ਦੂਰਦਰਸ਼ਨ ਤੋਂ ਡੀਡੀ ਨੈਸ਼ਨਲ ਤੱਕ
ਕਮਲੇਸ਼ ਉੱਪਲ
ਮੈਨੂੰ ਕੋਈ ਇੱਕ ਵੀ ਚੰਗਾ ਟੀਵੀ ਪ੍ਰੋਗਰਾਮ ਆਪਣੇ ਚੈਨਲਾਂ ’ਤੇ ਵੇਖਿਆਂ ਮੁੱਦਤਾਂ ਹੋ ਗਈਆਂ ਹਨ। ਡੀ ਟੂ ਐੱਚ, ਫਾਸਟਵੇਅ, ਟਾਟਾਸਕਾਈ ਆਦਿ ਕਈ ਸੈੱਟ ਆਫ ਬਾਕਸ ਬਦਲ ਕੇ ਵੇਖ ਲਏ, ਪਰ ਹਾਲ ਸਾਰਿਆਂ ਦਾ ਇੱਕੋ ਜਿਹਾ ਹੈ। ਲੱਗਦਾ ਹੈ ਜਿਵੇਂ ਕਿਸੇ ਨੀਤੀ ਅਨੁਸਾਰ ਟੀਵੀ ਹਰ ਨਵਾਂ ਚੈਨਲ ਕਿਸੇ ਨਾ ਕਿਸੇ ਘਸੇ-ਪਿਟੇ ਜਾਂ ਕਥਿਤ ਮਿਥਿਹਾਸਕ ਵਿਸ਼ੇ ਦੀਆਂ ਥੋਪੀਆਂ ਗਈਆਂ ਘਟਨਾਵਾਂ ਨੂੰ ਲੜੀਵਾਰ ਦਾ ਰੂਪ ਦੇ ਕੇ ਪਰੋਸ ਰਿਹਾ ਹੈ। ਪਿਛਲੀ ਸਦੀ ਦੇ ਦੋ ਅੰਤਲੇ ਦਹਾਕਿਆਂ ਵਿੱਚ ਨਿਰਮਿਤ ਹੋਏ ਵਧੀਆ ਪ੍ਰੋਗਰਾਮ ਹੁਣ ਦਰਸ਼ਕਾਂ ਨੂੰ ਬਿਲਕੁਲ ਨਾ ਵਿਖਾਉਣ ਦੀ ਨੀਤੀ ਹੁਣ ਵਾਲੇ ਹਾਕਮਾਂ ਨੇ ਜਾਣ ਬੁੱਝ ਕੇ ਕਿਸੇ ਸਾਜ਼ਿਸ਼ ਤਹਿਤ ਅਪਣਾਈ ਲੱਗਦੀ ਹੈ।
ਭਾਰਤ ਵਿੱਚ ਟੈਲੀਵਿਜ਼ਨ ਦੀ ਸ਼ੁਰੂਆਤ ਯੂਨੈਸਕੋ ਅਤੇ ਇੱਕ ਨਿੱਜੀ ਕੰਪਨੀ ਦੇ ਸਾਂਝੇ ਯਤਨਾਂ ਦੇ ਨਤੀਜੇ ਵਜੋਂ 1959 ਵਿੱਚ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਮੁਲਕ ਕਲਾ ਅਤੇ ਤਕਨੀਕ ਦੇ ਖੇਤਰ ਵਿੱਚ ਕਈ ਨਵੀਆਂ ਪੁਲਾਂਘਾਂ ਪੁੱਟ ਰਿਹਾ ਸੀ। ਆਕਾਸ਼ਵਾਣੀ ਕੇਂਦਰ, ਦਿੱਲੀ ਦੀ ਪੰਜਵੀਂ ਮੰਜ਼ਿਲ ਤੋਂ ਟੀਵੀ ਪ੍ਰੋਗਰਾਮਾਂ ਦਾ ਪ੍ਰਸਾਰਨ ਤਜਰਬੇ ਵਜੋਂ ਸ਼ੁਰੂ ਹੋਇਆ ਸੀ। ਹਫ਼ਤੇ ਵਿੱਚ ਇੱਕ ਘੰਟੇ ਦੇ ਪ੍ਰਸਾਰਨ ਵਿੱਚ ਸਿੱਖਿਆ ਅਤੇ ਖੇਤੀ ਦੇ ਵਿਸ਼ੇ ਰੱਖੇ ਗਏ ਸਨ। ਹੌਲੀ ਹੌਲੀ ਇਹ ਪ੍ਰਸਾਰਨ ਮਦਰਾਸ (ਚੇਨਈ), ਕਲਕੱਤਾ, ਲਖਨਊ, ਸ੍ਰੀਨਗਰ ਤੇ ਅੰਮ੍ਰਿਤਸਰ ਆਦਿ ਹੋਰ ਥਾਵਾਂ ਤੋਂ ਵੀ ਸ਼ੁਰੂ ਹੋ ਗਏ ਤੇ ਇਨ੍ਹਾਂ ਦੇ ਮੁੱਦਿਆਂ ਅਤੇ ਸਮੇਂ ਦੀ ਪਹੁੰਚ ਦਾ ਘੇਰਾ ਵੀ ਵਿਸ਼ਾਲ ਹੋਇਆ।
ਸਾਲ 1975 ਵਿੱਚ ਵਿਕਰਮ ਸਾਰਾਭਾਈ ਦੀ ਅਗਵਾਈ ਵਿੱਚ ਇਸਰੋ ਨੇ ਸੈਟੇਲਾਈਟ ਇੰਸਟ੍ਰਕਸ਼ਨਲ ਟੈਲੀਵਿਜ਼ਨ ਐਕਸਪੈਰੀਮੈਂਟ (ਸਾਈਟ) ਦੇ ਨਾਂ ਹੇਠ ਨਾਸਾ ਦੇ ਨਾਲ ਇੱਕ ਸਾਂਝਾ ਉੱਦਮ ਸ਼ੁਰੂ ਕੀਤਾ ਜਿਸ ਤਹਿਤ ਭਾਰਤ ਦੇ ਛੇ ਰਾਜਾਂ ਦੇ 2400 ਤੋਂ ਵੱਧ ਪਿੰਡਾਂ ਵਿੱਚ ਟੀਵੀ ਪ੍ਰਸਾਰਨ ਸੰਭਵ ਹੋ ਗਿਆ। ਫਿਰ ਅਕਾਸ਼ਵਾਣੀ ਤੋਂ ਵੱਖ ਹੋ ਕੇ ਟੈਲੀਵਿਜ਼ਨ ਇੰਡੀਆ ‘ਦੂਰਦਰਸ਼ਨ’ ਕਹਾਉਣ ਲੱਗਾ ਜਿਸ ਨੇ ਹੁਣ ਤੱਕ ਪ੍ਰਸਾਰਨ ਦੀ ਲੰਮੀ ਦੌੜ ਲਾਈ ਹੈ। ਸਾਲ 1982 ਤੋਂ ਦੂਰਦਰਸ਼ਨ ਦੀ ਚੜ੍ਹਤ ਬਣਨ ਲੱਗੀ। ਆਮ ਭਾਰਤੀ ਦੇ ਵਿਚਾਰ, ਜੀਵਨ ਸ਼ੈਲੀ, ਖਾਣ-ਪਹਿਨਣ ਅਤੇ ਘਰਾਂ ਦੇ ਨਕਸ਼ ਤੱਕ ਟੀਵੀ ਦੇ ਅਸਰ ਨਾਲ ਬਦਲਣ ਲੱਗੇ। ਘਰਾਂ ਦੀਆਂ ਛੱਤਾਂ ’ਤੇ ਲੱਗੇ ਐਂਟੀਨੇ ਘਰ ਦੀ ਖੁਸ਼ਹਾਲੀ ਦੀ ਨਿਸ਼ਾਨੀ ਬਣਨ ਲੱਗੇ।
ਹੁਣ ਟੈਲੀਵਿਜ਼ਨ ਨੇ ਆਪਣੇ ਮੂਲ ਮੰਤਵਾਂ ਖੇਤੀ ਤੇ ਸਿੱਖਿਆ ਦਾ ਵਿਸਤਾਰ ਕਰਕੇ ਉਸ ਵਿੱਚ ਸਮਾਜਿਕ ਸੁਹਿਰਦਤਾ, ਪਰਿਵਾਰ ਨਿਯੋਜਨ, ਸ਼ਹਿਰੀਕਰਨ, ਸਫ਼ਾਈ, ਸਿਹਤਮੰਦ ਮਨਪ੍ਰਚਾਵਾ ਆਦਿ ਮੁੱਦੇ ਵੀ ਜੋੜ ਲਏ। ਸਮਾਜਿਕ-ਪਰਿਵਾਰਕ ਜੀਵਨ ਜਾਚ ਵਿੱਚ ਇੱਕ ਤਬਦੀਲੀ ਇਹ ਵੀ ਆਈ ਕਿ ਘਰ ਦਾ ਇੱਕ ਬਾਹਰਲਾ ਕਮਰਾ ਟੀਵੀ ਕਮਰਾ ਕਹਾਉਣ ਲੱਗਾ ਜਿਸ ਵਿੱਚ ਸਾਰੇ ਘਰ ਦੇ ਅਤੇ ਬਹੁਤ ਸਾਰੇ ਮੁਹੱਲੇ ਵਾਲੇ (ਜਿਨ੍ਹਾਂ ਦੇ ਘਰ ਟੀਵੀ ਸੈੱਟਾਂ ਤੋਂ ਵਿਰਵੇ ਸਨ) ਬੈਠ ਕੇ ਦੂਰਦਰਸ਼ਨ ਵੇਖਦੇ ਸਨ। ਗੀਤਾਂਜਲੀ ਅਈਅਰ, ਸਲਮਾ ਸੁਲਤਾਨਾ, ਸ਼ੰਮੀ ਨਾਰੰਗ, ਸਾਧਨਾ ਸ੍ਰੀਵਾਸਤਵ, ਵੇਦ ਪ੍ਰਕਾਸ਼ ਆਦਿ ਭਾਸ਼ਾ ਦੇ ਉਚਾਰਨ ਦੀ ਸ਼ੁੱਧਤਾ ਦੀ ਬਰਕਰਾਰੀ ਵਾਲੇ ਸਲੀਕੇਦਾਰ ਨਿਊਜ਼ ਰੀਡਰ ਕੰਨਾਂ ਵਿੱਚ ਖ਼ਬਰਾਂ ਦੀ ਚਾਸ਼ਨੀ ਘੋਲਣ ਵਰਗਾ ਅਹਿਸਾਸ ਦਿੰਦੇ ਸਨ। ਖ਼ਬਰਾਂ ਸੁਣਾਉਂਦੇ ਹੋਏ ਉਹ ਤਪੱਸਿਆ ਕਰਦੇ ਜਾਪਦੇ। ਸਾਰੀ ਸੂਰਤ-ਏ-ਹਾਲ ਨੂੰ ਬਿਆਨ ਕਰਦੇ ਹੋਏ ਇਹ ਨਿਊਜ਼ਰੀਡਰ ਬੇਲਾਗ ਰਹਿੰਦੇ ਸਨ। ਉਨ੍ਹਾਂ ਦੁਆਰਾ ਉਚਾਰੇ ਸ਼ਬਦਾਂ ਦੀ ਰਵਾਨੀ ਵਿੱਚ ਲੋਰੀ ਸੁਣਾਉਣ ਵਰਗਾ ਸਹਿਜ ਹੁੰਦਾ ਸੀ। ਹੁੰਦਾ ਵੀ ਕਿਉਂ ਨਾ? ਆਖ਼ਰ ਉਹ ਅਕਾਸ਼ਵਾਣੀ ਦੇ ਖ਼ਬਰਨਵੀਸਾਂ ਦੇ ਵਾਰਿਸ ਹੁੰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਨਾਮ ਸਰੋਜ ਵਸ਼ਿਸ਼ਟ ਦਾ ਸੀ ਜਿਸ ਦੀਆਂ ਰੋਜ਼ ਉਚਾਰੀਆਂ ਆਰੰਭਕ ਸਤਰਾਂ ਹੁਣ ਵੀ ਕੰਨਾਂ ਵਿੱਚ ਗੂੰਜਦੀਆਂ ਹਨ;
‘‘ਯੇ ਆਕਾਸ਼ਵਾਣੀ ਹੈ। ਅਬ ਆਪ ਸਰੋਜ ਵਸ਼ਿਸ਼ਟ ਸੇ ਹਿੰਦੀ ਮੇਂ ਸਮਾਚਾਰ ਸੁਨੀਏ।’’
