ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ

09:15 AM Jan 07, 2024 IST
ਬਾਬਾ ਨਾਨਕ ਦੀ ਮਜ਼ਾਰ ਸਾਹਿਬ। ਫ਼ੋਟੋ: ਲੇਖਕ

ਅਮਰਬੀਰ ਸਿੰਘ ਚੀਮਾ

Advertisement

ਧਾਰਮਿਕ ਯਾਤਰਾ

ਇੱਕ ਦਿਨ ਦਫ਼ਤਰ ਬੈਠਿਆਂ ਇੰਟਰਨੈੱਟ ’ਤੇ ਕਰਤਾਰਪੁਰ ਸਾਹਿਬ ਬਾਰੇ ਜਾਣਕਾਰੀ ਲੈਣ ਲੱਗਾ। ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਧਰਤ ’ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਮਹਿਜ਼ 4.7 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਜਿਸ ਦੇ ਦਰਸ਼ਨ ਦੀਦਾਰਾਂ ਲਈ ਦਹਾਕਿਆਂ ਬੱਧੀ ਸਮਾਂ ਲੱਗ ਗਿਆ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ 26 ਨਵੰਬਰ 2018 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਲੇ ਪਾਸੇ ਲਾਂਘਾ ਖੋਲ੍ਹਣ ਸਬੰਧੀ ਨੀਂਹ ਪੱਥਰ ਰੱਖਿਆ ਸੀ ਜਦੋਂਕਿ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦਾ ਨੀਂਹ ਪੱਥਰ ਇਸ ਤੋਂ ਦੋ ਦਿਨਾਂ ਬਾਅਦ ਰੱਖਿਆ ਸੀ। ਨੌਂ ਨਵੰਬਰ 2019 ਨੂੰ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਲੈਣਾ ਪੈਂਦਾ ਸੀ। ਇਹ ਜਾਣਕਾਰੀ ਪੜ੍ਹ ਸੁਣ ਕੇ ਦਰਸ਼ਨਾਂ ਦੀ ਉਤਸੁਕਤਾ ਜਾਗੀ। ਘਰ ਸਲਾਹ ਕਰਕੇ ਮੈਂ, ਪਤਨੀ ਤੇ ਮੰਮੀ ਨੇ ਆਨਲਾਈਨ ਅਪਲਾਈ ਕਰ ਦਿੱਤਾ। ਇਲੈਕਟ੍ਰਾਨਿਕ ਟਰੈਵਲ ਔਥੋਰਾਈਜੇਸ਼ਨ (ਈਟੀਏ) ਆਉਣ ਉਪਰੰਤ ਮਿੱਥੇ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ ਤਿੰਨੇ ਆਪਣੀ ਕਾਰ ਰਾਹੀਂ ਚੱਲ ਪਏ। ਪੂਰਾ ਦਿਨ ਮੀਂਹ ਪੈਂਦਾ ਰਿਹਾ। ਸ਼ਾਮੀ ਡੇਰਾ ਬਾਬਾ ਨਾਨਕ ਪਹੁੰਚ ਕੇ ਉੱਥੇ ਗੁਰਦੁਆਰੇ ਕਮਰਾ ਲੈ ਲਿਆ।
ਅਗਲੇ ਦਿਨ ਸਵੇਰੇ ਹੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਵਿਖੇ ਚੈੱਕ-ਇਨ ਕਰਵਾ ਕੇ ਕਾਰ ਪਾਰਕਿੰਗ ’ਚ ਲਗਾ ਦਿੱਤੀ। ਡੇਰਾ ਬਾਬਾ ਨਾਨਕ ਤੋਂ ਕੌਰੀਡੋਰ ਸਿਰਫ਼ ਕਿਲੋਮੀਟਰ ਕੁ ਹੀ ਹੈ। ਇੰਮੀਗਰੇਸ਼ਨ ਦੌਰਾਨ ਪਾਸਪੋਰਟ, ਈਟੀਏ ਅਤੇ ਕਰੋਨਾ ਦੇ ਰੈਪਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 20 ਅਮਰੀਕੀ ਡਾਲਰ ਦੀ ਇੰਮੀਗਰੇਸ਼ਨ ਫੀਸ ਹੈ ਜੋ ਕਿ ਇੱਥੋਂ ਵੀ ਮਿਲ ਜਾਂਦੇ ਹਨ ਤੇ ਤੁਸੀਂ ਪਹਿਲਾਂ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਉਧਰ ਜਾ ਕੇ ਖਰੀਦਦਾਰੀ ਕਰਨ ਲਈ ਪਾਕਿਸਤਾਨੀ ਕਰੰਸੀ ਦੀ ਜ਼ਰੂਰਤ ਨਹੀਂ ਪੈਂਦੀ। ਭਾਰਤੀ ਕਰੰਸੀ, ਜੋ ਕਿ ਪਾਕਿਸਤਾਨੀ ਕਰੰਸੀ ਨਾਲੋਂ ਦੁੱਗਣੀ ਹੈ, ਨਾਲ ਹੀ ਖਰੀਦਦਾਰੀ ਕੀਤੀ ਜੀ ਸਕਦੀ ਹੈ ਕਿਉਂਕਿ ਵਾਪਸੀ ਦੌਰਾਨ ਉਧਰੋਂ ਪਾਕਿਸਤਾਨੀ ਕਰੰਸੀ ਲਿਆਉਣ ਦੀ ਪਾਬੰਦੀ ਹੈ। ਇਸ ਤੋਂ ਇਲਾਵਾ ਉਧਰੋਂ ਮਿੱਟੀ, ਬੀਜ, ਪਾਊਡਰ, ਬੂਟੇ ਆਦਿ ਲਿਆਉਣ ਦੀ ਵੀ ਮਨਾਹੀ ਹੈ। ਇੱਕ ਯਾਤਰੀ ਸੱਤ ਕਿੱਲੋ ਵਜ਼ਨ ਤੱਕ ਦਾ ਸਾਮਾਨ ਲਿਜਾ ਤੇ ਲਿਆ ਸਕਦਾ ਹੈ।
ਇੰਮੀਗਰੇਸ਼ਨ ਕਰਵਾ ਕੇ ਭਾਰਤ ਸਰਕਾਰ ਦੀ ਬੈਟਰੀ ਵਾਲੀ ਗੱਡੀ ਰਾਹੀਂ ਮਿੰਟ ਕੁ ਦੀ ਡਰਾਈਵ ਉਪਰੰਤ ਉਨ੍ਹਾਂ ਉੱਥੇ ਉਤਾਰ ਦਿੱਤਾ ਜਿੱਥੇ ਦੋਵਾਂ ਦੇਸ਼ਾਂ ਦੇ ਗੇਟ ਬਣੇ ਹੋਏ ਹਨ। ਇਸ ਗੇਟ ਤੋਂ ਪਾਰ ਦੂਜੇ ਮੁਲਕ ਦੀ ਸਰਜ਼ਮੀਨ ਸੀ। ਉਹ ਦੋਵੇਂ ਗੇਟ ਪੈਦਲ ਪਾਰ ਕਰ ਕੇ ਪਾਕਿਸਤਾਨ ਸਰਕਾਰ ਦੀ ਵੱਡੀ ਬੱਸ ’ਚ ਸਵਾਰ ਹੋ ਗਏ। ਉਨ੍ਹਾਂ ਵੀ ਦੋ-ਤਿੰਨ ਮਿੰਟਾਂ ’ਚ ਪਾਕਿਸਤਾਨ ਇੰਮੀਗਰੇਸ਼ਨ ਵਾਲਿਆਂ ਕੋਲ ਉਤਾਰ ਦਿੱਤਾ ਜਿੱਥੇ ਇੰਮੀਗਰੇਸ਼ਨ ਦੀ ਕਾਰਵਾਈ ਪੂਰੀ ਕੀਤੀ। ਇੱਥੇ ਹੀ ਉਨ੍ਹਾਂ ਅਧਿਕਾਰੀਆਂ ਨੂੰ 20 ਅਮਰੀਕੀ ਡਾਲਰ ਦੇ ਕੇ ਰਸੀਦ ਪ੍ਰਾਪਤ ਕੀਤੀ। ਇੱਥੇ ਫੇਰ ਵੱਡੀ ਬੱਸ ਸਾਡਾ ਇੰਤਜ਼ਾਰ ਕਰ ਰਹੀ ਸੀ ਜਿਸ ਰਾਹੀਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਨਾਲੋ-ਨਾਲ ਵਹਿੰਦੇ ਰਾਵੀ ਦਰਿਆ ਦਾ ਪੁਲ ਪਾਰ ਕੀਤਾ। ਦੂਰ ਤੀਕਰ ਨਜ਼ਰਾਂ ਘੁੰਮਾ ਕੇ ਦੇਖਿਆ ਤਾਂ ਉਹੀ ਮਿੱਟੀ, ਉਹੀ ਠੰਢੀ ਹਵਾ ਦੇ ਬੁੱਲੇ, ਉਹੀ ਫ਼ਸਲਾਂ, ਉਹੀ ਧਰਤੀ ਤੇ ਉਹੀ ਆਸਮਾਨ। ਸੜਕ ਦੇ ਦੋਵੇਂ ਪਾਸੇ ਉੱਚੀ ਕੰਡਿਆਲੀ ਤਾਰ ਲੱਗੀ ਹੋਈ ਹੈ। ਪੰਜ-ਸੱਤ ਮਿੰਟ ਤਾਂ ਪਤਾ ਹੀ ਨਾ ਲੱਗਿਆ ਕਿ ਕਿੱਥੇ ਆ ਗਏ ਹਾਂ। ਤਕਰੀਬਨ ਅੱਠ-ਦਸ ਮਿੰਟਾਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਹੋਏ ਜਿਹੜੇ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਆਪਾਂ ਦੂਰਬੀਨ ਰਾਹੀਂ ਕਰਦੇ ਹੁੰਦੇ ਸਾਂ। ਭਾਵੇਂ ਅੱਜ ਵੀ ਸੰਗਤ ਦੂਰਬੀਨ ਰਾਹੀਂ ਵੀ ਦਰਸ਼ਨ ਕਰਦੀ ਹੈ।
ਬੱਸ ’ਚੋਂ ਉੱਤਰ ਕੇ ਸਭ ਤੋਂ ਪਹਿਲਾਂ ਬਾਬਾ ਨਾਨਕ ਦੀ ਧਰਤ ਦੀ ਮਿੱਟੀ ਨੂੰ ਮੱਥੇ ਲਾਇਆ। ਦਰਸ਼ਨੀ ਡਿਊਢੀ ’ਤੇ ਅਧਿਕਾਰੀ ਨੇ ਸਾਰੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਇੱਥੋਂ ਹੀ 4 ਵਜੇ ਤੋਂ ਪਹਿਲਾਂ-ਪਹਿਲਾਂ ਵਾਪਸੀ ਕਰਨੀ ਹੈ। ਦਰਸ਼ਨੀ ਡਿਊਢੀ ਤੋਂ ਅੰਦਰ ਜਾ ਕੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੂਰ ਤੱਕ ਫੈਲੀ ਹੋਈ ਸੀ ਜਿੱਥੇ ਦੋਵਾਂ ਮੁਲਕਾਂ ਦੀ ਸੰਗਤ ਇਬਾਦਤ ਕਰਨ ਪਹੁੰਚੀ ਹੋਈ ਸੀ। ਦਰਬਾਰ ਸਾਹਿਬ ਦੇ ਬਿਲਕੁਲ ਨਾਲ ਗੁਰੂ ਨਾਨਕ ਦੇਵ ਜੀ ਦੀ ਮਜ਼ਾਰ ਸਾਹਿਬ ਬਣੀ ਹੋਈ ਹੈ। ਦਰਬਾਰ ਸਾਹਿਬ ਦੀ ਹੇਠਲੀ ਮੰਜ਼ਿਲ ’ਤੇ ਗੁਰੂ ਜੀ ਦੀ ਸਮਾਧ ਹੈ। ਪਹਿਲੀ ਮੰਜ਼ਿਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿੱਥੇ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਸੀ। ਕੁਦਰਤੀ ਕੁਝ ਦਿਨ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਦੇ ਸਮਾਗਮ ਲੰਘ ਕੇ ਹਟੇ ਸਨ। ਸਿੰਧ ਸੂਬੇ ਦੇ ਕੀਰਤਨੀਏ ਭਾਈ ਨਾਨਕ ਰਾਮ ਤੇ ਭਾਈ ਰਾਹੁਲ ਜੀ ਹਾਲੇ ਉੱਥੇ ਹੀ ਠਹਿਰੇ ਹੋਏ ਸਨ ਜਿਹੜੇ ਉਸ ਦਿਨ ਉਸ ਸਮੇਂ ਕੀਰਤਨ ਕਰ ਰਹੇ ਸਨ। ਘੰਟਾ-ਡੇਢ ਘੰਟਾ ਪਤਾ ਹੀ ਨਾ ਲੱਗਾ ਕਦੋਂ ਲੰਘ ਗਿਆ। ਦਰਬਾਰ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਹੇਠਾਂ ਆ ਕੇ ਗੁਰੂ ਸਾਹਿਬ ਦੇ ਉਸ ਖੂਹ ਦੇ ਦਰਸ਼ਨ ਕੀਤੇ ਜਿੱਥੋਂ ਗੁਰੂ ਜੀ ਆਪਣੇ ਖੇਤਾਂ ਨੂੰ ਸਿੰਜਦੇ ਹੁੰਦੇ ਸਨ। ਦੂਜੇ ਪਾਸੇ ਮਹਿਮਾਨਖਾਨਾ ਬਣਿਆ ਹੋਇਆ ਹੈ। ਭਾਰਤੀ ਯਾਤਰੀਆਂ ਨੂੰ ਪੀਲੇ ਤੇ ਉਧਰਲੇ ਯਾਤਰੀਆਂ ਨੂੰ ਨੀਲੇ ਰੰਗ ਦੇ ਟੈਗ ਵਾਲੇ ਕਾਰਡ ਜਾਰੀ ਕੀਤੇ ਜਾਂਦੇ ਹਨ। ਉਸ ਉਪਰੰਤ ਲੰਗਰ ਹਾਲ ’ਚ ਲੰਗਰ ਛਕਿਆ। ਲੰਗਰ ਹਾਲ ਸਮੇਤ ਸਾਰੇ ਚੌਗਿਰਦੇ ’ਚ ਸਫ਼ਾਈ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ। ਸੇਵਾਦਾਰ ਬੀਬੀਆਂ ਸੰਗਤਾਂ ਲਈ ਪ੍ਰਸ਼ਾਦੇ ਖੜ੍ਹ ਕੇ ਤਿਆਰ ਕਰਦੀਆਂ ਹਨ। ਲੰਗਰ ਹਾਲ ਦੇ ਪਿਛਲੇ ਪਾਸੇ ਬਾਹਰ ਵੱਲ ਛੋਟਾ ਜਿਹਾ ਆਰਜ਼ੀ ਬਾਜ਼ਾਰ ਹੈ ਜਿੱਥੋਂ ਸੰਗਤਾਂ ਖਰੀਦਦਾਰੀ ਕਰਦੀਆਂ ਹਨ। ਦਰਸ਼ਨੀ ਡਿਊਢੀ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਬਾਗ ਸਾਹਿਬ ਤੇ ਖੇਤੀ ਸਾਹਿਬ ਦੇ ਵੀ ਦਰਸ਼ਨ ਕੀਤੇ। ਇੱਕ ਨਵੀਂ ਤੇ ਵੱਖਰੀ ਕਿਸਮ ਦੀ ਸ਼ਰਧਾ ਤੇ ਊਰਜਾ ਸਮੇਟ 3 ਵਜੇ ਉਸੇ ਪ੍ਰਕਿਰਿਆ ਰਾਹੀ ਉਧਰੋਂ ਵਾਪਸ ਆ ਗਏ।
ਪਰਮਾਤਮਾ ਨੇ ਦਹਾਕਿਆਂ ਤੋਂ ਲਾਂਘਾ ਖੁੱਲ੍ਹਣ ਦੀਆਂ ਚੱਲ ਰਹੀਆਂ ਅਰਦਾਸਾਂ ਸੁਣੀਆਂ ਹਨ ਜਿਸ ਸਦਕਾ ਹੀ ਇਹ ਸੰਭਵ ਹੋਇਆ ਹੈ।
ਸੰਪਰਕ: 98889-40211

Advertisement
Advertisement