ਐੱਨਆਰਆਈ ਦੀ ਕੋਠੀ ’ਤੇ ਗੋਲੀਬਾਰੀ ਦੇ ਮਾਮਲੇ ’ਚ ਦੋਸਤ ਨਾਮਜ਼ਦ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 17 ਨਵੰਬਰ
ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਵਿੱਚ ਇਕ ਐੱਨਆਰਆਈ ਦੇ ਘਰ ਰੰਗਦਾਰੀ ਮੰਗਣ ਲਈ ਕੀਤੀ ਗਈ ਗੋਲੀਬਾਰੀ ਵਿੱਚ ਪੁਲੀਸ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੋਰ ਦੇ ਨਿਵਾਸੀ ਰਵਨੀਸ਼ ਉਰਫ ਗੋਰਾ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਇਸ ਸਮੇਂ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਰਹਿ ਰਿਹਾ ਹੈ। ਦੱਸਣਯੋਗ ਹੈ ਕਿ 8 ਨਵੰਬਰ ਦੀ ਰਾਤ ਨੂੰ ਮਨੀਲਾ ਤੋਂ ਪਰਤੇ ਐੱਨਆਰਆਈ ਬਲਵਿੰਦਰ ਕੁਮਾਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੱਸਣ ਵਾਲੇ ਇਕ ਵਿਅਕਤੀ ਨੇ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਐਸਐੱਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਕੁਝ ਤੱਥਾਂ ਦੇ ਆਧਾਰ ’ਤੇ ਸ਼ਿਕਾਇਤਕਰਤਾ ਦੇ ਕਰੀਬੀ ਦੋਸਤ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਨਆਰਆਈ ਬਲਵਿੰਦਰ ਕੁਮਾਰ ਨੇ ਹੀ ਕੁਝ ਸਾਲ ਪਹਿਲਾਂ ਮਨੀਲਾ ਵਿੱਚ ਆਪਣੇ ਦੋਸਤ ਨੂੰ ਸੈਟਲ ਕਰਵਾਇਆ ਸੀ। ਦੋਵੇਂ ਫਾਇਨਾਂਸ ਦਾ ਕੰਮ ਕਰਦੇ ਹਨ। ਪੁਲੀਸ ਦਾ ਮੰਨਣਾ ਹੈ ਕਿ ਦੋਸ਼ੀ ਨੇ ਹੀ ਕਿਸੇ ਨੂੰ ਸੁਪਾਰੀ ਦੇ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਐੱਸਪੀਡੀ ਸਰਬਜੀਤ ਰਾਏ ਅਨੁਸਾਰ ਪਿੰਡ ਕੋਟ ਕਰਾਰ ਖਾਂ ਵਿੱਚ ਐੱਨਆਰਆਈ ਦੇ ਘਰ ਗੋਲੀਬਾਰੀ ਕੇਸ ਵਿੱਚ ਬਲਾਚੌਰ ਨਿਵਾਸੀ ਗੋਰਾ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਆਪਸੀ ਰੰਜਿਸ਼ ਜਾਂ ਫਿਰੌਤੀ ਦਾ ਮਾਮਲਾ ਹੈ ਜਾਂ ਨਹੀਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੂਟਰਾਂ ਦੀ ਭਾਲ ਵਿੱਚ ਛਾਪੇ ਮਾਰ ਰਹੇ ਹਨ।