ਹੁਣ ਵਾਲੇ ਟੀਵੀ ਐਂਕਰ ਅਤੇ ਨਿਊਜ਼ ਰੀਡਰ ਤਾਂ ਲੜਾਈਆਂ ਝਗੜਿਆਂ ਦੇ ਮਜਮੇ ਲਾਉਂਦੇ ਹਨ। ਇਹ ਖ਼ਬਰਾਂ ਸੁਣਾਉਂਦੇ ਘੱਟ ਹਨ, ਖ਼ਬਰਾਂ ਅਤੇ ਮਸਲਿਆਂ ਦੀ ਦਹਾੜ ਵੱਧ ਪਾਉਂਦੇ ਸਨ। ਇਨ੍ਹਾਂ ਨੇ ਟੀਵੀ ਵਰਗੇ ਸਹਿਜ ਸਮਾਜਿਕ ਮਾਧਿਅਮ ਨੂੰ ਮੱਛੀ ਬਾਜ਼ਾਰ ਦੀਆਂ ਅਲਾਮਤਾਂ ਦੇ ਦਿੱਤੀਆਂ ਹਨ। ਕਿਸੇ ਵੇਲੇ ਟੀਵੀ ਨੂੰ ‘ਬੁੱਧੂ ਬਕਸਾ’ ਦਾ ਲਕਬ ਵੀ ਦਿੱਤਾ ਗਿਆ, ਪਰ ਇਸ ਬੁੱੱਧੂ ਬਕਸੇ ਦੀ ਵਰਤੋਂ ਮਨੁੱਖ ਨੂੰ ਗਿਆਨਵਾਨ ਅਤੇ ਸਿਆਣਾ ਬਣਾਉਣ ਲਈ ਹੋਣੀ ਸੀ। ਇਸ ਮੰਤਵ ਅਨੁਸਾਰ ਹੀ ਸ਼ੁਰੂ ਸ਼ੁਰੂ ਦੇ ਸੀਰੀਅਲ ਗਿਆਨ, ਮਨੋਰੰਜਨ, ਸਾਹਿਤ ਅਤੇ ਸੁਖ਼ਨਵਰੀ ਦੇ ਮੁਜੱਸਮੇ ਹੁੰਦੇ ਸਨ।
ਪੀ. ਕੁਮਾਰ ਵਾਸੂਦੇਵ ਦਾ ਡਾਇਰੈਕਟ ਕੀਤਾ ਲੜੀਵਾਰ ‘ਹਮਲੋਗ’ ਮੱਧਵਰਗੀ ਸਮਾਜ ਦੀਆਂ ਆਸਾਂ, ਉਮੰਗਾਂ, ਤਾਂਘਾਂ ਅਤੇ ਸਮੱਸਿਆਵਾਂ ਨੂੰ ਚਿਤਰਦਾ ਸੀ। ਮਿੱਥੇ ਹੋਏ ਦਿਨ ਇਸ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ਵਿੱਚ ਲੋਕ ਜੁੜਦੇ ਸਨ। ਸ਼ਿਆਮ ਬੈਨੇਗਲ ਦੁਆਰਾ ਬਣਾਇਆ ‘ਭਾਰਤ ਏਕ ਖੋਜ’ ਪੰਡਿਤ ਨਹਿਰੂ ਦੀ ‘ਡਿਸਕਵਰੀ ਆਫ ਇੰਡੀਆ’ ਦਾ ਪ੍ਰਤੀਰੂਪ ਹੁੰਦਾ ਸੀ। ‘ਬੁਨਿਆਦ’ ਅਤੇ ‘ਤਮਸ’ (ਭੀਸ਼ਮ ਸਾਹਨੀ) ਮੁਲਕ ਦੀ ਵੰਡ ਨੂੰ ਆਧਾਰ ਬਣਾ ਕੇ ਉਸ ਵਿੱਚੋਂ ਤ੍ਰਾਸਦਿਕ ਅਨੁਭਵਾਂ ਦੀ ਦਾਸਤਾਨ ਪੇਸ਼ ਕਰਦੇ ਸਨ। ਇਹ ਸਾਰੀਆਂ ਲੜੀਵਾਰ ਪੇਸ਼ਕਾਰੀਆਂ ‘ਦੂਰਦਰਸ਼ਨ’ ਦੀ ਨਿਆਮਤ ਤੇ ਸੌਗਾਤ ਸਨ। ਇਨ੍ਹਾਂ ਨੂੰ ਪ੍ਰਸਾਰਿਤ ਕਰਨ ਦੀ ਅੱਜ ਵੀ ਲੋੜ ਹੈ। ਪਤਾ ਨਹੀਂ ਇਹ ਸਾਰਾ ਨਿਰਮਾਣ-ਕਾਰਜ ਆਰਕਾਈਵ ਸਮੱਗਰੀ ਬਣਾ ਕੇ ਭਾਰਤ ਦੇ ਇੱਕੋ ਇੱਕ ਨੈਸ਼ਨਲ ਚੈਨਲ (ਅਜੋਕਾ ਡੀਡੀ ਨੈਸ਼ਨਲ) ਦੇ ਕਿਸ ਹਨੇਰੇ ਕਮਰੇ ਵਿੱਚ ਦਫ਼ਨਾਇਆ ਪਿਆ ਹੈ।
ਹੁਣ ਚੰਗੀ ਫਿਲਮ ਵੀ ਕੋਈ ਚੈਨਲ ਕਦੇ ਕਦਾਈਂ ਹੀ ਦਿਖਾਉਂਦਾ ਹੈ। ਵਰਨਾ ‘ਜ਼ਿੰਦਗੀ ਐਕਟਿਵ’ ਤੋਂ ਪਾਕਿਸਤਾਨੀ ਸੀਰੀਅਲ ਵੇਖ ਕੇ ਜੀਅ ਪਰਚਾ ਲਈਦਾ ਹੈ। ਇਨ੍ਹਾਂ ਦਾ ਮਾਧਿਅਮ ਭਾਵੇਂ ਉਰਦੂ ਹੈ, ਪਰ ਵਿਚਲੇ ਮੁੱਦੇ ਪੰਜਾਬੀ ਸੱਭਿਆਚਾਰ ਅਤੇ ਸਾਡੀ ਰਹਿਤਲ ਨਾਲ ਮੇਲ ਖਾਂਦੇ ਹਨ। ਭਾਵੇਂ ਮੁੱਖ ਤੌਰ ’ਤੇ ਮੁਸਲਿਮ ਤਹਿਜ਼ੀਬ ਇਨ੍ਹਾਂ ’ਤੇ ਭਾਰੀ ਹੈ, ਪਰ ਬੁਨਿਆਦੀ ਇਨਸਾਨੀ ਮਸਲਿਆਂ ਵਾਲਾ ਕੱਥ ਜਾਂ ਕੰਟੈਂਟ ਦਿਲਾਂ ਨੂੰ ਛੂੰਹਦਾ ਹੈ। ਇਹ ਸੀਰੀਅਲ ਸਾਡੇ ਆਪਣੇ ਦੂਰਦਰਸ਼ਨ ਦੇ ਵਧੀਆ ਨਿਰਮਾਣਾਂ ‘ਬੁਨਿਆਦ’, ‘ਹਮਲੋਗ’, ‘ਰਜਨੀ’ ਅਤੇ ‘ਮਾਲਗੁੱਡੀ ਡੇਅਜ਼’ ਦਾ ਸਹੀ ਬਦਲ ਭਾਵੇਂ ਨਹੀਂ ਹਨ, ਪਰ ‘ਦਿਲ ਕੇ ਬਹਿਲਾਨੇ ਕੋ ਗ਼ਾਲਿਬ ਯੇ ਖ਼ਯਾਲ ਅੱਛਾ ਹੈ’ ਵਾਲੀ ਅਖੌਤ ਅਨੁਸਾਰ ਇਹ ਸੰਵੇਦਨਸ਼ੀਲ ਨਜ਼ਰਾਂ ਲਈ ਢੁੱਕਵਾਂ ਨਜ਼ਾਰਾ ਹਨ। ਇਨ੍ਹਾਂ ਦੇ ਐਕਟਰ, ਡਾਇਰੈਕਟਰ ਅਤੇ ਥੀਮ-ਸੰਗੀਤ ਵਿੱਚ ਸਿਰ ਚੜ੍ਹ ਬੋਲਣ ਵਾਲਾ ਜਾਦੂ ਹੈ। ਇਸ ਲਈ ਫਿਲਹਾਲ ਡੀਡੀ ਨੈਸ਼ਨਲ ਅਤੇ ਹੋਰ ਭਾਰਤੀ ਚੈਨਲਾਂ ਦੇ ਮੁਕਾਬਲੇ, ਕਹਿਣਾ ਪੈਂਦਾ ਹੈ ਕਿ ‘ਜ਼ਿੰਦਗੀ ਐਕਟਿਵ’ ਚੈਨਲ ਜ਼ਿੰਦਾਬਾਦ।
ਸੰਪਰਕ: 98149-02564