ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋਸਤ

08:37 AM Jun 29, 2024 IST

ਹਰਿੰਦਰ ਸਿੰਘ ਗੋਗਨਾ

Advertisement

ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ ਸਨ। ਰਿੰਪੀ ਸਕੂਲ ਗਿਆ ਤਾਂ ਆਪਣੇ ਦੋਸਤਾਂ ਨੂੰ ਮਿਲ ਕੇ ਕਾਫ਼ੀ ਖ਼ੁਸ਼ ਸੀ ਪਰ ਇੱਕ ਦੋਸਤ ਨੂੰ ਮਹੀਨਿਆਂ ਬਾਅਦ ਮਿਲ ਕੇ ਉਸ ਨੂੰ ਜ਼ਿਆਦਾ ਖ਼ੁਸ਼ੀ ਹੋ ਰਹੀ ਸੀ। ਇਹ ਦੋਸਤ ਸੀ ਕਾਲੂ ਨਾਂ ਦਾ ਕੁੱਤਾ। ਛੁੱਟੀਆਂ ਤੋਂ ਪਹਿਲਾਂ ਕਾਲੂ ਤੇ ਰਿੰਪੀ ਦੋਸਤ ਬਣ ਗਏ ਸਨ। ਰਿੰਪੀ ਨੇ ਜਿਵੇਂ ਹੀ ਕਾਲੂ ਨੂੰ ਸਕੂਲ ਦੇ ਬਾਹਰ ਗੇੜੇ ਲਗਾਉਂਦੇ ਦੇਖਿਆ ਤਾਂ ਝੱਟ ਪਛਾਣ ਲਿਆ। ਥੋੜ੍ਹੀ ਜਿਹੀ ਹੈਰਾਨੀ ਨਾਲ ਦੇਖਣ ਮਗਰੋਂ ਕਾਲੂ ਨੇ ਵੀ ਰਿੰਪੀ ਨੂੰ ਪਛਾਣ ਲਿਆ ਤੇ ਪੂਛ ਹਿਲਾਉਂਦਾ ਹੋਇਆ ਉਸ ਦੇ ਕੋਲ ਆ ਗਿਆ। ਰਿੰਪੀ ਨੇ ਆਪਣੇ ਟਿਫਨ ਵਿੱਚੋਂ ਉਸ ਨੂੰ ਖਾਣ ਲਈ ਕੁਝ ਦਿੱਤਾ ਤੇ ਉਸ ਨੂੰ ਪਿਆਰ ਕਰਨ ਲੱਗਾ।
ਇੱਕ ਦਿਨ ਰਿੰਪੀ ਕੁਝ ਉਦਾਸ ਸੀ। ਉਸ ਨੇ ਸਕੂਲ ਦੇ ਗੇਟ ਬਾਹਰ ਬੈਠੇ ਕਾਲੂ ਨੂੰ ਨਜ਼ਰਅੰਦਾਜ਼ ਕੀਤਾ ਤੇ ਅੰਦਰ ਜਾਣ ਲੱਗਾ। ਕਾਲੂ ਉਸ ਦੇ ਪਿੱਛੇ ਪਿੱਛੇ ਆਉਣ ਲੱਗਾ ਤਾਂ ਰਿੰਪੀ ਨੇ ਉਸ ਨੂੰ ਝਿੜਕ ਕੇ ਵਾਪਸ ਜਾਣ ਲਈ ਕਿਹਾ, ਪਰ ਕਾਲੂ ਨਾ ਮੰਨਿਆ। ਉਹ ਰਿੰਪੀ ਨਾਲ ਵਾਰ ਵਾਰ ਪਿਆਰ ਜਤਾ ਰਿਹਾ ਸੀ। ਰਿੰਪੀ ਨੇ ਗੁੱਸੇ ਵਿੱਚ ਆਪਣਾ ਬਸਤਾ ਘੁੰਮਾ ਕੇ ਕਾਲੂ ਦੇ ਸਿਰ ’ਤੇ ਮਾਰਿਆ ਤੇ ਚਲਾ ਗਿਆ। ਕਾਲੂ ਉਸ ਤੋਂ ਬਾਅਦ ਕਿੰਨੇ ਹੀ ਦਿਨ ਉਸ ਨੂੰ ਦਿਖਾਈ ਨਾ ਦਿੱਤਾ। ਰਿੰਪੀ ਨੂੰ ਹੈਰਾਨੀ ਜਿਹੀ ਹੋਈ ਕਿ ਕਾਲੂ ਕਿੱਧਰ ਗਿਆ? ਫਿਰ ਉਹ ਕਾਲੂ ਨੂੰ ਭੁੱਲ ਗਿਆ।
