ਫੁਟਬਾਲ ਲੀਗ ਦੀ ਸ਼ੁਰੂਆਤ ਮੌਕੇ ਦੋਸਤਾਨਾ ਮੈਚ ਕਰਵਾਏ
ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਦਸੰਬਰ
ਪਿੰਡ ਗੁੱਜਰਵਾਲ ਵਿੱਚ ਫੁਟਬਾਲ ਅਕੈਡਮੀ ਵੱਲੋਂ ਕਰੀਬ ਦੋ ਮਹੀਨੇ ਚੱਲਣ ਵਾਲੀ ਫੁੱਟਬਾਲ ਲੀਗ ਦੀ ਸ਼ੁਰੂਆਤ ਦੋਸਤਾਨਾ ਮੈਚਾਂ ਨਾਲ ਕਰਵਾਈ ਗਈ। ਉੱਘੇ ਸਮਾਜ ਸੇਵੀ ਅਤੇ ਰਾੜਾ ਸਾਹਿਬ ਦੇ ਟਰੱਸਟੀ ਮਨਜਿੰਦਰਜੀਤ ਸਿੰਘ ਬਾਵਾ ਨੇ ਫੁਟਬਾਲ ਲੀਗ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ ਅਤੇ ਖੇਡਾਂ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਖ਼ਿਲਾਫ਼ ਵੀ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਨੌਜਵਾਨ ਪੀੜ੍ਹੀ ਨੂੰ ਚੰਗੇ-ਮਾੜੇ ਦੀ ਪਛਾਣ ਕਰਨ ਅਤੇ ਆਪਣੇ ਪਿੰਡਾਂ, ਸ਼ਹਿਰਾਂ ਵਿੱਚ ਚੰਗਾ ਮਾਹੌਲ ਸਿਰਜਣ ਦਾ ਸੱਦਾ ਦਿੱਤਾ। ਪਿੰਡ ਨਾਰੰਗਵਾਲ ਦੇ ਸਰਪੰਚ ਮਨਜਿੰਦਰ ਸਿੰਘ ਮਨੀ ਨੇ ਗੁੱਜਰਵਾਲ ਖੇਡ ਅਕੈਡਮੀ ਦੇ ਪ੍ਰਬੰਧਕਾਂ ਨੂੰ ਮੋਬਾਈਲ ਫੋਨ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੀ ਥਾਂ ਛੋਟੇ ਬੱਚਿਆਂ ਨੂੰ ਖੇਡ ਮੈਦਾਨਾਂ ਵਿੱਚ ਉਤਾਰਨ ਦਾ ਉਪਰਾਲਾ ਕਰਨ ਲਈ ਵਧਾਈ ਦਿੱਤੀ। ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਅਤੇ ਉੱਘੇ ਵਾਤਾਵਰਨ ਪ੍ਰੇਮੀ ਕਰਨਲ ਚੰਦਰਮੋਹਨ ਲਖਨਪਾਲ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਤੰਦਰੁਸਤ ਸਿਹਤ ਦੇ ਨਾਲ ਹੀ ਵਾਤਾਵਰਨ, ਹਵਾ ਅਤੇ ਪਾਣੀ ਨੂੰ ਸੰਭਾਲਣ ਲਈ ਜਾਗਰੂਕਤਾ ਲਹਿਰ ਉਸਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਅਕੈਡਮੀ ਦੇ ਪ੍ਰਬੰਧਕ ਸਰਬਜੀਤ ਸਿੰਘ ਸੋਨੂੰ ਅਤੇ ਕਮਲਜੀਤ ਸਿੰਘ ਗਰੇਵਾਲ ਨੇ ਅਨੁਸਾਰ ਦੋ ਮਹੀਨੇ ਦੇ ਕਰੀਬ ਚੱਲਣ ਵਾਲੀ ਫੁਟਬਾਲ ਲੀਗ ਦੌਰਾਨ 13 ਅਤੇ 17 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ। ਇਸ ਮੌਕੇ ਨੌਜਵਾਨਾਂ ਨੇ ਗਤਕਾ ਦੇ ਕਰਤਬ ਵੀ ਦਿਖਾਏ।