕ ਪੈਸਾ ਕਮਾਉਣ ਲਈ ਵਿਦੇਸ਼ਾਂ ਵਿੱਚ ਜਾਂਦੇ ਸਨ।
ਪਿਤਾ ਜੀ ਨੇ ਸ਼ਾਹੂਕਾਰ ਕੋਲੋਂ ਵਿਆਜ ’ਤੇ ਪੈਸੇ ਲੈ ਕੇ ਮੰਗੂ ਰਾਮ ਨੂੰ 1909 ਵਿੱਚ ਅਮਰੀਕਾ ਭੇਜ ਦਿੱਤਾ। ਇਸ ਸਮੇਂ ਅਮਰੀਕਾ ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ। ਸੰਨ 1913 ਵਿੱਚ ਗ਼ਦਰ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਤਾ ਪਾਸ ਕੀਤਾ ਤਾਂ ਉਸ ਕਾਨਫਰੰਸ ਵਿੱਚ ਬਾਬੂ ਮੰਗੂ ਰਾਮ ਮੌਜੂਦ ਸੀ। ਉਨ੍ਹਾਂ ਦੀ ਡਿਊਟੀ ਗ਼ਦਰ ਪਾਰਟੀ ਦੇ ਅਖ਼ਬਾਰ ਨੂੰ ਛਾਪਣ ਦੇ ਕੰਮ ਵਿੱਚ ਮੱਦਦ ਕਰਨ ਦੀ ਲਗਾਈ ਗਈ। ਗ਼ਦਰ ਅਖ਼ਬਾਰ ਕਾਰਨ ਅੰਗਰੇਜ਼ ਸਰਕਾਰ ਚੌਕੰਨੀ ਹੋ ਗਈ ਸੀ। ਉਹ ਹਿੰਦੋਸਤਾਨੀਆਂ ਉੱਪਰ ਸੂਹੀਆ ਨਜ਼ਰ ਰੱਖਣ ਲੱਗੀ ਸੀ। ਗ਼ਦਰ ਲਹਿਰ ਦੇ ਯੋਧਿਆਂ ਨੇ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਧਰਮ ਅਸਥਾਨਾਂ ਵਿੱਚ ਜਾ ਕੇ ਪੈਸਾ ਇਕੱਠਾ ਕਰਨ ਲੱਗੇ। ਇਨ੍ਹਾਂ ਪੈਸਿਆਂ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਥਿਆਰ ਖਰੀਦਣੇ ਸ਼ੁਰੂ ਕਰ ਦਿੱਤੇ ਗਏ ਸਨ। ਹਥਿਆਰਾਂ ਨੂੰ ਹਿੰਦੋਸਤਾਨ ਲਿਆਉਣ ਲਈ ਦਸ ਵਿਅਕਤੀਆਂ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਵਿੱਚ ਸ੍ਰੀ ਮੰਗੂ ਰਾਮ ਵੀ ਸ਼ਾਮਲ ਸਨ। ਇਹ ਹਥਿਆਰ ਇੱਕ ਸਮੁੰਦਰੀ ਜਹਾਜ਼ ਰਾਹੀਂ ਕਲਕੱਤੇ (ਹੁਣ ਕੋਲਕਾਤਾ) ਲਿਆਉਣੇ ਸਨ ਅਤੇ ਕਿਸ਼ਤੀ ਰਾਹੀਂ ਇਹ ਹਥਿਆਰ ਜਹਾਜ਼ ਵਿੱਚ ਲੱਦ ਕੇ ਅਮਰੀਕਾ ਤੋਂ ਚੱਲਣਾ ਸੀ, ਪਰ ਮੁਖ਼ਬਰੀ ਕਾਰਨ ਇਹ ਕਿਸ਼ਤੀ ਫੜੀ ਗਈ। ਇਸ ਕਾਰਨ ਇਨ੍ਹਾਂ ਦਾ ਮਾਰਵਿਕ ਸਮੁੰਦਰੀ ਜਹਾਜ਼ ਇੱਕ ਜਜ਼ੀਰੇ ਉੱਪਰ ਲਗਭਗ ਇੱਕ ਮਹੀਨਾ ਖੜ੍ਹਾ ਰਿਹਾ। ਇੱਥੇ ਬਰਤਾਨਵੀ ਸਰਕਾਰ ਨੇ ਇਨ੍ਹਾਂ ਦੇਸ਼ਭਗਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਨੂੰ ਇੱਕ ਜਹਾਜ਼ ਰਾਹੀਂ ਮਨੀਲਾ ਭੇਜ ਦਿੱਤਾ ਗਿਆ, ਪਰ ਤੂਫ਼ਾਨ ਕਾਰਨ ਇਹ ਜਹਾਜ਼ ਸਿੰਗਾਪੁਰ ਪਹੁੰਚ ਗਿਆ ਜਿੱਥੇ ਇੱਕ ਜਰਮਨ ਵਿਅਕਤੀ ਦੀ ਮਦਦ ਨਾਲ ਮੰਗੂ ਰਾਮ ਮੁੱਗੋਵਾਲੀਆ ਸਮੇਤ ਪੰਜ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਅਮਰੀਕਾ ਵਿੱਚ ਇਹ ਖ਼ਬਰ ਫੈਲ ਗਈ ਕਿ ਬਾਬੂ ਮੰਗੂ ਰਾਮ ਨੂੰ ਫ਼ਾਂਸੀ ਦੇ ਦਿੱਤੀ ਗਈ ਹੈ, ਪਰ ਦੌੜ ਜਾਣ ਕਾਰਨ ਮੰਗੂਰਾਮ ਹੋਰੀਂ ਜੰਗਲ ਵਿੱਚ ਪਹੁੰਚ ਗਏ ਜਿੱਥੇ ਉਨ੍ਹਾਂ ਨੂੰ ਆਦਿਵਾਸੀਆਂ ਨੇ ਦੋ ਸਾਲ ਬੰਦੀ ਬਣਾ ਕੇ ਰੱਖਿਆ। ਇੱਕ ਅਮਰੀਕੀ ਸ਼ਿਕਾਰੀ ਟੋਲੀ ਨੇ ਉਨ੍ਹਾਂ ਨੂੰ ਆਦਿਵਾਸੀਆਂ ਕੋਲੋਂ ਛੁਡਵਾਇਆ ਜਿਨ੍ਹਾਂ ਦੀ ਮਦਦ ਨਾਲ ਉਹ ਫਿਰ ਅਮਰੀਕਾ ਪਹੁੰਚ ਗਿਆ। ਬਰਤਾਨਵੀ ਸਰਕਾਰ ਦੀ ਸੀ.ਆਈ.ਡੀ. ਦੀ ਰਿਪੋਰਟ ਵਿੱਚ ਮੰਗੂ ਰਾਮ ਨੂੰ ਬਹੁਤ ਹੀ ਖ਼ਤਰਨਾਕ ਵਿਅਕਤੀ ਲਿਖਿਆ ਗਿਆ। ਉਦੋਂ ਤੱਕ ਗ਼ਦਰ ਲਹਿਰ ਨਾਲ ਸਬੰਧਿਤ ਸਾਰੇ ਵੱਡੇ ਲੀਡਰ ਫੜੇ ਜਾ ਚੁੱਕੇ ਸਨ ਜਾਂ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ।
ਕੁਝ ਸਮੇਂ ਬਾਅਦ ਸ੍ਰੀ ਮੰਗੂ ਰਾਮ ਮੁੱਗੋਵਾਲੀਆ ਅਮਰੀਕਾ ਤੋਂ ਹਿੰਦੋਸਤਾਨ ਪਰਤ ਆਏ। ਇੱਥੇ ਵਾਪਸ ਆ ਕੇ ਉਹ ਸਮਾਜ ਸੁਧਾਰ ਦੇ ਕਾਰਜਾਂ ਵਿੱਚ ਜੁਟ ਗਏ। ਉਨ੍ਹਾਂ ਦੇ ਸਬੰਧ ਆਰੀਆ ਸਮਾਜੀਆਂ ਨਾਲ ਹੋ ਗਏ, ਪਰ ਫਿਰ ਕੁਝ ਕਾਰਨਾਂ ਕਰਕੇ ਉਨ੍ਹਾਂ ਨਾਲ ਬਾਬੂ ਜੀ ਦਾ ਮੋਹ ਭੰਗ ਹੋ ਗਿਆ। 1925 ਵਿੱਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਦਿ ਧਰਮ ਮੰਡਲ ਦੀ ਨੀਂਹ ਰੱਖੀ। ਦੱਬੀਆਂ-ਕੁਚਲੀਆਂ ਸ਼੍ਰੇਣੀਆਂ ਦੇ ਬਹੁਤ ਵੱਡੀ ਗਿਣਤੀ ਲੋਕ ਇਸ ਨਾਲ ਜੁੜਨ ਲੱਗੇ। 