ਇੱਕ ਦਿਨ ਰਿੰਪੀ ਦਾ ਪੇਪਰ ਸੀ। ਉਹ ਪੇਪਰ ਦੇ ਕੇ ਸਕੂਲ ਦੇ ਬਾਥਰੂਮ ਵਿੱਚ ਗਿਆ ਤਾਂ ਅਚਾਨਕ ਉਸ ਨੂੰ ਚੱਕਰ ਆਇਆ ਤੇ ਉਹ ਬਾਥਰੂਮ ਵਿੱਚ ਹੀ ਇੱਕ ਖੂੰਜੇ ਵਿੱਚ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਘਬਰਾ ਕੇ ਉੱਠਿਆ ਤੇ ਦੇਖਿਆ ਕਿ ਬਾਥਰੂਮ ਦਾ ਦਰਵਾਜ਼ਾ ਤਾਂ ਬਾਹਰੋਂ ਬੰਦ ਸੀ। ਉਸ ਨੇ ਕਾਫ਼ੀ ਆਵਾਜ਼ਾਂ ਦਿੱਤੀਆਂ ਤਾਂ ਕਿ ਕੋਈ ਸੁਣ ਕੇ ਉਸ ਨੂੰ ਦਰਵਾਜ਼ਾ ਖੋਲ੍ਹ ਦੇਵੇ, ਪਰ ਕੋਈ ਉਸ ਦੀ ਮਦਦ ਨੂੰ ਨਾ ਆਇਆ। ਸਕੂਲ ਦੇ ਸਭ ਬੱਚੇ ਤੇ ਅਧਿਆਪਕ ਜਾ ਚੁੱਕੇ ਸਨ। ਸ਼ਾਇਦ ਸਕੂਲ ਦਾ ਸੇਵਾਦਾਰ ਲਾਪਰਵਾਹੀ ਨਾਲ ਬਾਥਰੂਮ ਨੂੰ ਬਾਹਰੋਂ ਤਾਲਾ ਲਗਾ ਗਿਆ ਸੀ।
ਰਿੰਪੀ ਕੋਲ ਤਾਂ ਮੋਬਾਈਲ ਫੋਨ ਵੀ ਨਹੀਂ ਸੀ ਕਿ ਕਿਸੇ ਨੂੰ ਫੋਨ ’ਤੇ ਦੱਸ ਕੇ ਹੀ ਬੁਲਾ ਲੈਂਦਾ। ਉਹ ਘਬਰਾ ਰਿਹਾ ਸੀ। ਹੁਣ ਕਰੇ ਤਾਂ ਕੀ ਕਰੇ? ਘਬਰਾਹਟ ਨਾਲ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ। ਉਸ ਨੇ ਬਾਥਰੂਮ ਦੀ ਬਾਰੀ ਵਿੱਚੋਂ ਬਾਹਰ ਦੇਖਿਆ ਤਾਂ ਸਕੂਲ ਦੇ ਕਿਸੇ ਪਾਸੇ ਕੋਈ ਵਿਅਕਤੀ ਨਜ਼ਰ ਨਹੀਂ ਸੀ ਆ ਰਿਹਾ। ਫਿਰ ਉਸ ਦੀ ਨਜ਼ਰ ਕਾਲੂ ’ਤੇ ਪਈ ਜਿਹੜਾ ਕਿ ਸਕੂਲ ਦੇ ਪਾਰਕ ਵਿੱਚ ਬੈਠਾ ਸੀ। ਰਿੰਪੀ ਨੇ ਕਾਲੂ ਨੂੰ ਆਵਾਜ਼ ਲਗਾਈ ਤਾਂ ਉਹ ਦੌੜਿਆ ਦੌੜਿਆ ਰਿੰਪੀ ਦੇ ਨੇੜੇ ਆਇਆ ਤੇ ਦੇਖਿਆ ਕਿ ਰਿੰਪੀ ਪਰੇਸ਼ਾਨੀ ਦੀ ਹਾਲਤ ਵਿੱਚ ਮਦਦ ਚਾਹੁੰਦਾ ਹੈ। ਉਸ ਨੂੰ ਸਾਰੀ ਗੱਲ ਸਮਝਣ ਵਿੱਚ ਦੇਰ ਨਾ ਲੱਗੀ। ਫਿਰ ਉਹ ਨੱਠ ਕੇ ਸਕੂਲ ਦੇ ਗੇਟ ਵੱਲ ਦੌੜਿਆ।
ਕਾਲੂ ਨੇ ਦੇਖਿਆ ਕਿ ਇੱਕ ਔਰਤ ਤੇ ਆਦਮੀ ਸਕੂਲ ਦੇ ਗੇਟ ਦੇ ਬਾਹਰ ਹੀ ਖੜ੍ਹੇ ਕਿਸੇ ਨੂੰ ਫੋਨ ਕਰ ਰਹੇ ਹਨ। ਜਦੋਂ ਹੀ ਉਨ੍ਹਾਂ ਨੇ ਦੋ-ਤਿੰਨ ਵਾਰ ਰਿੰਪੀ ਦਾ ਨਾਂ ਲਿਆ ਤਾਂ ਕਾਲੂ ਝੱਟ ਸਮਝ ਗਿਆ ਕਿ ਇਹ ਉਸ ਦੇ ਘਰ ਦੇ ਹਨ ਜੋ ਰਿੰਪੀ ਦੇ ਘਰ ਨਾ ਪਹੁੰਚਣ ’ਤੇ ਪਰੇਸ਼ਾਨ ਦਿਖਾਈ ਦੇ ਰਹੇ ਹਨ। ਇਹ ਰਿੰਪੀ ਦੇ ਮੰਮੀ-ਪਾਪਾ ਸਨ। ਕਾਲੂ ਨੇ ਰਿੰਪੀ ਦੀ ਮੰਮੀ ਦੀ ਚੁੰਨੀ ਮੂੰਹ ਨਾਲ ਖਿੱਚੀ ਤੇ ਅੰਦਰ ਵੱਲ ਦੌੜ ਪਿਆ। ਰਿੰਪੀ ਦੇ ਮੰਮੀ ਕੁਝ ਘਬਰਾ ਗਏ ਤਾਂ ਰਿੰਪੀ ਦੇ ਪਾਪਾ ਬੋਲੇ, ‘‘ਇੱਕ ਮਿੰਟ, ਮੈਨੂੰ ਇਹ ਕੁੱਤਾ ਸਿਆਣਾ ਲੱਗਦਾ ਹੈ। ਇਹ ਕੁਝ ਦੱਸਣਾ ਚਾਹੁੰਦਾ ਹੈ। ਆਓ ਜ਼ਰਾ ਦੇਖਦੇ ਹਾਂ।’’
ਫਿਰ ਉਹ ਦੋਵੇਂ ਉਸ ਦੇ ਪਿੱਛੇ ਪਿੱਛੇ ਗਏ ਤਾਂ ਰਿੰਪੀ ਨੂੰ ਬਾਥਰੂਮ ਦੀ ਬਾਰੀ ਵਿੱਚ ਖੜ੍ਹੇ ਰੋਂਦੇ ਦੇਖਿਆ। ਰਿੰਪੀ ਦੇ ਮੰਮੀ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਬੇਟਾ ਘਰ ਨਹੀਂ ਪਹੁੰਚਿਆ। ਤਦ ਤੱਕ ਰਿੰਪੀ ਦਾ ਅਧਿਆਪਕ ਤੇ ਪ੍ਰਿੰਸੀਪਲ ਉਨ੍ਹਾਂ ਕੋਲ ਪਹੁੰਚੇ। ਉਨ੍ਹਾਂ ਨੇ ਸਕੂਲ ਦੇ ਸੇਵਾਦਾਰ ਨੂੰ ਘਰੋਂ ਬੁਲਾਇਆ ਤੇ ਬਾਥਰੂਮ ਦਾ ਤਾਲਾ ਖੁੱਲ੍ਹਵਾਇਆ ਤੇ ਉਸ ਦੀ ਲਾਪਰਵਾਹੀ ਲਈ ਉਸ ਨੂੰ ਖ਼ੂਬ ਝਾੜ ਪਾਈ। ਸੇਵਾਦਾਰ ਨੇ ਆਪਣੀ ਲਾਪਰਵਾਹੀ ਮੰਨਦੇ ਹੋਏ ਦੱਸਿਆ ਕਿ ਉਸ ਨੇ ਬਾਥਰੂਮ ਬੰਦ ਕਰਨ ਤੋਂ ਪਹਿਲਾਂ ਆਵਾਜ਼ ਲਗਾ ਕੇ ਪੁੱਛਿਆ ਵੀ ਸੀ ਕਿ ਅੰਦਰ ਕੋਈ ਹੈ ਤਾਂ ਨਹੀਂ, ਪਰ ਰਿੰਪੀ ਕਿਉਂਕਿ ਬੇਹੋਸ਼ੀ ਵਿੱਚ ਪਿਆ ਸੀ ਇਸ ਲਈ ਜਵਾਬ ਕਿਵੇਂ ਦਿੰਦਾ। ਸੇਵਾਦਾਰ ਦੀ ਇਸੇ ਢਿੱਲ ਕਰਕੇ ਰਿੰਪੀ ਤੇ ਉਸ ਦੇ ਮੰਮੀ-ਪਾਪਾ ਨੂੰ ਪਰੇਸ਼ਾਨੀ ਝੱਲਣੀ ਪਈ। ਇਸ ’ਤੇ ਰਿੰਪੀ ਦੇ ਮੰਮੀ-ਪਾਪਾ ਨੇ ਸਕੂਲ ਦੇ ਸੇਵਾਦਾਰ ਦਾ ਬਚਾਅ ਕਰਦਿਆਂ ਪ੍ਰਿੰਸੀਪਲ ਨੂੰ ਕਿਹਾ ਕਿ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ। ਉਹ ਬਾਲ ਬੱਚੇ ਵਾਲਾ ਹੈ। ਉਸ ਦੀ ਨੌਕਰੀ ਨੂੰ ਕੋਈ ਖ਼ਤਰਾ ਨਹੀਂ ਹੋਣਾ ਚਾਹੀਦਾ। ਰਿੰਪੀ ਅਜੇ ਵੀ ਰੋ ਰਿਹਾ ਸੀ। ਉਹ ਮੰਮੀ-ਪਾਪਾ ਨਾਲ ਲਿਪਟ ਗਿਆ।
ਰਿੰਪੀ ਦੇ ਪਾਪਾ ਨੇ ਰਿੰਪੀ ਨੂੰ ਕਿਹਾ, ‘‘ਬੇਟਾ, ਇਹ ਕੁੱਤਾ ਬੜਾ ਸਿਆਣਾ ਹੈ। ਲੱਗਦੈ ਇਹ ਤੈਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸੇ ਨੇ ਸਾਡੀ ਤੇਰੇ ਕੋਲ ਛੇਤੀ ਨਾਲ ਪਹੁੰਚਾਉਣ ਵਿੱਚ ਮਦਦ ਕੀਤੀ।’’
ਰਿੰਪੀ ਨੇ ਕਾਲੂ ਵੱਲ ਦੇਖਿਆ ਤੇ ਉਸ ਨੂੰ ਲਾਡ ਕਰਨ ਲੱਗਾ। ਫਿਰ ਕਹਿਣ ਲੱਗਾ, ‘‘ਮੈਨੂੰ ਮੁਆਫ਼ ਕਰ ਦੇ ਕਾਲੂ। ਮੈਂ ਤੈਨੂੰ ਮਾਰਿਆ ਤੇ ਭੁਲਾ ਵੀ ਦਿੱਤਾ, ਪਰ ਤੂੰ ਮੈਨੂੰ ਨਹੀਂ ਭੁਲਾਇਆ। ਤੂੰ ਤਾਂ ਸੱਚਾ ਵਫ਼ਾਦਾਰ ਦੋਸਤ ਹੈਂ। ਹੁਣ ਤੂੰ ਇੱਥੇ ਨਹੀਂ ਸਾਡੇ ਨਾਲ ਹੀ ਰਹੇਂਗਾ, ਸਾਡੇ ਘਰ।’’ ਰਿੰਪੀ ਨੇ ਆਪਣੇ ਪਾਪਾ ਵੱਲ ਵੇਖ ਕੇ ਸਹਿਮਤੀ ਮੰਗੀ ਤਾਂ ਉਨ੍ਹਾਂ ਨੇ ਵੀ ਮੁਸਕਰਾ ਕੇ ਹਾਮੀ ਭਰ ਦਿੱਤੀ।

Advertisement
Advertisement
Advertisement