ਮਿੱਡ-ਡੇਅ ਮੀਲ ਵਿੱਚ ਤਾਜ਼ਾ ਸਬਜ਼ੀਆਂ ਵਰਤੀਆਂ ਜਾਣ: ਸ਼ਰਮਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 26 ਨਵੰਬਰ
ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੁਹਾਲੀ ਜ਼ਿਲ੍ਹੇ ਵਿੱਚ ਕੌਮੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਚਲਾਈਆਂ ਜਾ ਰਹੀਆਂ ਲਾਭਪਾਤਰੀ ਸਕੀਮਾਂ ਦਾ ਜਾਇਜ਼ਾ ਲਿਆ। ਗੁਣਵੱਤਾ ਤੇ ਸ਼ੁੱਧਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਖ਼ੁਰਾਕ ਸੁਰੱਖਿਆ ਕਾਨੂੰਨ ਤਹਿਤ ਵੰਡੀ ਜਾ ਰਹੀ ਸਮੱਗਰੀ ਦੀ ਸਮੇਂ-ਸਮੇਂ ’ਤੇ ਸੈਂਪਲਿੰਗ ਕੀਤੀ ਜਾਵੇ। ਮਿੱਡ-ਡੇਅ ਮੀਲ ਵਿੱਚ ਤਾਜ਼ਾ ਉਪਜ ਦੀ ਵਰਤੋਂ ਕਰਨ ਲਈ ਸਕੂਲਾਂ ਵਿੱਚ ਕਿਚਨ ਗਾਰਡਨ ਦਾ ਸੁਝਾਅ ਦਿੰਦਿਆਂ ਚੇਅਰਮੈਨ ਨੇ ਕਿਹਾ ਕਿ ਤਾਜ਼ੀਆਂ ਸਬਜ਼ੀਆਂ ਵਿਦਿਆਰਥੀਆਂ ਲਈ ਵਧੇਰੇ ਪੌਸ਼ਟਿਕ ਹੋ ਸਕਦੀਆਂ ਹਨ। ਉਨ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਮ੍ਰਿਤ ਵੜਿੰਗ ਨੂੰ ਕਿਹਾ ਕਿ ਉਹ ਡਾਕਟਰਾਂ ਦੀਆਂ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਟੀਮਾਂ ਰਾਹੀਂ ਆਂਗਨਵਾੜੀਆਂ ਵਿੱਚ ਦਾਖ਼ਲ ਬੱਚਿਆਂ ਤੇ ਉਨ੍ਹਾਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ।
ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੂੰ ਜ਼ਿਲ੍ਹੇ ਵਿੱਚ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦਾ ਭਰੋਸਾ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਪ੍ਰੇਮ ਮਿੱਤਲ ਨੇ ਮਿਡ-ਡੇਅ ਮੀਲ ਸਬੰਧੀ ਰਿਪੋਰਟ ਪੇਸ਼ ਕੀਤੀ।