1926 ਵਿੱਚ ਪਿੰਡ ਮੁੱਗੋਵਾਲ ਵਿਖੇ ਵਿਸ਼ਾਲ ਸੰਮੇਲਨ ਰੱਖਿਆ ਗਿਆ। ਦੂਰੋਂ ਦੂਰੋਂ ਲੋਕ ਇਸ ਵਿੱਚ ਸ਼ਾਮਲ ਹੋਏ। ਇਸ ਸੰਮੇਲਨ ਵਿੱਚ ਆਦਿ ਧਰਮ ਦੇ ਨਿਯਮਾਂ ਦਾ ਸੰਵਿਧਾਨ ਬਣਾਇਆ ਗਿਆ। ‘ਆਦਿ ਡੰਕਾ’ ਨਾਂ ਦਾ ਅਖ਼ਬਾਰ ਕੱਢਿਆ ਜਾਣ ਲੱਗਿਆ। ਆਦਿ ਧਰਮ ਦਾ ਮੁੱਖ ਦਫ਼ਤਰ ਜਲੰਧਰ ਸ਼ਹਿਰ ਵਿੱਚ ਬਣਾਇਆ ਗਿਆ। 1929 ਵਿੱਚ ਆਦਿ ਧਰਮ ਮੰਡਲ ਨੇ ਸਾਈਮਨ ਕਮਿਸ਼ਨ ਨੂੰ ਯਾਦਪੱਤਰ ਦੇ ਕੇ ਮੰਗ ਕੀਤੀ ਕਿ ਆਦਿ ਧਰਮ ਨੂੰ ਵੱਖਰੀ ਕੌਮ ਅਤੇ ਧਰਮ ਦਾ ਦਰਜਾ ਦਿੱਤਾ ਜਾਵੇ। 1931 ਦੀ ਮਰਦਮਸ਼ੁਮਾਰੀ ਵੇਲੇ ਪੰਜਾਬ ਵਿੱਚ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣਾ ਧਰਮ ‘ਆਦਿ ਧਰਮ’ ਲਿਖਵਾਇਆ। ਇਸ ਧਰਮ ਦਾ ਸੰਬੋਧਨੀ ਨਾਅਰਾ ‘ਜੈ ਗੁਰੂਦੇਵ ਧੰਨ ਗੁਰੂਦੇਵ’ ਰੱਖਿਆ ਅਤੇ ‘ਸੋਹ’ ਦਾ ਨਿਸ਼ਾਨ ਧਾਰਮਿਕ ਚਿੰਨ੍ਹ ਵਜੋਂ ਅਪਣਾਇਆ ਗਿਆ।
ਅੰਗਰੇਜ਼ਾਂ ਹੌਲੀ-ਹੌਲੀ ਜਮਹੂਰੀ ਪ੍ਰਕਿਰਿਆ ਨੂੰ ਹਿੰਦੋਸਤਾਨ ਵਿੱਚ ਅੱਗੇ ਵਧਾ ਰਹੇ ਸਨ। ਗੋਲਮੇਜ਼ ਕਾਨਫਰੰਸ ਮਗਰੋਂ 1935 ਦਾ ਕਾਨੂੰਨ ਲਾਗੂ ਕੀਤਾ ਗਿਆ ਜਿਸ ਰਾਹੀਂ ਡਾਕਟਰ ਭੀਮ ਰਾਓ ਅੰਬੇਡਕਰ ਨੇ ਦਲਿਤ ਸ਼੍ਰੇਣੀਆਂ ਲਈ ਵੋਟ ਦਾ ਅਧਿਕਾਰ ਪ੍ਰਾਪਤ ਕਰ ਲਿਆ। 1937 ਵਿੱਚ ਪੰਜਾਬ ਅਸੈਂਬਲੀ ਲਈ ਪਹਿਲੀ ਵਾਰੀ ਚੋਣਾਂ ਹੋਈਆਂ। ਆਦਿ ਧਰਮ ਮੰਡਲ ਨੇ ਡਾਕਟਰ ਅੰਬੇਡਕਰ ਦੀ ਸ਼ਡਿਊਲ ਕਾਸਟ ਫੈਡਰੇਸ਼ਨ ਵੱਲੋਂ ਯੂਨੀਅਨਿਸਟ ਪਾਰਟੀ ਨਾਲ ਮਿਲ ਕੇ ਇਹ ਚੋਣਾਂ ਲੜੀਆਂ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਅੱਠ ਸੀਟਾਂ ਵਿੱਚੋਂ ਆਦਿ ਧਰਮ ਦੇ ਉਮੀਦਵਾਰਾਂ ਨੇ ਸ਼ਡਿਊਲ ਕਾਸਟ ਫੈਡਰੇਸ਼ਨ ਦੀ ਟਿਕਟ ’ਤੇ ਸੱਤ ਸੀਟਾਂ ਜਿੱਤ ਲਈਆਂ। ਜਦੋਂ ਲਾਹੌਰ ਅਸੈਂਬਲੀ ਵਿੱਚ ਸਾਰੇ ਐੱਮ.ਐੱਲ.ਏ. ਸਹੁੰ ਚੁੱਕ ਕੇ ਆਪਣੀਆਂ ਕੁਰਸੀਆਂ ਉਪਰ ਬੈਠ ਗਏ ਤਾਂ ਬਾਬੂ ਮੰਗੂ ਰਾਮ ਨੇ ਆਪਣੀ ਕੁਰਸੀ ਸਿਰ ਉੱਪਰ ਚੁੱਕ ਲਈ।
ਸਪੀਕਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁਰਸੀ ਲਈ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਤੇ ਮੇਰੇ ਅਛੂਤ ਭਰਾਵਾਂ ਕੋਲ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੈ। ਇਸ ਲਈ ਇਹ ਕੁਰਸੀ ਮੈਂ ਆਪਣੇ ਸਿਰ ਉਪਰ ਰੱਖੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਲਾਹੌਰ ਅਸੈਂਬਲੀ ਵਿੱਚ ਅਛੂਤਾਂ ਨੂੰ ਜ਼ਮੀਨ ਖਰੀਦਣ ਦੇ ਅਧਿਕਾਰ ਨਾਲ ਸਬੰਧਿਤ ਕਾਨੂੰਨ ਪਾਸ ਕਰਵਾਇਆ। 1946 ਵਿੱਚ ਹੋਈਆਂ ਚੋਣਾਂ ਵਿੱਚ ਉਹ ਹੁਸ਼ਿਆਰਪੁਰ ਹਲਕੇ ’ਚ ਚੋਣ ਜਿੱਤ ਗਏ। ਬਾਬੂ ਮੰਗੂ ਰਾਮ ਮੁੱਗੋਵਾਲੀਆ ਲਗਾਤਾਰ ਆਦਿ ਧਰਮ ਮੰਡਲ ਦੇ ਸੰਸਥਾਪਕ ਰਹੇ ਅਤੇ ਅਖ਼ਬਾਰ ‘ਆਦਿ ਡੰਕਾ’ ਰਾਹੀਂ ਲੋਕਾਂ ਦੀ ਸੇਵਾ ਕਰਦੇ ਰਹੇ। 1946 ਵਿੱਚ ਉਨ੍ਹਾਂ ਦਾ ਡਾਕਟਰ ਭੀਮ ਰਾਓ ਅੰਬੇਡਕਰ ਨਾਲ ਸਮਝੌਤਾ ਹੋ ਗਿਆ। ਰਾਜਨੀਤੀ ਕਰਨ ਦੀ ਸਾਰੀ ਜ਼ਿੰਮੇਵਾਰੀ ਡਾਕਟਰ ਅੰਬੇਡਕਰ ਨੂੰ ਦੇ ਦਿੱਤੀ ਗਈ ਤੇ ਧਾਰਮਿਕ ਕੰਮਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਆਪ ਲੈ ਲਈ। ਉਹ ਬਜ਼ੁਰਗ ਹੋ ਜਾਣ ਕਾਰਨ ਜਤਨਕ ਤੌਰ ’ਤੇ ਘੱਟ ਵਿਚਰਨ ਲੱਗੇ ਸਨ। ਬਾਈ ਅਪਰੈਲ 1980 ਨੂੰ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਘਾਲਣਾ ਸਭ ਲਈ ਸਦਾ ਪ੍ਰੇਰਨਾ ਸਰੋਤ ਰਹੇਗੀ।
ਸੰਪਰਕ: 98724-94996

Advertisement
Advertisement